ਬਰਨਾਲਾ 'ਆਪ' ਰੈਲੀ : ਮੁੱਦਿਆਂ ਦੀ ਥਾਂ ਭਗਵੰਤ ਮਾਨ ਦੀ ਦਾਰੂ ਦੀ ਚਰਚਾ-ਰੈਲੀ ਦੀ ਗਰਾਊਂਡ ਰਿਪੋਰਟ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ"

ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਆਏ ਵਿਧਾਨ ਸਭਾ ਹਲਕਾ ਮਹਿਲਾ ਕਲਾਂ ਦੇ ਪਿੰਡ ਫੁੱਲੀ ਵਾਲਾਂ ਦੇ ਰਜਿੰਦਰ ਸਿੰਘ ਦਾ। ਰਾਜਿੰਦਰ ਸਿੰਘ ਪੇਸ਼ੇ ਤੋਂ ਦੁਕਾਨਦਾਰ ਹਨ ਅਤੇ ਉਹ ਆਪਣੇ ਸਾਥੀ ਨਾਲ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਵਿਚ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣਨ ਲਈ ਆਏ ਹਨ।

ਰਾਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਆਮ ਆਦਮੀ ਪਾਰਟੀ ਨੂੰ ਪੂਰੀ ਸਪੋਰਟ ਹੈ ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਆਪਸੀ ਫੁੱਟ ਨੇ ਦਿਲ ਤੋੜ ਦਿੱਤਾ।

ਰਾਜਿੰਦਰ ਸਿੰਘ ਮੁਤਾਬਕ ਇਸ ਰੈਲੀ ਲਈ ਉਨ੍ਹਾਂ ਦੇ ਪਿੰਡ ਤੋਂ ਬੱਸ ਵੀ ਆਈ ਹੈ ਪਰ ਉਹ ਅੱਧੀ ਤੋਂ ਜ਼ਿਆਦਾ ਖ਼ਾਲੀ ਸੀ। ਅਜਿਹਾ ਕਿਉਂ ਹੋਇਆ ਤਾਂ ਉਸ ਦਾ ਜਵਾਬ ਸੀ ਜੇਕਰ ਆਪਸੀ ਫੁੱਟ ਨਾ ਹੁੰਦੀ ਤਾਂ ਬੱਸ ਭਰ ਕੇ ਆਉਣੀ ਸੀ। ਉਨ੍ਹਾਂ ਆਖਿਆ ਕਿ ਚੌਧਰ ਦੀ ਭੁੱਖ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੋਟ ਜ਼ਰੂਰ ਟੁੱਟੀ ਹੈ ਪਰ ਅਜੇ ਵੀ ਇਸ ਦਾ ਆਧਾਰ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਆਪਸੀ ਫੁੱਟ ਦਾ ਦੂਜੀਆਂ ਸਿਆਸੀ ਧਿਰਾਂ ਫ਼ਾਇਦਾ ਚੁੱਕ ਰਹੀਆਂ ਹਨ।

ਨਿੱਘੀ ਧੁੱਪ ਵਿਚ ਹੱਥ ਵਿਚ ਆਮ ਆਦਮੀ ਪਾਰਟੀ ਦਾ ਝੰਡਾ ਲੈ ਕੇ ਖੜੇ ਪੇਸ਼ੇ ਵਜੋਂ ਖੇਤ ਮਜ਼ਦੂਰ ਪਿੰਡ ਪੂਹਲਾ ਦੇ ਰਹਿਣ ਵਾਲੇ ਨੈਬ ਸਿੰਘ ਨੇ ਦੱਸਿਆ ਕਿ ਉਸ ਨੂੰ ਅਜੇ ਵੀ ਆਮ ਆਦਮੀ ਪਾਰਟੀ ਤੋਂ ਖ਼ਾਸੀ ਉਮੀਦ ਹੈ। ਨੈਬ ਸਿੰਘ ਨੇ ਵੀ ਇਹ ਗੱਲ ਮੰਨੀ ਕਿ ਪਾਰਟੀ ਦੀ ਆਪਸੀ ਫੁੱਟ ਨੇ ਨੁਕਸਾਨ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਸੀ “ਰਿਵਾਇਤੀ ਪਾਰਟੀਆਂ ਪਿਛਲੇ 60 ਸਾਲਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਾਰ ਨਹੀਂ ਲੈ ਸਕੀਆਂ ਪਰ ਉਸ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਬਾਰੇ ਜ਼ਰੂਰ ਸੋਚੇਗੀ ਅਤੇ ਇਸੀ ਕਰ ਕੇ ਉਹ ਬਰਨਾਲਾ ਦੀ ਦਾਣਾ ਮੰਡੀ ਵਿਚ ਕੇਜਰੀਵਾਲ ਦੇ ਵਿਚਾਰ ਸੁਣਨ ਲਈ ਆਇਆ ਹਾਂ।”

26 ਸਾਲਾ ਗੁਰਲਾਲ ਸਿੰਘ ਪੇਸ਼ੇ ਤੋਂ ਕਿਸਾਨ ਹੈ। ਉਨ੍ਹਾਂ ਦੱਸਿਆ, “ਕਿਸਾਨੀ ਦੀ ਹਾਲਤ ਦਿਨ ਪ੍ਰਤੀ ਦਿਨ ਮੰਦੀ ਹੁੰਦੀ ਜਾ ਰਹੀ ਹੈ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਪਰ ਕੋਈ ਉਸ ਦੀ ਸਾਰ ਨਹੀਂ ਲੈ ਰਿਹਾ। ਇਸ ਕਰ ਕੇ ਮੈਨੂੰ ਆਮ ਆਦਮੀ ਤੋਂ ਅਜੇ ਵੀ ਉਮੀਦ ਹੈ।”

ਗੁਰਲਾਲ ਸਿੰਘ ਨੇ ਆਖਿਆ ਕਿ ਪਾਰਟੀ ਨਵੀਂ ਹੈ ਇਸ ਗ਼ਲਤੀਆਂ ਵੀ ਹੋਈਆਂ ਹਨ ਪਰ ਅਜੇ ਵੀ ਇਸ ਦਾ ਆਧਾਰ ਪੰਜਾਬ ਵਿੱਚ ਹੈ। ਆਮ ਆਦਮੀ ਪਾਰਟੀ ਦੀ ਇਸ ਰੈਲੀ ਦੌਰਾਨ ਲੋਕਾਂ ਦਾ ਇਕੱਠ ਤਾਂ ਦੇਖਣ ਨੂੰ ਮਿਲਿਆ ਪਰ ਇਸ ਵਿੱਚ ਔਰਤਾਂ ਦੀ ਕਮੀ ਸੀ। ਸਿਰਫ਼ ਨੌਜਵਾਨ ਅਤੇ ਅਧਖੜ ਉਮਰ ਦੇ ਲੋਕ ਹੀ ਰੈਲੀ ਵਿੱਚ ਪਹੁੰਚੇ।

ਆਮ ਆਦਮੀ ਪਾਰਟੀ ਦਾ ਬਦਲੇ ਨਾਅਰੇ

2014 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੇ ਕੇਜਰੀਵਾਲ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ' ਦਾ ਨਾਅਰਾ ਦਿੱਤਾ ਸੀ ਪਰ ਆਗਾਮੀ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਨੇ ਨਾਅਰੇ ਬਦਲ ਦਿੱਤੇ ਹਨ।

ਹੁਣ ਪਾਰਟੀ ਨੇ 'ਬਦਲੀ ਦਿੱਲੀ ਦੀ ਨੁਹਾਰ, ਪੰਜਾਬੀਓ ਤੁਸੀਂ ਵੀ ਮੌਕਾ ਦਿਓ ਇਸ ਵਾਰ' ਦਾ ਨਵਾਂ ਨਾਅਰਾ ਦਿੱਤਾ ਹੈ। ਇਸ ਤੋਂ ਇਲਾਵਾ ਬਾਦਲ ਨੇ ਕੀਤੀ ਬੇਅਦਬੀ, ਕੈਪਟਨ ਨੇ ਦਿੱਤਾ ਧੋਖਾ, 2019 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਾਥ ਦਿਓ'।

ਇਹ ਵੀ ਪੜ੍ਹੋ:

ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਕੀਤਾ ਜਾ ਰਹੇ ਕੰਮਾਂ ਦਾ ਗੁਣਗਾਨ ਪੰਜਾਬ ਵਿੱਚ ਕਰੇਗੀ। ਇੱਕ ਅਹਿਮ ਗੱਲ ਜੋ ਵਿਧਾਨ ਸਭਾ ਚੋਣਾਂ ਦੌਰਾਨ ਅਕਸਰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿਚ ਦੇਖਣ ਨੂੰ ਮਿਲਦੀ ਸੀ ਉਹ ਸੀ ਨਸ਼ਾ।

ਪਰ ਇਸ ਵਾਰ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਉੱਤੇ ਖੁੱਲ ਕੇ ਬੋਲਣ ਤੋਂ ਗੁਰੇਜ਼ ਕੀਤਾ। ਉਹਨਾਂ ਪੰਜਾਬ ਦੀ ਮੌਜੂਦਾ ਸਰਕਾਰ ਉਤੇ ਰੋਜ਼ਗਾਰ ਅਤੇ ਸਮਾਰਟ ਫੋਨ ਦੇ ਮੁੱਦੇ ਉਤੇ ਵਾਅਦਾ ਖਿਲਾਫੀ ਕਰਨ ਦੀ ਗੱਲ ਆਖੀ ਉਤੇ ਹੀ ਬੇਅਦਬੀ ਦੇ ਮੁੱਦੇ ਉਤੇ ਬਾਦਲ ਪਰਿਵਾਰ ਉਤੇ ਸਵਾਲ ਖੜੇ ਕੀਤੇ।

ਭਗਵੰਤ ਦੀ ਦਾਰੂ ਦੀ ਚਰਚਾ

ਰੈਲੀ ਦੌਰਾਨ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਆਪਣੀ ਸ਼ਰਾਬ ਦੀ ਲਤ ਦੀ ਗੱਲ ਖ਼ੁਦ ਸਵੀਕਾਰ ਕੀਤੀ। ਭਗਵੰਤ ਮਾਨ ਨੇ ਮੰਨਿਆ ਕਿ ਉਹ ਆਪਣੇ ਕਲਾਕਾਰੀ ਦੇ ਪੇਸ਼ੇ ਕਾਰਨ ਕਦੇ ਕਦਾਈਂ ਦਾਰੂ ਪੀਂਦੇ ਸੀ ਪਰ ਇੱਕ ਜਨਵਰੀ ਤੋਂ ਉਨ੍ਹਾਂ ਨੇ ਦਾਰੂ ਪੀਣ ਤੋਂ ਤੌਬਾ ਕਰ ਲਈ ਹੈ। ਇਸ ਦੇ ਲਈ ਉਸ ਨੇ ਮੰਚ ਉੱਤੇ ਆਪਣੀ ਮਾਂ ਨੂੰ ਬੁਲਿਆ ਅਤੇ ਉਸ ਦੇ ਸਾਹਮਣੇ ਦਾਰੂ ਨਾ ਪੀਣ ਦੀ ਗੱਲ ਆਖੀ।

ਭਗਵੰਤ ਨੇ ਜਦੋਂ ਇਹ ਗੱਲ ਸਟੇਜ ਉੱਤੇ ਐਲਾਨ ਕੀਤੀ ਤਾਂ ਰੈਲੀ ਸੁਣਨ ਆਏ ਲੋਕਾਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਵੀ ਦਿਖਾਈ ਦਿੱਤੀ। ਯਾਦ ਰਹੇ ਕਿ ਭਗਵੰਤ ਦੀ ਸ਼ਰਾਬੀ ਹਾਲਤ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਇਹ ਇੱਕ ਵੱਡਾ ਮੁੱਦਾ ਬਣ ਗਿਆ ਸੀ। ਭਗਵੰਤ ਨੇ ਮੰਨਿਆ ਕਿ ਵਿਰੋਧੀਆਂ ਨੇ ਦਾਰੂ ਨੂੰ ਲੈ ਕੇ ਉਸ ਉਤੇ ਬਹੁਤ ਤੰਜ ਕਸੇ ਹਨ ਪਰ ਹੁਣ ਉਹ ਇਸ ਤੋਂ ਵੀ ਦੂਰ ਹੋ ਗਏ ਹਨ।

ਭਗਵੰਤ ਮਾਨ ਦੇ ਇਸ ਐਲਾਨ ਉੱਤੇ ਕੇਜਰੀਵਾਲ ਨੇ ਵੀ ਖ਼ੁਸ਼ੀ ਪ੍ਰਗਟਾਈ ਉਨ੍ਹਾਂ ਨੇ ਇਸ ਨੂੰ ਮਾਨ ਦੀ ਇੱਕ ਵੱਡੀ ਕੁਰਬਾਨੀ ਦੱਸਿਆ।ਕੇਜਰੀਵਾਲ ਨੇ ਇਹ ਵੀ ਕਿਹਾ “ਭਗਵੰਤ ਪਾਰਟੀ ਦਾ ਇੱਕ ਵੱਡਾ ਆਗੂ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ।”

ਕੇਜਰੀਵਾਲ ਨੇ ਐਲਾਨ ਕੀਤਾ ਕਿ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਕਿਸੇ ਵੀ ਦੂਜੀ ਸਿਆਸੀ ਧਿਰ ਨਾਲ ਸਮਝੌਤਾ ਨਹੀਂ ਕਰੇਗੀ।

ਆਮ ਆਦਮੀ ਪਾਰਟੀ ਸਨਮੁੱਖ ਚੁਨੌਤੀਆਂ

ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਥੇ ਵਿਰੋਧੀ ਰਿਵਾਇਤੀ ਪਾਰਟੀਆਂ ਨਾਲ ਦੋ-ਦੋ ਹੱਥ ਕਰਨੇ ਪੈਣੇ ਹਨ ਉੱਥੇ ਹੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਸਿਆਸੀ ਧਿਰ ਖੜੀ ਕਰਨ ਵਾਲੇ ਪੰਜਾਬੀ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਸਾਹਮਣਾ ਕਰਨਾ ਪੈਣਾ।

ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਏ ਬਿਨਾਂ ਆਖਿਆ, “ਜੋ ਲੋਕ ਪਾਰਟੀ ਤੋਂ ਦੂਰ ਹੋਏ ਹਨ ਉਹ ਟਿਕਟਾਂ ਅਤੇ ਅਹੁਦਿਆਂ ਦੇ ਲਾਲਚ ਕਾਰਨ ਆਏ ਸਨ ਅਤੇ ਇਹਨਾਂ ਦੇ ਜਾਣ ਨਾਲ ਝਾੜੂ ਨੂੰ ਕੋਈ ਫ਼ਰਕ ਨਹੀਂ ਪਵੇਗਾ ਅਤੇ ਉਨ੍ਹਾਂ ਦੇ ਨਾਲ ਪਾਰਟੀ ਸਾਫ਼ ਹੋਈ ਹੈ।”

ਕੇਜਰੀਵਾਲ ਨੇ ਆਖਿਆ, “ਦੇਸ਼ ਦੀਆਂ ਦੂਜੀਆਂ ਸਿਆਸੀ ਧਿਰਾਂ ਨੇ ਝਾੜੂ ਨੂੰ ਤੀਲ੍ਹਾ ਤੀਲ੍ਹਾ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਇਹ ਸਭ ਕੋਸ਼ਿਸ਼ਾਂ ਅਸਫਲ ਸਿੱਧ ਹੋਈਆਂ ਹਨ ਅਤੇ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਮਜ਼ਬੂਤ ਹਨ।”

ਬਰਨਾਲਾ ਰੈਲੀ ਦੀ ਅਹਿਮੀਅਤ

2917 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਨੇ ਪਹਿਲੀ ਵਾਰ ਸਿਆਸੀ ਤੌਰ ’ਤੇ ਬਰਨਾਲਾ ਰਾਹੀਂ ਹਾਜ਼ਰੀ ਭਰੀ ਹੈ। ਨਸ਼ੇ ਦੇ ਮੁੱਦੇ ਉੱਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਤੋਂ ਦੂਰੀ ਬਣਾ ਲਈ ਸੀ।

ਬਰਨਾਲਾ ਰਾਜਨੀਤਿਕ ਤੌਰ ਪਾਰਟੀ ਕਾਫ਼ੀ ਅਹਿਮੀਅਤ ਰੱਖਦਾ ਹੈ। ਸੰਗਰੂਰ ਲੋਕ ਸਭਾ ਦੇ 9 ਵਿਧਾਨ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜ ਉੱਤੇ ਜਿੱਤ ਪ੍ਰਾਪਤ ਕੀਤੀ ਸੀ।

ਇਸ ਤੋਂ ਪਾਰਟੀ ਇਥੇ ਆਪਣਾ ਵੱਡਾ ਆਧਾਰ ਵੀ ਸਮਝਦੀ ਹੈ। ਇਸੀ ਕਰ ਕੇ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀਆਂ ਤਿੰਨ ਰੈਲੀਆਂ ਦਾ ਪ੍ਰੋਗਰਾਮ ਪੰਜਾਬ ਵਿੱਚ ਉਲੀਕਿਆ ਹੈ।

ਮਾਲਵੇ ਵਿੱਚ ਬਰਨਾਲਾ ਰੈਲੀ ਤੋਂ ਬਾਅਦ ਪਾਰਟੀ ਇੱਕ ਦੁਆਬੇ ਵਿਚ ਅਤੇ ਤੀਜੀ ਰੈਲੀ ਮਾਝੇ ਇਲਾਕੇ ਵਿਚ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)