ਕਸ਼ਮੀਰ 'ਚ ਕਤਲੋ-ਗਾਰਦ ਤੇ ਭਾਰਤ ਵਿੱਚ ਮੁਸਲਮਾਨਾਂ ਨਾਲ ਧੱਕੇ ਖ਼ਿਲਾਫ਼ ਬੋਲਣ ਲਈ ਦਿੱਤਾ ਅਸਤੀਫ਼ਾ - ਸ਼ਾਹ ਫ਼ੈਸਲ

ਭਾਰਤ ਸਾਸ਼ਿਤ ਕਸ਼ਮੀਰ ਦੇ ਆਈਏਐਸ ਅਧਿਕਾਰੀ ਸ਼ਾਹ ਫ਼ੈਸਲ ਨੇ ਕਿਹਾ ਹੈ ਕਿ ਆਪਣਾ ਅਹੁਦਾ ਛੱਡ ਰਹੇ ਹਨ। ਫ਼ੈਸਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਕੇ ਆਪਣੇ ਨੌਕਰੀ ਛੱਡਣ ਦੇ ਫੈਸਲੇ ਦਾ ਐਲਾਨ ਕੀਤਾ।

ਫ਼ੈਸਲ ਸਾਲ 2009 ਵਿੱਚ ਭਾਰਤ ਦੀ ਸਿਵਲ ਸੇਵਾ ਪਰੀਖਿਆ ਵਿਚ ਟੌਪ ਕਰਨ ਵਾਲੇ ਕਸ਼ਮੀਰੀ ਆਈਐਸ ਅਧਿਕਾਰੀ ਸਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਫ਼ੈਸਲ ਨੇ ਕਿਹਾ, ''ਮੈਂ ਕਦੇ ਨਹੀਂ ਕਿਹਾ ਕਿ ਨੌਕਰੀ ਨਹੀਂ ਛੱਡ ਸਕਦਾ। ਮੇਰੇ ਲਈ ਹਮੇਸ਼ਾ ਨੌਕਰੀ ਇੱਕ ਇੰਸਟਰੂਮੈਂਟ ਸੀ ਲੋਕਾਂ ਦੀ ਸਵੇ ਕਰਨ ਦਾ। ਲੋਕਾਂ ਦੀ ਸੇਵਾ ਕਈ ਤਰੀਕਿਆਂ ਨਾਲ ਹੋ ਸਕਦੀ ਹੈ, ਜੋ ਵੀ ਪਬਲਿਕ ਸਰਵਿਸ ਵਿੱਚ ਹੁੰਦੇ ਹਨ, ਉਹ ਸਾਰੇ ਲੋਕਾਂ ਦੀ ਸੇਵਾ ਕਰਦੇ ਹਨ।''

''ਪਿਛਲੇ ਸਮੇਂ ਦੌਰਾਨ ਕਸ਼ਮੀਰ ਵਿੱਚ ਹਿੰਸਾ ਤੇ ਕਤਲੋਗਾਰਦ ਦਾ ਜੋ ਸਿਲਸਿਲਾ ਦੇਖਿਆ, ਮੁਸਲਮਾਨਾਂ ਨੂੰ ਜਿਵੇਂ ਹਾਸ਼ੀਏ ਉੱਤੇ ਧੱਕਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਮ ਕੀਤਾ ਗਿਆ ,ਅਜਿਹੇ ਵਿਚ ਇੱਕ ਅਧਿਕਾਰੀ ਕੰਮ ਕਿਵੇਂ ਕਰ ਸਕਦੀ ਹੈ।''

''ਹਿੰਦੂ ਮੁਸਲਿਮ ਵਿਚਾਲੇ ਵਧਦੇ ਅੰਕਰ ਨੂੰ ਦੇਖਿਆ। ਰੋਂਗਟੇ ਖੜ੍ਹੇ ਕਰਨ ਵਾਲੇ ਵੀਡੀਓ ਅਸੀਂ ਦੇਖੇ। ਗਊ ਰੱਖਿਆ ਦੇ ਨਾਮ 'ਤੇ ਹਿੰਸਾ ਦੇਖਣ ਨੂੰ ਮਿਲੀ। ਇਹ ਤਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ। ਬੋਲਣ ਦੀ ਆਜ਼ਾਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਅਸੀਂ ਵੇਖੀ।''

ਇਹ ਵੀ ਪੜ੍ਹੋ:

''ਸਮਾਜ ਦੇ ਨੈਤਿਕ ਸਵਾਲਾਂ ਤੋਂ ਵੱਖ ਹੋ ਕੇ ਰਹਿਣਾ ਅਤੇ ਉਨ੍ਹਾਂ 'ਤੇ ਪ੍ਰਤੀਕਿਰਿਆ ਨਾ ਦੇਣੀ, ਮੇਰੇ ਲਈ ਸੰਭਵ ਨਹੀਂ ਸੀ। ਮੈਂ ਚੀਜ਼ਾਂ 'ਤੇ ਪਹਿਲਾਂ ਵੀ ਬੋਲਿਆ ਹਾਂ, ਪਰ ਹੁਣ ਉਹ ਵੇਲਾ ਆ ਚੁੱਕਿਆ ਸੀ ਕਿ ਇਸ 'ਤੇ ਖੁੱਲ੍ਹ ਕੇ ਬੋਲਣ ਦਾ, ਇਹ ਕੰਮ ਨੌਕਰੀ ਛੱਡ ਕੇ ਹੀ ਕੀਤਾ ਜਾ ਸਕਦਾ ਸੀ।''

''ਸਿਵਲ ਸਰਵਿਸ ਕੋਡ ਦੀ ਗੱਲ ਜਦੋਂ ਹੁੰਦੀ ਹੈ, ਤਾਂ ਉਸਦੇ ਮੁਤਾਬਕ ਬੋਲਣ ਦੀ ਆਜ਼ਾਦੀ ਥੋੜ੍ਹੀ ਪ੍ਰਭਾਵਿਤ ਹੁੰਦੀ ਹੈ। ਸਿਆਸਤ ਪਬਲਿਕ ਸਰਵਿਸ ਦਾ ਐਕਸਟੈਂਸ਼ਨ ਹੈ, ਹੁਣ ਤੱਕ ਅਸੀਂ ਲੋਕ ਸਿਆਸਦਾਨਾਂ ਨਾਲ ਕੰਮ ਕਰ ਰਹੇ ਸੀ। ''

''ਹੁਣ ਖ਼ੁਦ ਸਿਆਸਤ ਕਰ ਸਕਦਾ ਹਾਂ, ਕਾਰਕੁਨ ਬਣ ਸਕਦਾ ਹਾਂ। ਲੋਕਾਂ ਦੀ ਗੱਲ ਕਰ ਸਕਦਾ ਹਾਂ ਅਤੇ ਲੋਕਾਂ ਲਈ ਕੰਮ ਕਰਨਾ, ਸਿਆਸਤ ਇਹ ਦੋਵੇਂ ਚੀਜ਼ਾਂ ਮੁਹੱਈਆ ਕਰਵਾਉਂਦੀ ਹੈ। ਮੈਂ ਸੋਚ ਰਿਹਾ ਹਾਂ ਕਿ ਜੇਕਰ ਮੌਕਾ ਮਿਲਦਾ ਤਾਂ ਸਿਆਸਤ ਵਿੱਚ ਜਾ ਸਕਦਾ ਹਾਂ।''

ਖੇਤਰੀ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਵਿਚਾਰ

ਅਜੇ ਤੱਕ ਇਹ ਤੈਅ ਨਹੀਂ ਹੈ ਕਿ ਕਿਸ ਪਾਰਟੀ ਨਾਲ ਜੁੜਾਂਗਾ। ਹਰ ਪਾਰਟੀ ਦੀ ਆਪਣੀ ਵਿਰਾਸਤ ਹੈ। ਜੇਕਰ ਕਦੇ ਸਿਆਸਤ ਵਿੱਚ ਗਿਆ ਤਾਂ ਉਸ ਪਾਰਟੀ ਨਾਲ ਜੁੜਾਂਗਾ ਜਿਹੜੀ ਮੈਨੂੰ ਸੂਬੇ ਦੇ ਮੌਜੂਦਾ ਹਾਲਾਤਾਂ 'ਤੇ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਦੇਵੇਗੀ।''

''ਮੈਂ ਅਜਿਹੀ ਪਾਰਟੀ ਦਾ ਹਿੱਸਾ ਬਣਨਾ ਚਾਹਾਂਗਾ ਜਿਸ ਵਿੱਚ ਮੈਨੂੰ ਘੱਟ ਗਿਣਤੀਆਂ ਦੇ ਨਾਲ, ਕਸ਼ਮੀਰੀਆਂ ਨਾਲ ਹੋ ਰਹੀ ਸਿਆਸਤ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲੇ। ਮੈਂ ਆਪਣੇ ਬਦਲ ਬਾਰੇ ਸੋਚ ਰਿਹਾ ਹਾਂ। ਛੇਤੀ ਹੀ ਇਸ 'ਤੇ ਫ਼ੈਸਲਾ ਕਰਾਂਗਾ।''

''ਮੇਰੇ ਲਈ ਖੇਤਰੀ ਪਾਰਟੀ ਵਿੱਚ ਜਾਣਾ ਜ਼ਿਆਦਾ ਸਹੀ ਹੋਵੇਗਾ। ਮੈਂ ਕਸ਼ਮੀਰ ਦੀ ਗੱਲ ਕਰਨਾ ਚਾਹੁੰਦਾ ਹਾਂ। ਸਾਨੂੰ ਸਮਝਣਾ ਹੋਵੇਗਾ ਕਿ ਸੰਸਦ ਦੀ ਮੁਹਰ ਤੋਂ ਬਿਨਾਂ ਕੋਈ ਤਬਦੀਲੀ ਨਹੀਂ ਆਵੇਗੀ। ਮੈਂ ਸੰਸਦ ਵਿੱਚ ਕਸ਼ਮੀਰੀਆਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ।''

ਆਪਣੇ ਟਵਿੱਟਰ ਅਕਾਊਂਟ ਜ਼ਰੀਏ ਇਹ ਜਾਣਕਾਰੀ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਕਸ਼ਮੀਰ ਵਿੱਚ ਲਗਾਤਾਰ ਹੋ ਰਹੀਆਂ ਹੱਤਿਆਵਾਂ ਅਤੇ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਪਹਿਲ ਨਾ ਕਰਨ ਦੀ ਸੂਰਤ ਵਿੱਚ ਮੈਂ ਆਈਐਸ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਕਸ਼ਮੀਰੀਆਂ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ।''

ਇਸ ਅਸਤੀਫ਼ੇ 'ਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਅਮਰ ਅਬਦੁੱਲਾ ਨੇ ਇੱਕ ਟਵੀਟ ਕਰਕੇ ਸ਼ਾਹ ਫ਼ੈਸਲ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸਦੇ ਬਾਅਦ ਤੋਂ ਹੀ ਅਟਕਲਾਂ ਲਗਾਈਆਂ ਜਾਣ ਲੱਗੀਆਂ ਕਿ ਸ਼ਾਹ ਫ਼ੈਸਲ ਸਿਆਸਤ ਵਿੱਚ ਕਦਮ ਰੱਖ ਸਕਦੇ ਹਨ।

ਅਮਰ ਅਬਦੁੱਲਾ ਨੇ ਟਵੀਟ ਕੀਤਾ, '' ਬਿਊਰੋਕਰੇਸੀ ਦਾ ਇਹ ਨੁਕਸਾਨ ਸਿਆਸਤ ਲਈ ਫਾਇਦੇਮੰਦ ਹੋਵੇਗਾ। ਸਵਾਗਤ ਹੈ ਤੁਹਾਡਾ।''

ਉਦੋਂ ਸ਼ਾਹ ਫ਼ੈਸਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਉਹ ਕਸ਼ਮੀਰ ਦੇ ਹਾਲਤ ਤੋਂ ਦੁਖੀ ਹਨ। ਉਸ ਵੇਲੇ ਸ਼ਾਹ ਫ਼ੈਸਲ ਸ਼੍ਰੀਨਗਰ ਵਿੱਚ ਸਿੱਖਿਆ ਵਿਭਾਗ ਦੇ ਮੁਖੀ ਸਨ ਅਤੇ ਕਸ਼ਮੀਰ ਹਿੰਸਾ ਦੌਰਾਨ ਮੀਡੀਆ ਦੇ ਰਵੱਈਏ ਤੋਂ ਨਾਰਾਜ਼ ਸਨ।

ਉਨ੍ਹਾਂ ਨੇ ਬੁਰਹਾਨ ਵਾਨੀ ਦੇ ਨਾਲ ਆਪਣੀ ਤਸਵੀਰ ਦਿਖਾਏ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੇਸ ਵਿੱਚ ਮੀਡੀਆ ਦਾ ਇੱਕ ਤਬਕਾ ਮੁੜ ਤੋਂ ਕਸ਼ਮੀਰ ਵਿੱਚ ਹਿੰਸਾ ਦੀ ਗ਼ਲਤ ਤਸਵੀਰ ਦਿਖਾ ਰਿਹਾ ਹੈ, ਲੋਕਾਂ ਵਿੱਚ ਵੰਡ ਪਾ ਰਿਹਾ ਹੈ ਅਤੇ ਨਫ਼ਰਤ ਫੈਲਾ ਰਿਹਾ ਹੈ।

ਉਨ੍ਹਾਂ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਸੀ, "ਕਸ਼ਮੀਰ ਹਾਲ ਹੀ ਵਿੱਚ ਹੋਈਆਂ ਮੌਤਾਂ 'ਤੇ ਰੋ ਰਿਹਾ ਹੈ ਅਤੇ ਨਿਊਜ਼ਰੂਮ ਤੋਂ ਫੈਲਾਏ ਜਾ ਰਹੇ ਪ੍ਰੋਪੇਗੰਡਾ ਕਾਰਨ ਕਸ਼ਮੀਰ ਵਿੱਚ ਨਫ਼ਰਤ ਅਤੇ ਗੁੱਸਾ ਵਧਿਆ ਹੈ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)