ਜੀਸੈਟ-11: ਇਸਰੋ ਦੀ ਸੈਟੇਲਾਈਟ ਦਾ ਕੀ ਹੋਵੇਗਾ ਇੰਟਰਨੈੱਟ 'ਤੇ ਅਸਰ?

ਭਾਰਤ ਦੇ ਸਭ ਤੋਂ ਵੱਡਾ ਸੈਟੇਲਾਈਟ GSAT-11 ਨੇ ਬੁੱਧਵਾਰ ਸਵੇਰ ਨੂੰ ਫ੍ਰਾਂਸ ਗਯਾਨਾ ਤੋਂ ਯੂਰਪੀ ਸਪੇਸ ਏਜੰਸੀ ਦੇ ਰਾਕਟ ਤੋਂ ਉਡਾਣ ਭਰੀ।

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਮੁਤਾਬਕ ਜੀਸੈਟ -11 ਦਾ ਭਾਰ 5,854 ਕਿਲੋਗ੍ਰਾਮ ਹੈ ਅਤੇ ਇਹ ਉਸ ਦਾ ਬਣਾਇਆ ਹੁਣ ਤੱਕ ਦਾ ਸਭ ਤੋਂ ਵੱਡਾ ਸੈਟੇਲਾਇਟ ਹੈ।

ਇਹ ਜਿਓਸਟੇਸ਼ਨਰੀ ਸੈਟੇਲਾਈਟ ਧਰਤੀ ਦੀ ਸਤਹ ਤੋਂ 36,000 ਕਿਲੋਮੀਟਰ ਉੱਪਰ ਓਰਬਿਟ ਵਿੱਚ ਰਹੇਗਾ। ਸੈਟੇਲਾਈਟ ਇੰਨਾ ਵੱਡਾ ਹੈ ਕਿ ਇਸ ਦਾ ਹਰ ਸੋਲਰ ਪੈਨਲ ਚਾਰ ਮੀਟਰ ਤੋਂ ਵੱਧ ਲੰਬਾ ਹੈ, ਜੋ ਕਿ ਇੱਕ ਸਿਡਾਨ ਕਾਰ ਦੇ ਬਰਾਬਰ ਹੈ।

ਜੀਸੈਟ -11 ਵਿੱਚ ਕੇਯੂ-ਬੈਂਡ ਅਤੇ ਕੇਏ-ਬੈਂਡ ਫ੍ਰੀਕੁਐਂਸੀ ਵਿੱਚ 40 ਟਰਾਂਸਪੋਂਡਰ ਹੋਣਗੇ ਜੋ ਕਿ 14 ਗੀਗਾਬਾਈਟ/ਸਕਿੰਟ ਤੱਕ ਦੀ ਡਾਟਾ ਟ੍ਰਾਂਸਫਰ ਸਪੀਡ ਦੇ ਨਾਲ ਹਾਈ ਬੈਂਡਵਿਡਥ ਕੁਨੈਕਟਵਿਟੀ ਦੇ ਸਕਦੇ ਹਨ।

ਕਿਉਂ ਖਾਸ ਹੈ ਜੀਸੈਟ-11 ਸੈਟੇਲਾਈਟ?

ਮੰਨੇ-ਪ੍ਰਮੰਨੇ ਵਿਗਿਆਨੀ ਪੱਤਰਕਾਰ ਪੱਲਵ ਬਾਗਲਾ ਨੇ ਬੀਬੀਸੀ ਨੂੰ ਦੱਸਿਆ, ''ਜੀਸੈਟ -11 ਬਹੁਤ ਸਾਰੇ ਮਾਇਨਿਆਂ ਵਿੱਚ ਖਾਸ ਹੈ। ਇਹ ਭਾਰਤ ਵਿੱਚ ਬਣਿਆ ਹੁਣ ਤੱਕ ਦਾ ਸਭ ਤੋਂ ਵੱਡਾ ਸੈਟੇਲਾਇਟ ਹੈ।''

ਇਹ ਵੀ ਪੜ੍ਹੋ:

ਪਰ ਭਾਰੀ ਸੈਟੇਲਾਈਟ ਦਾ ਮਤਲਬ ਕੀ ਹੈ?

ਉਨ੍ਹਾਂ ਨੇ ਦੱਸਿਆ, ''ਭਾਰੀ ਸੈਟੇਲਾਈਟ ਦਾ ਇਹ ਮਤਲਬ ਨਹੀਂ ਹੈ ਕਿ ਉਹ ਘੱਟ ਕੰਮ ਕਰੇਗਾ। ਕਮਿਊਨੀਕੇਸ਼ਨ ਸੈਟੇਲਾਈਟ ਦੇ ਮਾਮਲੇ ਵਿੱਚ ਵਿਸ਼ਾਲ ਹੋਣ ਦਾ ਮਤਲਬ ਹੈ ਕਿ ਉਹ ਬਹੁਤ ਤਾਕਤਵਰ ਹੈ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ।''

ਬਾਗਲਾ ਮੁਤਾਬਕ ਹੁਣ ਤੱਕ ਬਣੇ ਸਾਰੇ ਸੈਟੇਲਾਈਟਜ਼ ਵਿੱਚ ਇਹ ਸਭ ਤੋਂ ਜ਼ਿਆਦਾ ਬੈਂਡਵਿਡਥ ਨਾਲ ਲੈਣ ਵਾਲਾ ਉਪ-ਗ੍ਰਹਿ ਵੀ ਹੈ ਅਤੇ ਇਸ ਨਾਲ ਪੂਰੇ ਭਾਰਤ ਵਿੱਚ ਇੰਟਰਨੈਟ ਦੀ ਸਹੂਲਤ ਮਿਲੇਗੀ। ਇਹ ਵੀ ਖਾਸ ਗੱਲ ਹੈ ਕਿ ਇਸ ਨੂੰ ਪਹਿਲਾਂ ਦੱਖਣੀ ਅਮਰੀਕਾ ਭੇਜਿਆ ਗਿਆ ਸੀ, ਪਰ ਟੈਸਟਿੰਗ ਲਈ ਦੋਬਾਰਾ ਬੁਲਾਇਆ ਗਿਆ।

ਜੀਸੈਟ -11 ਲਾਂਚ ਕਿਉਂ ਟਾਲਿਆ ਸੀ?

ਪਹਿਲਾਂ ਜੀਸੈਟ -11 ਨੂੰ ਇਸੇ ਸਾਲ ਮਾਰਚ-ਅਪ੍ਰੈਲ ਵਿੱਚ ਭੇਜਿਆ ਜਾਣਾ ਸੀ ਪਰ ਜੀਸੈਟ -6ਏ ਮਿਸ਼ਨ ਦੇ ਨਾਕਾਮ ਹੋਣ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ। 29 ਮਾਰਚ ਨੂੰ ਰਵਾਨਾ ਹੋਏ ਜੀਸੈਟ -6ਏ ਤੋਂ ਸਿਗਨਲ ਲਾਸ ਦੇ ਕਾਰਨ ਇਲੈਕਟਰੀਕਲ ਸਰਕਟ ਵਿੱਚ ਗੜਬੜੀ ਹੈ।

ਅਜਿਹਾ ਖਦਸ਼ਾ ਹੈ ਕਿ ਜੀਸੈਟ -11 ਵਿੱਚ ਇਹੀ ਦਿੱਕਤ ਸਾਹਮਣੇ ਆ ਸਕਦੀ ਹੈ, ਇਸ ਲਈ ਇਸਦੀ ਲਾਂਚਿੰਗ ਨੂੰ ਰੋਕਿਆ ਗਿਆ ਸੀ। ਇਸ ਤੋਂ ਬਾਅਦ ਕਈ ਟੈਸਟ ਕੀਤੇ ਗਏ ਅਤੇ ਸਾਹਮਣੇ ਆਇਆ ਕਿ ਸਾਰੇ ਸਿਸਟਮ ਠੀਕ ਹਨ।

ਖਾਸ ਗੱਲ ਇਹ ਹੈ ਕਿ ਇਸਰੋ ਦਾ ਭਾਰੀ ਵਜ਼ਨ ਚੁੱਕਣ ਵਾਲੇ ਰਾਕੇਟ ਜੀਐਸਐਲਵੀ-3 ਚਾਰ ਟਨ ਵਜ਼ਨ ਨੂੰ ਚੁੱਕ ਸਕਦਾ ਹੈ। ਚਾਰ ਟਨ ਤੋਂ ਜ਼ਿਆਦਾ ਭਾਰ ਵਾਲੇ ਇਸਰੋ ਦੇ ਪੇਲੋਡ ਫ੍ਰਾਂਸੀਸੀ ਗਯਾਨਾ ਵਿੱਚ ਯੂਰੋਪੀ ਸਪੇਸਪੋਰਟ ਤੋਂ ਭੇਜੇ ਜਾਂਦੇ ਹਨ।

ਇੰਟਰਨੈੱਟ ਸਪੀਡ ਮਿਲੇਗੀ?

ਪੱਲਵ ਬਾਗਲਾ ਨੇ ਦੱਸਿਆ ਕਿ ਇਸਰੋ ਕੋਲ ਤਕਰੀਬਨ ਚਾਰ ਟਨ ਵਜ਼ਨੀ ਸੈਟੇਲਾਈਟ ਨੂੰ ਭੇਜਣ ਦੀ ਸਮਰੱਥਾ ਹੈ ਪਰ ਜੀਸੈਟ -11 ਦਾ ਭਾਰ 6 ਟਨ ਦੇ ਨੇੜੇ ਹੈ।

ਇਹ ਪੁੱਛਣ 'ਤੇ ਕਿ ਉਹ ਸਮਾਂ ਕਦੋਂ ਆਏਗਾ ਜਦੋਂ ਭਾਰਤ ਤੋਂ ਹੀ ਇੰਨੇ ਭਾਰ ਦੇ ਸੈਟੇਲਾਈਟ ਭੇਜੇ ਜਾ ਸਕਣਗੇ, ਪੱਲਵ ਬਾਗਲਾ ਨੇ ਕਿਹਾ, '' ਤੁਸੀਂ ਹਰ ਚੀਜ਼ ਬਾਹਰ ਨਹੀਂ ਭੇਜਣਾ ਚਾਹੁੰਦੇ, ਪਰ ਜਦੋਂ ਕੋਈ ਵੱਡੀ ਚੀਜ਼ ਹੁੰਦੀ ਹੈ ਤਾਂ ਅਜਿਹਾ ਕਰਨਾ ਪੈਂਦਾ ਹੋਵੇਗਾ।''

''ਅਸੀਂ ਬਸ ਰਾਹੀਂ ਸਫ਼ਰ ਕਰਦੇ ਹਾਂ ਪਰ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖਦੇ। ਜਦੋਂ ਕਦੇ ਲੋੜ ਹੁੰਦੀ ਹੈ ਤਾਂ ਅਸੀਂ ਉਸ ਨੂੰ ਕਿਰਾਏ 'ਤੇ ਲੈਂਦੇ ਹਾਂ। ਹੁਣ ਇਸਰੋ ਖੁੱਦ ਭਾਰੀ ਸੈਟੇਲਾਈਟ ਭੇਜਣ 'ਤੇ ਵਿਚਾਰ ਨਹੀਂ ਕਰ ਰਿਹਾ ਹੈ ਪਰ ਕੁਝ ਸਾਲਾਂ ਬਾਅਦ ਜਦੋਂ ਸੈਮੀ-ਕ੍ਰਾਓਜੇਨਿਕ ਇੰਜਣ ਤਿਆਰ ਹੋ ਜਾਵੇਗਾ, ਉਦੋਂ ਅਜਿਹਾ ਹੋ ਸਕਦਾ ਹੈ।''

ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਸੈਟੇਲਾਈਟ ਇੰਟਰਨੈੱਟ ਦੀ ਸਪੀਡ ਮੁਹੱਇਆ ਕਰਾਏਗਾ, ਇਸ ਉੱਤੇ ਬਾਗ਼ਲਾ ਨੇ ਕਿਹਾ, ''ਸੈਟੇਲਾਈਟ ਤੋਂ ਇੰਟਰਨੈਟ ਸਪੀਡ ਤੇਜ਼ ਨਹੀਂ ਹੁੰਦੀ ਕਿਉਂਕਿ ਉਹ ਆਪਟੀਕਲ ਫਾਈਬਰ ਤੋਂ ਮਿਲਦੀ ਹੈ।''

''ਪਰ ਇਸ ਸੈਟੇਲਾਈਟ ਨਾਲ ਕਵਰੇਜ ਦੇ ਮਾਮਲੇ ਵਿੱਚ ਫਾਇਦਾ ਹੋਵੇਗਾ। ਜੋ ਦੂਰ-ਦਰਾਡੇ ਦੇ ਇਲਾਕੇ ਹਨ, ਉੱਥੇ ਇੰਟਰਨੈੱਟ ਪਹੁੰਚਾਉਣ ਵਿੱਚ ਫਾਇਦਾ ਹੋਵੇਗਾ। ਕਈ ਅਜਿਹੀਆਂ ਥਾਂਵਾਂ ਹਨ, ਜਿੱਥੇ ਫਾਈਬਰ ਪਹੁੰਚਾਉਣਾ ਸੌਖਾ ਨਹੀਂ ਹੈ, ਉੱਥੇ ਇੰਟਰਨੈੱਟ ਪਹੁੰਚਣਾ ਸੌਖਾ ਹੋ ਜਾਵੇਗਾ।''

ਸੈਟੇਲਾਈਟ ਕੰਮ ਕਿਵੇਂ ਕਰੇਗਾ?

ਇਸ ਤੋਂ ਇਲਾਵਾ ਇੱਕ ਹੋਰ ਫਾਇਦਾ ਇਹ ਹੈ ਕਿ ਜਦੋਂ ਕਦੇ ਫਾਈਬਰ ਨੂੰ ਨੁਕਸਾਨ ਹੋਵੇਗਾ, ਤਾਂ ਇੰਟਰਨੈਟ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ ਅਤੇ ਸੈਟੇਲਾਈਟ ਰਾਹੀਂ ਉਹ ਚੱਲਦਾ ਰਹੇਗਾ।

ਇਸਰੋ ਆਪਣੇ ਜੀਐਸਐਲਵੀ -3 ਲਾਂਚਰ ਦਾ ਭਾਰ ਚੁੱਕਣ ਦੀ ਸਮਰੱਥਾ 'ਤੇ ਵੀ ਕੰਮ ਕਰ ਰਿਹਾ ਹੈ। ਜੀਸੈਟ -11 ਅਸਲ ਵਿੱਚ ਹਾਈ-ਥਰੂਪੂਟ ਕਮਿਊਨੀਕੇਸ਼ਨ ਸੈਟੇਲਾਈਟ ਹੈ, ਜਿਸ ਦਾ ਮਕਸਦ ਭਾਰਤ ਦੇ ਮੁੱਖ ਖੇਤਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮਲਟੀ-ਸਪਾਟ ਬੀਮ ਕਵਰੇਜ ਮੁਹੱਈਆ ਕਰਵਾਉਣਾ ਹੈ।

ਇਹ ਸੈਟੇਲਾਈਟ ਇਸ ਲਈ ਇੰਨੇ ਖਾਸ ਹਨ ਕਿ ਇਹ ਕਈ ਸਾਰੇ ਸਪਾਟ ਬੀਮ ਵਰਤਦਾ ਹੈ, ਜਿਸ ਨਾਲ ਇੰਟਰਨੈੱਟ ਸਪੀਡ ਅਤੇ ਕੁਨੈਕਟਵਿਟੀ ਵਧ ਜਾਂਦੀ ਹੈ।

ਸਪਾਟ ਬੀਮ ਦਾ ਮਤਲਬ ਹੈ ਸੈਟੇਲਾਈਟ ਸਿਗਨਲ, ਜੋ ਕਿ ਇੱਕ ਖਾਸ ਭੂਗੋਲਿਕ ਖੇਤਰ ਵਿੱਚ ਫੋਕਸ ਕਰਦਾ ਹੈ। ਬੀਮ ਜਿੰਨੀ ਪਤਲੀ ਹੋਵੇਗੀ, ਪਾਵਰ ਉੰਨੀ ਜ਼ਿਆਦਾ ਹੋਵੇਗੀ।

ਇਹ ਸੈਟੇਲਾਈਟ ਪੂਰੇ ਦੇਸ ਨੂੰ ਕਵਰ ਕਰਨ ਲਈ ਬੀਮ ਜਾਂ ਸਿਗਨਲ ਦਾ ਦੁਬਾਰਾ ਇਸਤੇਮਾਲ ਕਰਦਾ ਹੈ। ਇਨਸੈਟ ਵਰਗੇ ਰਵਾਇਤੀ ਸੈਟੇਲਾਈਟ ਬ੍ਰਾਡ ਸਿਗਨਲ ਬੀਮ ਵਰਤਦੇ ਹਨ, ਜੋ ਪੂਰੇ ਖੇਤਰ ਨੂੰ ਕਵਰ ਕਰਨ ਲਈ ਕਾਫੀ ਨਹੀਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)