#PMModionDiscovery MAN vs WILD 'ਚ ਪੀਐੱਮ ਨਰਿੰਦਰ ਮੋਦੀ ਬੀਅਰ ਗ੍ਰਿਲਸ ਦੇ ਨਾਲ ਨਜ਼ਰ ਆਉਣਗੇ - ਸੋਸ਼ਲ

ਤੁਸੀਂ "ਮੈਨ ਵਰਸਿਜ਼ ਵਾਈਲਡ" ਸ਼ੋਅ ਵਾਲੇ ਬੀਅਰ ਗ੍ਰਿਲਸ ਨੂੰ ਤਾਂ ਜਾਣਦੇ ਹੀ ਹੋਵੋਂਗੇ? ਉਹੀ ਬੀਅਰ ਗ੍ਰਿਲਸ ਜੋ ਸੁੰਨੇ ਜੰਗਲਾਂ ਵਿੱਚ ਖ਼ਤਰਨਾਕ ਜਾਨਵਰਾਂ ਅਤੇ ਨਦੀਆਂ ਵਿੱਚ ਰੁਮਾਂਚਕ ਕਾਰਨਾਮੇ ਕਰਦੇ ਨਜ਼ਰ ਆਉਂਦੇ ਹਨ।

ਹੁਣ ਬੀਅਰ ਗ੍ਰਿਲਸ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਮੋਦੀ ਵੀ ਦਿਖਾਈ ਦੇਣਗੇ। "ਮੈਨ ਵਰਸਿਜ਼ ਵਾਈਲਡ" ਸ਼ੋਅ ਦਾ ਇਹ ਐਪੀਸੋਡ 12 ਅਗਸਤ ਨੂੰ ਰਾਤ 9 ਵਜੇ ਡਿਸਕਵਰੀ ਚੈਨਲ 'ਤੇ ਦਿਖਾਈ ਦੇਵੇਗਾ।

ਬੀਅਰ ਗ੍ਰਿਲਸ ਨੇ ਟਵਿੱਟਰ 'ਤੇ ਇਸ ਐਪੀਸੋਡ ਦਾ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਟਵਿੱਟਰ 'ਤੇ #PMModionDiscovery ਟੌਪ ਟਰੈਂਡਸ ਵਿੱਚ ਹੈ।

ਇਹ ਵੀ ਪੜ੍ਹੋ:

ਟੀਜ਼ਰ ਵਿੱਚ ਪ੍ਰਧਾਨ ਮੰਤਰੀ ਮੋਦੀ ਬੀਅਰ ਗ੍ਰਿਲਸ ਨਾਲ ਦੋਸਤਾਨਾ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।

ਵੀਡੀਓ 'ਚ PM ਮੋਦੀ ਬੀਅਰ ਗ੍ਰਿਲਸ ਦਾ ਭਾਰਤ ਵਿੱਚ ਸਵਾਗਤ ਕਰਦੇ ਹਨ ਅਤੇ ਗ੍ਰਿਲਸ ਮੋਦੀ ਨੂੰ ਕਹਿੰਦੇ ਹਨ - 'ਤੁਸੀਂ ਇੰਡੀਆ ਦੇ ਸਭ ਤੋਂ ਖ਼ਾਸ ਇਨਸਾਨ ਹੋ, ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਸੁਰੱਖਿਅਤ ਰੱਖਾਂ।'

ਪੀਐੱਮ ਮੋਦੀ ਨੇ ਵੀ ਟਵਿੱਟਰ 'ਤੇ ਇਸ ਟੀਜ਼ਰ ਨੂੰ ਸਾਂਝਾ ਕੀਤਾ ਤੇ ਲਿਖਿਆ, ''ਭਾਰਤ, ਜਿੱਥੇ ਤੁਸੀਂ ਹਰੇ ਭਰੇ ਜੰਗਲ, ਖ਼ੂਬਸੂਰਤ ਪਹਾੜ, ਨਦੀਆਂ ਤੇ ਵਾਈਲਡ ਲਾਈਫ਼ ਦੇਖ ਸਕਦੇ ਹੋ। ਇਸ ਪ੍ਰੋਗਰਾਮ ਨੂੰ ਦੇਖ ਕੇ ਤੁਹਾਡਾ ਇੰਡੀਆ ਆਉਣ ਦਾ ਮਨ ਕਰੇਗਾ। ਧੰਨਵਾਦ ਬੀਅਰ ਗ੍ਰਿਲਸ ਭਾਰਤ ਆਉਣ ਲਈ।''

ਇਸ ਟੀਜ਼ਰ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਪ੍ਰਤੀਕਿਰਿਆ ਕਾਂਗਰਸ ਵੱਲੋਂ ਵੀ ਆਈ ਹੈ।

ਮੈਨ ਵਰਸਿਜ਼ ਵਾਈਲਡ ਦਾ ਪੁਲਵਾਮਾ ਕਨੈਕਸ਼ਨ...

'ਦਲਿਤ ਕਾਂਗਰਸ' ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''ਹੁਣ ਦੁਨੀਆਂ ਸੱਚ ਜਾਣ ਸਕੇਗੀ। ਜਦੋਂ ਪੁਲਵਾਮਾ ਹਮਲਾ ਹੋ ਰਿਹਾ ਸੀ ਅਤੇ ਸਾਡੇ ਜਵਾਨ ਦੇਸ ਦੇ ਲਈ ਜਾਨ ਦੇ ਰਹੇ ਸਨ ਤਾਂ ਪੀਐੱਮ ਮੋਦੀ ਬੀਅਰ ਗ੍ਰਿਲਸ ਦੇ ਨਾਲ ਡਿਸਕਵਰੀ ਦੇ ਪ੍ਰੋਗਰਾਮ ਲਈ ਸ਼ੂਟਿੰਗ ਕਰ ਰਰ ਰਹੇ ਸਨ। ਪੀਐੱਮ ਮੋਦੀ ਇਹ ਸ਼ਰਮਨਾਕ ਗੱਲ ਹੈ।''

ਦਰਅਸਲ ਜਦੋਂ ਪੁਲਵਾਮਾ ਹਮਲਾ ਹੋਇਆ ਸੀ, ਉਦੋਂ ਪੀਐੱਮ ਮੋਦੀ ਦੀ ਜਿਮ ਕਾਰਬੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ।

ਫ਼ਰਵਰੀ 2019 ਵਿੱਚ ਕਾਂਗਰਸ ਨੇ ਕਿਹਾ ਸੀ, ''ਸੀਆਰਪੀਐੱਫ਼ ਜਵਾਨਾਂ 'ਤੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਿਮ ਕਾਰਬੇਟ ਗਏ ਅਤੇ ਇੱਕ ਵਿਗਿਆਪਨ ਫ਼ਿਲਮ ਦੀ ਸ਼ੂਟਿੰਗ ਵਿੱਚ ਮਸਰੂਫ਼ ਸਨ।''

ਉਦੋਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਸੀ, ''ਮੋਦੀ ਜੀ ਨੇ ਤਾਂ ਵਕਤ 'ਤੇ ਬਿਆਨ ਵੀ ਨਹੀਂ ਦਿੱਤਾ। ਦਿਨ ਭਰ ਕਾਰਬੇਟ ਪਾਰਕ ਵਿੱਚ ਘੁੰਮਦੇ ਰਹੇ ਅਤੇ ਐਡ ਦੀ ਸ਼ੂਟਿੰਗ ਕਰ ਰਹੇ ਸਨ। ਦੇਸ ਸਾਡੇ ਸ਼ਹੀਦਾਂ ਦੇ ਟੁਕੜੇ ਚੁਣ ਰਿਹਾ ਸੀ ਅਤੇ ਪੀਐੱਮ ਆਪਣੇ ਨਾਅਰੇ ਲਗਵਾ ਰਹੇ ਸਨ। ਇਹ ਮੈਂ ਨਹੀਂ ਪੱਤਰਕਾਰ ਤਸਵੀਰਾਂ ਦੇ ਨਾਲ ਲਿੱਖ ਰਹੇ ਹਨ।''

ਇਸਦੇ ਜਵਾਬ ਵਿੱਚ ਉਸ ਵੇਲੇ ਭਾਜਪਾ ਪ੍ਰਧਾਨ ਰਹੇ ਅਮਿਤ ਸ਼ਾਹ ਨੇ ਜਵਾਬ ਦਿੱਤਾ ਸੀ, ''ਕਾਂਗਰਸ ਉਹ ਪਾਰਟੀ ਹੈ ਜੋ ਫ਼ੌਜ ਮੁਖੀ ਨੂੰ 'ਗੁੰਡਾ' ਕਹਿੰਦੀ ਹੈ, ਸਰਜਿਕਲ ਸਟ੍ਰਾਈਕ ਦੇ ਸਬੂਤ ਮੰਗਦੀ ਹੈ, ਪਾਰਟੀ ਦੀ ਪ੍ਰਧਾਨ ਅੱਤਵਾਦੀ ਦੀ ਮੌਤ 'ਤੇ ਰੋ ਪੈਂਦੀ ਹੈ। ਅਜਿਹੀ ਪਾਰਟੀ ਭਾਜਪਾ ਨੂੰ ਰਾਸ਼ਟਰ ਭਗਤੀ ਨਾ ਸਿਖਾਏ।''

ਇਹ ਵੀ ਪੜ੍ਹੋ:

ਸੁਰਜੇਵਾਲਾ ਨੇ ਇਹ ਵੀ ਕਿਹਾ ਸੀ, ''ਇਸ ਦੇਸ ਦਾ ਪੀਐੱਮ ਹਮਲੇ ਤੋਂ ਬਾਅਦ ਚਾਰ ਘੰਟੇ ਤੱਕ ਸ਼ੂਟਿੰਗ ਕਰਦਾ ਹੈ, ਚਾਹ-ਨਾਸ਼ਤਾ ਕਰਦਾ ਹੈ। ਉਸਦੇ ਬਾਰੇ ਕੀ ਕਹਿਣਾ ਚਾਹੀਦਾ ਹੈ।''

ਹੁਣ ਡਿਸਕਵਰੀ ਚੈਨਲ ਵੱਲੋਂ ਜੋ ਤਸਵੀਰਾਂ ਜਾਰੀ ਹੋਈਆਂ ਹਨ, ਉਸ 'ਚ ਪੀਐੱਮ ਮੋਦੀ ਬੀਅਰ ਗ੍ਰਿਲਸ ਦੇ ਨਾਲ ਚਾਹ ਪੀਂਦੇ ਨਜ਼ਰ ਆ ਰਹੇ ਹਨ।

ਮੈਨ vs ਵਾਈਲਡ 'ਚ ਮੋਦੀ: ਲੋਕਾਂ ਦੀ ਪ੍ਰਤੀਕਿਰਿਆ

ਨਿਹਾਲ ਲਿਖਦੇ ਹਨ, ''ਜੇ ਮੈਂ ਗ਼ਲਤ ਨਹੀਂ ਹਾਂ ਤਾ ਇਹ ਸ਼ੂਟਿੰਗ ਪੁਲਵਾਮਾ ਹਮਲੇ ਦੇ ਵੇਲੇ ਹੋਈ ਸੀ। ਇਹ ਬਹੁਤ ਸ਼ਰਮਨਾਕ ਗੱਲ ਹੈ।''

@Baba_Hindustani ਨੇ ਟਵੀਟ ਕੀਤਾ, ''ਪੁਲਵਾਮਾ ਦੇ ਸਮੇਂ ਕੀ ਇੱਥੇ ਹੀ ਸ਼ੂਟਿੰਗ ਚੱਲ ਰਹੀ ਸੀ?''

ਵਿਨਾਇਕ ਲਿਖਦੇ ਹਨ, ''ਬੀਅਰ ਗ੍ਰਿਲਸ ਲਵ ਯੂ, ਨਰਿੰਦਰ ਮੋਦੀ ਦੀ ਜੈ।

ਦੇਵੇਸ਼ ਨੇ ਲਿਖਿਆ, ''ਵਾਹ, ਇਸ ਸ਼ੋਅ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।''

@D_hullabaloo ਨੇ ਲਿਖਿਆ, ''ਸਾਡੇ ਪੀਐੱਮ ਮੋਦੀ ਰੌਕ ਸਟਾਰ ਹਨ। ਬੀਅਰ ਗ੍ਰਿਲਸ ਤੁਸੀਂ ਵੀ ਘੱਟ ਨਹੀਂ। ਦੇਖਣ ਇਹ ਸ਼ੋਅ ਤੁਹਾਡਾ ਬੈਸਟ ਸ਼ੋਅ ਹੋਵੇਗਾ।''

ਗਣੇਸ਼ ਲਿਖਦੇ ਹਨ, ''ਬਾਲ ਨਰਿੰਦਰ ਵਾਲੀ ਕਹਾਣੀ ਸੱਚ ਹੋਣ ਵਾਲੀ ਹੈ।''

ਸਮੀਰ ਮਿਸ਼ਰਾ ਨੇ ਲਿਖਿਆ, ''ਅਗਲੀ ਚੀਜ਼ ਇਹ ਹੋਵੇਗੀ ਕਿ ਮੋਦੀ ਬਿੱਗ ਬੌਸ ਵਿੱਚ ਨਜ਼ਰ ਆਉਣਗੇ।''

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)