#IPL2019 : ਰਾਜਸਥਾਨ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਉਲਝਾਈ ਪਲੇਆਫ ਦੀ ਬੁਝਾਰਤ

    • ਲੇਖਕ, ਆਦੇਸ਼ ਕੁਮਾਰ ਗੁਪਤ
    • ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ

ਆਈਪੀਐਲ-12 'ਚ ਸ਼ਨਿੱਚਰਵਾਰ ਨੂੰ ਇੱਕ ਹੀ ਮੈਚ ਖੇਡਿਆ ਗਿਆ, ਜਿਸ ਵਿੱਚ ਰਾਜਸਥਾਨ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ।

ਰਾਜਸਥਾਨ ਦੇ ਸਾਹਮਣੇ ਜਿੱਤਣ ਲਈ 161 ਦੌੜਾਂ ਦਾ ਟੀਚਾ ਸੀ, ਜੋ ਉਸ ਨੇ ਸੰਜੂ ਸੈਮਸਨ ਦੀਆਂ ਨਾਬਾਦ 48 ਦੌੜਾਂ ਅਤੇ ਕਪਤਾਨ ਸਟੀਵ ਸਮਿਥ ਦੀਆਂ 22 ਦੌੜਾਂ ਦੀ ਮਦਦ ਨਾਲ 19.1 ਓਵਰਾਂ 'ਚ 3 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।

ਇਸ ਤੋਂ ਇਲਾਵਾ ਸਲਾਮੀ ਜੋੜੀ ਅਜਿੰਕਿਆ ਰਹਾਣੇ ਨੇ 30 ਅਤੇ ਲਿਆਮ ਲਿਵਿੰਗਸਟੋਨ ਨੇ ਵੀ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਨ੍ਹਾਂ ਦੋਵਾਂ ਨੇ ਪਹਿਲੇ ਵਿਕਟ ਲਈ 78 ਦੌੜਾਂ ਦੀ ਭਾਈਵਾਲੀ ਕਰਕੇ ਹੈਦਰਾਬਾਦ ਦੇ ਗੇਂਦਬਾਜ਼ਾਂ ਦੇ ਹੌਂਸਲੇ ਵੀ ਤੌੜ ਦਿੱਤੇ।

ਇਸ ਤੋਂ ਪਹਿਲਾਂ ਹੈਦਰਾਬਾਦ ਨੇ ਟੌਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਹੋਇਆ ਤੈਅ 20 ਓਵਰਾਂ 'ਚ 8 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ।

ਮਨੀਸ਼ ਪਾਂਡੇ ਦਾ ਵਾਰ

ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 37 ਅਤੇ ਮਨੀਸ਼ ਪਾਂਡੇ ਨੇ 61 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਰਾਸ਼ਿਦ ਖ਼ਾਨ ਨੇ ਨਾਬਾਦ 17 ਅਤੇ ਕਪਤਾਨ ਕੇਨ ਵਿਲਿਅਮਸਨ ਨੇ 13 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ-

ਰਾਜਸਥਾਨ ਦੇ ਵਰੁਣ ਏਰੋਨ 'ਓਸ਼ਾਨੇ ਥਾਮਸ' ਸ਼੍ਰੇਅਸ ਗੋਪਾਲ ਅਤੇ ਜੈਦੇਵ ਉਨਾਦਕਟ ਨੇ 2-2 ਵਿਕਟਾਂ ਲਈਆਂ।

ਹੁਣ ਗੱਲ ਰਾਜਸਥਾਨ ਦੀ ਜਿੱਤ ਦੇ ਹੀਰੋ ਸੰਜੂ ਸੈਮਸਨ ਦੀ, ਜਿਨ੍ਹਾਂ ਨੇ 32 ਗੇਂਦਾਂ 'ਤੇ 4 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 48 ਦੌੜਾਂ ਬਣਾਈਆਂ।

ਵੈਸੇ ਸੰਜੂ ਸੈਮਸਨ ਨੇ ਉਦੋਂ ਮੋਰਚਾ ਸੰਭਾਲਿਆ ਸੀ ਜਦੋਂ ਸਲਾਮੀ ਬੱਲੇਬਾਜ਼ ਲਿਆਮ ਲਿਵਿੰਸਟੋਨ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਰਾਸ਼ਿਦ ਖ਼ਾਨ ਦਾ ਸ਼ਿਕਾਰ ਬਣੇ।

ਸ਼ਾਇਦ ਉਹ ਜਾਂਦੇ-ਜਾਂਦੇ ਸੈਮਸਨ ਨੂੰ ਇਹ ਦੱਸ ਗਏ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਗੇਂਦਬਾਜ਼ 'ਚ ਦਮ ਨਹੀਂ ਹੈ।

ਇਸ ਤੋਂ ਪਹਿਲਾਂ ਸੰਜੂ ਸੈਮਸਨ ਇਸ ਆਈਪੀਐਲ 'ਚ ਉਦੋਂ ਚਰਚਾ 'ਚ ਆਏ ਸੀ, ਜਦੋਂ ਉਨ੍ਹਾਂ ਨੇ ਦੂਜੇ ਹੀ ਮੈਚ 'ਚ ਸਨਰਾਈਜਰਜ਼ ਹੈਦਰਾਬਾਦ ਦੇ ਖ਼ਿਲਾਫ਼ ਉਨ੍ਹਾਂ ਦੇ ਘਰ 'ਚ 102 ਦੌੜਾਂ ਨਾਲ ਸੈਂਕੜਾ ਮਾਰਿਆ ਸੀ।

ਹਾਲਾਂਕਿ ਇਸ ਤੋਂ ਬਾਅਦ ਵੀ ਰਾਜਸਥਾਨ ਰਾਇਲਜ਼, ਹੈਦਰਾਬਾਦ ਤੋਂ 5 ਵਿਕਟਾਂ ਨਾਲ ਹਾਰ ਗਈ ਸੀ।

ਰਾਜਸਥਾਨ ਵੀ ਪਲੇਆਫ ਦੀ ਦੌੜ 'ਚ

ਇਸ ਦੇ ਨਾਲ ਹੀ ਰਾਜਸਥਾਨ ਵੀ ਪਲੇਆਫ ਦੀ ਦੌੜ 'ਚ ਸ਼ਾਮਿਲ ਹੋ ਗਈ ਹੈ।

ਹੁਣ ਰਾਜਸਥਾਨ ਦੇ 12 ਮੈਚਾਂ 'ਚ 5 ਜਿੱਤਣ ਅਤੇ 7 ਹਾਰਨ ਤੋਂ ਬਾਅਦ ਅੰਕ ਸੂਚੀ 'ਚ 10 ਅੰਕ ਹਨ ਅਤੇ ਉਹ ਛੇਵੇਂ ਨੰਬਰ 'ਤੇ ਹੈ।

ਆਈਪੀਐਲ ਦੇ ਬਚੇ ਮੈਚਾਂ 'ਚ ਉਸ ਨੂੰ ਬੰਗਲੁਰੂ ਅਤੇ ਦਿੱਲੀ ਦਾ ਸਾਹਮਣਾ ਕਰਨਾ ਹੈ।

ਜੇਕਰ ਉਹ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ 14 ਅੰਕ ਹੋ ਜਾਣਗੇ।

ਦੂਜੇ ਪਾਸੇ ਹੈਦਰਾਬਾਦ ਅੰਕ ਸੂਚੀ 'ਚ 11 ਮੈਚਾਂ 'ਚ 5 ਜਿੱਤਣ ਅਤੇ 6 ਹਾਰਨ ਨਾਲ 10 ਅੰਕਾਂ ਨਾਲ ਚੌਥੇ ਥਾਂ 'ਤੇ ਹੈ।

ਹੁਣ ਅੰਕ ਸੂਚੀ 'ਚ ਤਿੰਨੇ ਟੀਮਾਂ ਦੇ 10-10 ਅੰਕ ਹਨ ਅਤੇ ਇਨ੍ਹਾਂ ਵਿਚੋਂ ਵਧੀਆ ਔਸਤ ਨਾਲ ਹੈਦਰਬਾਦ ਚੌਥੇ, ਕਿੰਗਜ਼ ਇਲੈਵਨ ਪੰਜਾਬ ਪੰਜਵੇਂ ਅਤੇ ਰਾਜਸਥਾਨ ਰਾਇਲਜ਼ ਛੇਵੇਂ ਸਥਾਨ 'ਤੇ ਹੈ।

ਪਰ ਹੈਦਰਾਬਾਦ ਅਤੇ ਪੰਜਾਬ ਨੇ 11-11 ਮੈਚ ਖੇਡੇ ਜਦਕਿ ਰਾਜਸਥਾਨ ਨੇ 12 ਮੈਚ ਖੇਡੇ ਹਨ।

ਦੂਜੇ ਪਾਸੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖੇਡ ਰਹੀ ਮੁੰਬਈ ਇੰਡੀਅਨਜ਼ 11 ਮੈਚਾਂ ਵਿਚੋਂ 7 ਜਿੱਤ ਕੇ ਅਤੇ 4 ਹਾਰਨ ਤੋਂ ਬਾਅਦ 14 ਅੰਕਾਂ ਅਤੇ ਬਿਹਤਰ ਔਸਤ ਨਾਲ ਦੂਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ-

ਮੁੰਬਈ ਨਾਲੋਂ ਘੱਟ ਔਸਤ ਕਾਰਨ ਦਿੱਲੀ ਕੈਪੀਟਲ 11 ਮੈਚਾਂ 'ਚ ਜਿੱਤਣ ਅਤੇ 4 ਹਾਰਨ ਤੋਂ ਬਾਅਦ 14 ਅੰਕਾਂ ਨਾਲ ਤੀਜੇ ਸਥਾਨ ਹੈ।

ਚੇਨਈ ਸੁਪਰ ਕਿੰਗਜ਼ 12 ਮੈਚਾਂ 'ਚ 8 ਜਿੱਤਣ ਨਾਲ 16 ਅੰਕਾਂ ਨਾਲ ਪਹਿਲਾਂ ਹੀ ਪਲੇਆਫ 'ਚ ਪਹੁੰਚ ਗਈ ਹੈ।

ਐਤਵਾਰ ਦੇ ਮੁਕਾਬਲੇ ਅਹਿਮ

ਐਤਵਾਰ ਨੂੰ ਪਹਿਲੇ ਮੁਕਾਬਲੇ 'ਚ ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਖੇਡ ਰਹੀ ਦਿੱਲੀ ਕੈਪੀਟਲਜ਼ ਦਾ ਸਾਹਮਣਾ ਬੈਂਗਲੌਰ ਦੇ ਨਾਲ ਅਤੇ ਦੂਜੇ ਮੁਕਾਬਲੇ 'ਚ ਕੋਲਕਾਤਾ ਦਾ ਸਾਹਮਣਾ ਮੁੰਬਈ ਨਾਲ ਹੋਵੇਗਾ।

ਜੇਕਰ ਐਤਵਾਰ ਨੂੰ ਦਿੱਲੀ ਅਤੇ ਮੁੰਬਈ ਆਪਣੇ ਵਿਰੋਧੀਆਂ ਤੋਂ ਜਿੱਤ ਗਏ ਤਾਂ ਉਹ ਵੀ ਪਲੇਆਫ 'ਚ ਪਹੁੰਚ ਜਾਣਗੇ ਅਤੇ ਜੇਕਰ ਵਿਰੋਧੀ ਟੀਮ ਜਿੱਤੀ ਸਮੀਕਰਨ ਹੋਰ ਉਲਝ ਜਾਵੇਗਾ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।