You’re viewing a text-only version of this website that uses less data. View the main version of the website including all images and videos.
ਔਰਤਾਂ 'ਤੇ ਭੱਦੀਆਂ ਟਿੱਪਣੀਆਂ ਤੋਂ ਬਾਅਦ ਸਿਆਸਤਦਾਨਾਂ ਨੂੰ ਮਾਫ਼ੀ ਕਿਉਂ ਮਿਲ ਜਾਂਦੀ ਹੈ? - ਬਲਾਗ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਦੇਸ਼ ਦੀਆਂ ਸਾਰੀਆਂ ਮਹਿਲਾਂ ਸੰਸਦ ਮੈਂਬਰਾਂ ਨੂੰ, ਮਹਿਲਾਂ ਸੰਗਠਨਾਂ ਨੂੰ, ਆਮ ਔਰਤਾਂ ਨੂੰ, ਤੁਹਾਨੂੰ, ਮੈਨੂੰ, ਸਾਰਿਆਂ ਨੂੰ ਵਧਾਈ ਹੋਵੇ ਕਿ ਸਮਾਜਵਾਦੀ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਆਜ਼ਮ ਖ਼ਾਨ ਨੇ ਮਾਫ਼ੀ ਮੰਗ ਲਈ ਹੈ!
ਸੰਸਦ ਦੇ ਅੰਦਰ ਡਿਪਟੀ ਸਪੀਕਰ ਦੇ ਅਹੁਦੇ ’ਤੇ ਬੈਠੀ ਰਮਾ ਦੇਵੀ ਤੋਂ ਬੇਹੱਦ ਘਟੀਆ ਤਰੀਕੇ ਨਾਲ ਗੱਲ ਕਰ ਰਹੇ ਆਜ਼ਮ ਖ਼ਾਨ ਤਾਂ ਲੋਕ ਸਭਾ ਛੱਡ ਕੇ ਚਲੇ ਗਏ ਸਨ।
ਭਲਾ ਹੋਵੇ ਮਹਿਲਾ ਸਾਂਸਦਾਂ ਦਾ ਕਿ ਉਨ੍ਹਾਂ ਨੇ ਇਸ ਤੇ ਖੁੱਲ੍ਹ ਕੇ ਇਤਰਾਜ਼ ਜਾਹਰ ਕੀਤਾ ਤੇ ਰੌਲਾ ਪਾਇਆ ਤੇ ਲਗਭਗ ਦਸ ਸਕਿੰਟਾ ਵਿੱਚ ਦਿੱਤੀ ਗਈ ਮਾਫ਼ੀ ਤੱਕ ਗੱਲ ਪਹੁੰਚੀ।
ਨਹੀਂ ਤਾਂ ਇੱਕ ਵਾਰ ਫਿਰ ਮਹਿਲਾ ਸਿਆਸਤਦਾਨਾਂ ਨੂੰ ਇੱਕ ਪੁਰਸ਼ ਦੀ ਭੱਦੀ ਗੱਲ਼ ਨੂੰ ਮਜ਼ਾਕ ਮੰਨ ਕੇ ਅਣਦੇਖਿਆ ਕਰਨਾ ਪੈਂਦਾ।
ਇਹ ਵੀ ਪੜ੍ਹੋ:
ਉਹ ਪੁਰਸ਼ ਜੋ ਉਨ੍ਹਾਂ ਦੇ ਅਹੁਦੇ ਕਾਰਨ ਨਹੀਂ ਸਗੋਂ ਉਨ੍ਹਾਂ ਦੇ ਚਿਹਰੇ, ਖ਼ੂਬਸੂਰਤੀ ਦੇ ਕਾਰਨ ਇੱਜ਼ਤ ਦੇਣ ਦੀ ਗੱਲ ਕਰ ਕੇ ਸਿਰਫ਼ ਮੁਸਕਰਾ ਛੱਡਦਾ ਹੈ। ਜਿਵੇਂ ਕਿ ਉਨ੍ਹਾਂ ਦੇ ਸੰਵਿਧਾਨਿਕ ਅਹੁਦੇ ਤੇ ਹੋਣ ਦੀ ਕੋਈ ਅਹਿਮੀਅਤ ਹੀ ਨਾ ਹੋਵੇ।
ਗੱਲ ਸਿਰਫ਼ ਸੀਮਤ ਹੋ ਕੇ ਐਨੀ ਹੀ ਰਹਿ ਜਾਵੇ ਕਿ ਉਹ ਇੱਕ ਔਰਤ ਹਨ। ਉਨ੍ਹਾਂ ਦੀ ਕਾਬਲੀਅਤ ਜੋ ਉਨ੍ਹਾਂ ਨੂੰ ਇਸ ਸੀਨੀਅਰ ਅਹੁਦੇ ਤੱਕ ਲੈ ਕੇ ਆਈ, ਉਸ ਦੇ ਕੋਈ ਮਾਅਨੇ ਨਹੀਂ ਹਨ।
ਮਾਫ਼ ਕਰਨਾ, ਇਹ ਮਜ਼ਾਕ ਨਹੀਂ ਹੈ, ਇਹ ਬਦਤਮੀਜ਼ੀ ਹੈ। ਅਜਿਹਾ ਵਤੀਰਾ ਜੋ ਮਰਦ ਖ਼ਾਸ ਔਰਤਾਂ ਨਾਲ ਕਰਦੇ ਹਨ। ਉਨ੍ਹਾਂ ਨੂੰ ਨੀਚਾ ਦਿਖਾਉਣ ਲਈ।
ਇਹ ਦੱਸਣ ਲਈ ਕਿ ਉਹ ਔਰਤਾਂ ਹਨ। ਇਸ ਲਈ ਉਨ੍ਹਾਂ ਦੇ ਅੱਗੇ ਵਧਣ ਵਿੱਚ ਉਨ੍ਹਾਂ ਦੇ ਰੂਪ ਦਾ ਹੱਥ ਹੋਵੇਗਾ। ਉਨ੍ਹਾਂ ਦੇ ਔਰਤ ਹੋਣ ਕਾਰਨ ਉਨ੍ਹਾਂ ਨੂੰ ਖ਼ਾਸ ਤਵੱਜੋ ਦਿੱਤੀ ਜਾਵੇਗੀ। ਅਤੇ ਉਨ੍ਹਾਂ ਦੀ ਗੱਲ ਇੱਕ ਸੀਨੀਅਰ ਹੋਣ ਕਾਰਨ ਨਹੀਂ ਸਗੋਂ ਉਨ੍ਹਾਂ ਦੀ ਸਰੀਰਕ ਸੁੰਦਰਤਾ ਕਾਰਨ ਨਹੀਂ ਟਾਲੀ ਜਾਵੇਗੀ।
ਕੀ ਤੁਸੀਂ ਕਿਸੇ ਨੂੰ ਕਿਸੇ ਪੁਰਸ਼ ਸਿਆਸਤਦਾਨ ਨਾਲ ਇਸ ਲਹਿਜੇ ਵਿੱਚ ਗੱਲ ਕਰਦਿਆਂ ਸੁਣਿਆ ਹੈ?
ਸੋਚ ਵੀ ਸਕਦੇ ਹਾਂ ਕਿ ਕੋਈ ਪੁਰਸ਼ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਸਪੀਕਰ ਦੇ ਅਹੁਦੇ ਤੇ ਹੋਵੇ ਤੇ ਕੋਈ ਸਾਂਸਦ ਉਨ੍ਹਾਂ ਨੂੰ ਇਹ ਕਹੇ ਕਿ ਉਨ੍ਹਾਂ ਦੀ ਖ਼ੂਬਸੂਰਤੀ ਉਨ੍ਹਾਂ ਨੂੰ ਪਸੰਦ ਹੈ, ਉਹ ਐਨੇ ਪਿਆਰੇ ਹਨ ਕਿ ਉਹ ਉਨ੍ਹਾਂ ਵੱਲ ਹਰ ਸਮੇਂ ਦੇਖ ਸਕਦੇ ਹਨ, ਉਮਰ ਭਰ ਦੇਖ ਸਕਦੇ ਹਨ!
ਕਿੰਨਾ ਘਟੀਆ ਹੈ ਇਹ ਪਰ ਘਟੀਆਪਣ ਚਲਦਾ ਹੈ। ਇਸੇ ਲਈ ਵਾਰ-ਵਾਰ ਹੁੰਦਾ ਹੈ।
ਕਦੇ ਸੰਸਦ ਦੇ ਅੰਦਰ ਹੁੰਦਾ ਹੈ ਤੇ ਕਦੇ ਬਾਹਰ ਫਿਰ ਬਹੁਤ ਹੋ ਹੱਲਾ ਹੁੰਦਾ ਹੈ, ਨਿੰਦਾ ਹੁੰਦੀ ਹੈ। ਟੀਵੀ ਚੈਨਲਾਂ ਤੇ ਬਹਿਸ ਹੁੰਦੀ ਹੈ, ਲੇਖ ਲਿਖੇ ਜਾਂਦੇ ਹਨ।
ਸਮੇਂ ਨਾਲ ਆਇਆ ਜਵਾਰ ਬੈਠ ਜਾਂਦਾ ਹੈ। ਕਿਸਮਤ ਚੰਗੀ ਹੋਵੇ ਤਾਂ ਦਸ ਸਕਿੰਟ ਦੀ ਮਾਫ਼ੀ ਮਿਲ ਜਾਂਦੀ ਹੈ।
ਔਰਤ ਬੇਕਾਰ ਹੀ ਬੇਇਜ਼ਤੀ ਮਹਿਸੂਸ ਕਰ ਗਈ
ਅਜਿਹੀ ਮਾਫ਼ੀ ਜਿਸ ਵਿੱਚ ਕਿਹਾ ਜਾਂਦਾ ਹੈ, ਅਜਿਹੀ ਨਜ਼ਰ ਨਾਲ ਕੋਈ ਸਾਂਸਦ ਸਪੀਕਰ ਨੂੰ ਦੇਖ ਹੀ ਨਹੀਂ ਸਕਦਾ, ਫਿਰ ਵੀ ਜੇ ਅਜਿਹਾ ਅਹਿਸਾਸ ਹੈ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ।"
ਮਤਲਬ ਗਲਤੀ ਤਾਂ ਔਰਤ ਦੀ ਹੀ ਹੈ, ਜਿਸਦੇ ਮਜ਼ਾਕ ਸਮਝ ਨਹੀਂ ਆਇਆ। ਉਹ, ਬੇਕਾਰ ਹੀ ਬੇਇਜ਼ਤੀ ਮਹਿਸੂਸ ਕਰ ਗਈ।
ਮਾਫ਼ੀ ਸੁਣ ਕੇ ਰਮਾ ਦੇਵੀ ਬੋਲਣ ਲਈ ਉਠਦੇ ਹਨ ਅਤੇ ਕਹਿੰਦੇ ਹਨ, "ਉਨ੍ਹਾਂ ਨੇ ਮਾਫ਼ੀ ਨਹੀਂ ਚਾਹੀਦੀ ਸਗੋਂ ਵਤੀਰੇ ਵਿੱਚ ਸੁਧਾਰ ਲਈ ਕੋਈ ਕਦਮ ਚਾਹੀਦਾ ਹੈ।"
ਇਹ ਵੀ ਪੜ੍ਹੋ:
ਪਾਰਲੀਮੈਂਟ ਸਰਬ ਸੰਮਤੀ ਨਾਲ ਮਾਫ਼ੀ ਕਬੂਲ ਕਰ ਲੈਂਦਾ ਹੈ। ਸਾਰੇ ਆਪਣੀ-ਆਪਣੀ ਭੂਮਿਕਾ ਨਿਭਾ ਕੇ ਅੱਗੇ ਵਧ ਜਾਂਦੇ ਹਨ। ਅਗਲੇ ਬਿਲ 'ਤੇ ਚਰਚਾ ਸ਼ੁਰੂ ਹੋ ਜਾਂਦੀ ਹੈ।
ਅਨੁਸ਼ਾਸ਼ਨੀ ਕਾਰਵਾਈ ਦੀ ਰਮਾ ਦੇਵੀ ਦੀ ਮੰਗ ਕਿਤੇ ਗੁਆਚ ਜਾਂਦੀ ਹੈ।
ਔਰਤਾਂ ਦੇ ਬਰਾਬਰੀ ਦੇ ਹੱਕ ਦੀ ਕਹਿਣੀ ਨੂੰ ਸੰਸਦ ਆਪਣੀ ਕਰਨੀ ਨਾਲ ਮੰਨੋ ਜਿਵੇਂ ਝੂਠਾ ਕਰ ਦਿੰਦਾ ਹੈ।
ਕਿਉਂਕਿ ਇਹ ਸਾਰਿਆਂ ਨੂੰ ਮਨਜ਼ੂਰ ਹੈ ਇਹ ਵਤੀਰਾ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦਾ ਨਹੀਂ ਸਗੋਂ ਆਮ ਵਤੀਰੇ ਦਾ ਹਿੱਸਾ ਹੈ।
ਮਹਿਲਾ ਸੰਸਦ ਮੈਂਬਰਾਂ ਦੇ ਸਰੀਰ 'ਤੇ ਟਿੱਪਣੀ ਕਰਨਾ, ਮੁੰਡਿਆਂ ਵੱਲੋਂ ਕੁੜੀਆਂ ਦੇ ਜਿਨਸੀ ਸ਼ੋਸ਼ਣ ਕਰਨ ਨੂੰ ਮਹਿਜ਼ 'ਗਲਤੀ' ਦੱਸ ਦੇਣਾ, ਔਰਤਾਂ ਦੇ ਕੰਮ ਨੂੰ ਮਹਿਜ਼ ਦਿਖਾਵਾ ਕਰਾਰ ਦੇਣਾ, ਉਨ੍ਹਾਂ ਦੀ ਕਾਬਲੀਅਤ ਨੂੰ ਖ਼ੂਬਸੂਰਤੀ ਸਹਾਰੇ ਮਿਲੀ ਸਫ਼ਲਤਾ ਕਹਿ ਦੇਣਾ, ਇਹ ਸਭ ਵਾਰ-ਵਾਰ ਕੀਤਾ ਜਾਂਦਾ ਹੈ।
ਪੁਰਸ਼ ਸਿਆਸਤਦਾਨਾਂ ਵਿੱਚ ਔਰਤਾਂ ਪ੍ਰਤੀ ਇਸ ਵੀਤੀਰੇ ਬਾਰੇ ਸਹਿਮਤੀ ਹੈ।
ਇਹ ਇੱਕ ਮੁਲਾਂਕਣ ਹੈ ਕਿ ਕਿਸ ਵਰਗ ਦਾ ਜੁਰਮ ਹੈ, ਇਸ ਨਾਲ ਕੀ ਨੁਕਸਾਨ ਹੁੰਦਾ ਹੈ ਅਤੇ ਉਸ ਲਈ ਕਿਹੋ-ਜਿਹੀ ਸਜ਼ਾ ਕਾਫ਼ੀ ਹੈ।
ਆਮ ਲੋਕਾਂ ਵਿੱਚ ਵੀ ਸਹਿਮਤੀ ਹੈ।
ਔਰਤਾਂ ਤੇ ਮਜ਼ਾਕ ਕਰਨਾ ਜਾਇਜ਼ ਹੈ। ਉਨ੍ਹਾਂ ਦੀ ਸਫ਼ਲਤਾ ਵਿੱਚ ਉਨ੍ਹਾਂ ਦੀ ਖ਼ੂਬਸੂਰਤੀ ਦਾ ਜਾਂ ਉਨ੍ਹਾਂ ਦੇ ਔਰਤ ਹੋਣ ਦਾ ਕਿੰਨਾ ਯੋਗਦਾਨ ਹੈ।
ਉਨ੍ਹਾਂ ਨੂੰ ਕਿੰਨਾ ਸਹਿਣ ਕਰ ਲੈਣਆ ਚਾਹੀਦਾ ਹੈ, ਉਨ੍ਹਾਂ ਨੂੰ ਕਿੰਨਾ ਬੋਲਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕਰਨ ਵਾਲਿਆਂ ਨਾਲ ਕੀ ਹੋਣਾ ਚਾਹੀਦਾ ਹੈ।
ਦਸ ਸਕਿੰਟਾਂ ਦੀ ਬੇ-ਦਿਲ ਮਾਫ਼ੀ
ਇਹ ਵਿਰੋਧ ਦੇ ਰੌਲੇ ਅਤੇ ਸਹਿਮਤੀ ਦੀ ਚੁੱਪੀ ਦੀ ਸਿਆਸਤ ਹੈ ਜਿਸ ਨੂੰ ਔਰਤਾਂ ਸਹਿਣ ਵੀ ਕਰਦੀਆਂ ਆਈਆਂ ਹਨ ਅਤੇ ਜਿਸਦੀਆਂ ਹੱਦਾਂ ਨੂੰ ਚੁਣੌਤੀ ਵੀ ਦੇ ਰਹੀਆਂ ਹਨ।
ਇਸ ਉਮੀਦ ਵਿੱਚ ਕਿ ਰੌਲਾ-ਰੱਪਾ ਕਦੇ ਤਾਂ ਚੁੱਪੇ ਨੂੰ ਤੋੜੇਗਾ। ਦਸ ਸਕਿੰਟਾਂ ਦੀ ਬੇ-ਦਿਲ ਮਾਫ਼ੀ ਹੀ ਸਹੀ, ਸ਼ੋਰ ਤੋਂ ਬਾਅਦ ਇਹ ਪਹਿਲਾ ਕਦਮ ਹੈ।
ਇਸ ਵਿੱਚ ਜਨਤਕ ਤੌਰ ਤੇ ਸ਼ਰਮਿੰਦਗੀ ਦਾ ਕੁਝ ਕੁ ਅਹਿਸਾਸ ਹੈ। ਇੱਕ ਕਦਮ ਹੈ ਉਸ ਦਿਸ਼ਾ ਵੱਲ ਜਦੋਂ ਵੋਟ ਪਾਉਣ ਤੋਂ ਪਹਿਲਾਂ ਮੈਂ ਤੇ ਤੁਸੀਂ ਸਿਆਸਤਦਾਨ ਦੇ ਕਿਰਦਾਰ ਬਾਰੇ ਸੋਚਾਂਗੇ।
ਜਾਂ ਫਿਰ ਘੱਟੋ-ਘੱਟ ਅਗਲੀ ਘਟਨਾ ਸਮੇਂ ਤਾਂ ਐਨਾ ਸ਼ੋਰ ਮਚਾਈਏ ਕਿ ਸੰਸਦ ਦੇ ਅੰਦਰ ਤੱਕ ਗੂੰਜੇ ਅਤੇ ਮਾਫ਼ੀ ਤੋਂ ਕਿਤੇ ਵਧੇਰੇ ਗੁੰਜਾਇਸ਼ ਬਣ ਸਕੇ।
ਘਟੀਆ ਟਿੱਪਣੀਆਂ ਕਰਨ ਵਾਲੇ ਸ਼ਰਮਿੰਦਾ ਹੋਣ
ਹਰ ਔਰਤ ਸੰਸਦ ਨੂੰ ਇਹ ਯਕੀਨ ਹੋਵੇ ਕਿ ਜਦੋਂ ਉਹ ਕਾਰਵਾਈ ਦੀ ਮੰਗ ਕਰਨ ਤਾਂ ਉਨ੍ਹਾਂ ਦੀ ਗੱਲ ਛੋਟੀ ਨਾ ਪੈ ਜਾਵੇ।
ਉਨ੍ਹਾਂ ਸਾਰਿਆਂ ਦਾ ਸਹਿਯੋਗ ਮਿਲੇ। ਸੰਸਦ ਦੇ ਅੰਦਰ ਉਨ੍ਹਾਂ ਦੀ ਸ਼ਿਕਾਇਤ ਨੂੰ ਉਹ ਅਹਿਮੀਅਤ ਮਿਲੇ ਜਿਸ ਨਾਲ ਮਿਸਾਲ ਕਾਇਮ ਹੋ ਸਕੇ।
ਜਿਸ ਵਿੱਚ ਸੰਸਦ ਦੇ ਬਾਹਰ, ਸੜਕਾਂ ਤੇ ਔਰਤਾਂ ਦੇ ਨਾਲ ਭੱਦੇ ਮਜ਼ਾਕ ਕਰਨ ਵਾਲੇ, ਦਫ਼ਤਰਾਂ ਵਿੱਚ ਉਨ੍ਹਾਂ ਦੀ ਕਾਬਲੀਅਤ ਨੂੰ ਰੱਦ ਕਰਨ ਵਾਲੇ ਅਤੇ ਆਪਸ ਵਿੱਚ ਉਨ੍ਹਾਂ ਦੇ ਸਰੀਰ ਬਾਰੇ ਘਟੀਆ ਟਿੱਪਣੀਆਂ ਕਰਨ ਵਾਲੇ ਸ਼ਰਮਿੰਦਾ ਹੋਣ।
ਸੱਚ ਜਾਣੋ ਇਹ ਉਸ ਸੱਤਾ ਦੇ ਗਲਿਆਰ ਵਿੱਚ ਹੋਇਆ, ਜਿਸ ਨਾਲ ਸਾਡਾ ਸਾਰਿਆਂ ਦਾ ਸਰੋਕਾਰ ਹੈ ਸਗੋਂ ਉਸ ਨੂੰ ਦੇਖ ਕੇ ਅਣਦੇਖਿਆ ਕਰਨ 'ਤੇ ਅਸੀਂ ਵੀ ਅਜਿਹੇ ਘਟੀਆਪਣ ਦਾ ਹਿੱਸਾ ਬਣ ਰਹੇ ਹਾਂ।
ਜੇ ਹੋ-ਹੱਲਾ ਸੱਚੀ ਨੀਅਤ ਨਾਲ ਬਿਨਾਂ ਥੱਕੇ ਮਚਾਈਏ ਤਾਂ ਬਦਲਾਅ ਦੀ ਹਨੇਰੀ ਦਾ ਇੱਕ ਪੱਤਾ ਤਾਂ ਹਿਲਾ ਹੀ ਸਕਦੇ ਹਾਂ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ