ਇਸ ਮਹਿਲਾ ਉਮੀਦਵਾਰ ਨੂੰ ਮੋਦੀ ਦੀ ਹਮਾਇਤ ਪਰ ਕਾਂਗਰਸੀ ਵੋਟ ਪਾਉਣਾ ਚਾਹੁੰਦੇ ਹਨ

ਕਰਨਾਟਕ ਦੇ ਬੈਂਗਲੂਰੂ ਤੋਂ 150 ਕਿੱਲੋਮੀਟਰ ਦੂਰ ਸਾਰੰਗੀ ਕਸਬੇ ਵਿੱਚ ਮੇਲੇ ਵਰਗਾ ਮਾਹੌਲ ਹੈ। ਇੱਥੇ ਪਹਿਲੀ ਵਾਰ ਵੋਟ ਦੇਣ ਵਾਲੀਆਂ ਕੁੜੀਆਂ ਵਿੱਚ ਵੀ ਉਤਸ਼ਾਹ ਹੈ।

ਇਹ ਮੁਟਿਆਰਾਂ ਇੱਕ ਸਵਾਗਤੀ ਦਲ ਦੀਆਂ ਹਿੱਸਾ ਹਨ, ਜਿਸ ਵਿੱਚ ਹੋਰ ਔਰਤਾਂ ਵੀ ਸ਼ਾਮਲ ਹਨ। ਲੋਕ ਆਪਣੇ ਘਰਾਂ ਦੇ ਬੂਹਿਆਂ ਉੱਤੇ ਨਿਕਲ ਕੇ ਖੜ੍ਹੇ ਹਨ।

ਕਸਬੇ ਵਿੱਚ ਅਜਿਹਾ ਚੁਣਾਵੀ ਮਾਹੌਲ ਕਈ ਦਹਾਕੇ ਪਹਿਲਾਂ ਹੋਇਆ ਕਰਦਾ ਸੀ।

ਇਨ੍ਹਾਂ ਲੋਕਾਂ ਨੂੰ ਸੁਮਲਤਾ ਅੰਬਰੀਸ਼ ਦਾ ਇੰਤਜ਼ਾਰ ਹੈ। ਅੰਬਰੀਸ਼ ਇਸ ਇਲਾਕੇ ਵਿੱਚ ਆਜ਼ਾਦ ਉਮੀਦਵਾਰ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਹਾਸਲ ਹੈ।

ਉਨ੍ਹਾਂ ਦੇ ਮੁਕਾਬਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਅਤੇ ਐੱਚਡੀ ਕੁਮਾਰਾਸਵਾਮੀ ਦੇ 29 ਸਾਲ ਪੁੱਤਰ ਨਿਖਿਲ ਕੁਮਾਰਾਸਵਾਮੀ ਹਨ।

ਇਹ ਵੀ ਪੜ੍ਹੋ:

ਅੰਬਰੀਸ਼ ਦੀ ਪ੍ਰਸਿੱਧੀ

ਅੰਬਰੀਸ਼ ਦਾ ਕਾਫ਼ਲਾ ਇੱਕ ਘੰਟਾ ਦੇਰੀ ਨਾਲ ਪਹੁੰਚਿਆ ਪਰ ਲੋਕਾਂ ਨੇ ਪਟਾਕੇ ਚਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਅੰਬਰੀਸ਼ ਆਪਣੀ ਗੱਡੀ ਦੀ ਖੁੱਲ੍ਹੀ ਛੱਤ ਵਿੱਚੋਂ ਚਾਰੇ ਪਾਸੇ ਖੜ੍ਹੇ ਲੋਕਾਂ ਨੂੰ ਹੱਥ ਹਿਲਾ ਰਹੇ ਹਨ ਅਤੇ ਸਵਾਗਤ ਲਈ ਧੰਨਵਾਦ ਕਰ ਰਹੇ ਹਨ।

ਸੁਮਲਤਾ ਅੰਬਰੀਸ਼ ਨੇ ਵੱਖ-ਵੱਖ ਭਾਸ਼ਾਵਾਂ ਦੀਆਂ ਲਗਭਗ 250 ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਅੰਬਰੀਸ਼, ਵੀ ਇੱਕ ਜਾਣੇ-ਪਛਾਣੇ ਫਿਲਮ ਕਲਾਕਾਰ ਸਨ, ਜਿਨ੍ਹਾਂ ਦੀ ਕੁਝ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ।

ਉਹ 1998 ਵਿੱਚ ਜਨਤਾ ਦਲ ਵੱਲੋਂ ਅਤੇ 1999 ਅਤੇ 2004 ਵਿੱਚ ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਰਹੇ ਸਨ।

ਇਤਿਹਾਸ ਬਦਲਣ ਦੀ ਇੱਛਾ

ਉਨ੍ਹਾਂ ਦੇ ਹਲਕੇ ਦੇ ਕੁਝ ਲੋਕ ਉਨ੍ਹਾਂ ਨੂੰ ਇੱਥੋਂ ਦੀ ਨੂੰਹ ਮੰਨਦੇ ਹਨ ਅਤੇ ਉਨ੍ਹਾਂ ਦੇ ਪਤੀ ਜਿਨਾਂ ਹੀ ਮਾਣ-ਸਨਮਾਨ ਦਿੰਦੇ ਹਨ।

ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿੱਚ ਆਪਣੇ ਵਿਰੋਧੀ ਕੁਮਾਰਾਸਵਾਮੀ ਤੋਂ ਕੁਝ ਘਬਰਾਹਟ ਤਾਂ ਹੈ।

ਉਹ ਕਹਿੰਦੇ ਹਨ, ਮੇਰੇ ਵਿਰੋਧੀ ਮੁੱਖ ਮੰਤਰੀ ਦੇ ਪੁੱਤਰ ਹਨ ਅਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹਨ। ਜਿਲ੍ਹੇ ਵਿੱਚੋਂ ਜੇਡੀਐੱਸ ਦੇ ਅੱਠ ਵਿਧਾਇਕ ਹਨ, ਜਿਨ੍ਹਾਂ ਵਿੱਚੋਂ ਤਿੰਨ ਮੰਤਰੀ ਹਨ।"

"ਇਸ ਲਈ ਮੈਂ ਇੱਕ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰ ਰਹੀ ਹਾਂ।"

ਇੱਕ ਗੱਲ ਜੋ ਸੁਮਲਤਾ ਦੇ ਉਲਟ ਜਾਂਦੀ ਹੈ, ਉਹ ਇਹ ਕਿ 1951 ਤੋਂ ਲੈ ਕੇ ਕਰਨਾਟਕਾ ਤੋਂ ਸਿਰਫ ਦੋ ਆਜ਼ਾਦ ਉਮੀਦਵਾਰ ਜਿੱਤ ਸਕੇ ਹਨ।

ਕਾਂਗਰਸ-ਜੇਡੀਐੱਸ ਗੱਠਜੋੜ

ਸੁਮਲਤਾ ਇਸ ਤੋਂ ਜਾਣੂ ਹਨ। ਉਹ ਕਹਿੰਦੀ ਹੈ, ਹੋ ਸਕਦਾ ਹੈ ਮੈਂ ਇਤਿਹਾਸ ਬਦਲ ਦਿਆਂ।"

ਸੁਮਲਤਾ ਦੀ ਸਥਿਤੀ ਵਿੱਚ ਕੁਝ ਸੁਧਾਰ ਹੋਇਆ, ਜਦੋਂ ਪ੍ਰਧਾਨ ਮੰਤਰੀ ਨਰਿੰਰ ਮੋਦੀ ਨੇ ਇੱਕ ਭਾਸ਼ਣ ਦੌਰਾਨ ਉਨ੍ਹਾਂ ਦਾ ਨਾਮ ਲੈ ਕੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ।

ਭਾਜਪਾ ਨੇ ਹਲਕੇ ਵਿੱਚ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ ਅਤੇ ਪਾਰਟੀ ਸੁਮਲਤਾ ਦੀ ਹੀ ਹਮਾਇਤ ਕਰ ਰਹੀ ਹੈ।

ਜਨਤਾ ਦਲ ਸੈਕੂਲਰ ਅਤੇ ਕਾਂਗਰਸ ਦੇ ਗੱਠਜੋੜ ਦੀ ਸੂਬੇ ਵਿੱਚ ਸਰਕਾਰ ਹੈ ਅਤੇ ਨਿਖਿਲ ਮੰਡਿਆ ਸਾਂਝੇ ਉਮੀਦਵਾਰ ਹਨ।

ਵਰਕਰਾਂ ਦਾ ਵਿਦਰੋਹ

ਦੋਹਾਂ ਪਾਰਟੀਆਂ ਦੇ ਆਗੂਆਂ ਵਿੱਚ ਤਾਲਮੇਲ ਤਾਂ ਹੈ ਪਰ ਜੋ ਗੱਲ ਸੁਮਲਤਾ ਦੇ ਪੱਖ ਵਿੱਚ ਜਾਂਦੀ ਹੈ ਉਹ ਇਹ ਕਿ ਜ਼ਮੀਨੀ ਪੱਧਰ ਤੇ ਇਸ ਗੱਠਜੋੜ ਦੇ ਵਰਕਰਾਂ ਵਿੱਚ ਟਕਰਾਅ ਹੈ।

ਮੰਡਿਆ ਦੇ ਇਸ ਹਲਕੇ ਤੋਂ 2014 ਅਤੇ 2018 ਦੀਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਜੇਡੀਐੱਸ ਜਿੱਤੀ ਸੀ ਪਰ ਕਾਂਗਰਸ ਇਹ ਸੀਟ ਕਈ ਵਾਰ ਜਿੱਤ ਚੁੱਕੀ ਹੈ।

ਕਾਂਗਰਸੀ ਵਰਕਰਾਂ ਦੇ ਵਿਦਰੋਹ ਦੇ ਕਈ ਕਾਰਨ ਹਨ।

ਪਹਿਲ, ਉਹ ਨਿਖਿਲ ਨੂੰ ਭਾਈ-ਭਤੀਜਾਵਾਦ ਦਾ ਨੁਮਾਇੰਦਾ ਸਮਝਦੇ ਹਨ, ਜਿਸ ਕੋਲ ਕੋਈ ਸਿਆਸੀ ਤਜਰਬਾ ਨਹੀਂ ਹੈ।

ਦੂਸਰੇ, ਅੰਬਰੀਸ਼ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਿਧਵਾ ਲਈ ਲੋਕਾਂ ਵਿੱਚ ਹਮਦਰਦੀ ਹੈ। ਵਰਕਰਾਂ ਦੀ ਰਾਇ ਹੈ ਕਿ ਮਰਹੂਮ ਨੂੰ ਸ਼ਰਧਾਂਜਲੀ ਵਜੋਂ ਕਾਂਗਰਸ ਵੱਲੋਂ ਸੁਮਲਤਾ ਨੂੰ ਟਿੱਕਟ ਦਿੱਤੀ ਜਾਣੀ ਚਾਹੀਦੀ ਸੀ।

ਆਜ਼ਾਦ ਉਮੀਦਵਾਰ

ਸੁਮਲਤਾ ਦੱਸਦੇ ਹਨ, ਆਪਣੇ ਪਤੀ ਦੀ ਵਿਰਾਸਤ ਨੂੰ ਜਾਰੀ ਰੱਖਣ ਅਤੇ ਕਾਂਗਰਸ ਦੇ ਵਰਕਰਾਂ ਦੀ ਇੱਛਾ ਪੂਰੀ ਕਰਨ ਲਈ ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ।"

ਇਸ ਕਾਰਨ ਉਹ ਗੱਠਜੋੜ ਦੇ ਗਲੇ ਦੀ ਹੱਡੀ ਬਣੇ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਹਰ ਥਾਂ ਪਿਆਰ ਦਿੰਦੇ ਹਨ।

ਬੇਵਨਾ ਇੱਥੋਂ ਦੀ ਯੂਥ ਕਾਂਗਰਸ ਦੇ ਵਰਕਰ ਹਨ। ਉਨ੍ਹਾਂ ਕਿਹਾ, ਜੇ ਰਾਹੁਲ ਗਾਂਧੀ ਵੀ ਕਹਿਣ ਕਿ ਗੱਠਜੋੜ ਦੇ ਉਮੀਦਵਾਰ ਨੂੰ ਵੋਟ ਦਿਓ ਤਾਂ ਉਨ੍ਹਾਂ ਦੀ ਗੱਲ ਵੀ ਨਹੀਂ ਮੰਨਾਂਗੇ। ਪਾਰਟੀ ਛੱਡ ਦਿਆਂਗੇ ਪਰ ਆਤਮ ਸਨਮਾਨ ਨਾਲ ਸਮਝੌਤਾ ਨਹੀਂ ਕਰਾਂਗੇ।"

ਮੁੱਖ ਮੰਤਰੀ ਦੀ ਮੌਜੂਦਗੀ

ਮਾਮਲੇ ਦੀ ਨਜ਼ਾਕਤ ਨੂੰ ਸਮਝਦਿਆਂ ਖ਼ੁਦ ਮੁੱਖ ਮੰਤਰੀ ਆਪਣੇ ਪੁੱਤਰ ਲਈ ਚੋਣ ਪ੍ਰਚਾਰ ਕਰ ਰਹੇ ਹਨ।

ਉਹ ਵੀ ਮੰਨਦੇ ਹਨ ਕਿ ਪੁੱਤਰ ਨੂੰ ਚੁਣੌਤੀ ਮਿਲ ਰਹੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸੂਬੇ ਵਿੱਚ ਗੱਠਜੋੜ ਬਾਰੇ ਕੋਈ ਦਿੱਕਤ ਨਹੀਂ ਹੈ, ਸਿਰਫ਼ ਮੰਡਿਆ ਵਿੱਚ ਦਿੱਕਤ ਹੈ।"

ਮੰਡਿਆ ਵਿੱਚ ਬੈਂਗਲੂਰੂ-ਮੈਸੂਰ ਨੈਸ਼ਨਲ ਹਾਈਵੇ ਉੱਤੇ ਮੁੱਖ ਮੰਤਰੀ ਦੇ ਰੋਡ ਸ਼ੋਅ ਦੌਰਾਨ ਮੈਂ ਕਈ ਲੋਕਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ।

ਮੁੱਖ ਮੰਤਰੀ ਦੇ ਚਲਦੇ ਭਾਸ਼ਣ ਵਿੱਚ ਲੋਕ ਕਹਿ ਰਹੇ ਸਨ ਕਿ ਉਹ ਸੁਮਲਤਾ ਨੂੰ ਵੋਟ ਪਾਉਣਗੇ।

ਦੇਵੇਗੌੜਾ ਨੇ ਬਦਲੀ ਸੀਟ

ਕਰਨਾਟਕ ਦੀਆਂ 28 ਸੀਟਾਂ ਲਈ 18 ਅਤੇ 23 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਮੰਡਿਆ ਵਿੱਚ 18 ਅਪ੍ਰੈਲ ਨੂੰ ਵੋਟਾਂ ਪੈਣਗੀਆਂ।

ਕਾਂਗਰਸ ਦੇ ਕਈ ਵਰਕਰ ਗੱਠਜੋੜ ਤੋਂ ਨਾਰਾਜ਼ ਹਨ ਅਤੇ ਕਈ ਥਾਂਈਂ ਤਾਂ ਉਹ ਇਸ ਗੱਠਜੋੜ ਦੇ ਖਿਲਾਫ਼ ਕੰਮ ਕਰ ਰਹੇ ਹਨ।

ਵਰਕਰਾਂ ਦਾ ਕਹਿਣਾ ਹੈ ਕਿ ਦੇਵੇਗੌੜਾ ਆਪਣੇ ਪਰਿਵਾਰਕ ਮੈਂਬਰ ਲਈ ਆਪਣੀ ਰਵਾਇਤੀ ਸੀਟ ਛੱਡ ਕੇ ਚਲੇ ਗਏ ਹਨ।

ਸਥਾਨਕ ਮੀਡੀਆ ਮੁਤਾਬਕ ਦੇਵੇਗੋੜਾ ਦੀ ਇਸ ਸੀਟ ਤੋਂ ਜਿੱਤ ਪੱਕੀ ਨਹੀਂ ਮੰਨੀ ਜਾ ਰਹੀ।

ਕਰਨਾਟਕ ਵਿੱਚ ਸਖ਼ਤ ਮੁਕਾਬਲਾ

ਕਰਨਾਟਕ ਵਿੱਚ ਕਾਂਗਰਸ ਅਤੇ ਜੇਡੀਐੱਸ ਇਕੱਠੇ ਮਿਲ ਕੇ ਸਰਕਾਰ ਚਲਾ ਰਹੇ ਹਨ।

ਇਸ ਵਿਦਰੋਹ ਨਾਲ ਸੂਬਾ ਸਰਕਾਰ ਨੂੰ ਤਾਂ ਫਿਲਹਾਲ ਕੋਈ ਖ਼ਤਰਾ ਨਹੀਂ ਹੈ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਾਲਾਤ ਬਦਲ ਸਕਦੇ ਹਨ।

ਲੋਕ ਸਭਾ ਦੀਆਂ 28 ਸੀਟਾਂ ਲਈ ਕੀਤੇ ਗਏ ਇਸ ਗੱਠਜੋੜ ਵਿੱਚ ਕਾਂਗਰਸ ਵੱਡੀ ਧਿਰ ਹੋਣ ਕਾਰਨ 20 ਸੀਟਾਂ 'ਤੇ ਚੋਣ ਲੜ ਰਹੀ ਹੈ।

ਬਾਕੀ ਦੀਆਂ ਅੱਠ ਸੀਟਾਂ 'ਤੇ ਜੇਡੀਐੱਸ ਦੇ ਉਮੀਦਵਾਰ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 17 ਸੀਟਾਂ ਭਾਜਪਾ ਦੇ ਹਿੱਸੇ ਆਈਆਂ ਸਨ।

ਦੱਖਣੀ ਭਾਰਤ ਵਿੱਚ ਕਰਨਾਟਕ ਇਕੱਲਾ ਸੂਬਾ ਹੈ ਜਿੱਥੇ ਭਾਜਪਾ ਦੂਸਰੀਆਂ ਪਾਰਟੀਆਂ ਉੱਪਰ ਭਾਰੂ ਹੈ। ਇਹ ਗੱਲ ਵੀ ਗੱਠਜੋੜ ਲਈ ਚਿੰਤਾ ਦੀ ਗੱਲ ਹੈ।

ਫਿਰ ਵੀ ਭਾਜਪਾ ਦੇ ਆਗੂ ਦਾਅਵਾ ਕਰਦੇ ਹਨ ਕਿ ਵਰਕਰਾਂ ਦੇ ਤਣਾਅ ਦਾ ਉਨ੍ਹਾਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)