ਪੁਲਵਾਮਾ ਹਮਲੇ ਤੋਂ ਅਸੀਂ ਵੀ ਦੁਖੀ, ਪਰ ਜੋ ਸਾਡੇ ਨਾਲ ਹੋਇਆ ਉਹ ਕਲਪਨਾ ਤੋਂ ਪਰੇ - ਕਸ਼ਮੀਰੀ ਵਿਦਿਆਰਥੀ

ਤਸਵੀਰ ਸਰੋਤ, Sat Singh/BBC
- ਲੇਖਕ, ਸਤ ਸਿੰਘ
- ਰੋਲ, ਅੰਬਾਲਾ ਤੋਂ ਬੀਬੀਸੀ ਪੰਜਾਬੀ ਲਈ
ਹਰਿਆਣਾ ਦੇ ਅੰਬਾਲਾ ਜਿਲ੍ਹੇ ਦੇ ਮੁਲਾਣਾ ਵਿੱਚ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਐਤਵਾਰ ਨੂੰ ਸਾਰਾ ਦਿਨ ਹਰਿਆਣਾ ਪੁਲਿਸ ਦੀ ਗਹਿਮਾ-ਗਹਿਮੀ ਰਹੀ।
ਵਜ੍ਹਾ, ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਲਗਪਗ 250 ਕਸ਼ਮੀਰੀ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਕਸ਼ਮੀਰ ਵਾਪਸ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ਜਾਂ ਜੰਮੂ ਤੱਕ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਲਾਕੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਹਮਲੇ ਤੋਂ ਬਾਅਦ ਇਲਜ਼ਾਮ ਹੈ ਕਿ ਸ਼ੁੱਕਰਵਾਰ ਨੂੰ ਪਿੰਡ ਮੁਲਾਣਾ ਵਿੱਚ ਕੁਝ ਲੋਕਾਂ ਨੇ ਇੱਕ ਮੀਟਿੰਗ ਸੱਦੀ ਅਤੇ ਮਕਾਨ ਮਾਲਕਾਂ ਨੂੰ ਅਗਲੇ 24 ਘੰਟਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਕੋਲੋਂ ਆਪਣੇ ਮਕਾਨ ਖਾਲੀ ਕਰਵਾਏ ਜਾਣ ਦਾ ਅਲਟੀਮੇਟਮ ਦਿੱਤਾ।
ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ਤੇ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ ਘੱਟ 40 ਜਵਾਨ ਮਾਰੇ ਗਏ। ਇਸ ਮਗਰੋਂ ਦੇਸ ਭਰ ਤੋਂ ਮੰਗ ਉੱਠ ਰਹੀ ਹੈ ਕਿ ਮੁਲਜ਼ਮਾਂ ਨੂੰ 'ਸਬਕ ਸਿਖਾਇਆ ਜਾਵੇ।'
ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਜੇਸ਼-ਏ-ਮੁਹੰਮਦ ਨੇ ਲਈ ਹੈ।
ਅਣਪਛਾਤੇ ਲੋਕਾਂ ਖਿਲਾਫ਼ ਐੱਫਆਈਆਰ ਦਰਜ
ਹਰਿਆਣਾ ਪੁਲਿਸ ਨੇ ਕਸ਼ਮੀਰੀ ਵਿਦਿਆਰੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਅਣਪਛਾਤੇ ਲੋਕਾਂ ਖਿਲਾਫ ਦੋ ਐੱਫਆਈਆਰ ਦਰਜ ਕੀਤੀਆਂ ਹਨ।
ਪਹਿਲੀ ਐੱਫਆਈਆਰ ਵਿੱਚ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਨੁਕਸਾਨ ਪਹੁੰਚਾਉਣ ਅਤੇ ਬਿਨਾਂ ਇਜਾਜ਼ਤ ਘਰ ਵਿੱਚ ਦਾਖਲ ਹੋਣ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।
ਐੱਫਆਈਆਰ ਮੁਤਾਬਕ, ''ਪੁਲਿਸ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਦੋ ਅਣਪਛਾਤੇ ਵਿਅਕਤੀ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਮੁਲਾਣਾ ਪਿੰਡ ਵਿੱਚ ਕਿਰਾਏ 'ਤੇ ਲਏ ਇੱਕ ਘਰ ਵਿੱਚ ਦਾਖਲ ਹੋ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਕੁਟਮਾਰ ਕੀਤੀ।''
ਦੂਸਰੀ ਐੱਫਆਈਆਰ ਵਿੱਚ ਪੁਲਿਸ ਨੇ ਦੰਗਾ ਕਰਨ, ਗੈਰ-ਕਾਨੂੰਨੀ ਇਕੱਠ ਕਰਨ, ਨੁਕਸਾਨ ਪਹੁੰਚਾਉਣ ਅਤੇ ਅਪਰਾਧਕ ਕਾਰਵਾਈ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।
ਐੱਫਆਈਆਰ ਮੁਤਾਬਕ, ''16 ਫਰਵਰੀ ਨੂੰ 6-7 ਅਣਪਛਾਤੇ ਬੰਦਿਆਂ ਨੇ ਇੱਕ ਕਸ਼ਮੀਰੀ ਵਿਦਿਆਰਥੀ ਨਾਲ ਕੁਟਮਾਰ ਕੀਤੀ, ਜਦੋਂ ਉਹ ਮੁਲਾਣਾ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਸਾਮਾਨ ਲੈਣ ਗਿਆ ਸੀ।''
ਇਨ੍ਹਾਂ ਦੋਹਾਂ ਰਿਪੋਰਟਾਂ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਤਸਵੀਰ ਸਰੋਤ, Sat Singh/BBC
ਕੀ ਸੀ ਕੈਂਪਸ ਦਾ ਮਾਹੌਲ?
ਯੂਨੀਵਰਸਿਟੀ ਹੋਸਟਲ ਨੰਬਰ 11 ਤੇ 12 ਦੇ ਬਾਹਰ ਕਰੀਬ 200 ਕਸ਼ਮੀਰੀ ਵਿਦਿਆਰਥੀ ਇਕੱਠੇ ਹੋਏ ਸਨ। ਉਹ ਡਰੇ ਹੋਏ ਨਜ਼ਰ ਆ ਰਹੇ ਸਨ ਅਤੇ ਹਰਿਆਣਾ ਦੇ ਐੱਸਪੀ ਆਸਥਾ ਮੋਦੀ ਅਤੇ ਡੀਸੀ ਸ਼ਰਨਦੀਪ ਕੌਰ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ।
ਹਰਿਆਣਾ ਪੁਲਿਸ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਹੋਇਆ ਸੀ ਤਾਂ ਜੋ ਕੋਈ ਇਨ੍ਹਾਂ ਨੂੰ ਆਪਣਾ ਨਿਸ਼ਾਨਾ ਨਾ ਬਣਾ ਲਵੇ।
ਇਸੇ ਦੌਰਾਨ ਹੋਸਟਲਾਂ ਦੇ ਅੰਦਰੋਂ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਸੁਣਾਈ ਦਿੱਤੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Sat Singh/BBC
ਘਬਰਾਏ ਹੋਏ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਕੈਂਪਸ ਨਾ ਛੱਡਣ ਪਰ ਵਿਦਿਆਰਥੀ ਮੰਨਣ ਨੂੰ ਤਿਆਰ ਨਹੀਂ ਸਨ।
ਹੋਸਟਲ ਦੇ ਬਾਹਰ ਕਸ਼ਮੀਰੀ ਵਿਦਿਆਰਥੀਆਂ ਦੇ ਇਕੱਠ ਵਿੱਚ ਬੈਠੇ ਵਿਦਿਆਰਥੀ ਨੇ ਕਿਹਾ, "ਉਹ ਸਾਨੂੰ ਸੁਰੱਖਿਆ ਮੁਹੱਈਆ ਕਰਵਾ ਸਕਦੇ ਹਨ ਪਰ ਸਾਡੇ ਦੋ ਸਾਥੀਆਂ ਦੀ ਕੁੱਟਮਾਰ ਤੋਂ ਬਾਅਦ ਸਾਡੇ ਦਿਮਾਗ਼ ਵਿੱਚ ਬੈਠੇ ਡਰ ਦਾ ਕੀ ਇਲਾਜ ਹੈ।"
ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਕਰੀਬ 30 ਕਸ਼ਮੀਰੀ ਵਿਦਿਆਰਥੀ ਪਹਿਲਾਂ ਹੀ ਕਸ਼ਮੀਰ ਵਾਪਸ ਚਲੇ ਗਏ ਹਨ। ਬਾਕੀ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਕੋਲੋਂ 10 ਦਿਨਾਂ ਦੀ ਛੁੱਟੀ ਮੰਗ ਰਹੇ ਹਨ ਤਾਂ ਜੋ ਹਾਲਾਤ ਠੀਕ ਹੋਣ 'ਤੇ ਵਾਪਸ ਆ ਸਕਣ।
ਬੀਐੱਸਸੀ ਦੇ ਇੱਕ ਵਿਦਿਆਰਥੀ ਨੇ ਦੱਸਿਆ, ''ਸ਼ੁੱਕਰਵਾਰ ਨੂੰ ਪੰਚਾਇਤ ਵੱਲੋਂ ਲਗਪਗ 100 ਕਸ਼ਮੀਰੀ ਵਿਦਿਆਰਥੀਆਂ ਨੂੰ ਜਾਰੀ ਅਲਟੀਮੇਟਮ ਤੋਂ ਬਾਅਦ ਉਹ ਘਬਰਾ ਗਏ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਗਏ ਅਤੇ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਹੋਸਟਲ ਵਿੱਚ ਰਹਿਣ ਦਿੱਤਾ ਜਾਵੇ ਜਾਂ ਫਿਰ ਸੁਰੱਖਿਆ ਦਿੱਤੀ ਜਾਵੇ।''
ਇਹ ਵੀ ਪੜ੍ਹੋ

ਤਸਵੀਰ ਸਰੋਤ, Sat Singh/BBC
ਉਸ ਨੇ ਇਲਜ਼ਾਮ ਲਗਾਏ, "ਸ਼ਨਿੱਚਰਵਾਰ ਨੂੰ ਸਥਾਨਕ ਮੁੰਡਿਆਂ ਨੇ ਮੈਨੂੰ ਤੇ ਮੇਰੇ ਇੱਕ ਸਾਥੀ ਨੂੰ ਕੁੱਟਿਆ। ਮੇਰੇ ਦੋਸਤ ਦੇ ਸਿਰ 'ਤੇ 5-6 ਟਾਂਕੇ ਲੱਗੇ ਅਤੇ ਮੇਰੇ ਨਾਲ ਵੀ ਧੱਕਾ-ਮੁੱਕੀ ਕੀਤੀ ਗਈ।"
ਇੱਕ ਹੋਰ ਵਿਦਿਆਰਥੀ ਦੱਸਿਆ, ''ਉਹ ਵੀ ਪੁਲਵਾਮਾ ਹਮਲੇ ਤੋਂ ਬਾਅਦ ਸਦਮੇ ਵਿੱਚ ਹਨ ਅਤੇ ਇੱਕ ਸੱਚੇ ਭਾਰਤੀ ਵਾਂਗ ਹੀ ਦਰਦ ਮਹਿਸੂਸ ਕਰ ਰਹੇ ਹਨ ਪਰ ਜੋ ਹੋ ਰਿਹਾ ਹੈ ਉਹ ਉਨ੍ਹਾਂ ਦੀ ਕਲਪਨਾ ਤੋਂ ਬਾਹਰ ਹੈ।''
"ਜਦੋਂ ਦਾ ਕਸ਼ਮੀਰ ਵਿੱਚ ਸਾਡੇ ਪਰਿਵਾਰ ਵਾਲਿਆਂ ਨੂੰ ਹਾਲਾਤ ਬਾਰੇ ਪਤਾ ਲੱਗਾ ਹੈ ਤਾਂ ਉਹ ਡਰੇ ਹੋਏ ਹਨ ਅਤੇ ਸਾਨੂੰ ਵਾਪਸ ਘਰ ਬੁਲਾ ਰਹੇ ਹਨ।"

ਤਸਵੀਰ ਸਰੋਤ, Getty Images
ਅੰਬਾਲਾ ਦੇ ਪੁਲਿਸ ਸੁਪਰੀਡੈਂਟ ਆਸਥਾ ਮੋਦੀ ਨੇ ਕਿਹਾ, "ਕਸ਼ਮੀਰੀ ਵਿਦਿਆਰਥੀਆਂ ਨੂੰ ਪਹਿਲਾਂ ਹੀ ਸੁਰੱਖਿਆ ਦਿੱਤੀ ਗਈ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਹਾਲਾਤ ਕਾਬੂ ਵਿੱਚ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"
ਅੰਬਾਲਾ ਦੀ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵਿਦਿਆਰਥੀ ਦੇ ਯੂਨੀਵਰਸਿਟੀ ਛੱਡ ਕੇ ਆਪਣੇ ਘਰ ਕਸ਼ਮੀਰ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਯੂਨੀਵਰਸਿਟੀ ਦਾ ਪੱਖ
ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਜੇਕੇ ਸ਼ਰਮਾ ਦਾ ਕਹਿਣਾ ਹੈ ਕਿ ਕਿਰਾਏ 'ਤੇ ਰਹਿਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਦਾ ਹੋਸਟਲ ਵਿੱਚ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ, "ਸਾਡੀ ਕੋਸ਼ਿਸ਼ ਹੈ ਉਨ੍ਹਾਂ ਨੂੰ ਸਥਾਨਕ ਵਿਦਿਆਰਥੀਆਂ ਵਾਲਾ ਮਾਹੌਲ ਦਿੱਤਾ ਜਾਵੇ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












