You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਅਹਿਮਦੀਆ ਫ਼ਿਰਕੇ ਨੂੰ ਮੁਸਲਮਾਨ ਕਹਿਣ 'ਤੇ ਪਾਬੰਦੀ ਕਿਉਂ ਹੈ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ ਅਹਿਮਦੀਆ ਮੁਸਲਮਾਨ ਭਾਈਚਾਰੇ ਵੱਲੋਂ ਤਿੰਨ ਰੋਜ਼ਾ ਇੱਕ ਸਾਲਾਨਾ ਜਲਸਾ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਜਲਸੇ ਦਾ ਆਖਰੀ ਦਿਨ ਸੀ।
ਅਹਿਮਦੀਆ ਮੁਸਲਿਮ ਜਮਾਤ ਦੇ ਸਾਲਾਨਾ ਜਲਸੇ ਦੇ ਸਿਰਲੇਖ ਹੇਠ ਹਰ ਸਾਲ ਕਰਵਾਏ ਜਾਂਦੇ ਇਸ ਸਮਾਗਮ 'ਚ ਦੁਨੀਆਂ ਭਰ ਦੇ ਦੇਸਾਂ ਤੋਂ ਅਹਿਮਦੀਆ ਭਾਈਚਾਰੇ ਦੇ ਲੋਕ ਸ਼ਿਰਕਤ ਕਰਦੇ ਹਨ।
ਜਮਾਤ ਮੁਤਾਬਕ ਇਸ ਜਲਸੇ ਦਾ ਮੁੱਖ ਮਕਸਦ ਦੁਨੀਆਂ ਵਿੱਚ ਅਮਨ ਸ਼ਾਂਤੀ ਕਾਇਮ ਕਰਨਾ, ਆਪਸੀ ਸਦਭਾਵਨਾ, ਵੱਖ ਵੱਖ ਧਰਮਾਂ ਦੇ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ। ਅਹਿਮਦੀਆ ਮੁਸਲਿਮ ਜਮਾਤ ਦਾ ਇੱਕੋ ਨਾਅਰਾ ਹੈ "ਸਾਰਿਆਂ ਲਈ ਪਿਆਰ, ਕਿਸੇ ਲਈ ਨਫ਼ਰਤ ਨਹੀਂ''
ਇਸ ਦੇ ਤਹਿਤ ਜਲਸੇ ਦੇ ਦੂਜੇ ਦਿਨ ਸਰਬ-ਧਰਮ ਸੰਮੇਲਨ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਦੇ ਹਨ।
ਇਸ ਜਲਸੇ ਦੀ ਸ਼ੁਰੂਆਤ ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ 1891 ਵਿੱਚ ਕੀਤੀ ਸੀ।
ਅਹਿਮਦੀਆ ਭਾਈਚਾਰੇ ਦੀ ਹੋਂਦ
ਸੰਨ 1530 ਵਿੱਚ ਕਾਦੀਆਂ ਦੀ ਨੀਂਹ ਹਾਦੀ ਬੇਗ਼ ਨਾਮੀ ਇੱਕ ਮੁਗ਼ਲਿਆ ਕਾਜ਼ੀ ਨੇ ਰੱਖੀ ਸੀ। ਹਾਦੀ ਬੇਗ਼ ਬਟਾਲਾ ਦੇ ਆਲੇ-ਦੁਆਲੇ ਦੇ 70 ਪਿੰਡਾਂ ਦੇ ਕਾਜ਼ੀ ਸਨ ਅਤੇ ਉਨ੍ਹਾਂ ਦੀ ਕਾਫ਼ੀ ਜਾਗੀਰ ਸੀ।
ਬੇਗ਼ ਦੇ ਇੱਕ ਵੰਸ਼ਜ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ (1835-1908) ਨੇ ਇਸ ਨਗਰ ਵਿੱਚ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ।
ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਆਖਦੇ ਹਨ, "ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਨੇ ਕੁਰਆਨੀ ਭਵਿੱਖਵਾਣੀ ਮੁਤਾਬਕ 23 ਮਾਰਚ 1889 ਵਿੱਚ ਆਪਣੇ ਆਪ ਨੂੰ ਇਸ ਜ਼ਮਾਨੇ ਦਾ ਮਸੀਹ ਅਤੇ ਮਹਿਦੀ ਮਾਊਦ ਹੋਣ ਦਾ ਦਾਅਵਾ ਕੀਤਾ।''
ਅਹਿਮਦੀਆ ਮੁਸਲਮਾਨਾਂ ਦੀ ਵਿਚਾਰਧਾਰਾ
ਪਵਿੱਤਰ ਕੁਰਆਨੇ ਮਜੀਦ ਅਤੇ ਹਦੀਸਾਂ ਵਿੱਚ ਵੀ ਇਸ ਸਬੰਧੀ ਸਪੱਸ਼ਟ ਇਸ਼ਾਰਾ ਮਿਲਦਾ ਹੈ ਕਿ ਇੱਕ ਅਜਿਹਾ ਸੁਧਾਰਕ ਆਵੇਗਾ ਜੋ ਇਸਲਾਮ ਦੀ ਤਾਲੀਮ ਨੂੰ ਭੁੱਲੇ ਅਤੇ ਫਿਰਕਿਆਂ 'ਚ ਵੰਡੇ ਮੁਸਲਮਾਨਾਂ ਨੂੰ ਸਹੀ ਰਸਤਾ ਦਿਖਾਵੇਗਾ।
ਅਹਿਮਦੀਆ ਮੁਸਲਿਮ ਜਮਾਤ ਦੇ ਭਾਰਤ ਦੇ ਜਨਰਲ ਸਕੱਤਰ ਫਜਲੁਰ ਅਹਿਮਦ ਭੱਟੀ ਕਹਿੰਦੇ ਹਨ, ''ਸਾਡੇ ਖ਼ਲੀਫਾ ਸਾਡੇ ਇਮਾਮ ਹਨ ਅਤੇ ਅਹਿਮਦੀਆ ਫਿਰਕਾ ਮੰਨਦਾ ਹੈ ਕਿ ਖ਼ੁਦਾ ਉਨ੍ਹਾਂ ਦੀ ਅਗਵਾਹੀ ਕਰਦਾ ਹੈ ਤੇ ਹਰ ਮੁਸ਼ਕਿਲ ਦੀ ਘੜੀ 'ਚੋ ਨਿਕਲਣ ਲਈ ਇੱਕ ਸਹੀ ਰਸਤਾ ਦੱਸਦਾ ਹੈ ਅਤੇ ਉਹ ਜਮਾਤ ਨੂੰ ਉਸ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ।"
ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਤੋਂ ਬਾਅਦ ਅਹਿਮਦੀਆ ਮੁਸਲਿਮ ਜਮਾਤ ਵਲੋਂ ਹਜ਼ਰਤ ਹਕੀਮ ਨੂਰ-ਉਦੀਨ ਨੂੰ ਆਪਣਾ ਪਹਿਲਾ ਅਹਿਮਦੀਆ ਮੁਸਲਿਮ ਜਮਾਤ ਦਾ ਖ਼ਲੀਫ਼ਾ 27 ਮਈ 1908 ਨੂੰ ਥਾਪਿਆ ਗਿਆ।
ਉਨ੍ਹਾਂ ਤੋਂ ਬਾਅਦ ਜਮਾਤ-ਏ-ਅਹਿਮਦੀਆ ਦੇ ਦੂਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਬਸ਼ੀਰ-ਉਦੀਨ ਮਹਿਮੂਦ ਅਹਿਮਦ, ਤੀਸਰੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਨਾਸਿਰ ਅਹਿਮਦ, ਚੌਥੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਤੇ ਵਰਤਮਾਨ ਸਮੇਂ ਦੇ ਪੰਜਵੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਹਨ ਜੋ ਕਿ ਲੰਦਨ ਤੋਂ ਹੀ ਜਮਾਤ-ਏ-ਅਹਿਮਦੀਆ ਦਾ ਸੰਚਾਲਨ ਕਰ ਰਹੇ ਹਨ।
ਇਹ ਵੀ ਪੜ੍ਹੋ:
ਮੁਸਲਮਾਨ ਭਾਈਚਾਰੇ ਨਾਲੋਂ ਵਖਰੇਵਾਂ ਕਿਵੇਂ?
ਮੌਲਵੀ ਅਤੇ ਦੂਜੇ ਮੁਸਲਿਮ ਫਿਰਕੇ ਅਹਿਮਦੀਆ ਜਮਾਤ ਨੂੰ ਮੁਸਲਮਾਨ ਨਹੀਂ ਮੰਨਦੇ ਹਨ।
ਪਰ ਇਸ ਬਾਰੇ ਖੁਦ ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਆਖਦੇ ਹਨ, '' ਅਸੀਂ ਵੀ ਸਾਰੇ ਮੁਸਲਮਾਨਾਂ ਵਾਂਗ ਕੁਰਾਨ ਨੂੰ ਅਕੀਦਾ ਕਰਦੇ ਹਾਂ, ਇਸਲਾਮ ਦੇ ਸਿਧਾਂਤਾਂ ਮੁਤਾਬਕ ਹੀ ਨਮਾਜ਼ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ ਅਤੇ ਇੱਕ ਸੱਚੇ ਮੁਸਲਮਾਨ ਵਾਂਗ ਹੀ ਆਪਣੇ ਧਾਰਮਿਕ ਸਿਧਾਂਤ ਪੂਰੇ ਕਰਦੇ ਹਾਂ।''
ਤਨਵੀਰ ਅਹਿਮਦ ਖ਼ਾਦਿਮ ਮੁਤਾਬਕ, ''ਇਸਲਾਮ ਦੀ ਭਵਿੱਖਵਾਣੀ ਸੀ ਕਿ ਸੁਧਾਰਕ ਆਵੇਗਾ ਅਤੇ ਅਹਿਮਦੀਆ ਮੰਨਦੇ ਹਨ ਕਿ ਉਹ ਸੁਧਾਰਕ ਆ ਚੁੱਕਾ ਹੈ, ਉਹ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਹਨ। ਮੌਲਵੀ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਮੁਤਾਬਕ ਸੁਧਾਰਕ ਹਾਲੇ ਨਹੀਂ ਆਇਆ ਹੈ ਅਤੇ ਇਹੀ ਮੁੱਖ ਵਖਰੇਵਾਂ ਹੈ।''
1889 'ਚ ਮਿਰਜ਼ਾ ਗ਼ੁਲਾਮ ਅਹਿਮਦ ਨੇ ਅਹਿਮਦੀਆ ਜਮਾਤ ਦੀ ਸਥਾਪਨਾ ਕੀਤੀ ਤੇ ਉਦੋਂ ਤੋਂ ਹੀ ਮੌਲਵੀਆਂ ਨੇ ਅਹਿਮਦੀਆ ਮੁਸਲਮਾਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਥੋਂ ਤੱਕ ਹੀ ਨਹੀਂ ਅਹਿਮਦੀਆ ਨੂੰ ਕਾਫ਼ਿਰ ਤੱਕ ਐਲਾਨਿਆ ਗਿਆ।
ਦੂਜੇ ਪਾਸੇ ਜਮੀਅਤ ਉਲੇਮਾ-ਏ-ਹਿੰਦ ਹਲਾਲ ਟਰੱਸਟ ਦੇ ਸਕੱਤਰ ਮੌਲਾਨਾ ਨਿਆਜ਼ ਅਹਿਮਦ ਫਾਰੂਕੀ ਮੁਤਾਬਕ, ''ਅਹਿਮਦੀਆ ਲੋਕ ਮੁਸਲਮਾਨ ਹੀ ਨਹੀਂ ਹਨ। ਇਸਲਾਮ ਵਿੱਚ ਸਭ ਤੋਂ ਜ਼ਰੂਰੀ ਹੈ ਅੱਲਾਹ ਨੂੰ ਇੱਕ ਮੰਨਣਾ ਅਤੇ ਪੈਗੰਬਰ ਮੁਹੰਮਦ ਸਾਹਿਬ ਹੀ ਆਖ਼ਰੀ ਨਬੀ ਹੋਏ ਹਨ। ਮੁਸਲਮਾਨਾਂ ਦੇ ਜਿੰਨੇ ਵੀ ਫਿਰਕੇ ਹਨ ਚਾਹੇ ਉਹ ਸ਼ਿਆ ਹੋਣ ਜਾਂ ਸੁੰਨੀ ਇਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਦੇ।''
ਇਹ ਵੀ ਪੜ੍ਹੋ:
ਪਾਕਿਸਤਾਨ 'ਚ ਅਹਿਮਦੀਆ ਭਾਈਚਾਰਾ
ਅਹਿਮਦੀਆ ਜਮਾਤ ਦੇ ਪ੍ਰਚਾਰਕ ਤਨਵੀਰ ਅਹਿਮਦ ਖ਼ਾਦਿਮ ਮੁਤਾਬਕ ਕਾਦੀਆਂ ਤੋਂ ਸ਼ੁਰੂ ਹੋਈ ਅਹਿਮਦੀਆ ਜਮਾਤ ਵੰਡ ਤੋਂ ਪਹਿਲਾਂ ਵਾਲੇ ਭਾਰਤ ਵਿੱਚ ਫੈਲੀ (ਜਦੋਂ ਭਾਰਤ-ਪਾਕਿਸਤਾਨ ਇੱਕ ਸਨ) ਅਤੇ ਇੱਕ ਵੱਖਰੀ ਮੁਸਲਿਮ ਜਮਾਤ ਵਜੋਂ ਆਪਣੀ ਹੋਂਦ ਦਰਜ ਕਰਵਾਉਂਦੀ ਹੋਈ ਅੱਜ ਪੂਰੀ ਦੁਨੀਆਂ ਦੇ ਲਗਭਗ 212 ਦੇਸਾਂ 'ਚ ਫੈਲੀ ਹੋਈ ਹੈ।
ਭਾਰਤ ਵਿੱਚ ਜਿੱਥੇ ਅਹਿਮਦੀਆ ਮੁਸਲਮਾਨਾਂ ਨੂੰ ਆਮ ਨਾਗਰਿਕਾਂ ਵਾਲੇ ਸਾਰੇ ਸੰਵਿਧਾਨਿਕ ਅਧਿਕਾਰ ਪ੍ਰਾਪਤ ਹਨ ਉੱਥੇ ਇਸ ਦੇ ਉਲਟ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵੀ ਪ੍ਰਾਪਤ ਨਹੀਂ ਹੈ।
ਸਰਕਾਰ ਵੱਲੋਂ ਉਨ੍ਹਾਂ ਨੂੰ ਗ਼ੈਰ ਮੁਸਲਿਮ ਅਤੇ ਘੱਟ ਗਿਣਤੀ ਭਾਈਚਾਰਾ ਐਲਾਨਿਆ ਹੋਇਆ ਹੈ ਅਤੇ ਜਨਰਲ ਜ਼ਿਆ-ਉਲ-ਹਕ ਨੇ ਆਪਣੇ ਸ਼ਾਸ਼ਨ ਕਾਲ ਵਿੱਚ 26 ਅਪ੍ਰੈਲ 1984 'ਚ ਇੱਕ ਆਦੇਸ਼ ਜਾਰੀ ਕੀਤਾ ਸੀ।
ਇਸ ਆਦੇਸ਼ ਮੁਤਾਬਕ ਅਹਿਮਦੀ ਮੁਸਲਮਾਨਾਂ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ, ਆਪਣੀਆਂ ਮਸਜਿਦਾਂ ਨੂੰ ਮਸਜਿਦ ਕਹਿਣ ਅਤੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉਹ ਅਜੇ ਵੀ ਜਾਰੀ ਹੈ।
ਅਹਿਮਦੀਆ ਜਮਾਤ ਲਈ ਕਾਦੀਆਂ ਪਵਿੱਤਰ ਬਸਤੀ
ਗੁਰਦਾਸਪੁਰ ਦੇ ਕਸਬਾ ਕਾਦੀਆਂ 'ਚ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨਾਲ ਜੁੜੀਆਂ ਅਨੇਕ ਸਮਾਰਕਾਂ ਹਨ ਜਿਨ੍ਹਾਂ ਵਿੱਚ ਮਿਨਾਰਾ ਤੁਲ ਮਸੀਹ, ਮਸਜਿਦ ਮੁਬਾਰਕ, ਮਸਜਿਦ ਅਕਸਾ, ਬਹਿਸ਼ਤੀ ਮਕਬਰਾ, ਮੁਕਾਮੇ ਕੁਦਰਤ-ਏ-ਸਾਨਿਆ, ਦਾਰੁਲ ਮਸੀਹ ਸਣੇ ਕਈ ਹੋਰ ਸਮਾਰਕ ਹਨ।
ਮੀਨਾਰਾ-ਤੁਲ-ਮਸੀਹ ਦੀ ਨੀਂਹ 13 ਮਾਰਚ 1903 ਨੂੰ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਨੇ ਰੱਖੀ ਸੀ। 3 ਮੰਜ਼ਿਲਾਂ ਵਾਲੀ ਇਸ ਮੀਨਾਰ ਦੀ ਉਚਾਈ 105 ਫ਼ੁਟ ਹੈ ਅਤੇ ਮੀਨਾਰ ਸੰਨ 1916 ਵਿੱਚ ਮੁਕੰਮਲ ਹੋਈ ਸੀ।
ਇਸਲਾਮੀ ਜਗਤ 'ਚ ਅਹਿਮਦੀਆ ਵਲੋਂ ਆਪਣੇ ਪ੍ਰਚਾਰ ਪ੍ਰਸਾਰ ਲਈ ਆਪਣਾ ਮੁਸਲਿਮ ਚੈਨਲ 'ਮੁਸਲਿਮ ਟੈਲੀਵੀਜ਼ਨ ਅਹਿਮਦੀਆ' ਵੀ ਚਲਾਇਆ ਜਾ ਰਿਹਾ ਹੈ।
ਜਮਾਤ ਅਹਿਮਦੀਆ ਵਲੋਂ ਕਾਦੀਆਂ ਵਿੱਚ ਤਾਲੀਮ-ਉਲ-ਇਸਲਾਮ ਹਾਈ ਸਕੂਲ, ਨੁਸਰਤ ਗਰਲਜ਼ ਹਾਈ ਸਕੂਲ, ਜਾਮੀਆ ਅਹਿਮਦੀਆ, ਜਾਮੀਆ-ਤੁਲ-ਮੁਬਸ਼ਰੀਨ, ਨੁਸਰਤ ਗਰਲਜ਼ ਕਾਲਜ ਫ਼ਾਰ ਵੂਮੈਨ, ਅਹਿਮਦੀਆ ਕੰਪਿਊਟਰ ਇੰਸਟੀਚਿਊਟ, ਵਕਫ਼ੇ ਨੇ ਪਬਲਿਕ ਸਕੂਲ, ਨੂਰ ਹਸਪਤਾਲ ਸਮੇਤ ਕਈ ਸੰਸਥਾਵਾਂ ਹਨ।