ਇਸਰੋ ਨੇ ਲਾਂਚ ਕੀਤੀ ਸਭ ਤੋਂ ਹਲਕੀ ਸੈਟੇਲਾਈਟ

ਭਾਰਤੀ ਪੁਲਾੜ ਏਜੰਸੀ ਇਸਰੋ ਨੇ ਦੁਨੀਆ ਦੇ ਸਭ ਤੋਂ ਹਲਕੇ ਸੈਟੇਲਾਈਟ ਕਲਾਮ-ਸੈਟ ਵੀਟੂ ਨੂੰ ਧਰਤੀ ਦੇ ਗਰਭ ਵਿੱਚ ਵੀਰਵਾਰ ਦੇਰ ਰਾਤ ਸਥਾਪਿਤ ਕਰ ਦਿੱਤਾ ਹੈ।

ਕਲਾਮ-ਸੈੱਟ ਵਿਦਿਆਰਥੀਆਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਮੇਜਿੰਗ ਸੈਟੇਲਾਈਟ ਮਾਈਕਰੋਸੈਟ-ਆਰ ਨੂੰ ਪੁਲਾੜ ਵਿੱਚ ਭੇਜ ਦਿੱਤਾ ਗਿਆ ਹੈ।

ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਪੀਐਸਐਲਵੀ 44 ਲਾਂਚ ਵੀਹਕਲ ਰਾਹੀਂ ਇਹ ਦੋ ਸੈਟੇਲਾਈਟ ਲਾਂਚ ਕੀਤੇ ਗਏ ਹਨ।

ਇਸਰੋ ਦੇ ਚੇਅਰਮੈਨ ਡਾ. ਕੇ. ਸਿਵਨ ਨੇ ਲਾਂਚ ਤੋਂ ਬਾਅਦ ਦੇਰ ਰਾਤ ਇਸ ਮਿਸ਼ਨ ਦੇ ਕਾਮਯਾਬ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਲਾਮ-ਸੈੱਟ ਬਣਾਉਣ ਵਾਲੇ ਵਿਦਿਆਰਥੀਆਂ ਨੂੰ 'ਸਪੇਸ-ਕਿਡ' ਕਿਹਾ ਅਤੇ ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਕਿਹਾ, "ਇਸਰੋ ਭਾਰਤੀਆਂ ਦੀ ਜਾਇਦਾਦ ਹੈ। ਭਾਰਤ ਦੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਗਿਆਨ ਦੀਆਂ ਨਵੀਂਆਂ ਖੋਜਾਂ ਲੇ ਕੇ ਸਾਡੇ ਕੋਲ ਆਉਣ। ਅਸੀਂ ਉਨ੍ਹਾਂ ਦੇ ਸੈਟੇਲਾਈਟ ਲਾਂਚ ਕਰਾਂਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਦੇਸ ਨੂੰ ਵਿਗਿਆਨ ਦੀ ਦਿਸ਼ਾ ਵੱਲ ਅੱਗੇ ਵਧਾਉਣ।"

ਇਹ ਵੀ ਪੜ੍ਹੋ:

ਕਲਾਮ-ਸੈੱਟ ਨੂੰ ਚੇਨਈ ਦੀ ਸਪੇਸ ਐਜੁਕੇਸ਼ਨ ਫਰਮ ਸਪੇਸ ਕਿਡਜ਼ ਇੰਡੀਆ ਨਾਮ ਦੀ ਸਟਾਰਟ-ਅਪ ਕੰਪਨੀ ਨੇ ਬਣਾਇਆ ਹੈ।

ਡਾ. ਕੇ. ਸਿਵਨ ਨੇ ਕਿਹਾ, "ਇਸ ਮਿਸ਼ਨ ਵਿੱਚ ਕਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਪਹਿਲੀ ਵਾਰ ਇਸ ਵਿੱਚ ਪੀਐਸਐਲਵੀ-ਸੀ 44 ਦੀ ਪੇਲੋਡ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ।"

"ਭਾਰਤ ਦੇ ਗਣਤੰਤਰ ਦਿਵਸ ਤੋਂ ਸਿਰਫ਼ ਦੋ ਦਿਨ ਪਹਿਲਾਂ, ਇਸ ਦਾ ਲਾਂਚ ਇਕ ਵੱਡੀ ਸਫਲਤਾ ਹੈ ਅਤੇ ਦੇਸ ਲਈ ਤੋਹਫਾ ਹੈ।"

ਪ੍ਰਾਜੈਕਟ ਡਾਇਰੈਕਟਰ ਆਰ ਹਟਨ ਨੇ ਕਿਹਾ, "ਇਹ ਪੀਐਸਐਲਵੀ ਸੀ 44 ਦਾ ਇੱਕ ਹੋਰ ਸਫਲ ਮਿਸ਼ਨ ਹੈ। ਇਹ ਇਸ ਲਾਂਚ ਵਹੀਕਲ ਦਾ 46 ਵਾਂ ਲਾਂਚ ਹੈ ਅਤੇ ਹੁਣ ਤੱਕ ਇਸ ਨੂੰ 44 ਵਾਰੀ ਸਫਲਤਾ ਮਿਲੀ ਹੈ ਜੋ ਖੁਦ ਵਿੱਚ ਇੱਕ ਵੱਡੀ ਕਾਮਯਾਬੀ ਹੈ।"

ਉਨ੍ਹਾਂ ਨੇ ਕਿਹਾ, "ਅਸੀਂ ਪੀਐਸਐੱਲਵੀ ਵਹੀਕਲ ਪਰਿਵਾਰ ਵਿੱਚ ਕਈ ਹੋਰ ਨਵੇਂ ਵਹੀਕਲ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿੱਚ ਪੀਐਸਐਲਵੀ-ਡੀਐਲ ਸ਼ਾਮਲ ਹੈ।"

ਉਨ੍ਹਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਮਾਈਕ੍ਰੋਸੈਟ-ਆਰ ਦਾ ਸੋਲਰ ਪੈਨਲ ਹੁਣ ਖੁਲ੍ਹ ਗਿਆ ਹੈ ਅਤੇ ਕੰਮ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ:

ਆਰ ਹਟਨ ਨੇ ਕਿਹਾ, "ਪ੍ਰਾਜੈਕਟ ਦੇ ਡਾਇਰੈਕਟਰ ਦੇ ਰੂਪ ਵਿੱਚ ਇਹ ਮੇਰਾ ਆਖਰੀ ਕੰਮ ਹੈ। ਮੈਂ ਕਹਿ ਸਕਦਾ ਹਾਂ ਕਿ ਇੱਥੇ ਹੀ ਮੇਰਾ ਜਨਮ ਹੋਇਆ ਹੈ ਅਤੇ ਮੈਂ ਇੱਥੇ ਹੀ ਵੱਡਾ ਹੋਇਆ।"

"ਇਸਰੋ ਦੇ ਚੇਅਰਮੈਨ ਨੇ ਹੁਣ ਮੇਰੇ 'ਤੇ ਇੱਕ ਸਧਾਰਨ ਜਿਹੇ ਕੰਮ ਦੀ ਜਿੰਮੇਵਾਰੀ ਸੌਂਪੀ ਹੈ - ਪੁਲਾੜ ਵਿੱਚ ਇਨਸਾਨ ਭੇਜਣ ਦੀ। ਮੈਨੂੰ ਆਸ ਹੈ ਕਿ ਤੈਅ ਸਮੇਂ ਦੇ ਅੰਦਰ ਅਸੀਂ ਇਸ ਕੰਮ ਵਿੱਚ ਵੀ ਸਫਲ ਹੋਵਾਂਗੇ।"

ਆਗਾਮੀ ਮਿਸ਼ਨ - ਗਗਨਯਾਨ

ਡਾ. ਕੇ ਸਿਵਨ ਨੇ ਇਸ ਮੌਕੇ ਇਸਰੋ ਦੇ ਅਗਲੇ ਮਿਸ਼ਨਾਂ ਬਾਰੇ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ 6 ਫਰਵਰੀ 2019 ਨੂੰ ਜੀਸੈਟ31 ਦਾ ਲਾਂਚ ਹੋਵੇਗਾ ਜੋ ਕਿ ਇਨਸੈਟ4 ਸੈਟੇਲਾਈਟ ਦੀ ਥਾਂ ਲਏਗਾ।

"ਇਸ ਤੋਂ ਬਾਅਦ, ਡੀਐਸਐਲਵੀ ਅਤੇ ਪੀਐਸਐਲਵੀ ਜ਼ਰੀਏ ਪੂਰਾ ਮਿਸ਼ਨ ਹੋਵੇਗਾ।"

"ਅਸੀਂ ਇੱਕ ਨਵਾਂ ਐਸਐਸਐਲਵੀ-ਸਮਾਲ ਸੈਟੇਲਾਈਟ ਲਾਂਚ ਵਹੀਕਲ ਯਾਨਿ ਕਿ ਇੱਕ ਛੋਟਾ ਸੈਟੇਲਾਈਟ ਲਾਂਚ ਵਹੀਕਲ ਬਣਾਇਆ ਹੈ ਜੋ ਇਸੇ ਸਾਲ ਆਪਣੀ ਉਡਾਣ ਭਰੇਗਾ।"

"ਇਸ ਦੇ ਨਾਲ ਚੰਦਰਯਾਨ 2 ਨਾਲ ਵੀ ਇਸ ਸਾਲ ਅਪ੍ਰੈਲ ਦੇ ਆਸ-ਪਾਸ ਲਾਂਚ ਕੀਤਾ ਜਾਵੇਗਾ।"

ਡਾ. ਸੀਵਨ ਨੇ ਕਿਹਾ, "ਸਾਡਾ ਮੁੱਖ ਕੰਮ ਹੁਣ ਸਾਨੂੰ ਗਗਨਯਾਨ 'ਤੇ ਹੈ ਜਿਸ ਤੇ ਅਸੀਂ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਾਂ। ਇਹ ਇਸਰੋ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।"

"ਇਸ ਦੀ ਜ਼ਿੰਮੇਵਾਰੀ ਆਰ ਹਟਨ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੇ ਮੈਨੂੰ ਵਾਅਦਾ ਕੀਤਾ ਹੈ ਕਿ ਦਸੰਬਰ 2020 ਤੱਕ ਇਸ ਦੀ ਪਹਿਲੀ ਉਡਾਣ ਹੋਵੇਗੀ, ਜਿਸ ਦੇ ਬਾਅਦ 2021 ਵਿਚ ਮਨੁੱਖ ਨੂੰ ਭੇਜਿਆ ਜਾਵੇਗਾ।"

"ਭਾਰਤ ਦੀ ਧਰਤੀ ਤੋਂ ਭਾਰਤੀ ਲਾਂਚ ਵਹੀਕਲ ਰਾਹੀਂ ਇੱਕ ਭਾਰਤੀ ਨੂੰ ਪੁਲਾੜ ਵਿੱਚ ਭੇਜਣਾ ਅਤੇ ਉੱਥੇ ਉਸ ਨੂੰ ਕੁਝ ਸਮੇਂ ਲਈ ਰੱਖਣਾ ਸਾਡਾ ਸਭ ਤੋਂ ਵੱਡਾ ਵੱਡਾ ਕੰਮ ਹੈ। ਇਹ ਮਿਸ਼ਨ 2021 ਵਿੱਚ ਮੁਕੰਮਲ ਹੋ ਜਾਵੇਗਾ।"

ਕਲਾਮ-ਸੈੱਟ ਦੀ ਖਾਸੀਅਤ

ਵਿਗਿਆਨ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਦਾ ਕਹਿਣਾ ਹੈ, "ਇਸ ਸੈਟੇਲਾਈਟ ਨੂੰ ਹੈਮ ਰੇਡੀਓ ਟਰਾਂਸਮਿਸ਼ਨ (ਸ਼ੌਕਿਆ ਰੇਡੀਓ ਟਰਾਂਸਮਿਸ਼ਨ) ਦੇ ਸੰਚਾਰ ਉਪਗ੍ਰਹਿ (ਕਮਿਊਨੀਕੇਸ਼ਨ ਸੈਟੇਲਾਈਟ) ਵਜੋਂ ਵਰਤਿਆ ਜਾ ਸਕੇਗਾ।"

"ਹੈਮ ਰੇਡੀਓ ਟਰਾਂਸਮਿਸ਼ਨ ਤੋਂ ਮਤਲਬ ਵਾਇਰਲੈੱਸ ਕਮਿਊਨੀਕੇਸ਼ਨ ਦੇ ਉਸ ਰੂਪ ਤੋਂ ਹੈ ਜਿਸ ਦੀ ਵਰਤੋਂ ਗੈਰ-ਪੇਸ਼ੇਵਰ ਗਤੀਵਿਧੀਆਂ ਵਿੱਚ ਕੀਤੀ ਜਾਂਦੀ ਹੈ।"

ਹਾਲਾਂਕਿ ਬੀਤੇ ਸਾਲ ਇੱਕ ਹੋਰ ਭਾਰਤੀ ਵਿਦਿਆਰਥੀ ਨੇ ਇਸ ਤੋਂ ਵੀ ਹਲਕੀ ਸੈਟੇਲਾਈਟ ਬਣਾਈ ਸੀ ਜਿਸ ਦਾ ਭਾਰ 64 ਗ੍ਰਾਮ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)