ਅਸੀਂ ਨੌਜਵਾਨ ਹਾਂ ਤਾਂ ਜੀਨਸ ਟੀ-ਸ਼ਰਟ ਪਾਉਣ 'ਚ ਕੀ ਪਰੇਸ਼ਾਨੀ ਹੈ?: ਤ੍ਰਿਣਮੂਲ ਕਾਂਗਰਸ ਦੀ ਐਮਪੀ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਲੋਕ ਸਭਾ ਵਿੱਚ ਪਹਿਲੀ ਵਾਰੀ ਚੁਣ ਕੇ ਆਈਆਂ ਤ੍ਰਿਣਮੂਲ ਕਾਂਗਰਸ ਦੀਆਂ ਸੰਸਦ ਮੈਂਬਰਾਂ ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਨੇ ਆਪਣੇ ਟਰੋਲਜ਼ ਨੂੰ ਕਰਾਰਾ ਜਵਾਬ ਦਿੱਤਾ ਹੈ।

ਸੰਸਦ ਤੋਂ ਬਾਹਰ ਜੀਨਸ ਅਤੇ ਟੀ-ਸ਼ਰਟ ਪਾਏ ਹੋਏ ਆਪਣੀ ਤਸਵੀਰ ਖਿੱਚਵਾਉਣ 'ਤੇ ਮਿਮੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਅਸੀਂ ਜੀਨਸ ਤੇ ਟੀ-ਸ਼ਰਟ ਕਿਉਂ ਨਾ ਪਾਈਏ, ਅਸੀਂ ਜਵਾਨ ਹਾਂ।"

ਮਿਮੀ ਮੁਤਾਬਕ, "ਲੋਕਾਂ ਨੂੰ ਸਾਡੇ ਕੱਪੜਿਆਂ ਤੋਂ ਇੰਨੀ ਪਰੇਸ਼ਾਨੀ ਹੈ ਪਰ ਉਨ੍ਹਾਂ ਦਾਗੀ ਸੰਸਦ ਮੈਂਬਰਾਂ ਤੋਂ ਨਹੀਂ ਜਿਨ੍ਹਾਂ ਖਿਲਾਫ਼ ਅਪਰਾਧਕ ਮਾਮਲੇ ਹਨ, ਜਿਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਕੇਸ ਹਨ ਪਰ ਕੱਪੜੇ ਸੰਤਾਂ ਵਰਗੇ ਪਾਉਂਦੇ ਹਨ।"

ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਵਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਨ ਤੋਂ ਬਾਅਦ ਕਾਫ਼ੀ ਲੋਕਾਂ ਨੇ ਇਤਰਾਜ਼ ਜਤਾਇਆ ਅਤੇ ਇਹ ਵੀ ਕਿਹਾ ਕਿ "ਇਹ ਸੰਸਦ ਹੈ ਫੈਸ਼ਨ ਸ਼ੋਅ ਨਹੀਂ ਹੈ"।

'ਨੌਜਵਾਨਾਂ ਵਰਗੇ ਹੀ ਕੱਪੜੇ'

ਨੁਸਰਤ ਜਹਾਂ ਦੀ ਉਮਰ 29 ਸਾਲ ਹੈ ਅਤੇ ਮਿਮੀ ਦੀ 30 ਸਾਲ ਹੈ। ਮਿਮੀ ਨੇ ਕਿਹਾ, "ਮੈਂ ਹਮੇਸ਼ਾਂ ਨੌਜਵਾਨ ਵਰਗ ਦੀ ਨੁਮਾਇੰਦਗੀ ਕੀਤੀ ਹੈ, ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੁੰਦਾ ਹੋਵੇਗਾ ਕਿ ਮੈਂ ਉਹੀ ਕੱਪੜੇ ਪਾਉਂਦੀ ਹਾਂ ਜੋ ਉਹ ਪਾਉਂਦੇ ਹਨ।"

ਇਹ ਵੀ ਪੜ੍ਹੋ:

ਮਿਮੀ ਦੇ ਮੁਤਾਬਕ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਉਚਾਈ 'ਤੇ ਸਿਆਸਤ 'ਚ ਕਦਮ ਰੱਖਿਆ ਹੈ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਨੌਜਵਾਨ ਵਰਗ ਹੀ ਬਦਲਾਅ ਲਿਆ ਸਕਦਾ ਹੈ।

ਨੁਸਰਤ ਮੁਤਾਬਕ ਚੋਣ ਲਈ ਟਿਕਟ ਦਿੱਤੇ ਜਾਣ 'ਤੇ ਵੀ ਉਨ੍ਹਾਂ ਦੀ ਆਲੋਚਨਾ ਹੋਈ ਸੀ ਪਰ ਉਨ੍ਹਾਂ ਦੀ ਜਿੱਤ ਨੇ ਸਾਰੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ।

ਨੁਸਰਤ ਜਹਾਂ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਪੱਛਮ ਬੰਗਾਲ ਦੇ ਬਾਸਿਰਹਾਟ ਲੋਕ ਸਭਾ ਖੇਤਰ ਤੋਂ ਜਿੱਤੀ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, "ਮੇਰੇ ਕੱਪੜਿਆਂ ਦੀ ਕੋਈ ਅਹਿਮੀਅਤ ਨਹੀਂ ਹੈ। ਮੇਰੀ ਜਿੱਤ ਦੀ ਹੀ ਤਰ੍ਹਾਂ ਸਮੇਂ ਦੇ ਨਾਲ ਮੇਰਾ ਕੰਮ ਬੋਲੇਗਾ। ਅਗਲਾ ਰਾਹ ਵੀ ਸੌਖਾ ਨਹੀਂ ਹੋਵੇਗਾ ਪਰ ਅਸੀਂ ਤਿਆਰ ਹਾਂ।"

ਸੰਸਦ ਵਿੱਚ ਕੱਪੜਿਆਂ ਨੂੰ ਲੈ ਕੇ ਕੋਈ ਕਾਇਦਾ ਜਾਂ ਡਰੈਸ ਕੋਡ ਨਹੀਂ ਹੈ।

ਆਮ ਤੌਰ 'ਤੇ ਸਿਆਸਤ ਵਿੱਚ ਮਰਦਾਂ ਨਾਲੋਂ ਔਰਤਾਂ ਦੇ ਕੱਪੜਿਆਂ 'ਤੇ ਜ਼ਿਆਦਾ ਟਿੱਪਣੀ ਕੀਤੀ ਜਾਂਦੀ ਹੈ। ਮਮਤਾ ਬੈਨਰਜੀ, ਜੈਲਲਿਤਾ ਤੋਂ ਲੈ ਕੇ ਮਾਇਆਵਤੀ 'ਤੇ ਵੀ ਜਨਤਕ ਬਿਆਨ ਦਿੱਤੇ ਗਏ ਹਨ।

ਜੇ ਔਰਤ ਫਿਲਮੀ ਜਗਤ ਤੋਂ ਸਿਆਸਤ ਵਿੱਚ ਆਈ ਹੋਵੇ ਤਾਂ ਇਹ ਫਰਕ ਹੋਰ ਵੀ ਵੱਧ ਦੇਖਿਆ ਜਾ ਸਕਦਾ ਹੈ।

ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਟੋਲੀਵੁੱਡ ਦੀਆਂ ਮਸ਼ਹੂਰ ਅਦਾਕਾਰਾ ਹਨ।

ਮਿਮੀ ਨੇ ਕਿਹਾ, "ਜਦੋਂ ਬਦਲਾਅ ਆਉਂਦਾ ਹੈ ਤਾਂ ਲੋਕਾਂ ਨੂੰ ਇਸ ਨੂੰ ਅਪਣਾਉਣ ਵਿੱਚ ਮੁਸ਼ਕਿਲ ਹੁੰਦੀ ਹੈ, ਜਦੋਂ ਨੌਜਵਾਨ ਸੰਸਦ ਮੈਂਬਰ ਜੀਨਸ ਅਤੇ ਟੀ-ਸ਼ਰਟ ਪਾ ਕੇ ਸੰਸਦ ਵਿੱਚ ਜਾਂਦੇ ਹਨ ਤਾਂ ਕੋਈ ਸਵਾਲ ਨਹੀਂ ਚੁੱਕਦਾ ਪਰ ਜਦੋਂ ਮਹਿਲਾ ਸੰਸਦ ਮੈਂਬਰ ਅਜਿਹਾ ਕਰਦੀਆਂ ਹਨ, ਤਾਂ ਇਤਰਾਜ਼ ਹੁੰਦਾ ਹੈ।"

ਆਲੋਚਕਾਂ ਦੇ ਨਾਲ, ਦੋਹਾਂ ਅਦਾਕਾਰਾਂ ਦੇ ਸਮਰਥਨ ਵਿੱਚ ਵੀ ਕਈ ਲੋਕ ਆਏ।

ਨੁਸਰਤ ਦਾ ਕਹਿਣਾ ਹੈ ਕਿ ਇਹ ਸੰਕੇਤ ਬਦਲਾਅ ਦਾ ਹੈ, "ਹੁਣ ਸਮਾਂ ਆ ਗਿਆ ਹੈ ਕਿ ਲੋਕ ਸਮਝਣ ਕਿ ਇਹ ਅਚਾਨਕ ਨਹੀਂ ਹੋਵੇਗਾ, ਪਰ ਹੁਣ ਸ਼ੁਰੂਆਤ ਹੋ ਗਈ ਹੈ।"

ਇਸ ਤੋਂ ਪਹਿਲਾਂ ਵੀ ਤ੍ਰਿਣਮੂਲ ਕਾਂਗਰਸ ਨੇ ਫਿਲਮ ਜਗਤ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ:

ਤ੍ਰਿਣਮੂਲ ਕਾਂਗਰਸ ਨੇ ਦੇਸ ਦੀਆਂ ਸਾਰੀਆਂ ਪਾਰਟੀਆਂ ਲਈ ਔਰਤਾਂ ਨੂੰ ਸਭ ਤੋਂ ਵੱਧ 40 ਫੀਸਦੀ ਟਿਕਟਾਂ ਦਿੱਤੀਆਂ ਹਨ।

ਇਨ੍ਹਾਂ 17 ਔਰਤਾਂ ਵਿੱਚੋਂ ਚਾਰ ਫਿਲਮੀ ਸਿਤਾਰੇ ਹਨ ਅਤੇ ਇਨ੍ਹਾਂ ਵਿੱਚੋਂ ਤਿੰਨ ਦੀ ਜਿੱਤ ਹੋਈ ਹੈ।

2014 ਵਿੱਚ ਜਿੱਤਣ ਵਾਲੀ ਅਦਾਕਾਰਾ ਮੁਨਮੁਨ ਸੇਨ ਇਸ ਵਾਰੀ ਹਾਰ ਗਈ ਹੈ।

ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਤੋਂ ਇਲਾਵਾ ਤਿੰਨ ਵਾਰੀ ਸੰਸਦ ਮੈਂਬਰ ਬਣੀ ਸ਼ਤਾਬਦੀ ਰੇ ਵੀ ਜਿੱਤ ਗਈ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)