ਅਭਿਨੰਦਨ ਦੀ ਘਰ ਵਾਪਸੀ, ਕੈਪਟਨ ਨੇ ਸੁਆਗਤ ਦੀ ਇੱਛਾ ਜਤਾਈ - 5 ਅਹਿਮ ਖ਼ਬਰਾਂ

ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਅੱਜ ਰਿਹਾਅ ਕਰੇਗਾ। ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਸਦਭਾਵਨਾ ਦੇ ਸੰਕੇਤ ਵਜੋਂ ਅਭਿਨੰਦਨ ਨੂੰ ਰਿਹਾਅ ਕਰਾਂਗੇ।

ਅਭਿਨੰਦਨ ਦੇ ਰਿਹਾਅ ਹੋਣ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਉਹ ਵਾਹਘਾ ਬਾਰਡਰ 'ਤੇ ਅਭਿਨੰਦਨ ਨੂੰ ਲੈਣ ਜਾਣਾ ਚਾਹੁੰਦੇ ਹਨ।

ਉਨ੍ਹਾਂ ਲਿਖਿਆ, ''ਨਰਿੰਦਰ ਮੋਦੀ ਜੀ ਮੈਂ ਇਸ ਵੇਲੇ ਪੰਜਾਬ ਦੇ ਸਰਹੱਦੀ ਪਿੰਡਾ ਦੇ ਦੌਰੇ 'ਤੇ ਹਾਂ ਤੇ ਮੌਜੂਦਾ ਸਮੇਂ 'ਚ ਅੰਮ੍ਰਿਤਸਰ ਵਿੱਚ ਹਾਂ। ਮੈਨੂੰ ਪਾਕਿਸਤਾਨ ਸਰਕਾਰ ਦੇ ਫ਼ੈਸਲੇ ਬਾਰੇ ਪਤਾ ਲੱਗਿਆ ਹੈ। ਮੇਰੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਜੇਕਰ ਮੈਂ ਉੱਥੇ ਜਾ ਕੇ ਅਭਿਨੰਦਨ ਦਾ ਸਵਾਗਤ ਕਰਾਂ।''

ਪੁਲਵਾਮਾ ਤੋਂ ਪਾਇਲਟ- ਪੂਰੀ ਕਹਾਣੀ ਦੇਖਣ ਲਈ ਕਲਿੱਕ ਕਰੋ ਵੀਡੀਓ

ਇਹ ਵੀ ਪੜ੍ਹੋ:

ਹਮਜ਼ਾ ਬਿਨ ਲਾਦੇਨ 'ਤੇ 1 ਮਿਲੀਨ ਡਾਲਰ ਦੀ ਇਨਾਮੀ ਰਾਸ਼ੀ

ਅਮਰੀਕਾ ਨੇ ਮ੍ਰਿਤਕ ਅਲਕਾਇਦਾ ਲੀਡਰ ਓਸਾਮਾ ਬਿਨ ਲਾਦੇਨ ਦੇ ਮੁੰਡੇ ਹਮਜ਼ਾ ਦੀ ਜਾਣਕਾਰੀ ਦੇਣ ਵਾਲੇ 'ਤੇ ਇੱਕ ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ।

ਸੂਬੇ ਦੇ ਵਿਭਾਗਾਂ ਦਾ ਕਹਿਣਾ ਹੈ ਕਿ ਹਮਜ਼ਾ ਬਿਨ ਲਾਦੇਨ ਇਸਲਾਮੀ ਅੱਤਵਾਦੀ ਸਮੂਹ ਦੇ ਇੱਕ ਮੁੱਖ ਲੀਡਰ ਦੇ ਰੂਪ ਵਿੱਚ ਉਭਰ ਰਿਹਾ ਹੈ।

ਹਾਲ ਹੀ ਦੇ ਸਾਲਾਂ ਵਿੱਚ ਉਸ ਨੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਆਡੀਓ ਤੇ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਪ੍ਰਸ਼ੰਸਕਾ ਨੂੰ ਅਮਰੀਕਾ ਅਤੇ ਉਸਦੇ ਪੱਛਮੀ ਭਾਈਵਾਲਾਂ 'ਤੇ ਹਮਲਾ ਕਰਨ ਲਈ ਕਿਹਾ ਸੀ।

ਅਮਰੀਕਾ ਦੀਆਂ ਸਪੈਸ਼ਲ ਫੋਰਸਾਂ ਨੇ 2011 ਵਿੱਚ ਪਾਕਿਸਤਾਨ 'ਚ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ।

ਉਸ ਨੇ 11 ਸਤੰਬਰ 2001 ਨੂੰ ਅਮਰੀਕਾ 'ਤੇ ਹਮਲਾ ਕਰਵਾਇਆ ਸੀ ਜਿਸ ਵਿੱਚ 3,000 ਦੇ ਕਰੀਬ ਲੋਕ ਮਾਰੇ ਗਏ ਸਨ।

ਪੁਰਾਣੀਆਂ ਸੀਟਾਂ 'ਤੇ ਹੀ ਚੋਣ ਲੜਨਗੇ ਅਕਾਲੀ-ਭਾਜਪਾ

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ 'ਚ ਭਾਜਪਾ ਅਤੇ ਅਕਾਲੀ ਦਲ ਗਠਜੋੜ ਪਹਿਲਾਂ ਵਾਲੀਆਂ ਸੀਟਾਂ 'ਤੇ ਹੀ ਚੋਣ ਲੜਨਗੇ।

ਵੀਰਵਾਰ ਨੂੰ ਦਿੱਲੀ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ 'ਚ ਦੋਵਾਂ ਪਾਰਟੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ।

ਅਕਾਲੀ ਦਲ 10 ਸੀਟਾਂ 'ਤੇ ਅਤੇ ਭਾਜਪਾ ਤਿੰਨ ਸੀਟਾਂ 'ਤੇ ਚੋਣ ਲੜੇਗੀ। ਪੰਜਾਬ ਵਿੱਚ ਕੁੱਲ 13 ਲੋਕਸਭਾ ਸੀਟਾਂ ਹਨ।

ਇਹ ਵੀ ਪੜ੍ਹੋ:

ਆਰਥਿਕ ਪੱਖੋਂ ਮਾੜੀ ਖ਼ਬਰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੇਸ ਦਾ ਸਕਲ ਘਰੇਲੂ ਉਤਪਾਦ(ਜੀਡੀਪੀ) ਵਿਕਾਸ ਦਰ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਿਸੰਬਰ) ਵਿੱਚ ਘੱਟ ਕੇ 6.6 ਫ਼ੀਸਦ ਰਹਿ ਗਈ ਹੈ।

ਇਹ ਅੰਕੜਾ ਪਿਛਲੀਆਂ ਪੰਜ ਤਿਮਾਹੀਆਂ ਦਾ ਸਭ ਤੋਂ ਘੱਟ ਹੈ। ਅਧਿਕਾਰਤ ਅੰਕੜਿਆ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਇੱਕ ਸਾਲ ਪਹਿਲਾਂ (ਵਿੱਤੀ ਸਾਲ 2017-18) ਦੀ ਅਕਤੂਬਰ ਦਸੰਬਰ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 7.7 ਫ਼ੀਸਦ ਰਹੀ ਸੀ।

ਇਹ ਵੀ ਪੜ੍ਹੋ:

ਆਦਿਵਾਸੀਆਂ ਲਈ ਰਾਹਤ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ ਦੇ 11 ਲੱਖ ਆਦਿਵਾਸੀਆਂ ਨੂੰ ਰਾਹਤ ਦਿੰਦੇ ਹੋਏ ਇਸੇ ਮਹੀਨੇ ਦੀ 13 ਤਾਰੀਖ਼ ਨੂੰ ਦਿੱਤੇ ਆਪਣੇ ਉਸ ਹੁਕਮ 'ਤੇ ਰੋਕ ਲਗਾ ਦਿੱਤੀ ਹੈ ਜਿਸਦੇ ਤਹਿਤ ਜੰਗਲ ਦੇ ਅੰਦਰ ਰਹਿਣ ਵਾਲੇ ਆਦਿਵਾਸੀਆਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈਂਦਾ।

13 ਫਰਵਰੀ ਨੂੰ ਆਪਣੇ ਹੁਕਮ ਵਿੱਚ ਕੋਰਟ ਨੇ ਕਿਹਾ ਸੀ ਕਿ 'ਜੰਗਲ ਦੇ ਅੰਦਰ ਰਹਿਣ ਵਾਲੇ ਆਦਿਵਾਸੀ' ਅਤੇ ਜੰਗਲ ਵਿੱਚ ਰਹਿਣ ਵਾਲੇ ਹੋਰ ਸੱਭਿਅਕ' ਲੋਕਾਂ ਦੀ ਜ਼ਮੀਨ ਨੇ ਮਾਲਕਾਨਾ ਹੱਕ ਦਾ ਦਾਅਵਾ ਜੇਕਰ ਸੂਬਾ ਸਰਕਾਰ ਨੇ ਸਵੀਕਾਰ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਜੰਗਲ ਛੱਡਣਾ ਹੋਵੇਗਾ।

ਆਦਿਵਾਸੀਆਂ ਦੇ ਹਿੱਤ ਵਿੱਚ ਇਸ ਹੁਕਮ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਅਤੇ ਗੁਜਰਾਤ ਸਰਕਾਰ ਨੇ ਕੋਰਟ ਵਿੱਚ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਜਸਟਿਸ ਅਰੁਣ ਮਿਸ਼ਰਾ, ਜਸਟਿਸ ਨਵੀਨ ਸ਼ਾਹ, ਜਸਟਿਸ ਐਮਆਰ ਸ਼ਾਹ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)