ਫ਼ੈਕਟ ਚੈੱਕ: ਟੀਮ ਫੋਟੋ ਸਮੇਂ ਰਵੀ ਸ਼ਾਸਤਰੀ ਦੀ ਕੁਰਸੀ ਹੇਠ ਸ਼ਰਾਬ ਦੀ ਬੋਤਲ ਸੀ?

    • ਲੇਖਕ, ਫ਼ੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਦੀ ਕੁਰਸੀ ਹੇਠਾਂ ਇੱਕ ਸ਼ਰਾਬ ਦੀ ਬੋਤਲ ਰੱਖੀ ਹੋਈ ਨਜ਼ਰ ਆਉਂਦੀ ਹੈ।

ਇਸ ਤਸਵੀਰ ਵਿੱਚ ਰਵੀ ਸ਼ਾਸਤਰੀ ਦੇ ਖੱਬੇ ਪਾਸੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੈਠੇ ਹੋਏ ਹਨ ਅਤੇ ਸਪਿਨ ਗੇਂਦਬਾਜ਼ ਯੁਜ਼ਵੇਂਦਰ ਚਾਹਲ ਉਨ੍ਹਾਂ ਦੇ ਪਿੱਛੇ ਖੜ੍ਹੇ ਹਨ।

ਸੋਸ਼ਲ ਮੀਡੀਆ 'ਤੇ 20 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤੀ ਗਈ ਰਵੀ ਸ਼ਾਸਤਰੀ ਦੀ ਇਸ ਤਸਵੀਰ ਦੇ ਨਾਲ ਲੋਕਾਂ ਨੇ ਟਿੱਪਣੀ ਕੀਤੀ ਹੈ ਕਿ "ਜਦੋਂ ਇੱਕ ਕੋਚ ਆਪਣੀ ਟੀਮ ਦੇ ਨਾਲ ਫੋਟੋ ਖਿਚਵਾਉਣ ਆਉਂਦਾ ਹੈ, ਤਾਂ ਕੀ ਉਸ ਨੇ ਕਿਸੇ ਨਿਯਮ ਦਾ ਪਾਲਣ ਨਹੀਂ ਕਰਨਾ ਹੁੰਦਾ? ਬੀਸੀਸੀਆਈ ਨੂੰ ਸ਼ਾਸਤਰੀ ਤੋਂ ਜਵਾਬ ਮੰਗਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਮੰਗਲਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਇਆ ਪਹਿਲਾ ਸੈਮੀ-ਫਾਈਨਲ ਮੁਕਾਬਲਾ ਮੀਂਹ ਦੇ ਕਾਰਨ ਪੂਰਾ ਨਹੀਂ ਹੋ ਸਕਿਆ ਸੀ।

ਮੈਚ ਰੋਕੇ ਜਾਣ ਤੋਂ ਬਾਅਦ ਰਵੀ ਸ਼ਾਸਤਰੀ ਦਾ ਇਹ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਣ ਲੱਗਾ।

ਰਿਵਰਸ ਇਮੇਜ ਸਰਚ ਦੀ ਮਦਦ ਨਾਲ ਅਸੀਂ ਦੇਖਿਆ ਕਿ ਇਸ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਜਿਹੜੇ ਦਾਅਵੇ ਇਸ ਤਸਵੀਰ ਨਾਲ ਸ਼ੇਅਰ ਕੀਤੇ ਜਾ ਰਹੇ ਹਨ, ਉਹ ਫਰਜ਼ੀ ਹਨ।

ਇਹ ਵੀ ਪੜ੍ਹੋ:

ਤਸਵੀਰ ਦਾ ਸੱਚ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਰਵੀ ਸ਼ਾਸਤਰੀ ਦੀ ਇਹ ਤਸਵੀਰ 6 ਜੁਲਾਈ 2019 ਦੀ ਹੈ।

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 6 ਜੁਲਾਈ ਨੂੰ ਹੋਏ ਲੀਗ-ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੀ ਇਹ ਫੋਟੋ ਖਿੱਚੀ ਗਈ ਸੀ ਜਿਸ ਵਿੱਚ ਹੈੱਡ ਕੋਚ ਰਵੀ ਸ਼ਾਸਤਰੀ ਸਮੇਤ ਟੀਮ ਦਾ ਪੂਰਾ ਸਟਾਫ਼ ਸ਼ਾਮਲ ਸੀ।

ਕਿਸੇ ਨੇ ਰਵੀ ਸ਼ਾਸਤਰੀ ਨੂੰ ਟਾਰਗੇਟ ਕਰਨ ਲਈ ਇਸ ਤਸਵੀਰ ਨੂੰ ਐਡਿਟ ਕੀਤਾ ਅਤੇ ਉਨ੍ਹਾਂ ਦੀ ਕੁਰਸੀ ਹੇਠਾਂ ਸ਼ਰਾਬ ਦੀ ਬੋਤਲ ਲਗਾ ਦਿੱਤੀ। ਹੁਣ ਇਸ ਫਰਜ਼ੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ।

ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਭਾਰਤ ਅਤੇ ਸ਼੍ਰੀਲੰਕਾ ਮੈਚ ਤੋਂ ਪਹਿਲਾਂ ਇਹ ਤਸਵੀਰ ਟਵੀਟ ਕੀਤੀ ਸੀ ਅਤੇ ਉਸਦੇ ਨਾਲ ਲਿਖਿਆ ਸੀ, "ਇੱਕ ਟੀਮ, ਇੱਕ ਦੇਸ, ਇੱਕ ਉਮੰਗ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)