ਸਰੋਗੇਸੀ ਕੀ ਹੈ ਜਿਸ ਰਾਹੀਂ ਏਕਤਾ ਕਪੂਰ ਮਾਂ ਬਣੀ

ਭਾਰਤੀ ਟੈਲੀਵਿਜ਼ਨ ਦੀ ਕਵੀਨ ਮੰਨੀ ਜਾਣ ਵਾਲੀ ਅਤੇ ਬਾਲੀਵੁੱਡ ਫ਼ਿਲਮਾਂ ਦੀ ਪ੍ਰੋਡਿਊਸਰ ਏਕਤਾ ਕਪੂਰ ਸਰੋਗੇਸੀ ਜ਼ਰੀਏ ਇੱਕ ਮੁੰਡੇ ਦੀ ਮਾਂ ਬਣ ਗਈ ਹੈ।

ਏਕਤਾ ਕਪੂਰ ਦੀ ਪੀਆਰ ਟੀਮ ਵੱਲੋਂ ਜਾਰੀ ਬਿਆਨ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਪੂਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਸਰੋਗੇਸੀ ਜ਼ਰੀਏ ਪੈਦਾ ਹੋਏ ਇਸ ਮੁੰਡੇ ਦਾ ਜਨਮ 27 ਜਨਵਰੀ ਨੂੰ ਹੋਇਆ ਹੈ ਅਤੇ ਉਸਦਾ ਨਾਮ ਰਵੀ ਕਪੂਰ ਰੱਖਿਆ ਗਿਆ ਹੈ।

ਏਕਤਾ ਕਪੂਰ ਦੇ ਪਿਤਾ ਜਤਿੰਦਰ ਦਾ ਅਸਲੀ ਨਾਮ ਵੀ ਰਵੀ ਕਪੂਰ ਹੈ।

ਸਰੋਗੇਸੀ ਕੀ ਹੈ, ਦੇਖਣ ਲਈ ਵੀਡੀਓ ਕਲਿੱਕ ਕਰੋ

ਸਰੋਗੇਸੀ ਜ਼ਰੀਏ ਮਾਂ ਬਣਨ ਵਿੱਚ ਏਕਤਾ ਕਪੂਰ ਦੀ ਡਾਕਟਰ ਨੰਦਿਤਾ ਪਲਸ਼ੇਤਕਰ ਨੇ ਮਦਦ ਕੀਤੀ।

ਉਨ੍ਹਾਂ ਨੇ ਦੱਸਿਆ, ''ਏਕਤਾ ਕਪੂਰ ਕੁਝ ਸਾਲ ਪਹਿਲਾਂ ਮਾਂ ਬਣਨ ਦੀ ਖੁਆਇਸ਼ ਲੈ ਕੇ ਮੇਰੇ ਕੋਲ ਆਈ ਸੀ। ਅਸੀਂ ਆਈਵੀਐਫ਼ ਅਤੇ ਆਈਯੂਆਈ ਜ਼ਰੀਏ ਕਈ ਵਾਰ ਕੋਸ਼ਿਸ਼ ਕੀਤੀ, ਪਰ ਏਕਤਾ ਗਰਭਵਤੀ ਨਹੀਂ ਹੋ ਸਕੀ। ਇਸ ਲਈ ਅਸੀਂ ਸਰੋਗੇਸੀ ਦਾ ਸਹਾਰਾ ਲਿਆ।"

ਉਨ੍ਹਾਂ ਦੀ ਇਸ ਮਾਂ ਬਣਨ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਇਛਾਵਾਂ ਦੇ ਰਹੇ ਹਨ।

ਏਕਤਾ ਕਪੂਰ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਜਤਿੰਦਰ ਦੀ ਕੁੜੀ ਹੈ ਅਤੇ ਅਦਾਕਾਰ ਤੁਸ਼ਾਰ ਕਪੂਰ ਦੀ ਭੈਣ ਹੈ।

ਕਿਹਾ ਜਾ ਰਿਹਾ ਹੈ ਕਿ ਏਕਤਾ ਨੇ ਮਾਂ ਬਣਨ ਦੀ ਪ੍ਰੇਰਨਾ ਤੁਸ਼ਾਰ ਕਪੂਰ ਤੋਂ ਲਈ ਹੈ।

ਇਹ ਵੀ ਪੜ੍ਹੋ

ਸਰੋਗੇਸੀ ਤੋਂ ਪਿਤਾ ਬਣੇ ਸਨ ਤੁਸ਼ਾਰ

ਤਿੰਨ ਸਾਲ ਪਹਿਲਾਂ ਤੁਸ਼ਾਰ ਕਪੂਰ ਵੀ ਸਰੋਗੇਸੀ ਜ਼ਰੀਏ ਇੱਕ ਬੇਬੀ ਬੁਆਏ ਦੇ ਪਿਤਾ ਬਣੇ ਸਨ ਅਤੇ ਉਨ੍ਹਾਂ ਨੇ ਆਪਣੇ ਮੁੰਡੇ ਦਾ ਨਾਮ ਲਕਸ਼ਯ ਕਪੂਰ ਰੱਖਿਆ ਸੀ।

ਲਕਸ਼ਯ ਦੇ ਜਨਮ ਦਿਨ ਤੋਂ ਲੈ ਕੇ ਕਈ ਖੁਸ਼ੀਆਂ ਦੇ ਮੌਕਿਆਂ 'ਤੇ ਏਕਤਾ ਕਪੂਰ ਕਹਿ ਚੁੱਕੀ ਹੈ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ।

ਪਰ ਜਦੋਂ ਤੁਸ਼ਾਰ ਦੇ ਮੁੰਡੇ ਲਕਸ਼ਯ ਦਾ ਜਨਮ ਹੋਇਆ ਸੀ, ਉਦੋਂ ਉਨ੍ਹਾਂ ਨੇ ਮਾਂ ਬਣਨ ਦੀ ਇੱਛਾ ਜ਼ਾਹਿਰ ਜ਼ਰੂਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਉਹ ਜ਼ਿੰਮੇਦਾਰੀ ਚੁੱਕਣ ਲਾਇਕ ਹੋ ਜਾਵੇਗੀ ਉਦੋਂ ਮਾਂ ਜ਼ਰੂਰ ਬਣਨਾ ਚਾਹੇਗੀ।

ਬੱਚਿਆਂ ਪ੍ਰਤੀ ਉਨ੍ਹਾਂ ਦਾ ਜੋ ਪਿਆਰ ਹੈ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਆਪਣੀ ਅਤੇ ਆਪਣੇ ਭਤੀਜੇ ਲਕਸ਼ਯ ਦੀਆਂ ਖ਼ੂਬਸੂਰਤ ਤਸਵੀਰਾਂ ਅਤੇ ਪੋਸਟ ਨੂੰ ਆਪਣੇ ਫੈਂਸ ਵਿਚਾਲੇ ਸਾਂਝਾ ਕਰਕੇ ਵਿਖਾ ਚੁੱਕੀ ਹੈ।

ਕਈ ਵਾਰ ਤਾਂ ਉਹ ਆਪਣੇ ਇੰਟਰਵਿਊ ਵਿੱਚ ਇਹ ਵੀ ਕਹਿ ਚੁੱਕੀ ਹੈ ਕਿ ਉਹ ਲਕਸ਼ ਦੇ ਬੇਹੱਦ ਕਰੀਬ ਹਨ ਅਤੇ ਉਹ ਉਸ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦੀ ਹੈ।

ਇਹ ਵੀ ਪੜ੍ਹੋ

ਹੋਰ ਵੀ ਹਨ ਸਰੋਗੇਟ ਪੇਰੈਂਟ

ਅਜਿਹਾ ਨਹੀਂ ਹੈ ਕਿ ਏਕਤਾ ਅਤੇ ਤੁਸ਼ਾਰ ਹੀ ਸਿਰਫ਼ ਸਰੋਗੇਸੀ ਜ਼ਰੀਏ ਮਾਤਾ-ਪਿਤਾ ਬਣੇ ਹਨ।

ਇਨ੍ਹਾਂ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਜਿਵੇਂ ਕਰਨ ਜੋਹਰ, ਸਰੋਗੇਸੀ ਜ਼ਰੀਏ ਬੱਚੇ ਦੇ ਪਿਤਾ ਬਣ ਚੁੱਕੇ ਹਨ।

ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ, ਅਦਾਕਾਰ ਸਨੀ ਲਿਓਨੀ ਅਤੇ ਅਦਾਕਾਰਾ ਆਮਿਰ ਖ਼ਾਨ ਵੀ ਸਰੋਗੇਸੀ ਜ਼ਰੀਏ ਮਾਤਾ-ਪਿਤਾ ਬਣ ਚੁੱਕੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)