ਕੈਲੀਗ੍ਰਾਫੀ ਦੀ ਕਲਾ ਨੂੰ ਅੱਗੇ ਤੋਰ ਰਿਹਾ ਅੰਮ੍ਰਿਤਸਰ ਦਾ ਇਹ ਨੌਜਵਾਨ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ

"ਮੈਂ ਆਪਣੇ ਪਰਿਵਾਰ ਦੀ ਵਿਰਾਸਤ ਅਤੇ ਸਦੀਆਂ ਪੁਰਾਣੇ ਫੈਸ਼ਨ ਦਾ ਖਰੜਾ ਸਾਂਭ ਰਿਹਾ ਹਾਂ, ਜੋ ਸਮੇਂ ਦੇ ਨਾਲ-ਨਾਲ ਖ਼ਤਮ ਹੋ ਰਿਹਾ ਹੈ।"

ਇਹ ਲਫ਼ਜ਼ ਹਨ ਅੰਮ੍ਰਿਤਸਰ ਦੇ ਹਰਦੀਪ ਸਿੰਘ ਦੇ, ਜੋ ਪੇਸ਼ੇ ਤੋਂ ਆਈਟੀ ਅਧਿਆਪਕ ਹਨ ਪਰ ਦਿਲੋਂ ਕਲਾਕਾਰ।

ਹਰਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਅੱਖ਼ਰਕਾਰੀ ਦੀ ਕਲਾ ਨਾਲ ਜੁੜੇ ਹੋਏ ਹਨ। ਉਹ ਗੁਰਬਾਣੀ ਅੱਖ਼ਰਕਾਰੀ ਕਰ ਰਹੇ ਹਨ, ਜਿਸ ਨੂੰ ਕੈਲੀਗ੍ਰਾਫੀ ਵੀ ਕਿਹਾ ਜਾਂਦਾ ਹੈ।

ਹਰਦੀਪ ਪਹਿਲਾਂ ਕੰਪਿਊਟਰ ਤੋਂ ਪੇਪਰਾਂ ਦੀ ਬਾਰਡਰ ਲਾਈਨ ਪ੍ਰਿੰਟ ਕਰਦੇ ਹਨ ਅਤੇ ਫਿਰ ਉਸ 'ਤੇ ਹੱਥਾਂ ਨਾਲ ਗੁਰਬਾਣੀ ਲਿਖਦੇ ਹਨ।

ਹਰਦੀਪ ਮੁਤਾਬਕ ਉਨ੍ਹਾਂ ਨੇ ਇਸ ਕੰਮ ਨੂੰ ਇਸ ਲਈ ਚੁਣਿਆ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਨੂੰ ਇਹ ਕਰਦਿਆਂ ਨਹੀਂ ਦੇਖਿਆ ਸੀ। ਉਨ੍ਹਾਂ ਨੂੰ ਇਹ ਕੰਮ ਕਰਦਿਆਂ ਅੱਜ 10 ਤੋਂ 12 ਸਾਲ ਹੋ ਗਏ ਹਨ।

ਇਹ ਵੀ ਪੜ੍ਹੋ:

ਉਹ ਦੱਸਦੇ ਹਨ, "ਪੁਰਾਣੀਆਂ ਕਲਮਾਂ ਕਾਨੇ ਦੀਆਂ ਜਾਂ ਬਾਂਸ ਦੀਆਂ ਬਣੀਆਂ ਹੁੰਦੀਆਂ ਸਨ ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣਾ ਕੰਮ ਪੁਰਾਤਨ ਕਲਮਾਂ ਤੇ ਸਿਆਹੀਆਂ ਨਾਲ ਕਰਾਂ।"

ਹਰਦੀਪ ਰੰਗਦਾਰ ਅੱਖ਼ਰਾਕਰੀ ਵਿੱਚ ਵੀ ਕੁਦਰਤੀ ਰੰਗਾਂ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਹੈ।

ਉਸ ਨੂੰ ਇਹ ਕਲਾ ਵਿਰਾਸਤ 'ਚ ਮਿਲੀ ਹੈ। ਉਨ੍ਹਾਂ ਦੇ ਪੜਦਾਦਾ ਭਾਈ ਗਿਆਨ ਸਿੰਘ ਨੱਕਾਸ਼ ਨੇ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੇ ਕਮਰੇ ਦੇ ਇੱਕ ਹਿੱਸੇ 'ਤੇ ਕੰਮ ਕੀਤਾ ਸੀ।

ਉਹ ਕਹਿੰਦੇ ਹਨ, "ਕਲਾ ਮੇਰੇ ਖ਼ੂਨ ਵਿੱਚ ਹੈ। ਮੇਰੇ ਪੁਰਖਿਆਂ ਦਾ ਕਈ ਸਾਲਾਂ ਤੋਂ ਇਹੀ ਪੇਸ਼ਾ ਰਿਹਾ ਹੈ। ਮੈਂ ਬਚਪਨ ਤੋਂ ਹੀ ਪੇਂਟਿੰਗ ਕਰਦਾ ਆ ਰਿਹਾ ਹਾਂ ਪਰ ਬਾਅਦ ਵਿੱਚ ਮੇਰੀ ਦਿਲਚਸਪੀ ਕੈਲੀਗ੍ਰਾਫੀ ਵਿੱਚ ਜਾਗੀ।"

ਹਰਦੀਪ ਵਧੇਰੇ ਕੰਮ ਗੁਰਬਾਣੀ 'ਤੇ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਤੋਂ ਇਲਾਵਾ ਕਿਤਾਬਾਂ ਦੀਆਂ ਜਿਲਦਾਂ ਤੇ ਦੇਵਨਾਗਰੀ 'ਚ ਵੀ ਅੱਖ਼ਰਕਾਰੀ ਦਾ ਕੰਮ ਕੀਤਾ ਹੈ।

ਹਰਦੀਪ ਮੁਤਾਬਕ, "ਮੈਨੂੰ ਮੇਰੇ ਪਰਿਵਾਰ ਤੋਂ ਪ੍ਰੇਰਣਾ ਮਿਲੀ। ਮੈਂ ਸਾਰਾ ਕੁਝ ਆਪਣੇ ਪਿਤਾ, ਅੰਕਲ ਅਤੇ ਦਾਦਾ ਜੀ ਕੋਲੋਂ ਸਿੱਖਿਆ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੰਮ ਕੀਤਾ। ਮੈਂ ਉਨ੍ਹਾਂ ਨੂੰ ਬਚਪਨ ਤੋਂ ਹੀ ਪੇਂਟਿੰਗ ਕਰਦੇ ਦੇਖਦਾ ਆਇਆ ਹਾਂ।"

ਹਰਦੀਪ ਸਿੰਘ ਹੁਣ ਗੁਟਕਾ ਸਾਹਿਬ ਅਤੇ ਜਪੁਜੀ ਸਾਹਿਬ ਦੀ ਅੱਖ਼ਰਕਾਰੀ ਕਰਨਾ ਚਾਹੁੰਦੇ ਹਨ।

ਹਰਦੀਪ ਸਿੰਘ ਨੇ ਪ੍ਰਸਿੱਧ ਫੋਟੋਗ੍ਰਾਫਰ ਸੰਦੀਪ ਸਿੰਘ ਨਾਲ ਮਿਲ ਕੇ ਆਪਣੀ ਰਚਨਾਤਮਕ ਕਲਾ ਦੀ ਪੁਸਤਕ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)