You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ 2019: ਮੋਦੀ ਦੂਜਿਆਂ ਨੂੰ ਸ਼ੀਸ਼ਾ ਵਿਖਾਉਂਦੇ ਹਨ ਪਰ ਆਪ ਨਹੀਂ ਵੇਖਦੇ- ਬਲਾਗ
- ਲੇਖਕ, ਰਾਜੇਸ਼ ਪ੍ਰੀਆਦਰਸ਼ੀ
- ਰੋਲ, ਬੀਬੀਸੀ ਪੱਤਰਕਾਰ
ਮੋਦੀ ਬਹੁਤ ਵਧੀਆ ਬੋਲਦੇ ਹਨ। ਚੋਣਾਂ ਕਰੀਬ ਆਉਣ 'ਤੇ ਉਨਾਂ ਨੇ ਬੋਲਣ ਦੇ ਨਾਲ ਨਾਲ ਲਿਖਣ ਬਾਰੇ ਵੀ ਸੋਚਿਆ ਤੇ ਲਿਖਿਆ ਵੀ, ਅਤੇ ਬਹੁਤ ਵਧੀਆ ਲਿਖਿਆ ਹੈ, ਜਿਸ ਦੀ ਉਨ੍ਹਾਂ ਤੋਂ ਉਮੀਦ ਸੀ।
ਅਸੀਂ ਮੋਦੀ ਵੱਲੋਂ ਲਿਖੇ ਗਏ ਤਾਜ਼ਾ ਬਲਾਗ ਦੀ ਗੱਲ ਕਰ ਰਹੇ ਹਾਂ। ਇਹ ਉਸ ਵੇਲੇ ਲਿਖਿਆ ਗਿਆ ਹੈ ਜਦ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਸਣੇ ਸਾਰੇ ਵੱਡੇ ਕਾਂਗਰਸ ਦੇ ਆਗੂ ਉਨ੍ਹਾਂ ਦੇ ਜੱਦੀ ਸੂਬੇ ਗੁਜਰਾਤ ਵਿੱਚ ਹਨ।
ਉਹ ਉੱਥੇ ਕਾਂਗਰਸ ਕਾਰਜਕਾਰਨੀ ਦੀ ਬੈਠਕ ਅਤੇ ਰੈਲੀ ਕਰਕੇ ਮੋਦੀ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ।
ਇਸ ਤੋਂ ਪਹਿਲਾਂ ਮੋਦੀ ਨੇ 31 ਅਕਤੂਬਰ 2018 ਨੂੰ ਸਰਦਾਰ ਪਟੇਲ ਦੇ ਜਨਮ ਦਿਨ 'ਤੇ ਆਪਣੇ ਐਪ 'ਤੇ ਬਲਾਗ ਲਿਖਿਆ ਸੀ। ਉਨ੍ਹਾਂ ਦੇ ਬਲਾਗ ਨੂੰ ਲੋਕ 13 ਭਾਸ਼ਾਵਾਂ ਵਿੱਚ ਪੜ੍ਹ ਸਕਦੇ ਹਨ ਜਿਸ ਵਿੱਚ ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਤੋਂ ਇਲਾਵਾ ਉਰਦੂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਦੇ ਇਸ ਬਲਾਗ ਦਾ ਟਾਈਟਲ ਹੈ- 'ਜਦ ਇੱਕ ਮੁੱਠੀ ਨਮਕ ਨੇ ਅੰਗਰੇਜ਼ੀ ਸਮਰਾਜ ਨੂੰ ਹਿਲਾ ਦਿੱਤਾ।' ਇਹ ਨਾਂ ਇਸ ਲਈ ਕਿਉਂਕਿ ਮੌਕਾ ਮਹਾਤਮਾ ਗਾਂਧੀ ਦੀ ਡਾਂਡੀ ਯਾਤਰਾ ਦੀ ਵਰ੍ਹੇਗੰਢ ਦਾ ਹੈ।
ਪ੍ਰਧਾਨ ਮੰਤਰੀ ਮੋਦੀ ਮਹਾਤਮਾ ਗਾਂਧੀ ਨੂੰ ਅਕਸਰ ਯਾਦ ਕਰਦੇ ਹਨ ਪਰ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਯਾਦ ਕਰਨ ਦਾ ਮਕਸਦ ਸਿਆਸੀ ਸੀ।
ਉਨ੍ਹਾਂ ਨੇ ਆਪਣੇ ਬਲਾਗ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ- ''ਕੀ ਤੁਹਾਨੂੰ ਪਤਾ ਹੈ ਕਿ ਗਾਂਧੀ ਜੀ ਦੇ ਡਾਂਡੀ ਮਾਰਚ ਦੀ ਯੋਜਨਾ ਬਣਾਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਕਿਸ ਦੀ ਸੀ? ਦਰਅਸਲ ਇਸ ਦੇ ਪਿੱਛੇ ਸਾਡੇ ਮਹਾਨ ਆਗੂ ਸਰਦਾਰ ਵੱਲਬਭਾਈ ਪਟੇਲ ਸਨ।''
ਇੱਥੇ ਸ਼ਬਦ 'ਹਮਾਰੇ' 'ਤੇ ਧਿਆਨ ਦੇਣਾ ਚਾਹੀਦਾ ਹੈ, ਇਹ ਗੁਜਰਾਤੀਆਂ ਲਈ ਵੀ ਹੈ, ਦੇਸ਼ ਭਗਤਾਂ ਲਈ ਵੀ ਅਤੇ ਭਾਜਪਾ ਲਈ ਵੀ।
ਪਟੇਲ ਉਹੀ ਹਨ ਜਿਨ੍ਹਾਂ ਨੇ ਗ੍ਰਹਿ ਮੰਤਰੀ ਦੇ ਤੌਰ 'ਤੇ ਭਾਜਪਾ ਦੇ ਪਿਤਰੀ ਸੰਗਠਨ ਆਰਐਸਐਸ 'ਤੇ ਪਾਬੰਦੀ ਲਗਾਈ ਸੀ ਅਤੇ ਇਸ ਦੀ ਵਜ੍ਹਾ ਗਾਂਧੀ ਦਾ ਕਤਲ ਸੀ।
ਇਸ ਬਾਰੇ ਪਟੇਲ ਨੇ 1948 ਵਿੱਚ ਇੱਕ ਚਿੱਠੀ ਵਿੱਚ ਲਿਖਿਆ ਸੀ, ''ਸੰਘ ਹਿੰਦੂ ਸਮਾਜ ਦੀ ਸੇਵਾ ਕਰਦਾ ਆਇਆ ਹੈ ਪਰ ਬਦਲੇ ਦੀ ਭਾਵਨਾ ਵਿਚ ਉਹ ਮੁਸਲਮਾਨਾਂ 'ਤੇ ਹਮਲਾ ਕਰਦਾ ਹੈ।''
''ਇਸ ਕਾਰਨ ਗਾਂਧੀ ਨੂੰ ਬਲੀਦਾਨ ਦੇਣਾ ਪਿਆ। ਉਨ੍ਹਾਂ ਦੇ ਕਤਲ ਤੋਂ ਬਾਅਦ ਆਰਐਸਐਸ ਦੇ ਲੋਕਾਂ ਨੇ ਖੁਸ਼ੀਆਂ ਮਨਾਈਆਂ, ਅਜਿਹੇ ਵਿੱਚ ਸਰਕਾਰ ਲਈ ਆਰਐਸਐਸ ਉੱਤੇ ਪਾਬੰਦੀ ਲਾਉਣਾ ਜ਼ਰੂਰੀ ਸੀ।''
ਇਸ ਦੇ ਬਾਵਜੂਦ ਜੇ ਮੋਦੀ ਪਟੇਲ ਦੀ ਸਿਫ਼ਤ ਕਰਦੇ ਹਨ ਤਾਂ ਇਸ ਨੂੰ ਉਨ੍ਹਾਂ ਦਾ ਵੱਡਾਪਣ ਮੰਨਣਾ ਚਾਹੀਦਾ ਹੈ ਜਾਂ ਸਿਆਸੀ ਚਲਾਕੀ?
ਉਨ੍ਹਾਂ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ, ਇਹ ਅਫ਼ਸੋਸ ਦੀ ਗੱਲ ਹੈ ਕਾਂਗਰਸ ਦਾ ਸੱਭਿਆਚਾਰ ਗਾਂਧੀਵਾਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਹੋ ਚੁੱਕਿਆ ਹੈ।
ਉਨ੍ਹਾਂ ਦੀ ਇਹ ਗੱਲ ਸਹੀ ਹੈ ਕਿ ਕਾਂਗਰਸ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਖੁਦ ਨੂੰ ਗਾਂਧੀ ਦਾ ਸੱਚਾ ਵਾਰਿਸ ਸਾਬਤ ਨਹੀਂ ਕਰ ਸਕਦੀ ਪਰ ਪ੍ਰੇਸ਼ਾਨੀ ਇਹ ਹੈ ਕਿ ਕਾਂਗਰਸ ਦੀ ਨਿੰਦਾ ਕਰਕੇ ਮੋਦੀ ਆਪਣੀ ਸਿਆਸਤ ਤੇ ਵਿਰਾਸਤ ਨੂੰ ਲੁਕਾ ਨਹੀਂ ਸਕਦੇ।
ਬਲਕਿ ਕਈ ਵਾਰ ਇਹ ਹੋਰ ਵੀ ਵੱਧ ਉਭਰਕੇ ਸਾਹਮਣੇ ਆਉਂਦੀ ਹੈ।
ਉਦਾਹਰਣ ਦੇ ਤੌਰ 'ਤੇ ਇਸ ਲਾਈਨ ਨੂੰ ਦੇਖਦੇ ਹਾਂ- 'ਕਾਂਗਰਸ ਨੇ ਸਮਾਜ ਨੂੰ ਵੰਡਣ ਵਿੱਚ ਕੋਈ ਝਿਝਕ ਨਹੀਂ ਵਿਖਾਈ, ਸਭ ਤੋਂ ਭਿਆਨਕ ਜਾਤੀ ਅਧਾਰਿਤ ਦੰਗੇ ਅਤੇ ਦਲਿਤਾਂ ਦੀ ਨਸਲਕੁਸ਼ੀ ਦੀਆਂ ਘਟਨਾਵਾਂ ਕਾਂਗਰਸ ਦੇ ਰਾਜ ਵਿੱਚ ਹੋਈਆਂ ਹਨ।'
ਇਹ ਵੀ ਪੜ੍ਹੋ:
ਹੁਣ ਇਸੇ ਲਾਈਨ ਨੂੰ ਮੋਦੀ ਦੇ ਗੁਜਰਾਤ ਤੇ ਪਿਛਲੇ ਪੌਣੇ ਪੰਜ ਸਾਲਾਂ ਵਿੱਚ ਦੇਸ ਭਰ ਦੇ ਸੰਦਰਭ ਵਿੱਚ ਦੇਖ ਲਿਆ ਜਾਵੇ।
ਕਾਂਗਰਸ ਦੀ ਆਲੋਚਨਾ ਸਹੀ ਹੈ, ਹੋਣੀ ਵੀ ਚਾਹੀਦੀ ਹੈ ਪਰ ਕਾਸ਼ ਉਨ੍ਹਾਂ ਗੱਲਾਂ ਲਈ ਹੀ ਭਾਜਪਾ ਦੀ ਵੀ ਨਿੰਦਾ ਦੀ ਗੁੰਜਾਇਸ਼ ਹੁੰਦੀ।
ਮੋਦੀ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਭਾਜਪਾ ਕਾਂਗਰਸ ਤੋਂ ਉਲਟ ਹੈ, ਕਾਂਗਰਸ ਵਿੱਚ ਸਭ ਕਾਲਾ ਹੈ ਤੇ ਭਾਜਪਾ ਵਿੱਚ ਸਭ ਚਿੱਟਾ ਸਾਫ਼ ।
ਪਰ ਦੋਹਾਂ ਦੇ ਆਪਣੇ ਆਪਣੇ ਫਿਫਟੀ ਸ਼ੇਡਜ਼ ਆਫ ਗ੍ਰੇਅ ਹਨ।
ਪੂੰਜੀਵਾਦ-ਵੰਸ਼ਵਾਦ ਵਿਰੋਧੀ, ਗਾਂਧੀਵਾਦੀ ਮੋਦੀ
ਮੋਦੀ ਨੇ ਆਪਣੇ ਬਲਾਗ ਵਿੱਚ ਲਿਖਿਆ, ''ਬਾਪੂ ਨੇ ਇਹ ਸਿਖਾਇਆ ਕਿ ਜ਼ਰੂਰਤ ਤੋਂ ਵੱਧ ਪੈਸੇ ਪਿੱਛੇ ਭੱਜਣਾ ਸਹੀ ਨਹੀਂ ਹੈ ਜਦਕਿ ਕਾਂਗਰਸ ਨੇ ਇਸ ਸਿੱਖਿਆ ਦੇ ਉਲਟ ਆਪਣੇ ਬੈਂਕ ਖਾਤਿਆਂ ਨੂੰ ਭਰਨ ਅਤੇ ਸੁੱਖ-ਸੁਵਿਧਾਵਾਂ ਨਾਲ ਭਰੀ ਜੀਵਨ ਸ਼ੈਲੀ ਨੂੰ ਅਪਣਾਇਆ।''
ਦੁਨੀਆਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਸਭ ਤੋਂ ਵੱਡੇ ਆਗੂ ਵੱਡੇ ਅਰਬਪਤੀਆਂ ਨਾਲ ਸਭ ਤੋਂ ਵੱਧ ਖੁਸ਼ ਨਜ਼ਰ ਆਉਂਦੇ ਹਨ।
ਜਿਵੇਂ ਇਨ੍ਹਾਂ ਕਾਰੋਬਾਰੀਆਂ ਨੇ ਦੇਸ ਦੇ ਗਰੀਬ ਲੋਕਾਂ ਦੀ ਸੇਵਾ ਕਰਕੇ ਅਰਬਾਂ ਕਮਾਏ ਹਨ। ਕਾਰਪੋਰੇਟ ਦੁਨੀਆਂ ਨਾਲ ਮੌਜੂਦਾ ਸੱਤਾ ਦੇ ਰਿਸ਼ਤੇ ਉਵੇਂ ਹੀ ਹਨ, ਜਿਵੇਂ ਕਾਂਗਰਸ ਦੇ ਸੀ।
ਕੁਝ ਲੋਕ ਤਾਂ ਉਹ ਤਸਵੀਰ ਵੀ ਪੇਸ਼ ਕਰ ਦਿੰਦੇ ਹਨ ਜਿਸ ਵਿੱਚ ਅਰਬਪਤੀ ਮੁਕੇਸ਼ ਅੰਬਾਨੀ ਪੀਐਮ ਮੋਦੀ ਦੀ ਪਿੱਠ 'ਤੇ ਹੱਥ ਰੱਖ ਕੇ ਖੜੇ ਹਨ।
ਮੋਦੀ ਨੇ ਆਪਣੇ ਬਲਾਗ ਵਿੱਚ ਇਹ ਵੀ ਲਿਖਿਆ ਹੈ, ''ਬਾਪੂ ਵੰਸ਼ਵਾਦੀ ਸਿਆਸਤ ਦੀ ਨਿੰਦਾ ਕਰਦੇ ਸੀ, ਪਰ ਖਾਨਦਾਨ ਸਭ ਤੋਂ ਉੱਤੇ, ਇਹ ਅੱਜ ਕਾਂਗਰਸ ਦਾ ਮੂਲ ਮੰਤਰ ਬਣ ਚੁੱਕਿਆ ਹੈ।''
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੰਸ਼ਵਾਦ ਕਾਂਗਰਸ ਦੀ ਪਛਾਣ ਰਹੀ ਹੈ, ਜਦੋਂ ਇੱਕ ਗਾਂਧੀ ਨਾਲ ਕੰਮ ਨਹੀਂ ਚੱਲਿਆ ਤਾਂ ਪ੍ਰਿਅੰਕਾ ਨੂੰ ਵੀ ਬੁਲਾਇਆ ਗਿਆ ਹੈ।
ਕਾਂਗਰਸ ਵਿੱਚ ਸ਼ਾਇਦ ਹੀ ਕਦੇ ਪਰਿਵਾਰ ਦੇ ਬਾਹਰ ਦੇ ਕਿਸੇ ਸ਼ਖਸ਼ ਨੂੰ ਅਹਿਮ ਭੁਮਿਕਾ ਦਿੱਤੀ ਗਈ ਹੋਵੇ। ਨਰਸਿਮ੍ਹਾ ਰਾਓ ਅਤੇ ਸੀਤਾਰਾਮ ਕੇਸਰੀ ਵਰਗੇ ਪਰਿਵਾਰ ਤੋਂ ਬਾਹਰ ਦੇ ਲੋਕਾਂ ਦਾ ਪਾਰਟੀ ਦੇ ਅੰਦਰ ਕੋਈ ਨਾਮ ਲੈਣ ਵਾਲਾ ਵੀ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਗੱਲ ਸਹੀ ਹੈ ਕਿ ਭਾਜਪਾ ਦੇ ਦੋ ਟੌਪ ਆਗੂਆਂ ਦੇ ਪਰਿਵਾਰ ਦੇ ਲੋਕ ਇਸ ਵੇਲੇ ਸਿਆਸਤ ਵਿੱਚ ਨਹੀਂ ਹਨ ਪਰ ਰਾਜਨਾਥ ਸਿੰਘ, ਵਸੁੰਧਰਾ ਰਾਜੇ, ਯੇਦੂਯੁਰੱਪਾ ਅਤੇ ਲਾਲਜੀ ਟੰਡਨ ਵਰਗੇ ਪਾਰਟੀ ਦੇ ਹੋਰ ਕਈ ਅਜਿਹੇ ਆਗੂ ਹਨ, ਜਿਨ੍ਹਾਂ ਦੇ ਬੱਚੇ ਸਿਆਸਤ ਵਿੱਚ ਸੈੱਟ ਕੀਤੇ ਗਏ ਹਨ।
ਯਾਨੀ ਕਿ ਭਾਜਪਾ ਇਹ ਨਹੀਂ ਕਹਿ ਸਕਦੀ ਕਿ ਸਿਧਾਂਤਾਂ ਦੇ ਮਾਮਲੇ ਵਿੱਚ ਉਹ ਵੰਸ਼ਵਾਦ ਦੇ ਖਿਲਾਫ਼ ਹੈ।
ਲੋਕਤੰਤਰ, ਐਮਰਜੈਂਸੀ ਤੇ ਮੋਦੀ
ਮੋਦੀ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ, ''ਕਾਂਗਰਸ ਨੇ ਦੇਸ ਨੂੰ ਐਮਰਜੈਂਸੀ ਦਿੱਤੀ, ਇਹ ਉਹ ਸਮਾਂ ਸੀ, ਜਦੋਂ ਸਾਡੀ ਲੋਕਤੰਤਰ ਭਾਵਨਾਵਾਂ ਦਾ ਖਿਲਵਾੜ ਹੋਇਆ ਸੀ।''
''ਇਹੀ ਨਹੀਂ, ਕਾਂਗਰਸ ਨੇ ਧਾਰਾ 356 ਦਾ ਕਈ ਵਾਰ ਗਲਤ ਇਸਤੇਮਾਲ ਕੀਤਾ। ਜੇ ਉਨ੍ਹਾਂ ਨੂੰ ਕੋਈ ਆਗੂ ਪਸੰਦ ਨਹੀਂ ਆਉਂਦਾ ਸੀ ਤਾਂ ਉਹ ਉਸਦੀ ਸਰਕਾਰ ਨੂੰ ਹੀ ਬਰਖਾਸਤ ਕਰ ਦਿੰਦੇ ਸੀ।''
ਪੀਐਮ ਮੋਦੀ ਨੇ ਜੋ ਕੁਝ ਵੀ ਲਿਖਿਆ ਹੈ, ਉਸਦਾ ਇੱਕ ਇੱਕ ਸ਼ਬਦ ਸਹੀ ਹੈ। ਪਰ ਜੇ ਇਨ੍ਹਾਂ ਪੈਮਾਨਿਆਂ 'ਤੇ ਹੀ ਭਾਜਪਾ ਨੂੰ ਪਰਖਿਆ ਜਾਏ ਤਾਂ ਕੁਝ ਉਦਾਹਰਣ ਆਪਣੇ ਆਪ ਯਾਦ ਆਉਂਦੇ ਹਨ।
ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਗਾਉਣ ਵਾਲੀ ਭਾਜਪਾ ਦੇ ਫੈਸਲੇ ਨੂੰ 13 ਜੁਲਾਈ 2016 ਨੂੰ ਸੁਪਰੀਮ ਕੋਰਟ ਨੇ ਪਲਟਿਆ ਤੇ ਨਬਾਮ ਟੁਕੀ ਨੂੰ ਮੁੜ ਮੁੱਖ ਮੰਤਰੀ ਬਣਾਇਆ।
ਇਸੇ ਤਰ੍ਹਾਂ ਉੱਤਰਾਖੰਡ ਵਿੱਚ ਕਾਂਗਰਸ ਦੇ ਹਰੀਸ਼ ਰਾਵਤ ਸਰਕਾਰ ਨੂੰ ਵੀ ਹਟਾ ਦਿੱਤਾ ਸੀ। ਭਾਜਪਾ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਨੇ 12 ਮਈ 2016 ਨੂੰ ਗਲਤ ਠਹਿਰਾਇਆ ਤੇ ਹਰੀਸ਼ ਰਾਵਤ ਨੂੰ ਦੋਬਾਰਾ ਮੁੱਖ ਮੰਤਰੀ ਐਲਾਨਿਆ।
ਅਟਲ ਬਿਹਾਰੀ ਵਾਜਪਾਈ ਦੇ ਕੈਬਨਿਟ ਦੇ ਸੀਨੀਅਰ ਮੰਤਰੀ ਰਹਿ ਚੁੱਕੇ ਯਸ਼ਵੰਤ ਸਿਨਹਾ ਨੇ ਕੁਝ ਅਜਿਹਾ ਕਿਹਾ, ''ਇੰਦਰਾ ਗਾਂਧੀ ਨੇ ਸੰਵਿਧਾਨ ਨੂੰ ਸੰਵਿਧਾਨਕ ਤਰੀਕੇ ਨਾਲ ਬਰਬਾਦ ਕੀਤਾ। ਉਨ੍ਹਾਂ ਵਿਖਾਇਆ ਕਿ ਐਮਰਜੈਂਸੀ ਕਿਵੇਂ ਲਗਾਈ ਜਾ ਸਕਦੀ ਹੈ।''
ਮੌਜੂਦਾ ਪ੍ਰਧਾਨ ਮੰਤਰੀ ਨੇ ਸੰਵਿਧਾਨ ਨੂੰ ਬਰਬਾਦ ਨਹੀਂ ਕੀਤਾ ਹੈ, ਉਨ੍ਹਾਂ ਨੇ ਸੰਵਿਧਾਨਕ ਤੇ ਲੋਕਤਾਂਤਰਕ ਸੰਸਥਾਨਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਐਮਰਜੈਂਸੀ ਵਰਗੇ ਹਾਲਾਤ ਹੀ ਬਣਾ ਦਿੱਤੇ ਹਨ।
ਫਿਲਹਾਲ, ਮੋਦੀ ਅਜਿਹਾ ਮਾਹੌਲ ਬਣਾਉਣ ਵਿੱਚ ਕਾਮਯਾਬ ਹੁੰਦੇ ਦਿਖਦੇ ਹਨ ਕਿ ਕਾਂਗਰਸ ਵੰਸ਼ਵਾਦੀ ਸਿਆਸਤ ਕਰ ਰਿਹਾ ਹੈ, ਤੇ ਉਹ ਬਿਨਾਂ ਕਿਸੇ ਲਾਲਚ ਦੇ ਦੇਸ ਦੀ ਸੇਵਾ ਕਰ ਰਹੇ ਹਨ, ਜਿਸਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਪਰ ਇਹ ਸਿਆਸਤ ਹੀ ਹੈ ਤੇ ਉਹ ਵੀ ਚੋਣਾਂ ਨਾਲ ਜੁੜੀ ਸਿਆਸਤ। ਸੱਚ ਤਾਂ ਇਹ ਹੈ ਕਿ ਮੋਦੀ ਦੂਜਿਆਂ ਨੂੰ ਸ਼ੀਸ਼ਾ ਤਾਂ ਵਿਖਾਉਂਦੇ ਹਨ ਪਰ ਆਪ ਨਹੀਂ ਵੇਖਦੇ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: