You’re viewing a text-only version of this website that uses less data. View the main version of the website including all images and videos.
ਜਦੋਂ ਮੁਸਲਮਾਨ ਕੁੜੀ ਨੇ ਹਿੰਦੂ ਮੁੰਡੇ ਦੇ ਪਿਆਰ ਵਿੱਚ ਘਰ ਛੱਡਿਆ...
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਆਈਸ਼ਾ ਅਤੇ ਆਦਿੱਤਿਯ ਦੀ ਮੁਲਾਕਾਤ ਫੇਸਬੁੱਕ 'ਤੇ ਹੋਈ। ਉਦੋਂ ਉਹ ਬਾਲਗ ਨਹੀਂ ਸਨ। ਆਈਸ਼ਾ ਦਾ ਨਾਮ ਵੀ ਸੱਚਾ ਨਹੀਂ ਸੀ, ਤਸਵੀਰ ਵੀ ਨਹੀਂ ਪਰ ਗੱਲਾਂ ਸੱਚੀਆਂ ਸਨ।
ਗੱਲਾਂ ਦਾ ਸਿਲਸਿਲਾ ਇੰਝ ਸ਼ੁਰੂ ਹੋਇਆ ਕਿ ਦੋ ਸਾਲ ਤੱਕ ਰੁਕਿਆ ਨਹੀਂ। ਬੈਂਗਲੁਰੂ ਵਿੱਚ ਰਹਿਣ ਵਾਲੀ ਆਈਸ਼ਾ ਅਤੇ ਦਿੱਲੀ ਦੇ ਆਦਿੱਤਿਯ ਇੱਕ-ਦੂਜੇ ਦਾ ਚਿਹਰਾ ਵੇਖੇ ਬਿਨਾਂ, ਮਿਲੇ ਬਿਨਾਂ, ਇੱਕ-ਦੂਜੇ ਦੇ ਕਰੀਬ ਹੁੰਦੇ ਗਏ।
ਆਦਿੱਤਿਯ ਕਹਿੰਦੇ ਹਨ, "ਆਈਸ਼ਾ ਨੇ ਮੈਨੂੰ ਕਿਹਾ ਕਿ ਉਸ ਨੂੰ ਬਿਲਕੁਲ ਯਕੀਨ ਨਹੀਂ ਸੀ ਕਿ ਇਸ ਜ਼ਮਾਨੇ ਵਿੱਚ ਕੋਈ ਮੁੰਡਾ ਸੱਚੇ ਪਿਆਰ ਵਿੱਚ ਵਿਸ਼ਵਾਸ ਰੱਖਦਾ ਹੋਵੇਗਾ ਇਸ ਲਈ ਗੱਲਾਂ ਜ਼ਰੀਏ ਪਰਖਦੀ ਰਹੀ।"
ਇੱਕ ਵਾਰ ਗ਼ਲਤੀ ਨਾਲ ਆਪਣੀਆਂ ਅੱਖਾਂ ਦੀ ਤਸਵੀਰ ਭੇਜ ਦਿੱਤੀ। ਬਸ ਆਦਿੱਤਿਯ ਨੇ ਬੈਂਗਲੁਰੂ ਦੇ ਕਾਲਜ ਵਿੱਚ ਦਾਖ਼ਲਾ ਲੈ ਲਿਆ। ਉਦੋਂ ਜਾ ਕੇ ਆਦਿੱਤਿਯ ਦੀ ਮੁਲਾਕਾਤ ਫੇਸਬੁੱਕ ਦੀ ਈਰਮ ਖ਼ਾਨ, ਯਾਨਿ ਅਸਲ ਜ਼ਿੰਦਗੀ ਦੀ ਆਈਸ਼ਾ ਨਾਲ ਹੋਈ।
ਆਦਿੱਤਿਯ ਕਹਿੰਦੇ ਹਨ, "ਅਸੀਂ ਮਿਲੇ ਨਹੀਂ ਸੀ ਪਰ ਸ਼ੁਰੂ ਤੋਂ ਜਾਣਦੇ ਸੀ ਕਿ ਉਹ ਮੁਸਲਮਾਨ ਹੈ ਅਤੇ ਮੈਂ ਹਿੰਦੂ। ਧਰਮ ਸਾਡੇ ਲਈ ਕਦੇ ਮੁੱਦਾ ਨਹੀਂ ਰਿਹਾ ਪਰ ਸਾਡੇ ਪਰਿਵਾਰਾਂ ਨੂੰ ਇਹ ਬਿਲਕੁਲ ਕਬੂਲ ਨਹੀਂ ਸੀ।"
ਇਹ ਵੀ ਪੜ੍ਹੋ:
ਉਨ੍ਹਾਂ ਨੂੰ ਸਾਫ਼ ਕਰ ਦਿੱਤਾ ਗਿਆ ਕਿ ਬਿਨਾਂ ਧਰਮ ਪਰਿਵਰਤਨ ਤੋਂ ਵਿਆਹ ਮੁਮਕਿਨ ਨਹੀਂ ਹੈ। ਪਰ ਆਪਣੀ ਪਛਾਣ ਦੋਵੇਂ ਹੀ ਗੁਆਉਣਾ ਨਹੀਂ ਚਾਹੁੰਦੇ ਸੀ।
ਆਈਸ਼ਾ ਨੇ ਘਰ ਛੱਡ ਕੇ ਭੱਜਣ ਦਾ ਫ਼ੈਸਲਾ ਲਿਆ। ਪਰਿਵਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਦਿੱਤਿਯ ਦੇ ਨਾਲ ਉਹ ਦਿੱਲੀ ਆ ਗਈ ਜਿੱਥੇ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗੇ।
ਆਈਸ਼ਾ ਕਹਿੰਦੇ ਹਨ, "ਪਹਿਲੇ ਪੰਜ ਮਹੀਨੇ ਅਸੀਂ ਖ਼ੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ, ਕਿਤੇ ਆਉਣ-ਜਾਣ ਵਿੱਚ ਡਰ ਲਗਦਾ ਸੀ, ਕਿ ਕੋਈ ਸਾਨੂੰ ਮਾਰ ਨਾ ਦੇਵੇ ਕਿਉਂਕਿ ਅਸੀਂ ਵੱਖਰੇ ਧਰਮ ਤੋਂ ਹਾਂ।"
ਉਨ੍ਹਾਂ ਦਿਨਾਂ ਵਿੱਚ ਦਿੱਲੀ 'ਚ ਇੱਕ ਮੁਸਲਮਾਨ ਕੁੜੀ ਨਾਲ ਪ੍ਰੇਮ ਸਬੰਧ ਰੱਖਣ ਕਾਰਨ 23 ਸਾਲਾ ਮੁੰਡੇ ਅੰਕਿਤ ਸਕਸੈਨਾ ਦਾ ਕਤਲ ਕਰ ਦਿੱਤਾ ਗਿਆ ਸੀ।
ਕੁੜੀ ਦੇ ਪਰਿਵਾਰ ਵਾਲੇ ਗ੍ਰਿਫ਼ਤਾਰ ਹੋਏ ਅਤੇ ਮੁਕੱਦਮਾ ਜਾਰੀ ਹੈ। ਅਣਖ ਖਾਤਰ ਕਤਲ ਦਾ ਖ਼ੌਫ਼ ਅਤੇ ਖ਼ਤਰਾ ਆਈਸ਼ਾ ਨੂੰ ਬਹੁਤ ਡਰਾਉਣ ਲੱਗਾ ਸੀ।
ਇੱਕ ਪਾਸੇ ਨੌਕਰੀ ਲੱਭਣੀ ਵੀ ਜ਼ਰੂਰੀ ਸੀ ਅਤੇ ਦੂਜੇ ਪਾਸੇ ਵਿਆਹ ਕਰਵਾ ਕੇ ਕਾਨੂੰਨੀ ਤੌਰ 'ਤੇ ਸੁਰੱਖਿਅਤ ਹੋਣਾ।
ਆਈਸ਼ਾ ਅਤੇ ਆਦਿੱਤਿਯ ਨਾਲ ਤਾਂ ਸਨ ਪਰ ਦੁਨੀਆਂ ਵਿੱਚ ਇਕੱਲੇ। ਤਜ਼ਰਬਾ ਵੀ ਘੱਟ ਸੀ। ਇੱਕ ਵਾਰ ਮੁੜ ਇੰਟਰਨੈੱਟ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ।
ਜਾਣਕਾਰੀ ਦੀ ਤਲਾਸ਼ ਉਨ੍ਹਾਂ ਨੂੰ ਰਾਨੂ ਕੁਲਸ਼ੇਸ਼ਠ ਅਤੇ ਆਸਿਫ਼ ਇਕਬਾਲ ਦੇ ਕੋਲ ਲੈ ਗਈ। ਪਤੀ-ਪਤਨੀ ਦਾ ਇਹ ਜੋੜਾ ਵੀ ਉਨ੍ਹਾਂ ਦੀ ਤਰ੍ਹਾਂ ਦੋ ਧਰਮਾਂ ਤੋਂ ਆਇਆ ਸੀ।
ਸਾਲ 2000 ਵਿੱਚ ਉਨ੍ਹਾਂ ਨੇ 'ਸਪੈਸ਼ਲ ਮੈਰਿਜ ਐਕਟ' ਦੇ ਤਹਿਤ ਵਿਆਹ ਕਰਵਾਇਆ ਸੀ ਅਤੇ ਹੁਣ 'ਧਨਕ' ਨਾਮ ਦੀ ਸੰਸਥਾ ਚਲਾ ਰਹੇ ਹਨ।
ਇਹ ਵੀ ਪੜ੍ਹੋ:
ਉਹ ਆਈਸ਼ਾ ਅਤੇ ਆਦਿੱਤਿਯ ਵਰਗੇ ਜੋੜਿਆਂ ਨੂੰ ਇਸ 'ਐਕਟ' ਬਾਰੇ ਜਾਣਕਾਰੀ ਦੇਣ, ਕਾਊਂਸਲਿੰਗ ਕਰਨ ਅਤੇ ਰਹਿਣ ਲਈ ਸੇਫ਼ ਹਾਊਸ ਵਰਗੀਆਂ ਸਹੂਲਤਾਂ 'ਤੇ ਕੰਮ ਕਰ ਰਹੇ ਹਨ।
ਸਪੈਸ਼ਲ ਮੈਰਿਜ ਐਕਟ
ਸਪੈਸ਼ਲ ਮੈਰਿਜ ਐਕਟ 1954 ਦੇ ਤਹਿਤ ਵੱਖ-ਵੱਖ ਧਰਮ ਦੇ ਲੋਕ ਬਿਨਾਂ ਧਰਮ ਪਰਿਵਰਤਨ ਕੀਤੇ ਕਾਨੂੰਨੀ ਤਰੀਕੇ ਨਾਲ ਵਿਆਹ ਕਰ ਸਕਦੇ ਹਨ।
ਸ਼ਰਤ ਇਹ ਹੈ ਕਿ ਦੋਵੇਂ ਵਿਆਹ ਦੇ ਸਮੇਂ ਬਾਲਿਗ ਹੋਣ, ਕਿਸੇ ਹੋਰ ਰਿਸ਼ਤੇ ਵਿੱਚ ਨਾ ਹੋਣ, ਮਾਨਸਿਕ ਤੌਰ 'ਤੇ ਠੀਕ ਹੋਣ ਅਤੇ ਆਪਣੀ ਸਹਿਮਤੀ ਜਤਾਉਣ ਦੇ ਕਾਬਿਲ ਹੋਣ।
ਇਸਦੇ ਲਈ ਜ਼ਿਲ੍ਹਾ ਪੱਧਰ 'ਤੇ ਮੈਰਿਜ ਅਫ਼ਸਰ ਨੂੰ ਨੋਟਿਸ ਦੇਣਾ ਹੁੰਦਾ ਹੈ। ਨੋਟਿਸ ਦੀ ਤਰੀਕ ਤੋਂ 30 ਦਿਨ ਪਹਿਲਾਂ ਜੋੜੇ ਦਾ ਉਸ ਸ਼ਹਿਰ ਵਿੱਚ ਨਿਵਾਸ ਹੋਣਾ ਜ਼ਰੂਰੀ ਹੈ।
ਇਹ ਨੋਟਿਸ ਇੱਕ ਮਹੀਨੇ ਤੱਕ ਜਨਤਕ ਦੌਰ 'ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਦੌਰਾਨ ਪਰਿਵਾਰ ਵਾਲੇ ਕਈ ਵਾਰ ਆਪਣਾ ਇਤਰਾਜ਼ ਜ਼ਾਹਰ ਕਰ ਸਕਦੇ ਹਨ।
ਕਈ ਇਤਰਾਜ਼ ਨਾ ਹੋਣ 'ਤੇ ਹੀ ਵਿਆਹ ਗਵਾਹ ਦੀ ਮੌਜੂਦਗੀ ਵਿੱਚ ਰਜਸਿਟਰ ਕੀਤਾ ਜਾਂਦਾ ਹੈ।
ਇਹ ਐਕਟ ਭਾਰਤ ਪ੍ਰਸ਼ਾਸਿਤ ਕਸ਼ਮੀਰ 'ਤੇ ਲਾਗੂ ਨਹੀਂ ਹੁੰਦਾ।
ਆਈਸ਼ਾ ਅਤੇ ਆਦਿੱਤਿਯ ਉਨ੍ਹਾਂ ਨਾਲ ਕਈ ਵਾਰ ਮਿਲੇ। 'ਧਨਕ' ਨਾਲ ਜੁੜੇ ਕਈ ਹੋਰ ਜੋੜਿਆਂ ਨਾਲ ਵੀ ਮੁਲਾਕਾਤ ਹੋਈ।
ਅਚਾਨਕ ਇੱਕ ਨਵਾਂ ਪਰਿਵਾਰ ਮਿਲ ਗਿਆ। ਹੁਣ ਉਹ ਦੁਨੀਆਂ ਵਿੱਚ ਐਨੇ ਇਕੱਲੇ ਨਹੀਂ ਸਨ। ਹਰ ਜੋੜੇ ਦੀ ਹੱਡਬੀਤੀ ਵਿੱਚ ਆਪਣੀ ਪ੍ਰੇਮ ਕਹਾਣੀ ਦੇ ਅੰਸ਼ ਦਿਖਦੇ ਸਨ।
ਡਰ ਹੌਲੀ-ਹੌਲੀ ਜਾਂਦਾ ਗਿਆ। ਆਈਸ਼ਾ ਨੇ ਨੌਕਰੀ 'ਤੇ ਵੀ ਜਾਣਾ ਸ਼ੁਰੂ ਕਰ ਦਿੱਤਾ।
ਆਈਸ਼ਾ ਕਹਿੰਦੀ ਹੈ, "ਪਹਿਲਾਂ ਲਗਦਾ ਸੀ ਕਿ ਇਕੱਠੇ ਤਾਂ ਰਹਿਣ ਲੱਗੇ ਹਾਂ ਪਰ ਇੱਕ-ਦੋ ਸਾਲ ਵਿੱਚ ਮਾਰ ਦਿੱਤੇ ਜਾਵਾਂਗੇ, ਪਰ ਰਾਨੂ ਅਤੇ ਆਸਿਫ਼ ਨੂੰ ਦੇਖ ਕੇ ਲਗਦਾ ਹੈ ਕਿ ਅਜਿਹੀ ਜ਼ਿੰਦਗੀ ਮੁਮਕਿਨ ਹੈ, ਖੁਸ਼ੀ ਮੁਮਕਿਨ ਹੈ।"
ਰਾਨੂ ਕਹਿੰਦੀ ਹੈ ਕਿ ਮੁੰਡੇ-ਕੁੜੀ ਵਿੱਚ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ-ਪਿਓ ਦੀ ਮਰਜ਼ੀ ਖ਼ਿਲਾਫ਼ ਜਾਣ ਦਾ ਕਦਮ ਹਮੇਸ਼ਾ ਪ੍ਰੇਸ਼ਾਨੀਆਂ ਖੜ੍ਹੀਆਂ ਕਰਦਾ ਹੈ।
ਇਸ ਲਈ ਉਹ ਪਰਿਵਾਰ ਨਾਲ ਗੱਲਬਾਤ ਦਾ ਰਸਤਾ ਖੁੱਲ੍ਹਾ ਰੱਖਣ ਦੀ ਸਲਾਹ ਦਿੰਦੀ ਹੈ।
ਇਸ ਨਾਲ ਫਾਇਦਾ ਇਹ ਵੀ ਹੁੰਦਾ ਹੈ ਕਿ ਪਰਿਵਾਰ ਇਹ ਜਾਣ ਸਕੇ ਕਿ ਉਨ੍ਹਾਂ ਦੇ ਬੱਚੇ ਇਕੱਠੇ ਕਿੰਨੇ ਖੁਸ਼ ਹਨ।
ਇਹ ਵੱਖਰੇ ਧਰਮਾਂ ਦੇ ਮੁੰਡੇ-ਕੁੜੀਆਂ ਵਿੱਚ ਮੇਲ-ਮਿਲਾਪ ਖ਼ਿਲਾਫ਼ ਬਣੇ ਸਮਾਜਿਕ ਅਤੇ ਸਿਆਸੀ ਮਾਹੌਲ ਦੀ ਚੁਣੌਤੀ ਤੋਂ ਨਿਪਟਣ ਲਈ ਵੀ ਮਦਦਗਾਰ ਹੁੰਦਾ ਹੈ।
ਰਾਨੂੰ ਕਹਿੰਦੀ ਹੈ, "ਇੱਕ ਡਰ ਦਾ ਮਾਹੌਲ ਹੈ, ਪਰ ਜੇਕਰ ਪਰਿਵਾਰ ਸਮਝਣ ਦੀ ਕੋਸ਼ਿਸ਼ ਕਰੇ ਅਤੇ ਕੱਟਣ ਵਿਚਾਰਧਾਰਾ ਰੱਖਣ ਵਾਲੇ ਸੰਗਠਨਾ ਤੋਂ ਦੂਰ ਰਹੇ, ਆਪਣੇ ਬੱਚਿਆ ਵਿੱਚ ਵਿਸ਼ਵਾਸ ਕਰੇ ਤਾਂ ਬਾਹਰੀ ਮਾਹੌਲ ਮਾਅਨੇ ਨਹੀਂ ਰੱਖਦਾ।"
ਇਹ ਵੀ ਪੜ੍ਹੋ:
ਆਦਿੱਤਿਯ ਨੇ ਆਪਣੇ ਪਿਤਾ ਦੇ ਵਪਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਹੈ। ਉਮੀਦ ਨਹੀਂ ਛੱਡੀ ਕਿ ਉਸਦੇ ਪਿਤਾ ਆਈਸ਼ਾ ਦਾ ਬਿਨਾਂ ਧਰਮ ਪਰਿਵਰਤਨ ਕਰਵਾਏ ਆਪਣੀ ਨੂੰਹ ਬਣਾਉਣ ਨੂੰ ਮੰਨ ਜਾਣਗੇ।
ਘਰ ਦੇ ਮੁੰਡਿਆ ਪ੍ਰਤੀ ਭਾਰਤੀ ਪਰਿਵਾਰ ਨਰਮ ਰੁਖ਼ ਰੱਖਦੇ ਹਨ। ਸਮਾਜ ਵਿੱਚ ਇੱਜ਼ਤ ਦਾ ਬੋਝ ਅਕਸਰ ਕੁੜੀਆਂ 'ਤੇ ਹੀ ਪਾਇਆ ਜਾਂਦਾ ਹੈ।
ਰਾਨੂ ਦੇ ਮੁਤਾਬਕ, "ਮੁੰਡੇ ਵਾਰਿਸ ਹੁੰਦੇ ਹਨ, ਵੰਸ਼ ਚਲਾਉਂਦੇ ਹਨ, ਇਸ ਲਈ ਉਨ੍ਹਾਂ ਨਾਲ ਰਿਸ਼ਤਾ ਬਣਾਏ ਰੱਖਣਾ ਪਰਿਵਾਰ ਲਈ ਵੀ ਜ਼ਰੂਰੀ ਹੁੰਦਾ ਹੈ ਅਤੇ ਉਹ ਕੁਝ ਢਿੱਲ ਦੇਣ ਨੂੰ ਤਿਆਰ ਵੀ ਹੋ ਜਾਂਦੇ ਹਨ ਪਰ ਕੁੜੀਆਂ 'ਤੇ ਕਾਬੂ ਰੱਖਣ ਦਾ ਪੱਧਰ ਵੱਖਰਾ ਹੀ ਹੁੰਦਾ ਹੈ।"
ਆਦਿੱਤਿਯ ਮੁਤਾਬਕ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਬੇਹੱਦ ਮੁਸ਼ਕਿਲ ਦੌਰ ਹੈ। ਕਈ ਰਿਸ਼ਤਿਆਂ ਅਤੇ ਸੁਪਨਿਆਂ ਦਾ ਸੰਤੁਲਨ ਬਣਾ ਕੇ ਚੱਲਣਾ ਹੈ।
ਉਹ 'ਸਪੈਸ਼ਲ ਮੈਰਿਜ ਐਕਟ' ਤਹਿਤ ਵਿਆਹ ਕਰਵਾਉਣਾ ਚਾਹੁੰਦੇ ਹਨ। ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪਣੀ ਗ੍ਰਹਿਸਤੀ ਖ਼ੁਦ ਚਲਾਉਣਾ ਚਾਹੁੰਦੇ ਹਨ।
ਹੁਣ ਇਹ ਦੋਵੇਂ 21 ਸਾਲ ਦੇ ਹੋ ਗਏ ਹਨ। ਇੱਕ-ਦੂਜੇ 'ਤੇ ਭਰੋਸਾ ਕਾਇਮ ਹੈ। ਆਈਸ਼ਾ ਕਹਿੰਦੀ ਹੈ ਕਿ ਆਦਿੱਤਿਯ ਉਸਦਾ ਹੀਰੋ ਹੈ, ਉਸ ਨੂੰ ਹੌਸਲਾ ਦਿੰਦਾ ਹੈ।
ਆਦਿੱਤਿਯ ਦਾ ਕਹਿਣਾ ਹੈ ਕਿ ਪਹਿਲੀ ਲੜਾਈ ਖ਼ੁਦ ਨਾਲ ਸੀ, ਆਪਣੇ ਰਿਸ਼ਤੇ ਵਿੱਚ ਯਕੀਨ ਕਰਨ ਦੀ। ਉਹ ਜਿੱਤ ਲਈ। ਦੂਜੀ ਲੜਾਈ ਜਿਹੜੀ ਪਰਿਵਾਰ ਅਤੇ ਸਮਾਜ ਨਾਲ ਹੈ, ਹੁਣ ਦੋਵੇਂ ਨਾਲ ਹਨ ਤਾਂ ਮਿਲ ਕੇ ਉਹ ਵੀ ਕਿਲਾ ਫਤਿਹ ਕਰ ਲੈਣਗੇ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ