ਲੋਕ ਸਭਾ ਚੋਣਾਂ 2019: ਚੌਥੇ ਗੇੜ ਦੀ ਵੋਟਿੰਗ ਜਾਰੀ, ਕਿੱਥੇ-ਕਿੱਥੇ ਵੋਟਿੰਗ ਤੇ ਕਿਸ ਦੀ ਕਿਸਮਤ ਦਾਅ 'ਤੇ

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ 9 ਸੂਬਿਆਂ ਦੀਆਂ 71 ਲੋਕ ਸਭਾ ਸੀਟਾਂ ਲਈ ਸੋਮਵਾਰ ਨੂੰ ਵੋਟਾਂ ਪੈ ਰਹੀਆਂ ਹਨ।

ਇਸ ਵਿੱਚ ਮਹਾਰਾਸ਼ਟਰ ਦੀਆਂ ਸਭ ਤੋਂ ਵੱਧ 17, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ 13-13 ਅਤੇ ਪੱਛਮੀ ਬੰਗਾਲ ਦੀਆਂ ਅੱਠ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੀਆਂ 6-6, ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਤਿੰਨ ਅਤੇ ਜੰਮੂ-ਕਸ਼ਮੀਰ ਦੀ ਇੱਕ ਸੀਟ 'ਤੇ ਵੋਟਿੰਗ ਹੋ ਰਹੀ ਹੈ।

ਅਸਨਸੋਲ ਵਿੱਚ ਬੂਥ ਨੰਬਰ 199 'ਤੇ ਟੀਐੱਮਸੀ ਵਰਕਰਾਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਝੜਪ ਹੋਈ। ਇਸ ਮੌਕੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਦੀ ਕਾਰ ਦੀ ਵੀ ਤੋੜ-ਫੋੜ ਕੀਤੀ ਗਈ।

ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ ਸ਼ਾਮ 5 ਵਜੇ ਇਸ ਗੇੜ ਲਈ ਹੋਣ ਵਾਲਾ ਚੋਣ ਪ੍ਰਚਾਰ ਥਮ ਗਿਆ ਸੀ।

ਬਾਲੀਵੁੱਡ ਅਦਾਕਾਰਾ ਅਤੇ ਕਾਂਗਰਸ ਉਮੀਦਵਾਰ ਉਰਮਿਲਾ ਮਾਤੋਂਡਕਰ ਨੇ ਬਾਂਦਰਾ ਵਿੱਚ ਬੂਥ ਨੰਬਰ 190 'ਤੇ ਪਾਈ ਵੋਟ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਸ਼ਿਕਰਪੁਰ ਵਿੱਚ ਪਾਈ ਵੋਟ।

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਵੋਟ ਪਾਈ।

ਬਿਹਾਰ ਵਿੱਚ ਸੀਪੀਆਈ ਦੇ ਬੇਗੁਸਰਾਈ ਤੋਂ ਲੋਕ ਸਭਾ ਉਮੀਦਵਾਰ ਕਨ੍ਹਈਆ ਕੁਮਾਰ ਨੇ ਵੀ ਪਾਈ ਵੋਟ।

ਇਨ੍ਹਾਂ ਸੂਬਿਆਂ ਦੀਆਂ ਕੁਝ-ਕੁਝ ਸੀਟਾਂ ਉੱਪਰ ਪਹਿਲੇ ਤਿੰਨ ਗੇੜਾਂ ਵਿੱਚ ਵੋਟਿੰਗ ਹੋ ਚੁੱਕੀ ਹੈ ਕੁਝ ਵਿੱਚ ਇਸ ਚੌਥੇ ਗੇੜ ਵਿੱਚ ਹੋਵੇਗੀ ਅਤੇ ਬਾਕੀ ਰਹਿੰਦੀਆਂ ਸੀਟਾਂ ਲਈ ਵੋਟਾਂ ਪਾਉਣ ਦਾ ਕੰਮ ਪੰਜਵੇਂ ਗੇੜ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਚੌਥਾ ਗੇੜ- ਦਿਲਚਸਪ ਗੱਲਾਂ

  • ਹੁਣ ਤੱਕ ਤਿੰਨ ਗੇੜਾਂ ਵਿੱਚ ਕੁੱਲ 302 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ। ਚੌਥੇ ਗੇੜ ਤੋਂ ਬਾਅਦ ਕੁੱਲ 373 ਸੀਟਾਂ 'ਤੇ ਵੋਟਿੰਗ ਹੋ ਜਾਵੇਗੀ।
  • ਇਸ ਗੇੜ ਵਿੱਚ 158 ਯਾਨਿ 17 ਫ਼ੀਸਦ ਉਮੀਦਵਾਰ ਅਜਿਹੇ ਹਨ ਜਿਨ੍ਹਾਂ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਉੱਥੇ ਹੀ 210 ਯਾਨਿ 23 ਫ਼ੀਸਦ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
  • ਉੱਥੇ ਹੀ 306 (33%) ਕਰੋੜਪਤੀ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿੱਚ ਹਨ, ਪੰਜ ਉਮੀਦਵਾਰਾਂ ਨੇ ਆਪਣੇ ਉੱਤੇ ਕਤਲ ਦੇ ਮਾਮਲੇ ਅਤੇ 24 ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਐਲਾਨੇ ਹਨ।
  • ਚੌਥੇ ਗੇੜ ਵਿੱਚ ਕੁੱਲ 96 ਔਰਤਾਂ ਚੋਣ ਮੈਦਾਨ ਵਿੱਚ ਹਨ ਜੋ ਕੁੱਲ ਉਮੀਦਵਾਰਾਂ ਦੀ ਸੰਖਿਆ ਦਾ ਸਿਰਫ਼ 10 ਫ਼ੀਸਦ ਹੈ। ਨੌਂ ਉਮੀਦਵਾਰਾਂ ਨੇ ਖ਼ੁਦ ਨੂੰ ਅਨਪੜ ਦੱਸਿਆ ਹੈ।
  • ਇਸ ਗੇੜ ਵਿੱਚ 404 (44%) ਉਮੀਦਵਾਰਾਂ ਨੇ ਆਪਣੀ ਯੋਗਤਾ ਪੰਜਵੀ ਤੋਂ 12ਵੀਂ ਕਲਾਸ ਦੱਸੀ ਹੈ। 454 (49%) ਨੇ ਖ਼ੁਦ ਨੂੰ ਗ੍ਰੈਜੁਏਟ ਜਾਂ ਉਸ ਤੋਂ ਵੱਧ ਪੜ੍ਹਿਆ ਲਿਖਿਆ ਦੱਸਿਆ ਹੈ।

ਚੋਣ ਕਮਿਸ਼ਨ ਦੀ ਵੈਬਸਾਈਟ ਉੱਪਰ ਉਪਲੱਬਧ ਸੂਚੀ ਮੁਤਾਬਕ ਇਨ੍ਹਾਂ ਚੋਣਾਂ ਵਿੱਚ 943 ਉਮੀਦਵਾਰ ਆਪਣਾ ਸਿਆਸੀ ਦਾਅ ਖੇਡ ਰਹੇ ਹਨ। ਇਨ੍ਹਾਂ ਉਮੀਦਵਾਰਾਂ ਦੇ ਹਲਫ਼ੀਆ ਬਿਆਨਾਂ ਦੇ ਵਿਸ਼ਲੇਸ਼ਣ ਤੋਂ ਹਿਸਾਬ ਲਾਇਆ ਗਿਆ ਹੈ ਕਿ ਇਨ੍ਹਾਂ 943 ਉਮੀਦਵਾਰਾਂ ਵਿੱਚੋਂ 210 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਚੱਲ ਰਹੇ ਹਨ ਜਦਕਿ 17 ਫੀਸਦੀ, 158 ਨੇ ਹਲਫ਼ ਨਾਲ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਉਨ੍ਹਾਂ ਖ਼ਿਲਾਫ ਗੰਭੀਰ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ।

ਇਹ ਵੀ ਪੜ੍ਹੋ:

ਜਿਹੜੇ ਹਲਕਿਆਂ ਵਿੱਚ ਤਿੰਨ ਤੋਂ ਵਧੇਰੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਚੋਣ ਦੰਗਲ ਵਿਚ ਡਟੇ ਹੋਏ ਹਨ, ਉਨ੍ਹਾਂ 37 ਹਲਕਿਆਂ ਨੂੰ ਰੈਡ ਅਲਰਟ ਹਲਕੇ ਐਲਾਨਿਆ ਗਿਆ ਹੈ।

ਹੁਣ ਇੱਕ ਝਾਤ ਪਾਉਂਦੇ ਹਾਂ ਉਨ੍ਹਾਂ ਪੰਜ ਵੱਡੇ ਨਾਵਾਂ ਉੱਪਰ ਜਿਨ੍ਹਾਂ ਦਾ ਆਉਂਦੇ 5 ਸਾਲਾਂ ਲਈ ਸਿਆਸੀ ਭਵਿੱਖ ਵੋਟਰਾਂ ਨੇ ਅੱਜ ਈਵੀਐਮ ਮਸ਼ੀਨਾਂ ਵਿੱਚ ਬੰਦ ਕਰਕੇ ਚਾਬੀ ਚੋਣ ਕਮਿਸ਼ਨ ਦੇ ਹੱਥ ਫੜਾ ਦੇਣੀ ਹੈ।

ਕਨ੍ਹੱਈਆ ਕੁਮਾਰ

ਕਨ੍ਹੱਈਆ ਕੁਮਾਰ ਆਪਣੀ ਜਨਮ ਭੂਮੀ, ਬਿਹਾਰ ਦੇ ਬੇਗੂਸਰਾਏ ਤੋਂ ਸੀਪੀਆਈ ਦੇ ਉਮੀਵਾਰ ਹਨ। ਉਨ੍ਹਾਂ ਦੇ ਸਿਆਸੀ ਜੀਵਨ ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਹਨ।

ਬੇਗੂਸਰਾਏ ਪ੍ਰਸਿੱਧ ਹਿੰਦੀ ਸਾਹਿਤਕਾਰ ਨਾਮਧਾਰੀ ਸਿੰਘ ਦਿਨਕਰ ਦੀ ਭੂਮੀ ਹੈ। ਇਹ ਹਲਕਾ ਖੱਬੇਪੱਖੀਆਂ ਦਾ ਵੀ ਗੜ੍ਹ ਰਿਹਾ ਹੈ। ਖੱਬੇਪੱਖੀ ਧਾਰਾ ਨਾ ਸਿਰਫ਼ ਇੱਥੇ ਜਨਮੀ ਸਗੋਂ ਆਪਣੇ ਸਿਖ਼ਰ ਤੇ ਵੀ ਪਹੁੰਚੀ। ਇਹ ਹਲਕਾ ਸੀਪੀਆਈ ਦਾ ਵੀ ਗੜ੍ਹ ਰਿਹਾ ਹੈ ਅਤੇ ਬਿਹਾਰ ਵਿਧਾਨ ਸਭਾ ਵਿੱਚ ਜਾਣ ਵਾਲੇ ਪਹਿਲੇ ਕਮਿਊਨਿਸਟ ਵਿਧਾਇਕ ( ਚੰਦਰ ਸ਼ੇਖਰ ਸਿੰਘ) ਵੀ ਇਸੇ ਹਲਕੇ ਤੋਂ ਜਿੱਤ ਕੇ ਗਏ ਸਨ।

ਕਨ੍ਹੱਈਆ ਕੁਮਾਰ ਨੇ ਆਪਣਾ ਸਿਆਸੀ ਜੀਵਨ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਤੋਂ ਸ਼ੁਰੂ ਕੀਤਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੇ ਪ੍ਰਧਾਨ ਰਹੇ।

ਸਾਲ 2016 ਵਿੱਚ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਇੱਕ ਇਕੱਠ ਵਿੱਚ ਭਾਰਤ ਵਿਰੋਧੀ ਇੱਕ ਕਥਿਤ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਇਲਜ਼ਾਮਾਂ ਤਹਿਤ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਦਾ ਕੌਮੀ ਸਿਆਸਤ ਵਿੱਚ ਉਭਾਰ ਸ਼ੁਰੂ ਹੋਇਆ।

ਕਨ੍ਹੱਈਆ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਓਪਨ ਟੈਸਟ ਪਾਸ ਕਰਕੇ 'ਪ੍ਰੋਸੈੱਸ ਆਫ਼ ਡੀ ਕਾਲੋਨਾਇਜ਼ੇਸ਼ਨ ਐਂਡ ਟਰਾਂਸਫਾਰਮੇਸ਼ਨ ਇਨ ਸਾਊਥ ਅਫਰੀਕਾ' ਵਿਸ਼ੇ ਵਿਚ ਪੀਐੱਚਡੀ ਕੀਤੀ। ਫਰਵਰੀ 2011 ਵਿਚ ਉਹ ਡੌਕਟਰੇਟ ਕਰਕੇ ਡਾਕਟਰ ਕਨ੍ਹੱਈਆ ਕੁਮਾਰ ਬਣ ਗਏ।

ਦਿ ਵਾਇਰ ਵਿੱਚ ਲਿਖੇ ਇੱਕ ਲੇਖ ਵਿੱਚ ਉਨ੍ਹਾਂ ਨੇ ਲਿਖਿਆ ਸੀ "ਭਾਰਤ ਨੂੰ ਜਿਸ ਬਦਲਵੀਂ ਸਿਆਸਤ ਦੀ ਜ਼ਰੂਰਤ ਹੈ, ਉਹ ਸਿਰਫ਼ ਸ਼ੋਸ਼ਣ ਖਿਲਾਫ ਲੜਾਈ ਨਹੀਂ ਹੈ, ਸਗੋਂ ਸੁਤੰਤਰਤਾ ਅਤੇ ਬਰਾਬਰੀ ਲਈ ਲੜਾਈ ਹੈ। ਇਹ ਸਿਰਫ਼ ਹਿੰਦੁਤਵੀ ਤਾਕਤਾਂ ਖਿਲਾਫ਼ ਲੜਾਈ ਨਹੀਂ ਹੈ ਸਗੋਂ ਅੰਬੇਦਕਰ ਦੇ ਸੰਮੇਲਨ ਲਈ ਹੈ। ਇਹ ਸਿਰਫ਼ ਭੀੜ ਤੰਤਰ ਖ਼ਿਲਾਫ ਨਹੀਂ ਸਗੋਂ ਇੱਕ ਸ਼ਮੂਲੀਅਤ ਵਾਲੇ ਲੋਕਤਤੰਰ ਲਈ ਹੈ।"

ਉਨ੍ਹਾਂ ਦਾ ਪ੍ਰਮੁੱਖ ਮੁਕਾਬਲਾ ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਨਾਲ ਮੰਨਿਆ ਜਾ ਰਿਹਾ ਹੈ।

ਉਰਮਿਲਾ ਮਾਤੋਂਡਕਰ

ਰੰਗੀਲਾ, ਦੌੜ ਵਰਗੀਆਂ ਫਿਲਮਾਂ ਨਾਲ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮਹਾਰਾਸ਼ਟਰ ਦੇ ਉੱਤਰੀ ਮੁੰਬਈ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ।

ਉਨ੍ਹਾਂ ਦੇ ਹਿੰਦੂਤਵੀ ਵਿਰੋਧੀਆਂ ਵੱਲੋਂ ਉਨ੍ਹਾਂ ਉੱਪਰ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਇੱਕ ਪਾਕਿਸਤਾਨੀ ਨਾਲ ਵਿਆਹ ਕਰਵਾਇਆ ਤੇ ਇਸਲਾਮ ਧਾਰਣ ਕਰ ਲਿਆ। ਜਦਕਿ ਉਨ੍ਹਾਂ ਦੇ ਪਤੀ ਮੋਹਸਿਨ ਅਖ਼ਤਰ ਇੱਕ ਕਸ਼ਮੀਰੀ ਹਨ ਅਤੇ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਆਹ ਤੋਂ ਬਾਅਦ ਉਰਮਿਲਾ ਮਾਤੋਂਡਕਰ ਨੇ ਨਾ ਧਰਮ ਬਦਲਿਆ ਹੈ ਅਤੇ ਨਾ ਹੀ ਆਪਣਾ ਨਾਮ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਸਿਆਸਤ ਵਿੱਚ ਆਉਣ ਦਾ ਮਕਸਦ ਸਪੱਸ਼ਟ ਕਰਦਿਆਂ ਕਿਹਾ ਸੀ, ਸਾਡੇ ਇੱਥੇ ਸਕੂਲੀ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਸੀ ਕਿ ਅਸੀਂ ਸਾਰੇ ਭਾਈ-ਭੈਣ ਹਾਂ ਅਤੇ ਮਿਲ ਕੇ ਰਹੀਏ ਪਰ ਪਿਛਲੇ ਪੰਜਾਂ ਸਾਲਾਂ ਦੌਰਾਨ ਇਹ ਸਭ ਕੁਝ ਬਦਲ ਗਿਆ ਹੈ। ਨਫ਼ਰਤ ਦੀ ਸਿਆਸਤ ਨੇ ਸਭ ਕੁਝ ਬਦਲ ਦਿੱਤਾ ਹੈ। ਮੈਨੂੰ ਲਗਦਾ ਹੈ ਕਿ ਮੈਥੋਂ ਮੇਰੇ ਲੋਕਤੰਤਰੀ ਹੱਕ ਖੋਹੇ ਜਾ ਰਹੇ ਹਨ ਅਤੇ ਮੈਂ ਇਸੇ ਖ਼ਿਲਾਫ਼ ਸਿਆਸਤ ਵਿੱਚ ਆਈ ਹਾਂ।"

ਮਹਾਰਾਸ਼ਟਰ ਦੀ ਇੱਕ ਹੋਰ ਸੀਟ ਜਿਸ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ ਉਹ ਹੈ, ਮੁੰਬਈ ਨਾਰਥ ਵੈਸਟ ਲੋਕ ਸਭਾ ਹਲਕਾ ਜਿੱਥੋਂ ਮਰਹੂਮ ਸੁਨੀਲ ਦੱਤ ਅਤੇ ਨਰਗਿਸ ਦੱਤ ਦੀ ਧੀ ਪ੍ਰੀਆ ਦੱਤ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਮਰਹੂਮ ਭਾਜਪਾ ਆਗੂ ਪ੍ਰਮੋਦ ਮਹਾਜਨ ਦੀ ਬੇਟੀ ਪੂਨਮ ਮਹਾਜਨ ਨਾਲ ਹੈ, ਜੋ ਭਾਜਪਾ ਦੀ ਟਿੱਕਟ ’ਤੇ ਚੋਣ ਲੜ ਰਹੇ ਹਨ।

ਮੁੰਬਈ ਨਾਰਥ ਵੈਸਟ ਨੂੰ ਸਿਤਾਰਿਆ ਦਾ ਹਲਕਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਬਾਲੀਵੁੱਡ ਅਦਾਕਾਰਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਘਰ ਹਨ।

ਸਾਕਸ਼ੀ ਮਹਾਰਾਜ

ਸਾਕਸ਼ੀ ਮਹਾਰਾਜ ਦਾ ਅਸਲੀ ਨਾਮ ਸਵਾਮੀ ਸੱਚਿਦਾਨੰਦ ਹਰੀ ਹੈ। ਉਹ ਵਰਤਮਾਨ ਲੋਕ ਸਭਾ ਵਿੱਚ ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਉਨਾਵ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਵੀ ਹਨ।

ਸਾਕਸ਼ੀ ਮਹਾਰਾਜ ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਸਭ ਤੋਂ ਚਰਚਿਤ ਬਿਆਨ ਸੀ ਕਿ ਜੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ 2024 ਵਿੱਚ ਚੋਣਾ ਨਹੀਂ ਹੋਣਗੀਆਂ।

ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂ ਜਮਾਂ ਕਰਵਾਏ ਗਏ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਖ਼ਿਲਾਫ 34 ਅਪਰਾਧਿਕ ਮੁੱਕਦਮੇ ਚੱਲ ਰਹੇ ਹਨ। ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਖ਼ਿਲਾਫ, ਲੁੱਟ, ਕਤਲ, ਧੋਖਾਧੜੀ, ਵਿਸ਼ਵਾਸ਼-ਘਾਤ, ਅਪਰਾਧਿਕ ਧਮਕੀ ਦੇਣ ਦੇ ਕੇਸ ਚੱਲ ਰਹੇ ਹਨ।

ਕਮਲ ਨਾਥ

ਕਾਂਗਰਸੀ ਆਗੂ ਕਮਲ ਨਾਥ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਉਹ ਹਾਲਾਂਕਿ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਪਰ ਉਹ ਨੌਂ ਵਾਰ ਲੋਕ ਸਭਾ ਮੈਂਬਰ ਰਹੇ ਹਨ। ਵਿਧਾਨ ਸਭਾ ਲਈ ਇਹ ਉਨ੍ਹਾਂ ਦੀਆਂ ਪਹਿਲੀਆਂ ਚੋਣਾਂ ਹਨ।

ਸਾਲ 2018 ਵਿੱਚ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਸਨ ਪਰ ਜਦੋਂ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲਿਆ ਤਾਂ ਉਨ੍ਹਾਂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਅਹੁਦੇ ਉੱਤੇ ਬਣੇ ਰਹਿਣ ਲਈ ਉਨ੍ਹਾਂ ਲਈ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਵਿੱਚ ਜਿੱਤ ਕੇ ਪਹੁੰਚਣਾ ਜਰੂਰੀ ਹੈ। ਉਹ ਛਿੰਦਵਾਰਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਜੋ ਉਨ੍ਹਾਂ ਦੇ ਮਿੱਤਰ ਦੀਪਕ ਸਕਸੈਨਾ ਨੇ ਖਾਲੀ ਕੀਤੀ ਹੈ।

ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ

ਉਨ੍ਹਾਂ ਦਾ ਬੇਟਾ ਨਕੁਲ ਕਮਲ ਨਾਥ ਵੀ ਛਿੰਦਵਾੜਾ ਲੋਕ ਸਭਾ ਸੀਟ ਤੋਂ ਹੀ ਲੋਕ ਸਭਾ ਦਾ ਉਮੀਦਵਾਰ ਹੈ। ਇਹ ਸੀਟ ਕਮਲ ਨਾਥ ਨੇ ਸਾਲ 2014 ਵਿੱਚ 1,16,000 ਦੇ ਫਰਕ ਨਾਲ ਜਿੱਤੀ ਸੀ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਾਹਿਬਜ਼ਾਦੇ ਵੀ ਆਪਣੇ ਪਿਤਾ ਦੇ ਗੜ੍ਹ ਜੋਧਪੁਰ ਤੋਂ ਆਪਣੀ ਸਿਆਸੀ ਕਿਸਮਤ ਆਜਮਾ ਰਹੇ ਹਨ।

ਕੀਰਤੀ ਆਜ਼ਾਦ

ਮਹਾਂਗਠਬੰਧਨ ਦੇ ਸੀਟਾਂ ਦੀ ਵੰਡ ਨੂੰ ਲੈ ਕੇ ਹੋਏ ਸਮਝੌਤੇ ਦੇ ਚਲਦਿਆਂ ਝਾਰਖੰਡ ਦੀਆਂ ਚਾਰ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ। ਉਨ੍ਹਾਂ ਵਿੱਚੋਂ ਇੱਕ ਧਨਬਾਦ ਵੀ ਹੈ, ਜਿੱਥੋਂ ਕ੍ਰਿਕਟ ਖਿਡਾਰੀ ਤੋਂ ਸਿਆਸਤ ਵਿੱਚ ਆਏ ਕੀਰਤੀ ਆਜ਼ਾਦ ਕਾਂਗਰਸ ਦੇ ਉਮੀਦਵਾਰ ਹਨ।

ਕੀਰਤੀ ਆਜ਼ਾਦ ਸਾਲ 1983 ਵਿੱਚ, ਕਪਿਲ ਦੇਵ ਦੀ ਅਗਵਾਈ ਵਿੱਚ ਭਾਰਤ ਲਈ ਪਹਿਲਾ ਕ੍ਰਿਕਟ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।

ਇਸ ਤੋਂ ਪਹਿਲਾਂ ਉਹ ਭਾਜਪਾ ਦੀ ਟਿਕਟ 'ਤੇ ਬਿਹਾਰ ਦੇ ਦਰਭੰਗਾ ਤੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਅਤੇ ਉਹ ਇਸੇ ਫਰਵਰੀ ਵਿੱਚ ਕਾਂਗਰਸ ਵਿੱਚ ਆ ਸ਼ਾਮਲ ਹੋਏ।

ਉਨ੍ਹਾਂ ਨੂੰ ਬਿਹਾਰ ਵਿਚਲੀ ਦਰਭੰਗਾ ਸੀਟ ਇਸ ਲਈ ਛੱਡ ਕੇ ਆਉਣੀ ਪਈ ਕਿਉਂਕਿ ਮਹਾਂਗਠਜੋੜ ਦੇ ਸਮਝੌਤੇ ਮੁਤਾਬਕ ਇਹ ਸੀਟ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)