2018 'ਚ ਸਿੱਧੂ -ਇਮਰਾਨ ਦੀ ਯਾਰੀ ਤੋਂ ਇਲਾਵਾ ਇਹ ਬੰਦੇ ਵੀ ਯਾਦ ਰਹਿਣਗੇ

ਤਸਵੀਰ ਸਰੋਤ, EPA
ਸਾਲ 2018 ਵਿੱਚ ਕਈ ਨਾਮੀ ਹਸਤੀਆਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ, ਜਿਨ੍ਹਾਂ ਨੇ ਆਪਣੇ ਯੋਗਦਾਨ ਨਾਲ ਕਈ ਵੱਡੇ ਬਦਲਾਅ ਕੀਤੇ।
1989-1993 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਜੌਰਜ ਡਬਲਿਊ ਬੁਸ਼, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਹਿਤ ਦਾ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਵੀ ਐਸ ਨਾਏਪੋਲ, ਪਾਕਿਸਤਾਨੀ ਮਨੁੱਖੀ ਅਧਿਕਾਰੀ ਕਾਰਕੁਨ ਅਸਮਾ ਜਹਾਂਗੀਰ, ਸੰਯੁਕਤ ਰਾਸ਼ਟਰ ਦੇ ਸਾਬਕਾ ਮਹਾਂਸਕੱਤਰ ਕੋਫ਼ੀ ਅੰਨਾਨ, ਬਲੈਕ ਹੋਲ ਅਤੇ ਬਿੱਗ ਬੈਂਗ ਥਿਊਰੀ ਸਮਝਣ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਸਟੀਫ਼ਨ ਹੌਕਿੰਗ ਸ਼ਾਮਿਲ ਹਨ।
ਪਰ ਇੱਕ ਮੌਤ ਨੇ ਪੂਰੀ ਦੁਨੀਆਂ 'ਚ ਹਲਚਲ ਲਿਆ ਦਿੱਤੀ। ਇਹ ਸ਼ਖ਼ਸ ਸਨ ਪੱਤਰਕਾਰ ਜਮਾਲ ਖਾਸ਼ੋਜੀ, ਜਿਨ੍ਹਾਂ ਦਾ ਦੋ ਅਕਤੂਬਰ ਨੂੰ ਤੁਰਕੀ ਦੇ ਇੰਸਤਾਬੁਲ ਵਿੱਚ ਸਾਊਦੀ ਦੂਤਾਵਾਸ ਵਿੱਚ ਕਤਲ ਕਰ ਦਿੱਤਾ ਗਿਆ।
ਕਈ ਸੰਕੇਤ ਮਿਲੇ ਕਿ ਇਹ ਕਤਲ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ ਦੇ ਇਸ਼ਾਰੇ 'ਤੇ ਕੀਤੀ ਗਿਆ ਹੈ।
ਇਸਦੇ ਕਾਰਨ ਜਿੱਥੇ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਸਾਊਦੀ ਅਰਬ ਤੋਂ ਦੂਰੀ ਬਣਾਉਣ ਦਾ ਦਬਾਅ ਬਣਿਆ ਉੱਥੇ ਹੀ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪ੍ਰਿੰਸ ਸਲਮਾਨ ਦੇ ਨਾਲ ਗਰਮਜੋਸ਼ੀ ਦੇ ਨਾਲ ਮਿਲਦੇ ਦੇਖੇ ਗਏ।
ਇਹ ਵੀ ਕਿਆਸ ਲਗਾਇਆ ਗਿਆ ਕਿ ਸਾਊਦੀ ਅਰਬ ਰੂਸ ਦੇ ਕਰੀਬ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਯਾਨਿ ਖਾਸ਼ੋਜੀ ਦੇ ਕਤਲ ਕਾਰਨ ਦੁਨੀਆਂ ਦੇ ਵੱਡੇ ਦੇਸ ਇੱਕ ਵਾਰ ਮੁੜ ਸ਼ਾਸਨ ਦੀ ਲੜਾਈ 'ਚ ਆਹਮਣੇ-ਸਾਹਮਣੇ ਦਿਖੇ।
ਡੌਨਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪੂਰੇ ਸਾਲ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹੇ ਪਰ ਇਸ ਸਾਲ ਉਨ੍ਹਾਂ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਜਿਹੜੀ ਸ਼ਿਖਰ ਵਾਰਤਾ ਕੀਤੀ ਉਸਦੀ ਚਰਚਾ ਦੁਨੀਆਂ ਭਰ ਵਿੱਚ ਰਹੀ। ਇਸ ਗੱਲਬਾਤ ਤੋਂ ਬਾਅਦ ਕਿਮ ਦੇ ਪ੍ਰਭਾਵ ਵਿੱਚ ਵੀ ਕਮੀ ਦੇਖੀ ਗਈ।

ਤਸਵੀਰ ਸਰੋਤ, AFP
ਕਿਮ ਜੋਂਗ ਉਨ ਕਰੀਬ ਦੋ ਸਾਲਾਂ ਤੋਂ ਲਗਾਤਾਰ ਮਿਸਾਈਲਾਂ ਦੇ ਪ੍ਰੀਖਣ ਦਾ ਦਾਅਵਾ ਕਰ ਰਹੇ ਸਨ, ਖਾਸ ਕਰਕੇ ਉਹ ਬੈਲੀਸਟਿਕ ਮਿਸਾਇਲਾਂ ਜਿਹੜੀਆਂ ਅਮਰੀਕੀ ਜ਼ਮੀਨ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੋਵੇ ਅਤੇ ਜਿਸ ਵਿੱਚ ਪਰਮਾਣੂ ਬੰਬ ਲਿਜਾਉਣ ਦੀ ਸਮਰੱਥਾ ਹੋਵੇ।
ਜੂਨ ਵਿੱਚ ਦੋਵਾਂ ਲੀਡਰਾਂ ਵਿਚਾਲੇ ਸ਼ਿਖਰ ਵਾਰਤਾ ਹੋਈ ਜਿਸ ਤੋਂ ਬਾਅਦ ਉੱਤਰ ਕੋਰੀਆ ਵਿੱਚ ਸਤੰਬਰ 'ਚ ਆਯੋਜਿਤ 70ਵੇਂ ਸਥਾਪਨਾ ਦਿਵਸ ਪਰੇਡ 'ਚ ਮਿਸਾਈਲਾਂ ਨਹੀਂ ਦਿਖੀਆਂ ਅਤੇ ਨਾ ਹੀ ਕਿਮ ਜੋਂਗ ਉਨ ਨੇ ਇਸ ਮੌਕੇ ਕੋਈ ਭਾਸ਼ਣ ਦਿੱਤਾ।
ਰਾਹੁਲ ਗਾਂਧੀ
2018 ਵਿੱਚ ਭਾਰਤੀ ਸਿਆਸਤ 'ਚ ਜਿਸ ਇੱਕ ਨਾਮ ਦੀ ਚਰਚਾ ਸਭ ਤੋਂ ਵੱਧ ਹੋਈ ਉਹ ਹਨ ਰਾਹੁਲ ਗਾਂਧੀ। ਪਿਛਲੇ ਚਾਰ ਸਾਲਾਂ ਤੋਂ ਭਾਰਤੀ ਸਿਆਸਤ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਸੀ ਅਤੇ ਉਹ ਸੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਇੱਕ ਨਾਅਰਾ ਦਾ 'ਕਾਂਗਰਸ ਮੁਕਤ ਭਾਰਤ'।
ਪਰ ਸਾਲ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਅਹਿਮ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਦਰਜ ਕਰਕੇ ਰਾਹੁਲ ਗਾਂਧੀ ਨੇ ਪਾਰਟੀ ਨੂੰ ਮੁੜ ਪੱਟੜੀ 'ਤੇ ਲਿਆ ਦਿੱਤਾ।

ਤਸਵੀਰ ਸਰੋਤ, @INCINDIA/TWITTER
ਇਨ੍ਹਾਂ ਨਤੀਜਿਆਂ ਤੋਂ ਇਹ ਤਾਂ ਸਾਫ਼ ਦਿਖਣ ਲੱਗਾ ਹੈ ਕਿ ਭਾਜਪਾ ਅਤੇ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਮੀ ਆਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਸਦੇ ਕਾਰਨ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਬੇਹੱਦ ਦਿਲਚਸਪ ਹੋਣ ਦੇ ਆਸਾਰ ਹਨ।
ਇਮਰਾਨ ਖ਼ਾਨ
ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਇਸੇ ਸਾਲ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ। 25 ਜੁਲਾਈ ਨੂੰ ਹੋਈਆਂ ਚੋਣਾਂ ਵਿੱਚ ਪੀਟੀਆਈ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ।

ਪਾਕਿਸਤਾਨ ਦੀ ਸੰਸਦ ਵਿੱਚ 173 ਬਹੁਮਤ ਦਾ ਅੰਕੜਾ ਹੁੰਦਾ ਹੈ ਅਤੇ ਸੰਸਦ ਵਿੱਚ ਹੋਈ ਵੋਟਿੰਗ 'ਚ ਇਮਰਾਨ ਖ਼ਾਨ ਨੂੰ ਇਸ ਤੋਂ ਤਿੰਨ ਵੱਧ ਯਾਨਿ ਕਿ 176 ਵੋਟ ਮਿਲੇ।
ਇਮਰਾਨ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਜਦੋਂ ਦੇਸ ਦਾ ਖਜ਼ਾਨਾ ਲਗਪਗ ਖਾਲੀ ਸੀ ਅਤੇ ਮੁਲਕ ਦੀ ਅਰਥਵਿਵਸਥਾ ਕਈ ਤਰ੍ਹਾਂ ਦੇ ਸੰਕਟਾਂ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਸੀ। ਇਸ ਨੂੰ ਸੁਧਾਰਨ ਲਈ ਇਮਰਾਨ ਖ਼ਾਨ ਕਈ ਕੋਸ਼ਿਸ਼ਾਂ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ:
ਇਸ ਤੋਂ ਇਲਾਵਾ ਇਮਰਾਨ ਦੇ ਪਾਕਿਸਤਾਨ ਦੀ ਸੱਤਾ ਵਿੱਚ ਆਉਣ ਨਾਲ ਭਾਰਤ ਦੇ ਨਾਲ ਉਸਦੇ ਸਬੰਧਾਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਹੈ।
ਨਵਜੋਤ ਸਿੰਘ ਸਿੱਧੂ
ਭਾਰਤ ਅਤੇ ਪਾਕਿਸਤਾਨ ਦੇ ਵਿਗੜੇ ਰਿਸ਼ਤਿਆਂ ਵਿਚਾਲੇ ਨਵਜੋਤ ਸਿੰਘ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਪਾਕਿਸਤਾਨ ਗਏ। ਪਰ ਇਸ ਯਾਤਰਾ ਕਾਰਨ ਭਾਰਤ ਵਿੱਚ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ।

ਤਸਵੀਰ ਸਰੋਤ, Getty Images
ਨਵਜੋਤ ਸਿੰਘ ਸਿੱਧੂ ਦੀ ਇਸ ਆਲੋਚਨਾ 'ਤੇ ਇਮਰਾਨ ਖ਼ਾਨ ਨੇ ਪੁੱਛਿਆ, "ਸਿੱਧੂ ਕਿਹੜਾ ਕੋਈ ਜੁਰਮ ਕਰ ਰਿਹਾ ਹੈ। ਉਹ ਉਨ੍ਹਾਂ ਦੋਵਾਂ ਦੇਸਾਂ ਵਿਚਾਲੇ ਦੋਸਤੀ ਦੀ ਗੱਲ ਕਰ ਰਿਹਾ ਹੈ ਜਿਨ੍ਹਾਂ ਕੋਲ ਐਟਮੀ ਹਥਿਆਰ ਹਨ। ਇਨ੍ਹਾਂ ਦੋਵਾਂ ਦੇਸਾਂ ਵਿਚਾਲੇ ਜੰਗ ਤਾਂ ਹੋ ਨਹੀਂ ਸਕਦੀ ਤਾਂ ਫਿਰ ਇਕੱਠੇ ਹੋ ਕੇ ਅੱਗੇ ਵਧਣ।"
ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ, "ਸਿੱਧੂ ਤੁਸੀਂ ਪਾਕਿਸਤਾਨ ਵਿੱਚ ਆ ਕੇ ਚੋਣ ਲੜ ਲਓ, ਜਿੱਤ ਜਾਓਗੇ, ਖਾਸ ਕਰਕੇ ਪੰਜਾਬ ਵਿੱਚ।"
ਇਮਰਾਨ ਦੇ ਸੱਦੇ 'ਤੇ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਰੋਹ 'ਚ ਵੀ ਪਹੁੰਚੇ ਸਨ।
ਕਰਤਾਰਪੁਰ ਲਾਂਘਾ
ਦਹਾਕਿਆਂ ਤੋਂ ਸ਼ਰਧਾਲੂਆਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਨੂੰ ਇਸੇ ਸਾਲ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਅਧਿਕਾਰਕ ਤੌਰ 'ਤੇ ਮਨਜ਼ੂਰ ਕੀਤਾ ਗਿਆ।

ਤਸਵੀਰ ਸਰੋਤ, Getty Images
ਭਾਰਤ ਸਰਕਾਰ ਵੱਲੋਂ ਕੈਬਨਿਟ ਵਿੱਚ ਲਾਂਘਾ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਤੋਂ ਬਾਅਦ ਦੋਵਾਂ ਸਰਕਾਰਾਂ ਵੱਲੋਂ ਨਵੰਬਰ ਮਹੀਨੇ ਵਿੱਚ ਆਪਣੇ-ਆਪਣੇ ਪਾਸੇ ਨੀਂਹ ਪੱਥਰ ਰੱਖਿਆ ਗਿਆ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਤੱਕ ਸ਼ਰਧਾਲੂਆਂ ਲਈ ਇਸ ਨੂੰ ਤਿਆਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਭਾਰਤ ਵਿੱਚ ਕਾਫ਼ੀ ਸਿਆਸਤ ਵੀ ਹੋਈ।
ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਦੀਆਂ ਗ਼ਲਤੀਆਂ ਕਾਰਨ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ਸਨ।
ਪ੍ਰਿਥਵੀ ਸ਼ਾਅ
19 ਸਾਲਾ ਪ੍ਰਿਥਵੀ ਸ਼ਾਅ ਦੇ ਪਹਿਲੇ ਟੈਸਟ ਮੈਚ ਵਿੱਚ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਖਾਸੀ ਚਰਚਾ ਹੋ ਰਹੀ ਸੀ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਹੀ ਪਾਰੀ ਵਿੱਚ ਇਹ ਦਿਖਾ ਦਿੱਤਾ ਕਿ ਉਹ ਚਰਚਾ ਵਿੱਚ ਐਵੇਂ ਹੀ ਨਹੀਂ ਸਨ।

ਤਸਵੀਰ ਸਰੋਤ, Pti
ਰਾਜਕੋਟ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਭਾਰਤ ਦੇ 293ਵੇਂ ਟੈਸਟ ਕ੍ਰਿਕਟਰ ਬਣੇ ਪ੍ਰਿਥਵੀ ਸ਼ਾਅ ਨੇ ਆਪਣੀ ਪਹਿਲੀ ਹੀ ਪਾਰੀ ਵਿੱਚ ਟੈਸਟ ਸੈਂਕੜਾ ਜੜ ਦਿੱਤਾ।
ਇਹ ਵੀ ਪੜ੍ਹੋ:
ਪ੍ਰਿਥਵੀ ਸ਼ਾਅ, ਪਹਿਲੇ ਟੈਸਟ ਵਿੱਚ ਸੈਂਕੜਾ ਜੜਨ ਵਾਲੇ ਭਾਰਤ ਦੇ 15ਵੇਂ ਕ੍ਰਿਕਟਰ ਹਨ। ਸ਼ਾਅ ਦੇ ਨਾਂ ਸਕੂਲ ਕ੍ਰਿਕਟ ਵਿੱਚ 546 ਦੌੜਾਂ ਦੀ ਪਾਰੀ ਦਾ ਰਿਕਾਰਡ ਹੈ।
ਉਹ ਮੁੰਬਈ ਦੀ ਅੰਡਰ-16 ਟੀਮ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਬਤੌਰ ਕੈਪਟਨ ਭਾਰਤ ਨੂੰ ਅੰਡਰ-19 ਵਰਲਡ ਕੱਪ ਵੀ ਦੁਆ ਚੁੱਕੇ ਹਨ। ਇਸਦੇ ਨਾਲ ਹੀ ਸ਼ਾਅ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












