ਨਿਊਜ਼ੀਲੈਂਡ ਮਸਜਿਦ ਸ਼ੂਟਿੰਗ ਦੇ ਮੁਲਜ਼ਮ ਦੀ ਹੋਈ ਅਦਾਲਤ ਵਿੱਚ ਪੇਸ਼ੀ -5 ਅਹਿਮ ਖ਼ਬਰਾਂ

ਨਿਊਜ਼ੀਲੈਂਡ ਦੀ ਮਸਜਿਦ ਵਿੱਚ ਹੋਈ ਸ਼ੂਟਿੰਗ ਦੇ 28 ਸਲਾ ਮੁੱਖ ਮੁਲਜ਼ਮ ਬ੍ਰੈਨਟਨ ਟਾਰੈਂਟ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ ਸ਼ੂਟਿੰਗ ਦੌਰਾਨ ਪੁਲਿਸ ਨੇ 49 ਮੌਤਾਂ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਅਜੇ ਨਾਂਵਾਂ ਬਾਰੇ ਖੁਲਾਸਾ ਨਹੀਂ ਕੀਤਾ ਹੈ।

ਮੁਲਜ਼ਮ ਬ੍ਰੈਨਟਨ ਆਸਟਰੇਲੀਅਨ ਨਾਗਰਿਕ ਹੈ। ਉਸ ਦੇ ਨਾਲ ਹੀ ਤਿੰਨ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਜੈਸਿੰਡਾ ਆਡਰਨ ਮੁਤਾਬਕ ਹਮਲਾਵਰ ਕੋਲ ਪੰਜ ਲਾਈਸੈਂਸੀ ਬੰਦੂਕਾਂ ਸਨ,। ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਉਮੀਦ ਹੈ ਕਿਮ ਯੋਂਗ-ਉਨ ਆਪਣਾ ਵਾਅਦਾ ਨਿਭਾਉਣਗੇ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪਿਓ ਨੇ ਕਿਹਾ ਹੈ ਕਿ ਉੱਤਰੀ ਕੋਰੀਆਈ ਆਗੂ ਕਿਮ ਯੋਂਗ ਉਨ ਆਪਣਾ ਵਾਅਦਾ ਨਿਭਾਉਣ।

ਉਨ੍ਹਾਂ ਦੇ ਇਸ ਬਿਆਨ ਤੋਂ ਕੁਝ ਦਿਨ ਪਹਿਲਾਂ ਉੱਤਰੀ ਕੋਰੀਆ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਕਿਮ ਯੋਂਗ-ਉਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਕਾਰ ਗੱਲਬਾਤ ਬੇਨਤੀਜਾ ਰਹਿਣ ਮਗਰੋਂ ਹੁਣ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਸਕਦਾ ਹੈ ਤੇ ਪਰਮਾਣੂ ਤੇ ਮਿਜ਼ਾਈਲ ਪਰੀਖਣ ਕਰ ਸਕਦਾ ਹੈ।

ਉੱਤਰੀ ਕੋਰੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਯੌਂਗਬਾਨ ਵਿਚਲਾ ਮੁੱਖ ਪਰਮਾਣੂ ਪਰੀਖਣ ਕੇਂਦਰ ਨਸ਼ਟ ਕਰ ਦੇਵੇਗਾ। ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੁਪਰੀਮ ਕੋਰਟ ਨੇ ਮੈਨੂੰ ਲਾਈਫ਼ ਲਾਈਨ ਦਿੱਤੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਮੈਚ ਫਿਕਸਿੰਗ ਮਾਮਲੇ ਵਿੱਚ ਪਾਬੰਦੀਸ਼ੁਦਾ ਕ੍ਰਿਕਟ ਖਿਡਾਰੀ ਸ਼੍ਰੀਸੰਤ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਲਾਈਫ਼ ਲਾਈਨ ਦਿੱਤੀ ਹੈ ਜਿਸ ਮਗਰੋਂ ਉਹ ਜਲਦੀ ਮੈਦਾਨ ਵਿੱਚ ਵਾਪਸੀ ਕਰਨਾ ਚਾਹੁੰਦੇ ਹਨ।

ਸ਼੍ਰੀਸੰਤ 'ਤੇ ਕ੍ਰਿਕਟ ਬੋਰਡ ਦੀ ਅਨੁਸ਼ਾਸ਼ਨੀ ਕਮੇਟੀ ਨੇ ਰੋਕ ਲਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਹੈ।

ਕੇਰਲ ਹਾਈ ਕੋਰਟ ਨੇ ਬੋਰਡ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਪਰ ਸ਼੍ਰੀਸੰਤ ਵੱਲੋਂ ਕੀਤੀ ਅਪੀਲ ਦੇ ਸਿੱਟੇ ਵਜੋਂ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ।

ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਹਿਬ ਦੇ ਬੇਸ਼ਰਤ ਦਰਸ਼ਨਾਂ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਤਾਂ ਨਹੀਂ ਰੱਖੀਆਂ ਜਾ ਸਕਦੀਆਂ ਹਨ।

ਪਾਕਿਸਤਾਨ ਚਾਹੁੰਦਾ ਹੈ ਕਿ ਹਰ ਦਿਨ ਸਿਰਫ 500 ਸ਼ਰਧਾਲੂਆਂ ਨੂੰ ਹੀ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਏ, ਨਾਲ ਹੀ ਹਰ ਰੋਜ਼ ਦਰਸ਼ਨ ਵੀ ਨਹੀਂ ਹੋ ਸਕਣਗੇ।

ਅਮਰਿੰਦਰ ਸਿੰਘ ਨੇ ਟਵੀਟ ਕੀਤਾ, ''ਭਾਰਤ ਦੀ ਇਸ ਮੰਗ 'ਤੇ ਪਾਕਿਸਤਾਨ ਨੇ ਠੀਕ ਜਵਾਬ ਨਹੀਂ ਦਿੱਤਾ ਹੈ। ਅਜਿਹੀਆਂ ਪਾਬੰਦੀਆਂ ਨਾਲ ਲਾਂਘੇ ਦਾ ਅਸਲੀ ਮਕਸਦ ਪੂਰਾ ਨਹੀਂ ਹੋ ਸਕੇਗਾ।''

''ਸਿੱਖ 70 ਸਾਲਾਂ ਤੱਕ ਦਰਸ਼ਨਾਂ ਤੋਂ ਵਾਂਝੇ ਰਹੇ ਹਨ, ਗੁਰਦੁਆਰੇ ਵਿੱਚ ਸੱਤ ਦਿਨ 'ਖੁੱਲ੍ਹੇ ਦਰਸ਼ਨ' ਹੋਣੇ ਚਾਹੀਦੇ ਹਨ। ਵਿਦੇਸ਼ੀ ਸ਼ਰਧਾਲੂਆਂ ਨੂੰ ਵੀ ਇਜਾਜ਼ਤ ਮਿਲਣੀ ਚਾਹੀਦੀ ਹੈ।''

ਯੂਨੀਵਰਸਿਟੀ ਦਾਖ਼ਲਾ ਘਪਲੇ ਦੇ ਮੁਲਜ਼ਮਾਂ ਖਿਲਾਫ਼ ਮਾਂ ਵੱਲੋਂ ਮੁਕੱਦਮਾ

ਇੱਕ ਅਮਰੀਕੀ ਮਾਂ ਜੈਨੀਫਰ ਕੇ ਟੋਈ, ਨੇ ਅਮਰੀਕੀ ਯੂਨੀਵਰਸਿਟੀ ਦੇ ਦਾਖਲੇ ਵਿੱਚ ਹੋਏ ਘੁਟਾਲੇ ਵਿੱਚ ਨਾਮਜ਼ਦ ਮੁਲਜ਼ਮਾਂ ਖਿਲਾਫ਼ 500 ਬਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਕੇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਦਾਖਲਾ ਨਹੀਂ ਦਿੱਤਾ ਗਿਆ ਜੋ ਗ਼ੈਰ - ਵਾਜਿਬ ਹੈ।

ਜੈਨੀਫਰ ਕੇ ਟੋਈ ਮੁਤਾਬਕ ਕਥਿਤ ਸਾਜਿਸ਼ਕਾਰਾਂ ਦੇ ਨਫਰਤਯੋਗ ਕੰਮਾਂ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਨਹੀਂ ਮਿਲਿਆ।

ਪਿਛਲੇ ਦਿਨੀਂ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦਾ ਘਪਲੇ ਲਈ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਇਨ੍ਹਾਂ ਲੋਕਾਂ ’ਤੇ ਇਲਜ਼ਾਮ ਸੀ ਕਿ ਇਨ੍ਹਾਂ ਨੇ ਕੁਝ ਅਮੀਰ ਮਾਪਿਆਂ ਜਿਨ੍ਹਾਂ ਵਿੱਚ ਅਦਾਕਾਰ ਤੇ ਕੰਪਨੀਆਂ ਦੇ ਸੀਓ ਵੀ ਸ਼ਾਮਲ ਸਨ ਤੋਂ ਰਿਸ਼ਵਤ ਲੈ ਕੇ ਉਨ੍ਹਾਂ ਦੇ ਬੱਚਿਆਂ ਦੀ ਨਾਮੀ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਵਿੱਚ ਮਦਦ ਕੀਤੀ ਹੈ।

ਜਿਨ੍ਹਾਂ 33 ਜਣਿਆਂ ਨੂੰ ਘੋਟਾਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਕੁਝ ਕੰਪਨੀਆਂ ਦੇ ਕੁਝ ਸੀਓ ਵੀ ਹਨ ਤੇ ਅਦਾਕਾਰ ਵੀ ਹਨ। ਖ਼ਾਸ ਕਰ ਅਦਾਕਾਰਾ ਫੈਲਸਿਟੀ ਹਫਮੈਨ ਅਤੇ ਲੌਰੀ ਲੋਰੀ ਲਾਫ਼ਲਿਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)