ਜਲ੍ਹਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਮੌਕੇ ਕਿਹੋ-ਜਿਹੀਆਂ ਰਹੀਆਂ ਸਰਗਮੀਆਂ

ਜਲ੍ਹਿਆਂਵਾਲਾ ਬਾਗ ਕਾਂਡ ਨੂੰ ਇਸ ਸਾਲ 100 ਸਾਲ ਪੂਰੇ ਹੋ ਗਏ ਹਨ। 13 ਅਪ੍ਰੈਲ 1919 ਨੂੰ ਹੋਏ ਇਸ ਕਾਂਡ ਵਿੱਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ।

ਸ਼ਨਿੱਚਰਵਾਰ ਨੂੰ ਜਲ੍ਹਿਆਂਵਾਲੇ ਬਾਗ ਵਿੱਚ ਕੁਝ ਇਸ ਤਰ੍ਹਾਂ ਦੀਆਂ ਸਰਗਰਮੀਆਂ ਰਹੀਆਂ। ਸਿਆਸੀ ਆਗੂਆਂ ਤੋਂ ਇਲਾਵਾ ਆਮ ਲੋਕ ਵੀ ਉਸ ਦਿਨ ਮਰਨ ਵਾਲੇ ਲੋਕਾਂ ਨੂੰ ਯਾਦ ਕਰਨ ਜਲ੍ਹਿਆਂਵਾਲੇ ਬਾਗ ਦੀ ਯਾਦਗਾਰ ਪਹੁੰਚੇ।

ਇਹ ਵੀ ਪੜ੍ਹੋ:

ਇਤਿਹਾਸਕਾਰ ਵੀਐੱਨ ਦੱਤਾ ਤੇ ਸਤਿਆ ਐੱਮ ਰਾਏ ਮੁਤਾਬਕ 13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਸਾਕਾ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀਂ ਹਕੂਮਤ ਵੱਲੋਂ ਕੀਤੀ ਗ੍ਰਿਫ਼ਤਾਰੀ ਵਿਰੋਧੀ ਅੰਦੋਲਨ ਨੂੰ ਦਬਾਉਣ ਦਾ ਵੀ ਨਤੀਜਾ ਸੀ।

1919 ਦੇ ਖੂਨੀ ਸਾਕੇ ਉੱਤੇ 1969 ਵਿੱਚ ਲਿਖੀ ਗਈ ਕਿਤਾਬ 'ਜਲ੍ਹਿਆਂਵਾਲਾ ਬਾਗ' ਦੇ ਲੇਖਕ ਵੀਐੱਨ ਦੱਤਾ ਮੁਤਾਬਕ ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਨੂੰ ਅੰਜਾਮ ਦੇਣ ਵਾਲੇ ਬਰਤਾਨਵੀਂ ਫੌਜੀ ਅਫ਼ਸਰ ਜਨਰਲ ਡਾਇਰ ਦਾ ਪੂਰਾ ਨਾਂ ਰੈਡੀਨਾਲਡ ਐਡਵਰਡ ਹੈਰੀ ਡਾਇਰ ਸੀ।

ਇਤਿਹਾਸਕਾਰ ਵੀਐੱਨ ਦੱਤਾ ਮੁਤਾਬਕ ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਹੋਈਆਂ ਮੌਤਾਂ ਬਾਰੇ ਕਈ ਅੰਕੜੇ ਮਿਲਦੇ ਹਨ।

ਦੱਤਾ ਲਿਖਦੇ ਹਨ ਕਿ ਜਨਰਲ ਡਾਇਰ ਨੇ ਲੈਫਟੀਨੈਂਟ ਗਵਰਨਰ ਨੂੰ ਮਰਨ ਵਾਲਿਆਂ ਦੀ ਗਿਣਤੀ ਬਾਰੇ 200-300 ਦੇ ਵਿਚਕਾਰ ਦਾ ਅੰਦਾਜ਼ਾ ਲਿਖ ਕੇ ਭੇਜਿਆ ਸੀ।

ਜਦਕਿ ਜੇਬੀ ਥਾਪਸਨ ਦੀ ਗਿਣਤੀ ਮਿਣਤੀ ਮੁਤਾਬਕ ਬਾਗ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 291 ਤੋਂ ਵੱਧ ਨਹੀਂ ਸੀ, ਪਰ ਸੇਵਾ ਸੰਮਤੀ ਜਿਸ ਨੇ ਘਰਾਂ ਵਿੱਚ ਜਾ ਕੇ ਸਰਵੇ ਕਰਨ ਦਾ ਦਾਅਵਾ ਕੀਤਾ ਉਸ ਮਤਾਬਕ ਉਸ ਨੂੰ 530 ਬੰਦਿਆਂ ਦੇ ਮਾਰੇ ਜਾਣ ਦੇ ਵੇਰਵੇ ਮਿਲੇ ਸਨ।

ਇਹ ਵੀ ਪੜ੍ਹੋ:

ਰੌਲਟ ਐਕਟ ਹੀ ਉਹ ਕਾਨੂੰਨ ਸੀ ਜਿਸ ਨੇ ਹਕੂਮਤ ਨੂੰ ਅਣਚਾਹੀ ਤਾਕਤ ਦਿੱਤੀ। ਇਸ ਐਕਟ ਦੇ ਵਿਰੋਧ ਵਜੋਂ ਪੰਜਾਬ ਵਿੱਚ ਜ਼ਬਰਦਸਤ ਅੰਦੋਲਨ ਬਣਿਆ ਸੀ। ਇਸੇ ਕਾਨੂੰਨ ਦੇ ਵਿਰੋਧ ਵਿੱਚ ਜਲ੍ਹਿਆਂਵਾਲਾ ਬਾਗ ਵਿੱਚ ਸਭਾ ਹੋ ਰਹੀ ਸੀ।

ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਭਾਰਤੀ ਆਜ਼ਾਦੀ ਘੁਲਾਟੀਏ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ ਸੀ ਪਰ ਅਸਲੀਅਤ ਇਹ ਹੈ ਕਿ ਊਧਮ ਸਿੰਘ ਨੇ ਡਾਇਰ ਦਾ ਨਹੀਂ ਬਲਕਿ ਸਰ ਮਾਇਕਲ ਓਡਵਾਇਰ ਦਾ ਕਤਲ ਕੀਤਾ ਸੀ।

ਲੰਡਨ ਦੇ ਕੈਕਸਟਨ ਹਾਲ ਵਿੱਚ 13 ਜੂਨ 1940 ਨੂੰ ਜਦੋਂ ਊਧਮ ਸਿੰਘ ਨੇ ਓਡਵਾਇਰ ਨੂੰ ਮਾਰਿਆ ਉਦੋਂ ਉਹ ਰਾਇਲ ਸੁਸਾਇਟੀ ਆਫ਼ ਏਸ਼ੀਅਨ ਅਫ਼ੇਅਰਜ਼ ਦੇ ਸਮਾਗਮ ਵਿੱਚ ਭਾਸ਼ਣ ਦੇ ਰਿਹਾ ਸੀ ਅਤੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਜਾਇਜ਼ ਠਹਿਰਾ ਰਿਹਾ ਸੀ।

ਜਨਰਲ ਡਾਇਰ ਦਾ ਮੰਨਣਾ ਸੀ ਕਿ ਉਸ ਨੇ ਬਗਾਵਤ ਨੂੰ ਦਬਾਇਆ ਹੈ। ਇਹੀ ਵਿਚਾਰ ਤਤਕਾਲੀ ਗਵਰਨਰ ਸਰ ਮਾਈਕਲ ਓਡਵਾਇਰ ਦੇ ਸਨ।

ਪਰ ਹੰਟਰ ਕਮਿਸ਼ਨ ਨੇ ਲਿਖਿਆ, ''ਉੱਥੇ ਕੋਈ ਬਗਾਵਤ ਨਹੀਂ ਹੋ ਰਹੀ ਸੀ ਜਿਸ ਨੂੰ ਖ਼ਤਮ ਕਰਨ ਦੀ ਲੋੜ ਸੀ।''

13 ਅਪ੍ਰੈਲ 1919 ਦੇ ਸਾਕੇ ਤੋਂ ਬਾਅਦ ਇੱਕ ਯਾਦਗਾਰੀ ਟਰੱਸਟ ਹੋਂਦ ਵਿੱਚ ਆਇਆ। ਇਸ ਕਮੇਟੀ ਨੇ ਆਪਣੇ ਪ੍ਰਧਾਨ ਪੰਡਿਤ ਮਦਨ ਮੋਹਨ ਮਾਲਵੀਆ ਦੀ ਅਗਵਾਈ ਵਿੱਚ 34 ਮਾਲਕਾਂ ਤੋਂ ਜਲ੍ਹਿਆਂਵਾਲਾ ਬਾਗ ਦੀ ਜ਼ਮੀਨ 5 ਲੱਖ 65 ਹਜ਼ਾਰ ਵਿਚ ਖ਼ਰੀਦੀ।

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।