ਕਸ਼ਮੀਰ 'ਤੇ #BoycottIndianProducts : ਪਾਕਿਸਤਾਨੀ ਸੋਸ਼ਲ ਮੀਡੀਆ ’ਤੇ ਹੁਣ ਭਾਰਤ ਖ਼ਿਲਾਫ਼ ਛੇੜੀ ਇਹ ਮੁਹਿੰਮ

ਜਦੋਂ ਦਾ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਉਸਦਾ ਵਿਸ਼ੇਸ਼ ਦਰਜਾ ਖ਼ਤਮ ਹੋਇਆ ਹੈ, ਉਸ ਵੇਲੇ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਲਾਗਾਤਾਰ ਵਧ ਰਹੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਧਾਰਾ 370 ਹਟਣ 'ਤੇ ਲਗਾਤਾਰ ਭਾਰਤ ਨੂੰ ਘੇਰ ਰਹੇ ਅਤੇ ਦੁਨੀਆਂ ਦੇ ਵੱਖ ਵੱਖ ਮੰਚਾਂ 'ਤੇ ਮੁੱਦਾ ਚੁੱਕ ਰਹੇ ਹਨ।

ਇਸੇ ਵਿਚਾਲੇ ਸੋਸ਼ਲ ਮੀਡੀਆ ਤੇ ਵੀ ਦੋਹਾਂ ਮੁਲਕਾਂ ਦੇ ਲੋਕ ਖਹਿਬੜਦੇ ਨਜ਼ਰ ਆਏ।

ਹੈਸ਼ਟੈਗ #BoycottIndianProducts ਤਹਿਤ ਪਾਕਿਸਤਾਨ ਦੇ ਲੋਕ ਭਾਰਤ ਵਿੱਚ ਬਣੀਆਂ ਵਸਤਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਜਵਾਬ ਭਾਰਤ ਦੇ ਲੋਕ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ

ਪਾਕਿਸਤਾਨ ਵਾਲਿਆਂ ਨੇ ਕੀ ਕਿਹਾ?

ਮੁਹੰਮਦ ਹਨੀਫ਼ ਖਾਨ ਨੇ ਲਿਖਿਆ, " ਇਹ ਸਮਾਂ ਹੈ ਕਿ ਪਾਕਿਸਤਾਨ ਦੇ ਲੋਕ ਭਾਰਤੀ ਵਸਤਾਂ ਵਿਰੁੱਧ ਮੁਹਿੰਮ ਸ਼ੁਰੂ ਕਰਨ। ਸਾਡਾ ਕੰਮ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਬਾਈਕਾਟ ਕਰਨ ਬਾਰੇ ਦੱਸੀਏ। ਹਰ ਮਨੁੱਖ ਨੂੰ ਕਸ਼ਮੀਰ 'ਚ ਹੋ ਰਹੀ ਭਾਰਤੀ ਅੱਤਵਾਦ ਬਾਰੇ ਪਤਾ ਹੋਣਾ ਚਾਹੀਦਾ ਹੈ।''

ਅਬਦੁਲ ਵਾਜਿਦ ਇਸ ਬਾਈਕਾਟ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ਨਾਲ ਉਨ੍ਹਾਂ ਦੇ ਮੁਲਕ ਵਿੱਚ ਚੰਗੀ ਕੁਆਲਿਟੀ ਦੀ ਪ੍ਰੋਡਕਸ਼ਨ ਨੂੰ ਹੁੰਗਾਰਾ ਮਿਲੇਗਾ। ਉਹ ਲਿਖਦੇ ਹਨ, "ਜਦੋਂ ਤੁਸੀਂ ਪਾਕਿਸਤਾਨੀ ਵਸਤਾਂ ਵਰਤੋਗੇ, ਉਨ੍ਹਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ"

ਬਿਲਾਲ ਸ਼ਾਹਿਦ ਨੇ ਲਿਖਿਆ, " ਭਾਰਤ ਲਈ ਹਵਾਈ ਰਸਤਾ ਅਜੇ ਵੀ ਬੰਦ ਨਹੀਂ ਹੋਇਆ...ਇਹ ਹੁਣ ਮੁਲਕ ਦੀ ਜਿੰਮੇਵਾਰੀ ਹੈ ਕਿ ਭਾਰਤ ਦੀ ਹਰ ਚੀਜ਼ ਬਾਈਕਾਟ ਕਰ ਦਿੱਤੀ ਜਾਵੇ...ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਵੇਖ ਲਵੋ ਉਹ ਕਿੱਥੇ ਬਣੀ ਹੈ। ਜੇ ਭਾਰਤੀ ਹੈ ਤਾਂ ਉਸ ਨੂੰ ਠੁਕਰਾ ਦਿਓ।"

ਮਰੀਅਮ ਨੇ ਲਿਖਿਆ, "ਕਸ਼ਮੀਰ ਲਈ ਇੱਕ ਆਰਥਿਕ ਸਿਪਾਹੀ ਬਣੋ ਅਤੇ ਮੋਦੀ ਵਿਰੁੱਧ ਆਰਥਿਕ ਲੜਾਈ ਸ਼ੁਰੂ ਕਰੋ। ਇਹ ਪੰਜਵੀ ਪੀੜ੍ਹੀ ਦੀ ਲੜਾਈ ਹੈ। ਹਰ ਕਦਮ ਅਹਿਮ ਹੈ।"

ਇਹ ਵੀ ਪੜ੍ਹੋ

ਭਾਰਤੀਆਂ ਨੇ ਕੀ ਜਵਾਬ ਦਿੱਤੇ?

ਪਾਕਿਸਤਾਨ ਤੋਂ ਜਿਵੇਂ ਇਹ ਟਰੈਂਡ ਸ਼ੁਰੂ ਹੋਇਆ ਭਾਰਤ ਦੇ ਲੋਕ ਵੀ ਇਸ ਟਵਿੱਟਰ ਵਾਰ ਵਿੱਚ ਕੁੱਦ ਪਏ।

ਸੰਧਿਆ ਨੇ ਲਿਖਿਆ, "ਕਸ਼ਮੀਰ ਸਾਡਾ ਹੈ ਤੇ ਕਸ਼ਮੀਰੀ ਸਾਡੇ ਹੀ ਲੋਕ ਹਨ। ਕਿਰਪਾ ਕਰਕੇ ਤੁਸੀਂ ਭਾਰਤੀ ਵਸਤਾਂ ਬਾਈਕਾਟ ਕਰ ਦੇਵੋ। ਉਰਦੂ ਵੀ ਬਾਈਕਾਟ ਕਰ ਦੇਵੋ (ਕਿਉਂਕਿ ਇਹ ਭਾਰਤ 'ਚੋਂ ਹੀ ਸ਼ੁਰੂ ਹੋਈ ਸੀ), ਉਹ ਜ਼ਮੀਨ ਵੀ ਬਾਈਕਾਟ ਕਰ ਦਿਓ ਜੋ ਪਾਕਿਸਤਾਨ ਨੇ ਭਾਰਤ ਤੋਂ ਲਈ ਸੀ। ਤੁਹਾਡੇ ਲੋਕਾਂ 'ਚ ਭਾਰਤ ਲਈ ਇਨਾਂ ਜਨੂੰਨ ਕਿਉਂ ਹੈ? ਆਰਾਮ ਕਰੋ ਤੇ ਆਪਣੀ ਆਰਥਿਕ ਅਵਸਥਾ 'ਤੇ ਧਿਆਨ ਦੇਵੋ।"

@priya__9 ਹੈਂਡਲ ਤੋਂ ਲਿਖਿਆ ਗਿਆ, "ਤੇ ਫਿਰ ਪਾਕਿਸਤਾਨੀ ਭਾਰਤੀ ਪਾਣੀ ਕਦੋਂ ਬਾਈਕਾਟ ਕਰ ਰਹੇ ਹਨ?"

ਇੱਕ ਨਜ਼ਰ ਭਾਰਤ ਪਾਕਿਸਤਾਨ ਵਪਾਰ 'ਤੇ

ਜ਼ਿਕਰਯੋਗ ਹੈ ਕਿ ਭਾਰਤ ਨੇ 1998 ਵਿੱਚ ਪਾਕਿਸਤਾਨ ਨੂੰ 'ਮੋਸਟ ਫੇਵਰਡ ਨੇਸ਼ਨ' (Most Favoured Nation (MFN)) ਦਾ ਦਰਜਾ ਦਿੱਤਾ ਸੀ ਜਦਕਿ ਪਾਕਿਸਤਾਨ ਨੇ ਭਾਰਤ ਲਈ ਅਜਿਹਾ ਕੁਝ ਨਹੀਂ ਕੀਤਾ।

ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤੀ ਟਰੱਕਾਂ ਨੂੰ ਅਫ਼ਗ਼ਾਨਿਸਤਾਨ ਵਿੱਚ ਮਾਲ ਲਿਜਾਣ ਲਈ ਟ੍ਰਾਂਜਿਟ ਪਰਮਿਟ ਵੀ ਅਜੇ ਤੱਕ ਨਹੀਂ ਦਿੱਤਾ ਹੈ। ਹਾਲਾਂਕਿ ਉਹ ਅਫ਼ਗ਼ਾਨਿਸਤਾਨ ਦਾ ਕਾਫੀ ਸਮਾਨ ਆਈ.ਸੀ.ਪੀ. ਰਾਹੀਂ ਭਾਰਤ ਭੇਜਣ ਦੀ ਇਜਾਜ਼ਤ ਦਿੰਦਾ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ 37 ਬਿਲੀਅਨ ਡਾਲਰ (2591 ਅਰਬ ਭਾਰਤੀ ਰੁਪਏ) ਦੇ ਸਾਲਾਨਾ ਵਪਾਰ ਦੀ ਗੁੰਜ਼ਾਇਸ਼ ਹੈ ਪਰ ਗ਼ੈਰ-ਕੁਦਰਤੀ ਰੁਕਾਵਟਾਂ ਕਾਰਨ ਇਹ ਵਪਾਰ ਸਿਰਫ਼ 2 ਬਿਲੀਅਨ ਡਾਲਰ (INR 140 ਅਰਬ ਭਾਰਤੀ ਰੁਪਏ) ਦਾ ਹੁੰਦਾ ਹੈ।

ਦਸੰਬਰ 2018 ਵਿੱਚ ਵਿਸ਼ਵ ਬੈਂਕ ਵੱਲੋਂ ਜਾਰੀ ਇੱਕ ਅਧਿਐਨ ਵਿੱਚ ਖੁਲਾਸਾ ਹੋਇਆ ਜੋ 'ਏ ਗਲਾਸ ਹਾਫ ਫੁਲ, ਦਿ ਪਰੋਮਿਸ ਆਫ਼ ਰੀਜਡਨਲ ਟਰੇਡ ਇਨ ਸਾਊਥ ਏਸ਼ੀਆ' (A Glass Half Full, The Promise of Regional Trade in South Asia) ਦੇ ਸਿਰਲੇਖ ਹੇਠ ਜਾਰੀ ਕੀਤਾ ਗਿਆ ਸੀ।

ਭਾਰਤ ਅਤੇ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਵਾਹਗਾ/ਅਟਾਰੀ ਇੰਟੇਗਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਉੱਤੇ ਵਪਾਰ ਦੀ ਮਿਕਦਾਰ ਵਿੱਚ ਆਉਂਦਾ ਬੇਤਹਾਸ਼ਾ ਉਤਾਰ-ਚੜ੍ਹਾਅ ਵਿਸ਼ਵ ਬੈਂਕ ਦੇ ਇਸ ਨਿਚੋੜ ਦੀ ਗਵਾਹੀ ਭਰਦਾ ਹੈ।

ਇੰਟੇਗਰੇਟਿਡ ਚੈੱਕ ਪੋਸਟ ਦੋਹਾਂ ਦੇਸਾਂ ਵਿਚਾਲੇ ਹੁੰਦੇ ਵਪਾਰ ਨੂੰ ਸੁਖਾਲਾ ਕਰਨ ਲਈ ਵਾਹਗਾ/ਅਟਾਰੀ ਉੱਤੇ ਬਣਾਈ ਗਈ ਚੌਂਕੀ ਹੈ।

ਘੱਟ ਮਿਆਦ ਵਾਲੀਆਂ ਵਸਤਾਂ ਉੱਤੇ ਪਾਬੰਦੀ ਕਾਰਨ ਇੱਕ ਪਾਸੇ ਭਾਰਤੀ ਕਿਸਾਨ ਘਰੇਲੂ ਮੰਡੀ ਵਿੱਚ ਆਪਣੇ ਪੈਦਾਵਾਰ ਨੂੰ ਬੇਹੱਦ ਘੱਟ ਭਾਅ ਉੱਤੇ ਵੇਚਣ ਲਈ ਮਜਬੂਰ ਹਨ ਜਦ ਕਿ ਦੂਜੇ ਪਾਸੇ ਸਰਹੱਦ ਦੇ ਉਸ ਪਾਰ ਉਸੇ ਉਤਪਾਦ ਨੂੰ ਪਾਕਿਸਤਾਨੀ ਦੀਆਂ ਮੰਡੀਆਂ ਵਿੱਚ ਖਪਤਕਾਰ ਬੇਹੱਦ ਮਹਿੰਗਾ ਖਰੀਦਣ ਲਈ ਮਜਬੂਰ ਹਨ।

ਅੰਕੜਿਆਂ ਰਾਹੀਂ ਜਾਣੋ ਭਾਰਤ-ਪਾਕਿਸਤਾਨ ਵਿਚਾਲੇ ਵਪਾਰ

ਵਿੱਤੀ ਸਾਲ 2017-18 ਵਿੱਚ ਪਾਕਿਸਤਾਨ ਵੱਲੋਂ ਭਾਰਤ ਤੋਂ ਬਰਾਮਦ ਹੋਣ ਵਾਲੀਆਂ ਘੱਟ ਮਿਆਦੀ ਵਸਤਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਦਾ ਸੰਤਾਪ ਭਾਰਤ ਦੇ ਕਿਸਾਨਾਂ ਅਤੇ ਵਪਾਰੀਆਂ ਦੇ ਨਾਲ-ਨਾਲ ਪਾਕਿਸਤਾਨ ਦੇ ਵਪਾਰੀਆਂ ਅਤੇ ਖਪਤਕਾਰਾਂ ਨੂੰ ਝਲਣਾ ਪੈ ਰਿਹਾ ਹੈ।

  • ਭਾਰਤ ਸਰਕਾਰ ਨੇ 13 ਅਪਰੈਲ 2012 ਨੂੰ ਗੁਆਂਢੀ ਮੁਲਕਾਂ ਵਿਚਾਲੇ ਵਪਾਰ ਨੂੰ ਹੁਲਾਰਾ ਦੇਣ ਲਈ (ਆਈ.ਸੀ.ਪੀ.) ਦਾ ਉਦਘਾਟਨ ਕੀਤਾ ਸੀ।
  • ਸਾਲ 2015-16 ਭਾਰਤ ਵੱਲੋਂ 338 ਕਰੋੜ ਅਤੇ 2016-17 ਵਿੱਚ 369 ਕਰੋੜ ਦੀਆਂ ਫਲਾਂ-ਸਬਜ਼ੀਆਂ ਬਰਾਮਦ ਕੀਤੀਆਂ ਗਈਆਂ ਸਨ।
  • ਭਾਰਤ ਵੱਲੋਂ ਪਾਕਿਸਤਾਨ ਨੂੰ ਸਾਲ 2015-16 ਦੌਰਾਨ ਕੁੱਲ 273.26 ਕਰੋੜ ਰੁਪਏ ਦੀਆਂ 1,24,277 ਮੀਟ੍ਰਿਕ ਟਨ ਫਲ-ਸਬਜ਼ੀਆਂ ਬਰਾਮਦ ਕੀਤੀਆਂ ਗਈਆਂ ਸਨ। ਇਨ੍ਹਾਂ ਨੂੰ 6057 ਟਰੱਕਾਂ ਵਿੱਚ ਭੇਜਿਆ ਗਿਆ ਸੀ। ਇਸ ਦੇ ਨਾਲ ਹੀ 646 ਟਰੱਕ 65.27 ਕਰੋੜ ਰੁਪਏ ਦੀ 20,608 ਮੀਟ੍ਰਿਕ ਟਨ ਸੋਇਆਬੀਨ ਬਰਾਮਦ ਕਰਨ ਲਈ (ਆਈ.ਸੀ.ਪੀ.) ਰਾਹੀਂ ਭਾਰਤ ਤੋਂ ਪਾਕਿਸਤਾਨ ਗਏ ਸਨ।
  • ਸਾਲ 2016-17 ਵਿੱਚ ਭਾਰਤ ਨੇ 3606.7 ਕਰੋੜ ਰੁਪਏ ਦੀਆਂ 1,86,149 ਮੀਟ੍ਰਿਕ ਟਨ ਸਬਜ਼ੀਆਂ ਬਰਾਮਦ ਕਰਨ ਲਈ ਕੁੱਲ 10495 ਟਰੱਕ ਪਾਕਿਸਤਾਨ ਵੱਲ ਗਏ ਸਨ।
  • ਉਸ ਤੋਂ ਬਾਅਦ ਸੋਇਆਬੀਨ ਦੀ ਬਰਾਮਦ ਕਾਫੀ ਘਟ ਗਈ ਅਤੇ ਸਿਰਫ਼ 94 ਟਰੱਕਾਂ ਵਿੱਚ 3056 ਮੀਟ੍ਰਿਕ ਟਨ ਸੋਇਆਬੀਨ ਹੀ ਬਰਾਮਦ ਕੀਤੀ ਗਈ ਜਿਸ ਦੀ ਕੀਮਤ 147.9 ਕਰੋੜ ਰੁਪਏ ਸੀ।
  • ਪਾਕਿਸਤਾਨ, ਆਈ.ਸੀ.ਪੀ. ਰਾਹੀਂ ਸੁੱਕੇ ਮੇਵੇ, ਸੀਮੇਂਟ, ਜਿਪਸਮ, ਗਲਾਸ, ਸੋਡਾ, ਚੂਨਾ, ਨਮਕ, ਅਲਮੀਨੀਅਮ ਅਤੇ ਹੋਰ ਚੀਜ਼ਾਂ ਬਰਾਮਦ ਕਰਦਾ ਹੈ।
  • ਸਾਲ 2015-16 ਦੌਰਾਨ ਕੁੱਲ 248.08 ਕਰੋੜ ਰੁਪਏ ਦੇ 18,43,600 ਮੀਟ੍ਰਿਕ ਟਨ ਵਸਤਾਂ ਨਾਲ ਭਰੇ ਹੋਏ ਕੁੱਲ 39,823 ਟਰੱਕ ਆਈ.ਸੀ.ਪੀ. ਰਾਹੀਂ ਭੇਜੇ ਗਏ।
  • ਸਾਲ 2017-18 ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਬਰਾਮਦ ਵਿੱਚ ਵਾਧਾ ਹੋਇਆ।
  • ਆਈ.ਸੀ.ਪੀ. ਰਾਹੀਂ 22,97,932 ਮੀਟਰਿਕ ਟਨ ਵਸਤਾਂ ਦੇ 44,890 ਟਰੱਕ ਭਾਰਤ ਵਿੱਚ ਦਾਖ਼ਲ ਹੋਏ ਜਿਨ੍ਹਾਂ ਦੀ ਕੀਮਤ 3,403.95 ਕਰੋੜ ਰੁਪਏ ਸੀ।
  • ਸਾਲ 2018-19 ਵਿੱਚ ਨਵੰਬਰ ਤੱਕ ਕੁੱਲ 34,009 ਟਰੱਕ ਭਾਰਤੀ ਬਜ਼ਾਰਾਂ ਵਿੱਚ (ਆਈ.ਸੀ.ਪੀ.) ਰਾਹੀਂ ਆਏ। ਇਨ੍ਹਾਂ ਵਿੱਚ ਕੁੱਲ 17, 00715 ਮੀਟ੍ਰਿਕ ਟਨ ਸੁੱਕੇ ਮੇਵੇ, ਸੀਮਿੰਟ, ਜਿਪਸਮ, ਚੂਨਾ-ਪੱਥਰ ਸੀ। ਇਨ੍ਹਾਂ ਦੀ ਕੀਮਤ 24,71.72 ਕਰੋੜ ਰੁਪਏ ਸੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)