ਸ੍ਰੀ ਲੰਕਾ: ਪੁਲਿਸ ਅਤੇ ਸ਼ੱਕੀਆਂ 'ਚ ਗੋਲੀਬਾਰੀ , ਮਿਲੀਆਂ 15 ਲਾਸ਼ਾਂ

ਸ੍ਰੀ ਲੰਕਾ ਕੱਟੜਪੰਥੀਆਂ ਖ਼ਿਲਾਫ਼ ਛਾਪੇਮਾਰੀ ਕਾਰਵਾਈ ਦੌਰਾਨ ਹੋਏ ਧਮਾਕਿਆਂ ਅਤੇ ਗੋਲੀਬਾਰੀ 'ਚ 15 ਲੋਕਾਂ ਦੀ ਮੌਤ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ 6 ਬੱਚੇ ਵੀ ਹਨ।

ਇਹ ਧਮਾਕਾ ਬਾਟੀਕਾਲੋਆ ਦੇ ਨੇੜੇ ਅੰਪਾਰਾ ਸੈਨਥਮਾਰੁਥੂ ਦੇ ਇੱਕ ਘਰ 'ਚ ਹੋਇਆ। ਪੁਲਿਸ ਬੁਲਾਰੇ ਮੁਤਾਬਕ ਇਨ੍ਹਾਂ ਵਿਚੋਂ 6 ਆਤਮਘਾਤੀ ਹਮਲਾਵਰ ਦੱਸੇ ਜਾ ਰਹੇ ਹਨ। ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।

ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਐਤਵਾਰ ਨੂੰ ਈਸਟਰ ਮੌਕੇ ਹੋਏ ਧਮਾਕਿਆਂ ਨਾਲ ਜੁੜੀ ਖੂਫ਼ੀਆ ਚਿਤਾਵਨੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।

ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਬੀਬੀਸੀ ਨਾਲ ਇੱਕ ਖ਼ਾਸ ਗੱਲਬਾਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿਦੇਸ ਵਿੱਚ ਕਿਸੇ ਤਰੀਕੇ ਦਾ ਕੋਈ ਖ਼ਤਰਾ ਹੈ।

ਸ੍ਰੀ ਲੰਕਾ ਵਿੱਚ ਈਸਟਰ ਐਤਵਾਰ ਨੂੰ 6 ਵੱਖ-ਵੱਖ ਚਰਚਾਂ ਅਤੇ ਹੋਟਲਾਂ ਵਿੱਚ ਫਿਦਾਈਨ ਹਮਲੇ ਹੋਏ ਸਨ ਜਿਸ ਵਿੱਚ ਘੱਟੋ-ਘੱਟ 250 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ

ਸ੍ਰੀ ਲੰਕਾ ਸਰਕਾਰ ਖੁਦ ਇਸ ਨੂੰ ਸੁਰੱਖਿਆ ਅਤੇ ਇੰਟੈਲੀਜੈਂਸ ਭਾਰੀ ਲਾਪਰਵਾਹੀ ਮੰਨ ਰਹੀ ਹੈ।

ਇਨ੍ਹਾਂ ਹਮਲਿਆਂ ਤੋਂ ਬਾਅਦ ਸ੍ਰੀ ਲੰਕਾ ਦੇ ਪੁਲਿਸ ਮੁਖੀ ਅਤੇ ਰੱਖਿਆ ਸਕੱਤਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਪਰ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਇਹ ਕਹਿੰਦੇ ਹੋਏ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਸ ਸੁਰੱਖਿਆ ਅਤੇ ਇੰਟੈਲੀਜੈਂਸ ਵਿੱਚ ਹੋਈ ਲਾਪਰਵਾਹੀ ਲਈ ਉਹ ਜ਼ਿੰਮੇਵਾਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਕੁਝ ਦੱਸਿਆ ਹੀ ਨਹੀਂ ਗਿਆ ਸੀ।

ਉਨ੍ਹਾਂ ਦਾ ਕਹਿਣਾ ਸੀ, “ਜੇ ਮੈਨੂੰ ਇਸ ਬਾਰੇ ਜ਼ਰਾ ਵੀ ਜਾਣਕਾਰੀ ਹੁੰਦੀ ਤਾਂ ਮੈਂ ਉਸ ਬਾਰੇ ਕਾਰਵਾਈ ਨਾ ਕੀਤੀ ਹੁੰਦੀ ਤਾਂ ਮੈਂ ਫੌਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਪਰ ਜੇ ਤੁਹਾਨੂੰ ਪੂਰੇ ਮਾਮਲੇ ਦੀ ਕੋਈ ਜਾਣਕਾਰੀ ਹੀ ਨਹੀਂ ਸੀ ਤਾਂ ਤੁਸੀਂ ਕੀ ਕਰ ਸਕਦੇ ਹੋ।”

ਇਸ ਤੋਂ ਪਹਿਲਾਂ ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਕਿਹਾ ਕਿ ਸ੍ਰੀ ਲੰਕਾ ਦੇ ਖ਼ੁਫ਼ੀਆ ਵਿਭਾਗ ਦਾ ਮੰਨਣਾ ਹੈ ਕਿ ਖ਼ੁਦ ਨੂੰ ਇਸਲਾਮਿਕ ਸਟੇਟ ਕਹਿਣ ਵਾਲੇ ਕੱਟੜਪੰਥੀ ਸੰਗਠਨ ਦੇ ਕਰੀਬ 130 ਸ਼ੱਕੀ ਸ੍ਰੀ ਲੰਕਾ 'ਚ ਮੌਜੂਦ ਹਨ ਅਤੇ ਪੁਲਿਸ ਅਜੇ ਤੱਕ ਉਨ੍ਹਾਂ ਲਾਪਤਾ 70 ਲੋਕਾਂ ਦੀ ਭਾਲ 'ਚ ਹੈ।

ਇਸ ਵਿਚਾਲੇ ਸ੍ਰੀ ਲੰਕਾ ਦੀ ਪੁਲਿਸ ਨੇ ਪੂਰਬੀ ਸ੍ਰੀ ਲੰਕਾ ਦੇ ਸ਼ਹਿਰ ਸੰਮਨਥੁਰਾਈ 'ਚ ਇੱਕ ਘਰ 'ਤੇ ਛਾਪਾ ਮਾਰਿਆ ਹੈ ਜੋ ਪੁਲਿਸ ਮੁਤਾਬਕ ਐਤਵਾਰ ਨੂੰ ਹੋਏ ਹਮਲਿਆਂ 'ਚ ਸ਼ਾਮਿਲ ਹਮਲਾਵਰਾਂ ਦਾ ਸੇਫ਼ ਹਾਊਸ ਸੀ।

ਪੁਲਿਸ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਥਾਂ ਤੋਂ ਇਸਲਾਮਿਕ ਸਟੇਟ ਦਾ ਬੈਨਰ ਅਤੇ ਆਤਮਘਾਤੀ ਹਮਲਾਵਰਾਂ ਨੇ ਜੋ ਵੀਡੀਓ ਜਾਰੀ ਕੀਤਾ ਸੀ, ਉਨ੍ਹਾਂ 'ਚ ਜੋ ਕੱਪੜੇ ਪਹਿਨੇ ਹੋਏ ਦਿਖੇ ਸਨ ਉਸ ਤਰ੍ਹਾਂ ਦੇ ਕੱਪੜੇ ਪੁਲਿਸ ਨੂੰ ਉਥੋਂ ਮਿਲੇ ਸਨ।

ਇਨ੍ਹਾਂ ਛਾਪੇਮਾਰੀਆਂ ਦੌਰਾਨ ਪੁਲਿਸ ਨੂੰ ਕਰੀਬ 150 ਡਾਇਨਾਮਾਈਟ ਦੀਆਂ ਛੜੀਆਂ ਅਤੇ ਕਰੀਬ ਇੱਕ ਲੱਖ ਬੌਲ ਬਿਅਰਿੰਗਸ ਵੀ ਮਿਲੇ ਸਨ।

ਇਸ ਤੋਂ ਇਲਾਵਾ ਇੱਕ ਦੂਜੀ ਥਾਂ 'ਤੇ ਸੁਰੱਖਿਆ ਬਲਾਂ ਅਤੇ ਕਥਿਤ ਦੋਸ਼ੀਆਂ ਵਿਚਾਲੇ ਗੋਲੀਬਾਰੀ ਦੀਆਂ ਖ਼ਬਰਾਂ ਵੀ ਹਨ।

ਸ੍ਰੀ ਲੰਕਾ ਦੇ ਅਧਿਕਾਰੀ ਸਥਾਨਕ ਕੱਟੜਪੰਥੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹਨ।

ਹਾਲਾਂਕਿ ਇਸਲਾਮਿਕ ਸਟੇਟ ਨੇ ਵੀ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਹੋਣ ਵਾਲੇ ਹਮਲਿਆਂ ਲਈ ਉਹ ਜ਼ਿੰਮੇਵਾਰ ਹੈ।

ਸ਼ੁੱਕਰਵਾਰ ਰਾਤ ਫਿਰ ਧਮਾਕੇ ਸੁਣੇ

ਸ੍ਰੀ ਲੰਕਾ ਦੇ ਪੂਰਬੀ ਸੂਬੇ ਅੰਬਾਰਈ ਵਿੱਚ ਸ਼ੁੱਕਰਵਾਰ ਰਾਤ ਨੂੰ ਤਿੰਨ ਧਮਾਕਿਆਂ ਦੀਆਂ ਖ਼ਬਰਾਂ ਆਈਆਂ ਸਨ।

ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੇ ਸਮੂਹ ਨੇ ਅੰਬਾਰਈ ਦੇ ਸਾਈਂਦਮਰਦੂ ਵਿੱਚ ਸੁਰੱਖਿਆ ਮੁਲਾਜ਼ਮਾਂ 'ਤੇ ਗੋਲੀਬਾਰੀ ਕੀਤੀ ਹੈ।

ਪੁਲਿਸ ਅਨੁਸਾਰ ਸੁਰੱਖਿਆ ਜਾਂਚ ਵਿੱਚ ਪਤਾ ਲਗਿਆ ਹੈ ਕਿ ਇੱਕ ਸ਼ੱਕੀ ਨੇ ਇਮਾਰਤ ਦੇ ਅੰਦਰ ਬੰਬ ਧਮਾਕਾ ਕੀਤਾ ਹੈ। ਅਜੇ ਇਹ ਪਤਾ ਨਹੀਂ ਲਗਿਆ ਹੈ ਕਿ, ਕੀ ਇਹ ਇੱਕ ਫਿਦਾਈਨ ਹਮਲਾ ਸੀ।

ਬੀਬੀਸੀ ਸਿੰਹਲਾ ਸੇਵਾ ਦੇ ਸਹਿਯੋਗੀ ਅੱਜ਼ਾਮ ਅਮੀਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਈਂਦਮਰਦੂ ਵਿੱਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਗੋਲੀਬਾਰੀ ਅਤੇ ਧਮਾਕਿਆਂ ਦੀ ਆਵਾਜ਼ ਤੋਂ ਬਾਅਦ ਵੱਡੇ ਪੈਮਾਨੇ ’ਤੇ ਤਲਾਸ਼ੀ ਅਭਿਆਨ ਚੱਲ ਰਿਹਾ ਹੈ।

ਅੱਜ਼ਾਮ ਅਮੀਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਈਂਦਮਰਦੂ ਵਿੱਚ ਤਲਾਸ਼ੀ ਦੌਰਾਨ ਪੁਲਿਸ ਨੇ ਬੰਬ ਬਣਾਉਣ ਲਈ ਵਿਸਫੋਟਕ ਬਰਾਮਦ ਕੀਤੇ।

ਪੁਲਿਸ ਨੂੰ ਘਰ ਤੋਂ ਇਸਲਾਮਿਕ ਸਟੇਟ ਦਾ ਬੈਨਰ ਅਤੇ ਪੁਸ਼ਾਕ ਵੀ ਮਿਲੀ ਹੈ। ਅੱਜ਼ਾਮ ਅਮੀਨ ਅਨੁਸਾਰ ਇਹ ਪੁਸ਼ਾਕ ਇਸਲਾਮਿਕ ਸਟੇਟ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਪਹਿਨੇ ਲੋਕਾਂ ਦੇ ਕੱਪੜਿਆਂ ਨਾਲ ਮਿਲਦੀ-ਜੁਲਦੀ ਹੈ।

ਇਸ ਸਿਲਸਿਲੇ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਇੰਤਜ਼ਾਮ ਸਖ਼ਤ ਕੀਤੇ ਗਏ ਹਨ। ਪੁਲਿਸ ਨੇ ਅੱਜ ਰਾਤ 10 ਵਜੇ ਤੋਂ ਕੱਲ੍ਹ ਸਵੇਰੇ 4 ਵਜੇ ਤੱਕ ਲਈ ਕਰਫਿਊਲਗਾ ਦਿੱਤਾ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)