ਪੱਛਮੀ ਬੰਗਾਲ 'ਚ 'ਮੁਸਲਿਮ ਅੱਤਵਾਦ' ਵਾਲੇ ਵੀਡੀਓ ਦੀ ਕੀ ਹੈ ਹਕੀਕਤ

ਵੀਡੀਓ, ਬੰਗਲਾਦੇਸ਼
ਤਸਵੀਰ ਕੈਪਸ਼ਨ, ਇਸ ਵੀਡੀਓ ਨੂੰ ਪੱਛਮ ਬੰਗਾਲ ਦਾ ਕਹਿ ਕੇ ਸ਼ੇਅਰ ਕੀਤਾ ਜਾ ਰਿਹਾ ਹੈ
    • ਲੇਖਕ, ਫ਼ੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਹਿੰਸਕ ਵੀਡੀਓ 'ਪੱਛਮੀ ਬੰਗਾਲ 'ਚ ਇਸਲਾਮਿਕ ਅੱਤਵਾਦ' ਦੀ ਇੱਕ ਝਲਕ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।

ਲਗਭਗ ਸਵਾ ਦੋ ਮਿੰਟ ਦੇ ਇਸ ਵੀਡੀਓ 'ਚ ਅਫ਼ਰਾ-ਤਫ਼ਰੀ ਸਾਫ਼ ਦੇਖੀ ਜਾ ਸਕਦੀ ਹੈ।

ਵੀਡੀਓ 'ਚ ਦਿਖ ਰਹੀ ਭੀੜ 'ਚ ਜ਼ਿਆਦਾਤਰ ਲੋਕਾਂ ਨੇ ਕੁਰਤੇ-ਪਜਾਮੇ ਅਤੇ ਟੋਪੀਆਂ ਪਹਿਨੀਆਂ ਹੋਈਆਂ ਹਨ ਅਤੇ ਉਹ ਇੱਕ ਗਲੀ ਦੇ ਵਿੱਚ ਭੰਨ-ਤੋੜ ਕਰ ਰਹੇ ਹਨ।

ਇਹ ਵੀ ਜ਼ਰੂਰ ਪੜ੍ਹੋ:

ਜਿਹੜੇ ਫ਼ੇਸਬੁੱਕ ਪੇਜਾਂ 'ਤੇ ਅਤੇ ਗਰੁੱਪਾਂ 'ਚ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕਈਆਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ ਵੀਡੀਓ ਵਟਸਐਪ 'ਤੇ ਮਿਲਿਆ।

ਪਰ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਜਨਤਕ ਤੌਰ 'ਤੇ ਸ਼ੇਅਰ ਕੀਤਾ ਹੈ, ਉਨ੍ਹਾਂ ਨੇ ਇਸ ਵੀਡੀਓ ਨੂੰ ਪੱਛਮ ਬੰਗਾਲ ਦਾ ਦੱਸਿਆ ਹੈ।

ਅਜਿਹੇ ਹੀ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ''2019 'ਚ ਜਿਨ੍ਹਾਂ ਨੂੰ ਬੀਜੇਪੀ ਨੂੰ ਚੁਣਨ ਵਿੱਚ ਪਰੇਸ਼ਾਨੀ ਹੋਵੇ ਉਹ ਇਹ ਭਵਿੱਖ ਚੁਣਨ ਲਈ ਤਿਆਰ ਰਹਿਣ। ਬੰਗਾਲ 'ਚ ਇਸਲਾਮਿਕ ਟੈਰਰ ਦੀ ਇੱਕ ਛੋਟੀ ਜਿਹੀ ਝਲਕ ਪੇਸ਼ ਹੈ। ਹੋਰ ਲੋਕਾਂ ਨੂੰ ਦਿਖਾਓ, ਤਾਂ ਜੋ ਲੋਕ ਜਾਗਰੂਕ ਹੋ ਸਕਣ।''

ਬਿਲਕੁਲ ਇਸੇ ਸੁਨੇਹੇ ਦੇ ਨਾਲ ਇਹ ਵੀਡੀਓ 'ਰੀਸਜ੍ਰੇਂਟ ਧਰਮ' ਨਾਂ ਦੇ ਕਥਿਤ ਧਾਰਮਿਕ ਗਰੁੱਪ 'ਚ ਵੀ ਪੋਸਟ ਕੀਤਾ ਗਿਆ ਹੈ, ਜਿੱਥੇ ਇਸ ਵੀਡੀਓ ਨੂੰ 46 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 1,800 ਤੋਂ ਵੱਧ ਲੋਕ ਇਸਨੂੰ ਸ਼ੇਅਰ ਕਰ ਚੁੱਕੇ ਹਨ।

ਸ਼ੁੱਕਰਵਾਰ (11 ਜਨਵਰੀ, 2019) ਨੂੰ ਵੀ ਕੁਝ ਨਵੇਂ ਫ਼ੇਸਬੁੱਕ ਪੇਜਾਂ 'ਤੇ ਮੋਬਾਈਲ ਨਾਲ ਬਣਾਈ ਗਈ ਇਹ ਵੀਡੀਓ ਪੋਸਟ ਕੀਤੀ ਗਈ ਹੈ।

ਪਰ ਇਸ ਵੀਡੀਓ ਦੇ ਨਾਲ ਜੋ ਵੀ ਦਾਅਵੇ ਕੀਤੇ ਗਏ ਹਨ, ਉਹ ਸਾਰੇ ਗ਼ਲਤ ਹਨ। ਇਹ ਵੀਡੀਓ ਮੁਸਲਮਾਨਾਂ ਵਿਚਾਲੇ ਮੁਸਲਮਾਨਾਂ ਵੱਲੋਂ ਕੀਤੀ ਗਈ ਹਿੰਸਾ ਦਾ ਜ਼ਰੂਰ ਹੈ, ਪਰ ਇਸ ਪਿੱਛੇ ਦੀ ਕਹਾਣੀ ਕੁਝ ਹੋਰ ਹੈ।

ਵੀਡੀਓ, ਬੰਗਲਾਦੇਸ਼
ਤਸਵੀਰ ਕੈਪਸ਼ਨ, ਟਵਿੱਟਰ 'ਤੇ ਕੁਝ ਇਸ ਤਰ੍ਹਾਂ ਸਾਂਝਾ ਕੀਤਾ ਜਾ ਰਿਹਾ ਹੈ ਵੀਡੀਓ

ਵੀਡੀਓ ਕਿਹੜੀ ਥਾਂ ਦਾ ਹੈ?

ਰਿਵਰਸ ਸਰਚ ਤੋਂ ਪਤਾ ਲਗਦਾ ਹੈ ਕਿ ਇਹ ਵੀਡੀਓ ਫ਼ੇਸਬੁੱਕ 'ਤੇ ਦਸੰਬਰ 2018 ਤੋਂ ਸ਼ੇਅਰ ਕੀਤਾ ਜਾ ਰਿਹਾ ਹੈ, ਪਰ ਇਸ ਵੀਡੀਓ ਦੇ ਨਾਲ ਸਭ ਤੋਂ ਸ਼ੁਰੂਆਤੀ ਪੋਸਟ 'ਚ ਕਹਾਣੀ ਕੁਝ ਹੋਰ ਲਿਖੀ ਗਈ ਸੀ।

ਬੰਗਲਾਦੇਸ਼ ਦੇ ਢਾਕਾ ਸ਼ਹਿਰ 'ਚ ਰਹਿਣ ਵਾਲੇ ਇੱਕ ਸ਼ਖ਼ਸ ਨੇ 1 ਦਸੰਬਰ 2018 ਨੂੰ ਇਹੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਤਬਲੀਗੀ ਜਮਾਤ ਦੀਆਂ ਦੋ ਧਿਰਾਂ 'ਚ ਹਿੰਸਕ ਲੜਾਈ, ਮੌਲਾਨਾ ਸਾਦ ਦੇ ਸਮਰਥਕ ਇੱਕ ਪਾਸੇ ਹਨ ਅਤੇ ਦੂਜੇ ਪਾਸੇ ਉਹ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਹ ਜਾਣਨਾ ਦੁੱਖ ਭਰਿਆ ਹੈ ਕਿ ਇਸ ਹਿੰਸਾ 'ਚ 200 ਤੋਂ ਵੱਧ ਲੋਕ ਗੰਭੀਰ ਰੂਪ 'ਚ ਜ਼ਖ਼ਮੀਂ ਹੋਏ ਹਨ।''

ਬੰਗਲਾਦੇਸ਼ ਦੇ ਸਥਾਨਕ ਮੀਡੀਆ 'ਚ ਛਪੀਆਂ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਵੀ ਕਰਦੀਆਂ ਹਨ। ਇਨ੍ਹਾਂ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ ਤੁਰਾਗ ਨਦੀ ਦੇ ਘਾਟ ਨਾਲ ਲਗਦੇ ਟੋਂਗੀ ਇਲਾਕੇ 'ਚ ਸਥਿਤ ਬਿਸਵ ਇਜ਼ਤੇਮਾ ਗਰਾਊਂਡ ਦੇ ਕੋਲ ਦੀ ਹੈ।

ਬੰਗਲਾਦੇਸ਼ੀ ਮੀਡੀਆ ਅਨੁਸਾਰ ਇਸ ਹਿੰਸਾ 'ਚ 55 ਸਾਲਾ ਬਿਲਾਲ ਹੁਸੈਨ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਲੋਕ ਜ਼ਖ਼ਮੀਂ ਹੋਏ ਸਨ।

ਵੀਡੀਓ, ਬੰਗਲਾਦੇਸ਼

ਜਾਣਕਾਰਾਂ ਮੁਤਾਬਕ ਬੰਗਲਾਦੇਸ਼ 'ਚ ਹੋਣ ਵਾਲੇ ਵਿਸਵ ਇਜ਼ਤੇਮਾ ਨੂੰ ਦੁਨੀਆ 'ਚ ਮੁਸਲਮਾਨਾਂ ਦੀ ਦੂਜੀ ਸਭ ਤੋਂ ਵੱਡੀ ਮਹਿਫ਼ਲ ਕਿਹਾ ਜਾਂਦਾ ਹੈ, ਜਿਸਦਾ ਪ੍ਰਬੰਧ ਤਬਲੀਗੀ ਜਮਾਤ ਕਰਦੀ ਹੈ।

ਟੋਂਗੀ 'ਚ ਹੋਈ ਹਿੰਸਾ ਦੇ ਕੁਝ ਵੀਡੀਓ ਯੂ-ਟਿਊਬ 'ਤੇ ਵੀ ਪੋਸਟ ਕੀਤੇ ਗਏ ਸਨ, ਜਿਨ੍ਹਾਂ 'ਚ ਉਹ ਵੀਡੀਓ ਵੀ ਸ਼ਾਮਿਲ ਹੈ ਜਿਸ ਨੂੰ ਭਾਰਤ 'ਚ ਪੱਛਮੀ ਬੰਗਾਲ ਦਾ ਕਹਿ ਕੇ ਚਲਾਇਆ ਜਾ ਰਿਹਾ ਹੈ।

ਇਹ ਵੀ ਜ਼ਰੂਰ ਪੜ੍ਹੋ:

ਸਾਡੀ ਪੜਤਾਲ 'ਚ ਇਹ ਵੀ ਸਾਹਮਣੇ ਆਇਆ ਕਿ ਬੰਗਲਾਦੇਸ਼ ਦਾ ਇਹ ਪਹਿਲਾ ਵੀਡੀਓ ਨਹੀਂ ਹੈ ਜਿਸਨੂੰ ਪੱਛਮੀ ਬੰਗਾਲ ਦਾ ਕਹਿ ਕੇ ਸ਼ੇਅਰ ਕੀਤਾ ਗਿਆ।

ਭਾਸ਼ਾ ਕਾਫ਼ੀ ਹੱਦ ਤੱਕ ਇੱਕੋ ਜਿਹੀ ਹੋਣ ਕਾਰਨ ਅਤੇ ਲੋਕਾਂ ਦਾ ਰੰਗ ਰੂਪ ਇੱਕੋ ਜਿਹਾ ਹੋਣ ਦੇ ਕਾਰਨ ਬੰਗਲਾਦੇਸ਼ੀ ਮੁਸਲਮਾਨਾਂ ਦੇ ਵੀਡੀਓਜ਼ ਪੱਛਮੀ ਬੰਗਾਲ ਦੇ ਮੁਸਲਮਾਨਾਂ ਦਾ ਕਹਿ ਕੇ ਸ਼ੇਅਰ ਕੀਤੇ ਜਾਂਦੇ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)