Election 2019: ਵੋਟਿੰਗ ਦਾ ਆਖ਼ਰੀ ਗੇੜ, ਪੰਜਾਬ 'ਚ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਸਿੱਧਾ ਭੇੜ, 'ਆਪ' ਤੇ ਪੀਡੀਏ ਵੀ ਮੁਕਾਬਲੇ 'ਚ

ਦੇਸ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਅੱਜ ਆਖ਼ਰੀ ਗੇੜ ਦੀ ਵੋਟਿੰਗ ਹੋਵੇਗੀ। ਆਖ਼ਰੀ ਅਤੇ ਸੱਤਵੇਂ ਗੇੜ ਵਿੱਚ ਅੱਜ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ।

ਪੰਜਾਬ ਦੀਆਂ ਸਾਰੀਆਂ 13 ਸੀਟਾਂ, ਚੰਡੀਗੜ੍ਹ ਦੀ ਇੱਕ ਸੀਟ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਬਿਹਾਰ ਦੀਆਂ 8, ਝਾਰਖੰਡ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਅੱਠ, ਪੱਛਮ ਬੰਗਾਲ ਦੀਆਂ 9 ਅਤੇ ਉੱਤਰ ਪ੍ਰਦੇਸ਼ ਦੀਆਂ 13 ਸੀਟਾਂ 'ਤੇ ਵੋਟਿੰਗ ਹੋਵੇਗੀ।

ਹੁਣ ਤੱਕ ਛੇ ਗੇੜਾਂ ਵਿੱਚ ਵੋਟਿੰਗ ਹੋ ਚੁੱਕੀ ਹੈ। ਲੋਕ ਸਭਾ ਚੋਣਾਂ ਦੇ ਲਈ ਕੁੱਲ 543 ਸੀਟਾਂ ਹਨ, ਜਿਨ੍ਹਾਂ ਦਾ ਨਤੀਜਾ 23 ਮਈ ਨੂੰ ਆਵੇਗਾ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਹਨ: ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਜਲੰਧਰ, ਖਡੂਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਅਨੰਦਪੁਰ ਸਾਹਿਬ।

ਇਹ ਵੀ ਪੜ੍ਹੋ:

ਮੌਜੂਦਾ ਸਮੇਂ ਵਿੱਚ ਪੰਜਾਬ ਦੀਆਂ ਗੁਰਦਸਾਪੁਰ, ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਅਹਿਮ ਮੰਨੀਆ ਜਾ ਰਹੀਆਂ ਹਨ।

ਕਿੱਥੇ ਕਿਸ ਦਾ ਵੱਕਾਰ ਦਾਅ 'ਤੇ

ਗੁਰਦਾਸਪੁਰ ਸੀਟ ਤੋਂ ਭਾਜਪਾ ਨੇ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਤੋਂ ਬਾਅਦ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਅਤੇ ਸੰਨੀ ਦਿਓਲ ਵਿਚਾਲੇ ਫਸਵਾਂ ਮੁਕਾਬਲਾ ਦੇਖਿਆ ਜਾ ਰਿਹਾ ਹੈ।

ਬਠਿੰਡਾ ਅਤੇ ਫਿਰੋਜ਼ਪੁਰ ਸੀਟ ਇਸ ਲਈ ਵੀ ਖਾਸ ਹੈ ਕਿਉਂਕਿ ਦੋਵੇਂ ਸੀਟਾਂ 'ਤੇ ਅਕਾਲੀ ਦਲ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿੱਥੇ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਖ਼ਿਲਾਫ਼ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ।

ਦੂਜੇ ਪਾਸੇ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਲਗਾਤਾਰ ਦੋ ਵਾਰ ਸਾਂਸਦ ਰਹੇ ਹਨ ਅਤੇ ਤੀਜੀ ਵਾਰ ਵੀ ਉਨ੍ਹਾਂ ਨੂੰ ਜਿਤਾਉਣ ਲਈ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ। ਉਨ੍ਹਾਂ ਨੂੰ ਹਰਾਉਣ ਲਈ ਮੁੱਖ ਵਿਰੋਧੀ ਲੀਡਰ ਚੋਣ ਮੈਦਾਨ ਵਿੱਚ ਹਨ।

ਕਾਂਗਰਸ ਨੇ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਰਾਜਾ ਵੜਿੰਗ ਨੂੰ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਖ਼ੁਦ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਹੀ ਹੈ।

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖ਼ਪਾਲ ਸਿੰਘ ਖਹਿਰਾ ਵੀ ਇੱਥੋਂ ਚੋਣ ਲੜ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਨੂੰ ਵੀ ਇੱਥੋਂ ਹੀ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਬਾਦਲਾਂ ਦਾ ਭਵਿੱਖ ਤੇ ਪੰਜਾਬ ਦਾ ਸਿਆਸੀ ਸੰਵਾਦ ਤੈਅ ਕਰਨਗੇ ਬਠਿੰਡਾ, ਫਿਰੋਜ਼ਪੁਰ

ਹਰਸਿਮਰਤ ਕੌਰ ਬਾਦਲ ਨੇ ਬਠਿੰਡੇ ਤੋਂ ਤੀਜੀ ਵਾਰ ਲੋਕ-ਫਤਵਾ ਹਾਸਲ ਕਰਨਾ ਹੈ ਜਦਕਿ ਸੁਖਬੀਰ ਸਿੰਘ ਬਾਦਲ ਆਪਣੀ ਸਿਆਸੀ ਕਿਸਮਤ ਫਿਰੋਜ਼ਪੁਰ ਤੋਂ ਅਜ਼ਮਾ ਰਹੇ ਹਨ।

ਸਿਆਸੀ ਹਲਕਿਆਂ ਵਿੱਚ ਸਰਗੋਸ਼ੀਆਂ ਚੱਲ ਰਹੀਆਂ ਹਨ ਕਿ ਜੇ ਸੂਬੇ ਦੀ ਸੱਤਾਧਾਰੀ ਪਾਰਟੀ ਇਨ੍ਹਾਂ ਦੋਹਾਂ ਸੀਟਾਂ ਤੋਂ ਹਾਰ ਜਾਂਦੀ ਹੈ ਅਤੇ ਬਾਕੀ ਗਿਆਰਾਂ ਸੀਟਾਂ ਜਿੱਤ ਜਾਂਦੀ ਹੈ ਤਾਂ ਬਾਕੀ ਸੀਟਾਂ ਦੀ ਜਿੱਤ ਬੇਮਾਅਨੇ ਹੋ ਕੇ ਰਹਿ ਜਾਵੇਗੀ। ਇਨ੍ਹਾਂ ਦੋ ਸੀਟਾਂ ਦਾ ਐਨਾ ਵੱਕਾਰ ਹੈ।

ਪੰਜਾਬ ਦੀ ਸਿਆਸੀ ਸਥਿਤੀ ਵਿਲੱਖਣ ਹੈ, ਪੰਜਾਬ ਦੀ ਵਰਤਮਾਨ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਆਕਾਲੀ ਦਲ ਸਰਕਾਰ ਵਿਰੋਧੀ ਭਾਵਨਾ ਦਾ ਸਾਹਮਣਾ ਕਰ ਰਹੀਆਂ ਹਨ। ਇਸ ਤਰ੍ਹਾਂ ਇਨ੍ਹਾਂ ਚੋਣਾਂ ਦਾ ਮਹੱਤਵ ਬਹੁ-ਪਰਤੀ ਹੈ।

ਸੁਖ਼ਬੀਰ ਲਈ ਇਹ ਅਕਾਲੀ ਦਲ ਦੀ ਮੁੜ ਸੁਰਜੀਤੀ ਦਾ ਸਵਾਲ ਹੈ। ਜੇ ਕਿਸੇ ਤਰੀਕੇ ਪਤੀ-ਪਤਨੀ ਦੀ ਇਹ ਜੋੜੀ ਜਿੱਤ ਜਾਂਦੀ ਹੈ ਤਾਂ ਅਕਾਲੀ ਦਲ ਸੂਬੇ ਦੇ ਸਿਆਸੀ ਪਿੜ ਵਿੱਚ ਆਪਣੀ ਕੇਂਦਰੀ ਥਾਂ ਮੁੜ ਤੋਂ ਹਾਸਲ ਕਰ ਲਵੇਗਾ।

ਜੇ ਦੋਹਾਂ ਵਿੱਚੋਂ ਇੱਕ ਵੀ ਸੀਟ ਅਕਾਲੀ ਦਲ ਹਾਰਿਆ ਤਾਂ ਉਸ ਲਈ ਵਾਪਸੀ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸੇ ਕਾਰਨ ਸੁਖਬੀਰ ਨੇ ਖ਼ਤਰਾ ਮੁੱਲ ਲਿਆ ਹੈ।

ਇਹ ਵੀ ਪੜ੍ਹੋ:

ਅਕਾਲੀ ਦਲ ਲਈ ਕਿਹੜੀਆਂ ਪੰਜ ਚੁਣੌਤੀਆਂ

  • ਅਕਾਲੀ ਦਲ ਦੇ ਪਿਛਲੇ 10 ਸਾਲ ਦੇ ਸਾਸ਼ਨ ਦੌਰਾਨ ਜੋ ਕੁਝ ਵੀ ਗਲਤ ਹੋਇਆ ਉਸ ਦਾ ਜ਼ਿੰਮਾ ਅਕਾਲੀ ਦਲ ਦੀ ਬਜਾਇ ਬਾਦਲ ਪਰਿਵਾਰ ਦੇ ਸਿਰ ਪਿਆ। ਸੂਬੇ ਵਿੱਚ ਸ਼ਰਾਬ, ਰੇਤ-ਬਜਰੀ, ਟਰਾਂਸਪੋਰਟ ਅਤੇ ਕੇਬਲ ਕਾਰੋਬਾਰ ਮਾਫ਼ੀਆ ਵਾਂਗ ਚੱਲਣ ਦਾ ਪ੍ਰਭਾਵ ਪਿਆ। ਇਸ ਦਾ ਪੂਰਾ ਕਲੰਕ ਬਾਦਲ ਪਰਿਵਾਰ ਦੇ ਮੱਥੇ ਲੱਗਿਆ ਅਤੇ ਸੂਬੇ ਵਿੱਚ ਸੱਤਾ ਵਿਰੋਧੀ ਲਹਿਰ ਅਕਾਲੀ ਦਲ ਤੋਂ ਵੱਧ ਬਾਦਲ ਪਰਿਵਾਰ ਖ਼ਿਲਾਫ਼ ਖੜ੍ਹੀ ਹੋ ਗਈ।
  • ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਗੋਲੀਕਾਂਡ ਅਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮਾਂ ਅੱਗੇ ਸਾਰੇ ਕੰਮ ਫਿੱਕੇ ਪੈ ਗਏ। ਬੇਅਦਬੀ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ ਅਤੇ ਸੁਖਬੀਰ ਬਾਦਲ ਦੇ ਸਾਲੇ ਤੇ ਤਤਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਸਿਆਸੀ ਵਿਰੋਧੀਆਂ ਵਲੋਂ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮ ਲਾਉਣਾ।
  • ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦੁਆਉਣਾ ਤੇ ਵਿਰੋਧ ਹੋਣ ਉੱਤੇ ਵਾਪਸ ਲੈ ਲੈਣਾ। ਤਖ਼ਤਾਂ ਦੇ ਜਥੇਦਾਰਾਂ ਤੋਂ ਆਪਣੇ ਸਿਆਸੀ ਏਜੰਡੇ ਮੁਤਾਬਕ ਕੰਮ ਕਰਵਾਉਣੇ, ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਦੇ ਸਿਆਸੀਕਰਨ ਦੇ ਇਲਜ਼ਾਮਾਂ ਦਾ ਅਕਾਲੀ ਦਲ ਨੂੰ ਮੁੱਲ ਤਾਰਨਾ ਪੈ ਰਿਹਾ ਹੈ।
  • ਅਕਾਲੀ ਦਲ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਕਈ ਟਕਸਾਲੀ ਅਕਾਲੀਆਂ ਨੇ ਸੁਖ਼ਬੀਰ ਬਾਦਲ ਦੀ ਲੀਡਰਸ਼ਿਪ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਮਾਝੇ ਦੇ ਵੱਡੇ ਅਕਾਲੀ ਆਗੂਆਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਟਕਸਾਲੀ ਬਣਾ ਲਿਆ।
  • 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੇ ਕਿਹਾ ਸੀ ਕਿ ਅਕਾਲੀ ਦਲ ਵਿਰੋਧੀ ਹਵਾ ਨੇ ਭਾਜਪਾ ਦਾ ਨੁਕਸਾਨ ਕੀਤਾ ਹੈ। ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵੀ ਤੇ ਰਾਸ਼ਟਰਵਾਦੀ ਏਜੰਡੇ ਦਾ ਪੰਜਾਬ ਵਿੱਚ ਪੂਰੇ ਮੁਲਕ ਤੋਂ ਵੱਖਰੀ ਕਿਸਮ ਦਾ ਅਸਰ ਹੁੰਦਾ ਹੈ। ਨਰਿੰਦਰ ਮੋਦੀ ਤੇ ਭਾਜਪਾ ਦਾ ਪੰਜਾਬ ਵਿੱਚ ਜੋ ਪ੍ਰਭਾਵ ਬਣਦਾ ਹੈ, ਉਸ ਦਾ ਅਸਰ ਅਕਾਲੀ ਦਲ ਉੱਤੇ ਵੀ ਪੈਂਦਾ ਹੈ।

ਕਾਂਗਰਸ ਦਾ ਮਿਸ਼ਨ-13 ਅਤੇ ਰਾਹ ਦੇ ਰੋੜੇ

  • ਸੰਗਰੂਰ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਦਾ ਨੌਜਵਾਨ ਨੂੰ ਥੱਪੜ ਮਾਰਨਾ, ਬਠਿੰਡਾ 'ਚ ਰਾਜਾ ਵੜਿੰਗ ਦੀ ਰੈਲੀ ਦੌਰਾਨ ਵਿਰੋਧ ਹੋਣਾ ਅਤੇ ਖਡੂਰ ਸਾਹਿਬ ਵਿੱਚ ਜਸਬੀਰ ਡਿੰਪਾ ਵਲੋਂ ਸਵਾਲ ਕਰ ਰਹੇ ਨੌਜਵਾਨ ਤੋਂ ਮਾਇਕ ਖੋਹਣ ਵਾਲਾ ਵੀਡੀਓ ਵਾਇਰਲ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਜਵਾਬਦੇਹੀ ਦਾ ਮੁੱਦਾ ਬਣਨ ਦਾ ਇਸ਼ਾਰਾ ਕਰਦੇ ਹਨ।ਕਈ ਥਾਵਾਂ ਉੱਤੇ ਟਰੱਕ ਯੂਨੀਅਨਾਂ, ਬੇਰੁਜ਼ਗਾਰਾਂ ਅਤੇ ਜਨਤਕ ਜਥੇਬੰਦੀਆਂ ਦਾ ਆਪਣੇ ਘਰਾਂ ਅੱਗੇ ਬੋਰਡ ਲਗਾ ਕੇ ਕਾਂਗਰਸੀਆਂ ਨੂੰ ਵੋਟਾਂ ਨਾ ਮੰਗਣ ਦੀ ਤਾਕੀਦ ਕੀਤੀ ਜਾ ਰਹੀ ਹੈ।
  • ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਆਖ਼ਰੀ ਸਮੇਂ ਤੱਕ ਚੋਣ ਪ੍ਰਚਾਰ ਤੋਂ ਦੂਰ ਰਹਿਣਾ। ਗੁਰਦਾਸਪੁਰ ਤੋਂ ਟਿਕਟ ਦੀ ਮੰਗ ਕਰਨ ਵਾਲੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਚੋਣਾਂ ਸਮੇਂ ਦਾ ਵਿਦੇਸ਼ ਚਲੇ ਜਾਣਾ। ਸੁਨੀਲ ਜਾਖੜ ਨੂੰ ਟਿਕਣ ਦਿੱਤੇ ਜਾਣ ਤੋਂ ਪ੍ਰਤਾਪ ਸਿੰਘ ਬਾਜਵਾ ਖ਼ੁਸ਼ ਨਹੀਂ ਹਨ।

ਇਹ ਵੀ ਪੜ੍ਹੋ:

  • ਕਾਂਗਰਸ ਵਿੱਚ ਟਿਕਟਾਂ ਦੀ ਵੰਡ ਉੱਤੇ ਪਾਰਟੀ ਆਗੂ ਹੀ ਸਵਾਲ ਖੜ੍ਹੇ ਕਰ ਰਹੇ ਹਨ। ਕਾਂਗਰਸ ਦੇ ਸਿਆਸੀ ਸੂਤਰ ਦੱਸਦੇ ਨੇ ਕਿ ਬਠਿੰਡਾ, ਫਿਰੋਜ਼ਪੁਰ ਅਤੇ ਅਨੰਦਪੁਰ ਸਾਹਿਬ ਦੀਆਂ ਟਿਕਟਾਂ ਦੇ ਫੈਸਲੇ ਨਾਲ ਕੈਪਟਨ ਅਮਰਿੰਦਰ ਸਿੰਘ ਹੀ ਸਹਿਮਤ ਨਹੀਂ ਸਨ। ਇਸ ਵੰਡ ਨੂੰ ਲੈ ਕੇ ਕੈਪਟਨ ਤੇ ਸੁਨੀਲ ਜਾਖ਼ੜ ਵਿਚਾਲੇ ਸਹਿਮਤੀ ਨਹੀਂ ਸੀ।
  • ਇਸ ਵਾਰ ਕੈਪਟਨ ਨੇ ਮਿਸ਼ਨ-13 ਦਾ ਟੀਚਾ ਮਿੱਥਿਆ ਹੋਇਆ ਹੈ। ਕਾਂਗਰਸੀ ਆਗੂਆਂ ਦੀਆਂ ਧਾਰਨਾਵਾਂ ਇਸ ਗੱਲ ਉੱਤੇ ਉਸਰੀਆਂ ਹਨ ਕਿ ਅਕਾਲੀ ਦਲ ਆਪਣੇ ਪੈਰਾਂ ਉੱਤੇ ਖੜ੍ਹਾ ਨਹੀਂ ਹੋ ਪਾ ਰਿਹਾ ਅਤੇ ਆਮ ਆਦਮੀ ਪਾਰਟੀ ਖਿੱਲਰ ਗਈ ਹੈ। ਵਿਰੋਧੀ ਧਿਰ ਦੀਆਂ ਵੋਟਾਂ ਵੰਡੇ ਜਾਣ ਨੂੰ ਕਾਂਗਰਸੀ ਆਗੂ ਆਪਣੇ ਮਿਸ਼ਨ-13 ਦੀ ਗਰੰਟੀ ਸਮਝਦੇ ਹਨ।
  • ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਸਤ-ਮੌਲੇ ਆਗੂ ਹਨ। ਸ਼ਾਇਦ ਇਸੇ ਲਈ ਉਨ੍ਹਾਂ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਕੁਝ ਨਾ ਕੁਝ ਪਾੜਾ ਜਰੂਰ ਰਹਿ ਜਾਂਦਾ ਹੈ। ਕਈ ਵਾਰ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਦੇ ਫੈਸਲੇ ਪਲਟ ਦਿੱਤੇ ਅਤੇ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਅਤੇ ਮਨਪ੍ਰੀਤ ਬਾਦਲ ਵਰਗੇ ਹੋਰ ਕਈ ਆਗੂ ਕੇਂਦਰ ਤੋਂ ਸਿੱਧੇ ਆਦੇਸ਼ ਲੈਂਦੇ ਹਨ। ਉਹ ਖੁਦ ਨੂੰ ਪੰਜਾਬ ਦਾ ਕੈਪਟਨ ਦੱਸਦੇ ਹਨ ਪਰ ਸਿੱਧੂ ਵਰਗੇ ਆਗੂ ਰਾਹੁਲ ਨੂੰ ਦੇਸ ਦਾ ਕੈਪਟਨ ਦੱਸਕੇ ਆਪਣੇ ਉੱਥੋਂ ਆਦੇਸ਼ ਲੈਂਦੇ ਹਨ।

ਆਪ ਦੀ ਆਸ ਭਗਵੰਤ ਮਾਨ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਮਿਲੇ ਹੁੰਗਾਰੇ ਤੋਂ ਬਾਅਦ ਵੱਡੀ ਗਿਣਤੀ 'ਚ ਆਗੂ 'ਆਪ' ਵਿੱਚ ਆਏ ਸਨ।

ਇਹ ਆਗੂ ਜਾਂ ਤਾਂ ਦੂਜੀਆਂ ਪਾਰਟੀਆਂ ਦੇ ਬਾਗੀ ਸਨ ਜਾਂ ਉਹ ਸਨ ਜਿੰਨਾਂ ਦੀਆਂ ਇੱਛਾਵਾਂ ਆਪਣੀਆਂ ਪਾਰਟੀਆਂ ਵਿੱਚ ਪੂਰੀਆਂ ਨਾ ਹੋ ਸਕੀਆਂ।

ਇਸ ਲਈ 'ਆਪ' ਵਿੱਚ ਆਉਣ ਤੋਂ ਬਾਅਦ ਹਰ ਕੋਈ ਪਾਰਟੀ ਦਾ ਚਿਹਰਾ ਬਣਨਾ ਚਾਹੁੰਦਾ ਸੀ। ਉੱਧਰ ਦਿੱਲੀ ਵਿੱਚ ਬੈਠੀ ਲੀਡਰਸ਼ਿਪ ਨੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ।

ਆਮ ਆਦਮੀ ਪਾਰਟੀ ਵਿੱਚੋਂ ਵੱਡੇ ਪੱਧਰ ਉੱਤੇ ਬਗਾਵਤ ਹੋਣ ਦੇ ਬਾਵਜੂਦ ਪਾਰਟੀ ਸੂਬੇ ਦੀਆਂ ਸਾਰੀਆਂ 13 ਸੀਟਾਂ ਉੱਤੇ ਚੋਣ ਲੜ ਰਹੀ ਹੈ।

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਇਨ੍ਹਾਂ ਚੋਣਾਂ ਵਿੱਚ 2014 ਤੋਂ ਬਿਹਤਰ ਪ੍ਰਦਰਸ਼ਨ ਦੇ ਦਾਅਵੇ ਕਰ ਰਹੇ ਹਨ।

ਭਗਵੰਤ ਮਾਨ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ ਇਸ ਵਾਰ ਵੀ ਇੱਥੋਂ ਹੀ ਕਿਸਮਤ ਆਜ਼ਮਾ ਰਹੇ ਹਨ।

ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਪੰਜਾਬ ਵਿੱਚ ਜਿੱਤ ਦੀ ਆਸ ਸਿਰਫ਼ ਭਗਵੰਤ ਮਾਨ ਤੋਂ ਹੈ।

ਪੰਜਾਬ ਦੇ ਚੋਣ ਮੁੱਦੇ, ਜਿਹੜੇ ਪ੍ਰਚਾਰ ਵਿੱਚੋਂ ਗਾਇਬ ਰਹੇ

  • 2017 ਦੀਆਂ ਚੋਣਾਂ ਦੌਰਾਨ ਨਸ਼ਾ ਵੱਡਾ ਚੋਣ ਮੁੱਦਾ ਸੀ, ਪਰ ਇਸ ਵੇਲੇ ਇਸ ਦੀ ਗੱਲ ਨਾ ਕਾਂਗਰਸ ਕਰਦੀ ਹੈ ਅਤੇ ਨਾ ਵਿਰੋਧੀ ਧਿਰ ਜਦੋਂ ਮੀਡੀਆ ਸਵਾਲ ਪੁੱਛੇ ਉਦੋਂ ਹੀ ਸਿਆਸਤਦਾਨ ਕੁਝ ਬੋਲਦੇ ਹਨ। 2017 ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿਚ ਡਰੱਗਜ਼ ਦਾ ਮੁੱਦਾ ਬੀਤੇ ਦੀ ਗੱਲ ਹੋ ਗਿਆ ਹੈ।
  • ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਪੰਜਾਬ ਦਾ ਮੁੱਖ ਚੋਣ ਮੁੱਦਾ ਹੈ। ਕੈਪਟਨ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਨੌਜਵਾਨ ਅਤੇ ਵਿਰੋਧੀ ਧਿਰਾਂ ਸੂਬਾ ਸਰਕਾਰ 'ਤੇ ਸਵਾਲ ਵੀ ਚੁੱਕਦੀਆਂ ਹਨ। ਹਾਲਾਂਕਿ ਰਾਹੁਲ ਗਾਂਧੀ ਨੇ ਆਪਣੇ ਮੈਨੀਫੈਸਟੋ ਅਤੇ ਆਪਣੇ ਭਾਸ਼ਣਾਂ ਵਿੱਚ ਵੀ ਰੁਜ਼ਗਾਰ ਦੇ ਮੁੱਦੇ 'ਤੇ ਖਾਸਾ ਫੋਕੱਸ ਕੀਤਾ ਹੈ।

ਇਹ ਵੀ ਪੜ੍ਹੋ:

  • ਲੋਕ ਸਭਾ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਰਵਾਇਤੀ ਮੁੱਦੇ ਪੂਰੀ ਤਰ੍ਹਾਂ ਗਾਇਬ ਹਨ। ਚੰਡੀਗੜ੍ਹ ਪੰਜਾਬ ਨੂੰ ਮਿਲੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ ਅਤੇ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਕਿਧਰੇ ਵੀ ਸੁਣਾਈ ਨਹੀਂ ਦਿੱਤਾ।
  • ਪੰਜਾਬ ਸਰਕਾਰ ਦੀ ਟਾਸਕ ਫੋਰਸ ਦੀ ਇੱਕ ਰਿਪੋਰਟ ਮੁਤਾਬਕ 1992 ਤੋਂ 2007 ਤੱਕ ਪ੍ਰਾਇਮਰੀ ਹੈਲਥ ਸੈਂਟਰਾਂ ਦੀ ਗਿਣਤੀ 484 ਹੀ ਰਹੀ, ਪਰ 2007 ਤੋਂ 2015 ਦਰਮਿਆਨ ਇਹ ਘਟ ਕੇ 427 ਹੋ ਗਈ। ਪਰ ਲੋਕਾਂ ਦੀ ਸਿਹਤ ਦੇ ਮੁੱਦੇ ਦੀ ਚਰਚਾ ਵੀ ਪ੍ਰਚਾਰ ਦੌਰਾਨ ਕਿਧਰੇ ਸੁਣਾਈ ਨਹੀਂ ਦਿੱਤੀ ਸਵਾਇ ਚੋਣ ਮਨੋਰਥ ਪੱਤਰਾਂ ਵਿਚ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਤੋਂ ਬਿਨਾਂ।
  • ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਉਹੀ ਬੱਚਾ ਭੇਜਦਾ ਹੈ, ਜਿਸ ਦੀ ਮਾੜੇ ਤੋਂ ਮਾੜੇ ਨਿੱਜੀ ਸਕੂਲ ਵਿਚ ਵੀ ਬੱਚੇ ਪੜ੍ਹਾਉਣ ਦੀ ਸਮਰੱਥਾ ਨਾ ਹੋਵੇ।ਸਰਕਾਰੀ ਸਕੂਲਾਂ ਵਿਚ ਬਹੁਗਿਣਤੀ ਬੱਚੇ ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਅੱਤ ਗੁਰਬਤ ਨਾਲ ਜੂਝਦੇ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਨਿੱਜੀ ਸਕੂਲਾਂ ਦੇ ਮੁਕਾਬਲੇ ਬਹੁਤ ਮਾੜਾ ਹੈ, ਨਾ ਸਕੂਲਾਂ ਵਿਚ ਪੂਰੇ ਅਧਿਆਪਕ ਹਨ ਤੇ ਨਾ ਲੋੜੀਂਦੀਆਂ ਸਹੂਲਤਾਂ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)