Netflix ਦੇ 199 ਰੁਪਏ ਵਾਲੇ ਪਲਾਨ ਪਿੱਛੇ ਮਜਬੂਰੀ ਕੀ ਹੈ

ਨੈਟਫਲਿਕਸ ਨੇ ਭਾਰਤ ਵਿੱਚ ਆਪਣਾ ਸਭ ਤੋਂ ਸਸਤਾ ਮੋਬਾਈਲ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤਾ ਹੈ। ਕੀਮਤ ਹੈ 199 ਰੁਪਏ ਮਹੀਨਾ।

ਬੀਬੀਸੀ ਦੇ ਜੋਈ ਮਿਲਰ ਨੇ ਪਤਾ ਲਗਾਇਆ, ਕੀ ਭਾਰਤ ਕੰਪਨੀ ਦੀਆਂ ਆਰਥਿਕ ਔਂਕੜਾਂ ਨੂੰ ਦੂਰ ਕਰ ਸਕਦਾ ਹੈ।

20 ਸਾਲਾਂ ਤੋਂ ਮਨੋਰੰਜਨ ਪੱਤਰਕਾਰ ਰੋਹਿਤ ਖਿਲਨਾਨੀ ਨੇ ਕਈ ਬਾਲੀਵੁਡ ਅਤੇ ਟੀਵੀ ਦੇ ਅਦਾਕਾਰਾਂ ਨੂੰ ਅਣਗਣਿਤ ਭਾਰਤੀ ਦਰਸ਼ਕਾਂ ਦਾ ਧਿਆਨ ਖਿੱਚਣ ਦੀ ਹੋੜ ਵਿੱਚ ਦੇਖਿਆ ਹੈ।

ਪਰ 2017 ਵਿੱਚ ਬਰੈਡ ਪਿਟ ਦੇ ਅਚਾਨਕ ਮੁੰਬਈ ਦੇ ਹੋਟਲ ਵਿੱਚ ਆਉਣ ਨਾਲ ਖਿਲਨਾਨੀ ਨੂੰ ਯਕੀਨ ਹੋ ਗਿਆ ਕਿ ਅਮਰੀਕੀ ਫਿਲਮਾਂ ਵੀ ਭਾਰਤੀ ਦਰਸ਼ਕਾਂ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੋਸ਼ਿਸ਼ ਵਿੱਚ ਲੱਗੀਆਂ ਹਨ।

ਬਰੈਡ ਪਿਟ ਪਹਿਲੇ ਅਮਰੀਕੀ ਸਟਾਰ ਸਨ, ਜਿਨ੍ਹਾਂ ਨੇ ਭਾਰਤ ਵਿੱਚ ਆ ਕੇ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ।

ਇਹ ਵੀ ਪੜ੍ਹੋ-

ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਕ੍ਰਿਸ਼ਚਿਅਨ ਬੇਲ ਅਤੇ ਵਿਲ ਸਮਿਥ ਵੀ ਤੁਰੇ। ਹੈਰਾਨੀ ਵਾਲੀ ਗੱਲ ਹੈ ਕਿ ਉਹ ਵਾਰਨਰ ਬ੍ਰਦਰਜ਼ ਜਾਂ ਸੋਨੀ ਵਰਗੀਆਂ ਵੱਡੀਆਂ ਕੰਪਨੀਆਂ ਦੇ ਦੂਤ ਨਹੀਂ ਬਣੇ ਸਗੋਂ ਇੱਕ ਨਵੀਂ ਮੀਡੀਆ ਕੰਪਨੀ - ਨੈਟਫਲਿਕਸ ਰਾਹੀਂ ਆਏ ਸਨ।

ਕੈਲੀਫੋਰਨੀਆ ਦੀ ਇਸ ਕੰਪਨੀ ਦੀ ਭਾਰਤ ਵਿੱਚ ਦਿਲਚਸਪੀ ਪਿਛਲੇ ਹਫ਼ਤੇ ਉਸ ਵੇਲੇ ਸਾਹਮਣੇ ਆਈ, ਜਦੋਂ ਉਨ੍ਹਾਂ ਨੇ ਆਪਣੇ 126,000 ਅਮਰੀਕੀ ਗਾਹਕ ਗੁਆ ਲਏ ਸਨ।

ਜਿਵੇਂ ਹੀ ਨੈਟਫਲਿਕਸ ਦੇ ਸ਼ੇਅਰਾਂ ਦੇ ਰੇਟ ਡਿੱਗੇ, ਉਸੇ ਵੇਲੇ ਕੰਪਨੀ ਨੇ ਆਪਣਾ ਸਭ ਤੋਂ ਸਸਤਾ, ਸਿਰਫ਼ ਮੋਬਾਇਲ 'ਤੇ ਵੇਖਿਆ ਜਾਣ ਵਾਲਾ ਪਲਾਨ ਭਾਰਤ ਲਈ ਐਲਾਨਿਆ।

199 ਰੁਪਏ ਪ੍ਰਤੀ ਮਹੀਨੇ ਦਾ ਇਹ ਪਲਾਨ ਦੇਸ ਵਿੱਚ ਆਪਣੀ ਥਾਂ ਬਣਾਉਣ ਲਈ ਤਿਆਰ ਹੈ। ਕੰਪਨੀ ਦੇ ਚੀਫ ਐਗਜ਼ੈਕੇਟਿਵ ਰੀਡ ਹੈਸਟਿੰਗ ਅਨੁਸਾਰ ਇਹ ਸਭ ਕੰਪਨੀ ਦੇ ਲਈ 'ਨੈਕਸਟ 100 ਮੀਲੀਅਨ' ਗਾਹਕ ਲੈ ਕੇ ਆ ਸਕਦਾ ਹੈ।

ਨੈਟਫਲਿਕਸ ਭਾਰਤ ਵਿੱਚ ਪਹਿਲੀ ਓਰੀਜਨਲ ਵੈੱਬ ਸੀਰੀਜ਼ (ਯਾਨੀ ਭਾਰਤ ਦੇ ਵਿੱਚ ਹੀ ਤਿਆਰ ਕੀਤਾ ਗਿਆ) ਸੇਕਰੇਡ ਗੇਮਜ਼, ਚੋਪਸਟਿਕਸ ਅਤੇ ਲਸਟ ਸਟੋਰੀਜ਼ ਨਾਲ ਵੀ ਇੱਥੇ ਬਹੁਤੇ ਪੈਰ ਨਹੀਂ ਪਸਾਰ ਸਕੀ।

ਤਕਰੀਬਨ 130 ਕਰੋੜ ਦੀ ਆਬਾਦੀ ਵਾਲੇ ਦੇਸ ਵਿੱਚ ਕੰਪਨੀ ਦੇ ਲਗਪਗ 4 ਤੋਂ 6 ਕਰੋੜ ਗਾਹਕ ਹੋਣਗੇ। ਇੱਕ ਕੰਸਲਟਿੰਗ ਕੰਪਨੀ ਰੈਡਸੀਰ ਮੁਤਾਬਕ ਇਸ ਦੇ ਮੁਕਾਬਲੇ ਹੌਟਸਟਾਰ ਕੋਲ 30 ਕਰੋੜ ਐਕਟਿਵ ਯੂਜਰਜ਼ (ਗਾਹਕ) ਹਨ।

ਪੀਡਬਲਿਊਸੀ ਇੰਡੀਆ ਨਾਮ ਦੀ ਇੱਕ ਕੰਸਲਟਿੰਗ ਕੰਪਨੀ ਦੇ ਭਾਈਵਾਲ ਰਾਜੀਬ ਬਸੂ ਅਨੁਸਾਰ ਭਾਰਤੀ ਲੋਕ ਕੀਮਤਾਂ ਦਾ ਬਹੁਤ ਧਿਆਨ ਰੱਖਦੇ ਹਨ।

ਉਹ ਦੱਸਦੇ ਹਨ ਕਿ ਨੈਟਫਲਿਕਸ ਨੇ ਭਾਰਤ ਦੇ ਖ਼ਾਸ ਲੋਕਾਂ ਮਿਸਾਲ ਦੇ ਤੌਰ 'ਤੇ ਪੜ੍ਹੇ ਲਿਖੇ ਲੋਕਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਭਾਰਤ ਸਣੇ ਕੌਮਾਂਤਰੀ ਸਮੱਗਰੀ, ਅੰਗਰੇਜ਼ੀ ਤੇ ਹਿੰਦੀ ਦੋਵੇਂ ਭਾਸ਼ਾ ਵਿੱਚ ਪਸੰਦ ਹੈ।

ਅਜਿਹਾ ਦੇਸ ਜਿੱਥੇ ਬਹੁਤ ਹੀ ਸਸਤੇ ਕੇਬਲ ਕੁਨੈਕਸ਼ਨ ਅਤੇ ਮੋਬਾਇਲ ਡਾਟਾ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਸਸਤੇ ਸਬਸਕ੍ਰਿਪਸ਼ਨ ਲਈ ਵਿਗਿਆਪਨਾਂ ਦਾ ਸਹਾਰਾ ਲਿਆ ਜਾਂਦਾ ਹੈ, ਅਜਿਹੇ 'ਚ ਨੈਟਫਲਿਕਸ ਨੇ ਸੋਚਿਆ ਕਿ ਉਨ੍ਹਾਂ ਦੇ ਪ੍ਰੋਗਰਾਮ ਵੱਧ ਚੱਲਣਗੇ ਅਤੇ ਲੋਕ ਮਹਿੰਗੇ ਰੇਟਾਂ 'ਤੇ ਵੀ ਇਸ ਨੂੰ ਵੇਖਣਗੇ।

ਪਰ ਇਸ ਤੋਂ ਉਲਟ, ਹੌਟਸਟਾਰ ਨੇ ਲਾਈਵ ਕ੍ਰਿਕਟ ਮੈਚ ਅਤੇ ਐਮੇਜ਼ੌਨ ਨੇ ਮੁਫ਼ਤ ਵਿੱਚ ਆਪਣਾ ਪ੍ਰਾਈਮ ਕੰਟੈਂਟ ਪੈਕਜ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਿਆ।

ਮਾਰਕੀਟ ਵਿੱਚ ਕਈ ਹੋਰ ਵੀ ਪ੍ਰੋਵਾਈਡਰ ਹਨ ਜੋ ਛੋਟੇ ਤੇ ਖ਼ਾਸ ਮੋਬਾਇਲ ਫੋਨ ਕੋਨਟਰੈਕਟ ਨਾਲ ਜੋੜ ਕੇ ਅਜਿਹੀ ਸਮੱਗਰੀ ਵੇਚਦੇ ਹਨ।

ਪਰ ਉੱਤਰੀ ਅਮਰੀਕਾ ਅਤੇ ਯੂਰਪ ਤੋਂ ਉਲਟ ਭਾਰਤ ਵਿੱਚ ਕਿਸੇ ਵਿਸਥਾਪਿਤ ਬਾਜ਼ਾਰ ਦੀ ਲੋੜ ਨਹੀਂ ਹੈ, ਅੱਜ ਵੀ ਇੱਥੇ ਲੋਕ ਆਪਣੀ ਮੂਲ ਸਮੱਗਰੀ ਦੇਖਣਾ ਪਸੰਦ ਕਰਦੇ ਹਨ ਅਤੇ ਕੰਪਨੀਆਂ ਨੂੰ ਵੱਡੇ-ਵੱਡੇ ਸ਼ਲਾਘਾ ਪੁਰਸਕਾਰਾਂ ਨਾਲ ਨਿਵਾਜਿਆ ਵੀ ਜਾਂਦਾ ਹੈ।

ਕੰਸਲਟਿੰਗ ਕੰਪਨੀ ਈਵਾਈ ਦਾ ਅੰਦਾਜ਼ਾ ਹੈ ਕਿ ਪਿਛਲੇ ਸਾਲ ਭਾਰਤ ਵਿੱਚ ਡਿਜੀਟਲ ਸਬਸਕ੍ਰਿਪਸ਼ਨ ਵਿੱਚ ਕਰੀਬ 262% ਦਾ ਵਾਧਾ ਹੋਇਆ ਹੈ, ਜਿਸ ਦੀ ਕੀਮਤ 1420 ਕਰੋੜ ਰੁਪਏ ਹੈ।

ਈਵਾਈ ਅਨੁਸਾਰ ਇਹ ਵਾਧਾ ਵੀਡੀਓ ਪਲੈਟਫਾਰਮਾਂ 'ਤੇ ਲੋਕਾਂ ਦੇ ਵੱਧਦੇ ਆਕਰਸ਼ਨ ਕਾਰਨ ਹੈ - ਜੋ 5G ਦੇ ਆਉਣ ਨਾਲ ਹੋਰ ਵੱਧਣ ਦੀ ਉਮੀਦ ਹੈ।

ਨਵੇਂ ਪ੍ਰੋਵਾਈਡਰਜ਼ ਲਈ ਵੀ ਕਾਫ਼ੀ ਉਮੀਦ ਹੈ। ਕੰਸਲਟਿੰਗ ਕੰਪਨੀ ਬੀਸੀਜੀ ਨੇ ਅੰਦਾਜ਼ਾ ਲਗਾਇਆ ਹੈ ਕਿ ਭਾਰਤੀ ਹਰ ਰੋਜ਼ ਸਿਰਫ਼ 4.6 ਘੰਟੇ ਹੀ ਮੀਡੀਆ (ਅਖਬਾਰਾਂ, ਟੀਵੀ, ਰੇਡੀਓ,ਡੀਜੀਟਲ) ਵੇਖਦੇ ਹਨ ਜਦ ਕਿ ਅਮਰੀਕੀ ਲੋਕਾਂ ਔਸਤ 'ਚ 11.8 ਘੰਟੇ ਲਈ ਵੇਖਦੇ ਹਨ।

ਪੀਡਬਲੀਓਸੀ ਦੇ ਬਾਸੂ ਨੇ ਦੱਸਿਆ, "ਨੈਟਫਲਿਕਸ ਜਾਂ ਫਿਰ ਉਸ ਦੇ ਵਿਰੋਧੀਆਂ ਨੂੰ ਕਾਮਯਾਬ ਹੋਣ ਲਈ ਛੋਟੇ ਸ਼ਹਿਰਾਂ ਵਿੱਚ ਜਾਣਾ ਪਵੇਗਾ।"

ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਵਿੱਚ ਤੇਜ਼ੀ ਨਾਲ ਚੱਲਣ ਵਾਲਾ ਬਰੋਡਬੈਂਡ ਤੇ ਕੇਬਲ ਟੀਵੀ ਇੰਨ੍ਹੇ ਫੈਲੇ ਹੋਏ ਨਹੀਂ ਜਿੰਨੀ ਆਸਾਨੀ ਨਾਲ ਸਮਾਟਫੋਨ ਮਿਲਦੇ ਹਨ।

ਇਹ ਵੀ ਪੜ੍ਹੋ-

ਉਨ੍ਹਾਂ ਦੱਸਿਆ, "ਮੈਨੂੰ ਹੈਰਾਨੀ ਹੋਵੇਗੀ ਜੇਕਰ ਨੈਟਫਲਿਕਸ ਮਾਰਕੀਟ ਵਿੱਚ ਇਸੇ ਤਰ੍ਹਾਂ ਰਹਿ ਕੇ ਆਪਣੇ ਟੀਚਿਆਂ ਨੂੰ ਹਾਸਿਲ ਕਰ ਲਵੇਗਾ।"

"ਉਨ੍ਹਾਂ ਨੂੰ ਸੇਕਰਡ ਗੇਮਜ਼ ਵਰਗੇ ਹੋਰ ਪ੍ਰੋਗਰਾਮ ਜਾਰੀ ਰੱਖਣੇ ਹੋਣਗੇ ਅਤੇ ਇਸ ਦੇ ਨਾਲ ਹੀ ਭਾਰਤੀ ਭਾਸ਼ਾ ਵਿੱਚ ਵਧੇਰੇ ਸਾਮੱਗਰੀ ਤਿਆਰ ਕਰਨੀ ਹੋਵੇਗੀ।"

NDTV ਨਾਲ ਕੰਮ ਕਰਨ ਵਾਲੇ ਰੋਹਿਤ ਖਿਲਨਾਨੀ ਵੀ ਇਸ ਗੱਲ ਨਾਲ ਸਹਿਮਤ ਹਨ।

ਉਨ੍ਹਾਂ ਮੁਤਾਬਕ, "ਉਨ੍ਹਾਂ ਨੂੰ ਛੋਟੇ ਸ਼ਹਿਰਾਂ ਤੇ ਪਿੰਡਾਂ ਲਈ ਚੀਜ਼ਾਂ ਬਣਾਉਣੀਆਂ ਪੈਣਗੀਆਂ, ਜੋ ਮੋਬਾਈਲ ਸਬਸਕ੍ਰਿਪਸ਼ਨ ਦੇ ਅਨੁਕੂਲ ਹੋਣ।"

ਉਨ੍ਹਾਂ ਦਾ ਤਰਕ ਹੈ ਕਿ ਇਨ੍ਹਾਂ ਥਾਵਾਂ 'ਤੇ ਗਾਹਕਾਂ ਦੇ ਆਰਥਿਕ ਹਾਲਾਤ ਤੰਗੀ ਵਾਲੇ ਹੁੰਦੇ ਹਨ ਤੇ ਫੋਨ ਵੀ ਲਿਮੀਟਡ ਸਟੋਰੇਜ਼ ਵਾਲੇ ਹੁੰਦੇ ਹਨ। ਉਹ ਸ਼ਾਇਦ ਹੀ ਇੱਕ ਤੋਂ ਵੱਧ ਸਬਸਕ੍ਰਿਪਸ਼ਨ ਲੈਣ।

ਜੇਕਰ ਇਸ ਵਿੱਚ ਰੇਗੂਲੇਟਰ ਸ਼ਾਮਿਲ ਹੋ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਨੈਟਫਲਿਕਸ ਦੀਆਂ ਸ਼ਾਨਦਾਰ ਯੋਜਨਾਵਾਂ ਖ਼ਤਮ ਹੋ ਜਾਣ।

ਟੈਲੀਕੌਮ ਰੇਗੂਲੇਟਰੀ ਅਥੌਰਿਟੀ ਆਫ ਇੰਡੀਆ ਭਾਰਤ ਦੇ ਟੀਵੀ ਗਾਹਕਾਂ ਨੂੰ ਆਪਣੀ ਮਰਜ਼ੀ ਦੇ ਚੈਨਲ ਦੇਖਣ ਲਈ ਭੁਗਤਾਨ ਕਰਨ ਦੀ ਮਨਜ਼ੂਰੀ ਦਿੰਦੀ ਹੈ।

ਜੇਕਰ ਅਜਿਹਾ ਹੀ ਤਜਰਬਾ ਸਟ੍ਰੀਮਿੰਗ ਮਾਰਕਿਟ 'ਚ ਹੁੰਦਾ ਹੈ ਤਾਂ ਗਾਹਕਾਂ ਨੂੰ ਪੂਰੇ ਮਹੀਨੇ ਦੇ ਪਲਾਨ ਦੀ ਬਜਾਇ ਕਿਸੇ ਖ਼ਾਸ ਪ੍ਰੋਗਰਾਮ ਲਈ ਘੱਟ ਹੀ ਭੁਗਤਾਨ ਕਰਨਾ ਪਵੇਗਾ।

ਆਪਣੇ ਖਰਚੇ ਮੁਤਾਬਕ ਨੈਟਫਲਿਕਸ ਨਿਸ਼ਚਿਤ ਤੌਰ 'ਤੇ ਬਚੇ ਲੋਕਾਂ ਤੱਕ ਪਹੁੰਚ ਕਰਨ ਲਈ ਦ੍ਰਿੜ ਹੈ।

ਇਸ ਨੇ ਕਿਸੇ ਹੋਰ ਬਾਜ਼ਾਰ ਨਾਲੋਂ ਭਾਰਤ ਵਿੱਚ ਆਪਣੇ ਨਿਵੇਸ਼ ਵਧਾਇਆ ਹੈ ਅਤੇ ਇਸ ਕੋਲ ਆਉਣ ਵਾਲੇ ਸਮੇਂ ਲਈ 13 ਨਵੀਆਂ ਫਿਲਮਾਂ ਤੇ 9 ਮੂਲ ਸੀਰੀਜ਼ ਵੀ ਹਨ।

ਇਹ ਉਮੀਦ ਕੀਤੀ ਜਾ ਰਹੀ ਹੈ ਕਿ ਡਰਾਮਾ, ਹਾਰਰ ਤੇ ਕਾਮੇਡੀ ਜੋ ਬਾਲੀਵੁੱਡ ਦੇ ਵੱਡੇ ਨਾਵਾਂ ਜਿਵੇਂ ਸ਼ਾਹਰੁਖ ਖ਼ਾਨ, ਆਦਿ ਨਾਲ ਬਣਾਇਆ ਗਿਆ ਹੈ ਦਰਸ਼ਕਾਂ ਨੂੰ ਪਸੰਦ ਆਉਣਗੇ।

ਅਮਰੀਕਾ ਦੇ ਮੁਕਾਬਲੇ ਸਸਤੇ ਬਾਜ਼ਾਰ ਵਾਲੇ ਭਾਰਤ ਵਿੱਚ ਜੇਕਰ ਇਹ ਸਫ਼ਲ ਹੁੰਦਾ ਹੈ ਤਾਂ ਇਹ ਡਿਜ਼ਨੀ, ਐਪਲ ਅਤੇ ਐਚਬੀਓ ਦੀ ਲੜਾਈ ਵਿੱਚ ਨੈਟਫਲਿਕਸ ਮੁੜ ਖੜਾ ਹੋ ਸਕਦਾ ਹੈ।

ਰੋਹਿਤ ਖਿਲਨਾਨੀ ਕਹਿੰਦੇ ਹਨ ਕਿ ਡਿਜ਼ਨੀ ਵੀ ਦੁਨੀਆਂ ਦੀ ਦੂਜੇ ਵੱਡੀ ਅਬਾਦੀ ਵਾਲੇ ਦੇਸ 'ਚ ਵੱਡੀ ਕਾਮਯਾਬੀ ਹਾਸਿਲ ਕਰ ਸਕਦਾ ਹੈ ਅਤੇ ਨੈਫਲਿਕਸ ਤੋਂ ਵੀ ਅੱਗੇ ਨਿਕਲ ਸਕਦਾ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)