ਸੀਨੀਅਰ ਭਾਜਪਾ ਆਗੂਆਂ ’ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ, ਯੇਦਿਊਰੱਪਾ ਨੇ ਦੱਸੇ ਬੇਬੁਨਿਆਦ

ਦਿੱਲੀ ਤੋਂ ਛਾਪੀ ਜਾਂਦੀ ਇੱਕ ਅੰਗਰੇਜ਼ੀ ਪੱਤਰਿਕਾ ਦੇ ਮੁਤਾਬਕ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਬੀਐੱਸ ਯੇਡਿਊਰੱਪਾ ਨੇ ਸੀਨੀਅਰ ਭਾਜਪਾ ਆਗੂਆਂ ਨੂੰ ਕਥਿਤ ਤੌਰ 'ਤੇ 1800 ਕਰੋੜ ਰੁਪਏ ਦੀ 'ਰਿਸ਼ਵਤ' ਦਿੱਤੀ ਸੀ।

ਇਸ ਮਾਮਲੇ ਵਿੱਚ ਕਾਂਗਰਸ ਅਤੇ ਭਾਜਪਾ ਵੱਲੋਂ ਤਿੱਖੀ ਬਿਆਨਬਾਜ਼ੀ ਹੋ ਰਹੀ ਹੈ। ਕਾਂਗਰਸ ਦੇ ਇਲਜ਼ਾਮਾਂ ਨੂੰ ਭਾਜਪਾ ਨੇ ਖਾਰਿਜ ਕੀਤਾ ਹੈ। ਕਰਟਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਯੇਡਿਊਰੱਪਾ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਗਲਤ, ਬੇਤੁਕਾ ਅਤੇ ਅਕਸ ਖਰਾਬ ਕਰਨ ਵਾਲਾ' ਦੱਸਿਆ ਹੈ।

ਉਨ੍ਹਾਂ ਦੇ ਅਨੁਸਾਰ ਕਾਂਗਰਸ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ 2019 ਦੀਆਂ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਹਾਰ ਗਈ ਹੈ ਇਸ ਲਈ ਉਹ ਅਜਿਹਾ ਕਰ ਰਹੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇ ਉਹ ਇਲਜ਼ਾਮ ਵਾਪਸ ਨਹੀਂ ਲੈਂਦੇ ਤਾਂ ਉਹ ਮਾਣਹਾਨੀ ਦਾ ਮੁਕੱਦਮਾ ਕਰਨਗੇ।

ਯੇਡਿਊਰੱਪਾ ਨੇ ਕਿਹਾ, "ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਕੋਲ ਕੋਈ ਮੁੱਦਾ ਨਹੀਂ ਹੈ। ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਪਹਿਲਾਂ ਹੀ ਦਸਤਾਵੇਜਾਂ ਅਤੇ ਦਸਤਖਤਾਂ ਦੀ ਜਾਂਚ ਕਰ ਚੁੱਕੇ ਹਨ ਅਤੇ ਹੱਥਾਂ ਨਾਲ ਲਿਖਿਆ ਨੋਟ ਜਾਅਲੀ ਹੈ।"

ਕਾਂਗਰਸ ਇਸ ਮਾਮਲੇ ਦੀ ਜਾਂਚ ਨਵੇਂ ਥਾਪੇ ਗਏ ਲੋਕਪਾਲ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਇਲਜ਼ਾਮ ਕੀ ਹਨ?

ਕਾਰਵਾਂ ਮੈਗਜ਼ੀਨ ਦੇ ਅਨੁਸਾਰ, "ਕਰਨਾਟਕ ਵਿੱਚ ਵੱਡੇ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਯੇਡਿਊਰੱਪਾ ਦੇ ਹੱਥਾਂ ਨਾਲ ਲਿਖੀ ਡਾਇਰੀ ਦੀਆਂ ਕਾਪੀਆਂ ਇਨਕਮ ਟੈਕਸ ਡਿਪਾਰਟਮੈਂਟ ਕੋਲ ਹਨ।"

"ਇਨ੍ਹਾਂ ਵਿੱਚ ਭਾਜਪਾ ਦੇ ਵੱਡੇ ਆਗੂ, ਕੇਂਦਰੀ ਕਮੇਟੀ, ਜੱਜਾਂ ਅਤੇ ਵਕੀਲਾਂ ਨੂੰ ਕਥਿਤ ਤੌਰ ਉੱਤ ਦਿੱਤੇ ਗਏ ਕੁੱਲ 1800 ਕਰੋੜ ਰੁਪਏ ਦਾ ਬਿਓਰਾ ਦਰਜ ਹੈ।"

ਮੈਗਜ਼ੀਨ ਦੀ ਰਿਪੋਰਟ ਦਾ ਆਧਾਰ ਕੀ ਹੈ?

ਮੈਗਜ਼ੀਨ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੀ ਰਿਪੋਰਟ ਦਾ ਆਧਾਰ ਉਹ ਡਾਇਰੀ ਹੈ ਜੋ ਕਾਂਗਰਸ ਦੇ ਅਹਿਮ ਨੇਤਾ ਅਤੇ ਸੂਬੇ ਵਿੱਚ ਜਲ ਸੰਸਾਧਨ ਮੰਤਰੀ ਡੀ ਕੇ ਸ਼ਿਵ ਕੁਮਾਰ ਉੱਤੇ ਇਨਕਮ ਟੈਕਸ ਦੇ ਛਾਪੇ ਦੌਰਾਨ ਮਿਲੀ ਸੀ।

ਖਬਰ ਮੁਤਾਬਕ ਯੇਡਿਊਰੱਪਾ ਦੇ ਇੱਕ ਕਰੀਬੀ ਅਤੇ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਕੇਐੱਸ ਈਸ਼ਵਰੱਪਾ ਵਿਚਾਲੇ ਲੜਾਈ ਦੇ ਕਾਰਨ ਸ਼ਿਵ ਕੁਮਾਰ ਕੋਲ ਇਹ ਦਸਤਾਵੇਜ਼ ਆਏ।

ਇਨਕਮ ਟੈਕਸ ਡਿਪਾਰਟਮੈਂਟ ਦਾ ਕੀ ਕਹਿਣਾ ਹੈ?

ਦਿਲਚਸਪ ਹੈ ਕਿ ਕਾਰਵਾਂ ਮੈਗਜ਼ੀਨ ਨੇ 'ਦਿ ਯੇੱਦੀ ਡਾਇਰੀਜ਼' ਦੀ ਤਾਰੀਖ 22 ਮਾਰਚ ਦੀ ਹੈ ਜਦਕਿ ਇਨਕਮ ਟੈਕਸ ਵਿਭਾਗ ਨੇ 20 ਮਾਰਚ ਨੂੰ ਹੀ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਸ ਨੇ 25 ਨਵੰਬਰ 2017 ਨੂੰ ਯੇਦਿਊਰੱਪਾ ਤੋਂ ਪੁੱਛਗਿੱਛ ਕੀਤੀ ਸੀ।

ਪੀਟੀਆਈ ਅਨੁਸਾਰ ਸੀਬੀਡੀਟੀ (ਸੈਂਟਰ ਬਿਊਰੋ ਆਫ ਡਾਇਰੈਕਟ ਟੈਕਸਿਸ) ਨੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ 2 ਅਗਸਤ 2017 ਨੂੰ ਡਾਇਰੀ ਦੀਆਂ ਫੋਟੋਕਾਪੀਆਂ ਕਾਂਗਰਸੀ ਆਗੂ ਡੀ.ਕੇ ਸ਼ਿਵਕੁਮਾਰ ਉੱਤੇ ਕੀਤੀ ਛਾਪੇ ਦੀ ਕਾਰਵਾਈ ਦੌਰਾਨ ਮਿਲੀਆਂ ਸਨ।

ਸੀਬੀਡੀਟੀ ਨੇ ਹੈਂਡਰਾਇਟਿੰਗ ਨੂੰ ਐਫਐੱਸਐੱਲ ਭੇਜਿਆ ਗਿਆ ਪਰ ਉਨ੍ਹਾਂ ਨੇ ਮੂਲ ਕਾਪੀ ਦੀ ਮੰਗ ਕੀਤੀ ਜੋ ਉਪਲਬਧ ਨਹੀਂ ਸੀ।

ਯੇਦਿਊਰੱਪਾ ਨੇ ਆਈਟੀ ਡਿਪਾਰਟਮੈਂਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਾਇਰੀ ਲਿਖਣ ਦੀ ਆਦਤ ਨਹੀਂ ਹੈ ਅਤੇ ਇਹ ਸਾਜ਼ਿਸ਼ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)