ਮੋਗਾ ਦੀ ਹਰਮਨ ਵਰਗੀ ਕ੍ਰਿਕਟ ਸਟਾਰ ਦੇ ਸਮੇਂ ’ਚ ਵੀ ਮਹਿਲਾ ਖੇਡ ਪਿੱਛੇ ਕਿਉਂ

ਮੋਗਾ ਦੀ ਹਰਮਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੜੀਆਂ ਉਹੀ ਖੇਡ ਵਿੱਚ ਕਾਮਯਾਬ ਹੁੰਦੀਆਂ ਹਨ ਜਿਨ੍ਹਾਂ ਨੂੰ ਪਰਿਵਾਰ ਵੀ ਚੰਗੀ ਹਮਾਇਤ ਦੇਵੇ
    • ਲੇਖਕ, ਸ਼ੈਲੀ ਭੱਟ
    • ਰੋਲ, ਬੀਬੀਸੀ ਪੱਤਰਕਾਰ

3 ਦਸੰਬਰ 2018 ਇੱਕ ਇਤਿਹਾਸਕ ਦਿਨ ਸੀ। ਇਸ ਦਿਨ ਪਹਿਲੀ ਵਾਰ ਇੱਕ ਮਹਿਲਾ ਖਿਡਾਰਨ ਨੂੰ ਫੁੱਟਬਾਲ ਦਾ ਸਭ ਤੋਂ ਉੱਚਾ ਸਨਮਾਨ 'ਬੈਲੌਨ ਡਿਓਰ' ਮਿਲਣ ਵਾਲਾ ਸੀ।

ਇਹ ਸਨਮਾਨ 23 ਸਾਲਾ ਨੌਰਵੇ ਦੀ ਫੁੱਟਬਾਲ ਖਿਡਾਰਨ ਐਡਾ ਹੈਗਰਬਰਗ ਨੂੰ ਮਿਲ ਰਿਹਾ ਸੀ।

ਪਰ ਸਨਮਾਨ ਸਮਾਗਮ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਸਾਡੀ ਮਹਿਲਾ ਖਿਡਾਰਨਾਂ ਪ੍ਰਤੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ।

ਉਸ ਇਤਿਹਾਸਕ ਰਾਤ ਨੂੰ ਜਦੋਂ ਹੈਗਰਬਰਗ ਨੇ ਆਪਣਾ ਭਾਸ਼ਣ ਖ਼ਤਮ ਕੀਤਾ ਤਾਂ ਡੀਜੇ ਮਾਰਟਿਨ ਸੋਲਵੇਗ ਨੇ 300 ਗੋਲ ਕਰ ਚੁੱਕੀ ਖਿਡਾਰਨ ਨੂੰ ਪੁੱਛਿਆ ਕਿ ਉਹ ਕਾਮੁਕ ਤਰੀਕੇ ਨਾਲ ਨੱਚਣਾ ਜਾਣਦੀ ਹੈ?

ਹੈਗਰਬਰਗ ਨੇ ਸਖ਼ਤ ਲਹਿਜ਼ੇ ਵਿੱਚ 'ਨਾਂ' ਕਿਹਾ ਅਤੇ ਸਟੇਜ ਛੱਡ ਦਿੱਤਾ। ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਇਆ। ਇਸ ਘਟਨਾ ਲਈ ਸੋਲਵੇਗ ਦੀ ਕਾਫੀ ਨਿੰਦਾ ਹੋਈ ਸੀ।

ਖੇਡ ਨਾਲ ਜੁੜੀਆਂ ਔਰਤਾਂ ਅਕਸਰ ਅਜਿਹੀਆਂ ਘਟਨਾਵਾਂ ਬਾਰੇ ਸ਼ਿਕਾਇਤਾਂ ਕਰਦੀਆਂ ਹਨ।

ਖੇਡ ਖ਼ਬਰਾਂ ਤੋਂ ਗਾਇਬ ਰਹਿੰਦੀਆਂ ਕੁੜੀਆਂ

ਕਾਫੀ ਖੇਡ ਵੈਬਸਾਈਟਸ 'ਤੇ ਤੁਹਾਨੂੰ ਪੁਰਸ਼ ਖਿਡਾਰੀਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ, ਨੀਤੀਆਂ ਅਤੇ ਪ੍ਰਦਰਸ਼ਨ ਦਾ ਹੀ ਅਧਿਐਨ ਕੀਤਾ ਜਾਂਦਾ ਹੈ।

ਅਸੀਂ ਔਰਤਾਂ ਦੀਆਂ ਖੇਡਾਂ ਵਿੱਚ ਉਪਲਬਧੀਆਂ ਬਾਰੇ ਕਿੰਨਾ ਕੁ ਪੜ੍ਹਦੇ ਹਾਂ? ਖਾਸਕਰ ਸੁੰਦਰਤਾ ਜਾਂ ਕਰੀਅਰ ਤੇ ਜ਼ਿੰਦਗੀ ਵਿਚਾਲੇ ਸੰਤੁਲਨ ਬਣਾਏ ਜਾਣ ਦੀ ਗੱਲ ਦਾ ਜ਼ਿਕਰ ਕਰੇ ਬਿਨਾਂ।

ਇਹ ਵੀ ਪੜ੍ਹੋ:

ਮੇਰਾ ਮੰਨਣਾ ਹੈ ਕਿ ਵੱਡੇ-ਛੋਟੇ ਸ਼ਹਿਰਾਂ ਵਿੱਚ ਰਹਿ ਰਹੀਆਂ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੀਆਂ ਕੁੜੀਆਂ ਲਈ ਖੇਡਾਂ ਵਿੱਚ ਕੁਝ ਖ਼ਾਸ ਕਰਨਾ ਇੱਕ ਸੁਫ਼ਨੇ ਵਾਂਗ ਹੁੰਦਾ ਹੈ।

ਇਸ ਸੁਫ਼ਨੇ ਨੂੰ ਪੂਰਾ ਕਰਨ ਵਿੱਚ ਕਈ ਤਰੀਕੇ ਦੀਆਂ ਔਕੜਾਂ ਹੁੰਦੀਆਂ ਹਨ। ਕੁੜੀ ਹੋਵੇ ਜਾਂ ਮੁੰਡਾ ਹਰ ਕਿਸੇ ਲਈ ਸਭ ਤੋਂ ਪਹਿਲਾਂ ਦੋ ਚੀਜ਼ਾਂ ਅਹਿਮ ਹੁੰਦੀਆਂ ਹਨ, ਜਨੂੰਨ ਦੀ ਪਛਾਣ ਕਰਨਾ ਅਤੇ ਉਸ ਦੀ ਹੋਂਦ ਨੂੰ ਮੰਨਣਾ।

ਸਾਇਨਾ ਨੇਹਵਾਲ

ਤਸਵੀਰ ਸਰੋਤ, AFP

ਮੈਨੂੰ ਕ੍ਰਿਕਟ ਕਾਫੀ ਪਸੰਦ ਹੈ। ਮੇਰੇ ਬਚਪਨ ਤੋਂ ਦੋ ਅਜਿਹਾ ਉਦਾਹਰਨ ਹਨ ਜੋ ਉੱਤੇ ਦੱਸੇ ਗਏ ਨੁਕਤੇ ਨੂੰ ਸਮਝਾਉਣਗੇ।

ਸਾਲ 1999 ਦੀ ਗੱਲ ਹੈ, ਸਾਡਾ ਪਰਿਵਾਰ ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਇਆ ਸੀ। ਮੈਂ ਬਹੁਤ ਉਤਸੁਕ ਸੀ ਕਿਉਂਕਿ ਮੇਰੇ ਪਿਤਾ ਨੇ ਮੈਨੂੰ ਜੰਮੂ ਤੋਂ ਇੱਕ ਬੈਟ ਖਰੀਦ ਕੇ ਦਿੱਤਾ ਸੀ। ਇਸ ਕ੍ਰਿਕਟ ਬੈਟ ਦੀ ਮੈਂ ਲੰਬੇ ਚਿਰ ਤੋਂ ਉਡੀਕ ਕਰ ਰਹੀ ਸੀ।

ਇਹ ਬੈਟ ਜੰਮੂ-ਕਸ਼ਮੀਰ ਦੀ ਖਾਸ ਲੱਕੜ ਤੋਂ ਬਣਿਆ ਸੀ। ਜੰਮੂ-ਕਸ਼ਮੀਰ ਦੇ ਬਣੇ ਬੈਟ ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਇਸਤੇਮਾਲ ਕਰਦੇ ਹਨ।

ਬੈਟ ਮੇਰੀ ਜਾਨ ਸੀ

ਜਲਦ ਹੀ ਉਹ ਬੈਟ ਮੇਰਾ ਸਾਥੀ ਬਣ ਗਿਆ। ਲਸ਼ਕਾਰੇ ਮਾਰਦੀ ਪੀਲੇ ਰੰਗ ਦੀ ਲੱਕੜ, ਉਸ ਉੱਤੇ ਰੀਬੌਕ ਦਾ (ਨਕਲੀ ਫੌਂਟ) ਦਾ ਸਟੀਕਰ ਲਗਿਆ ਹੋਇਆ ਸੀ ਤੇ ਲਾਲ ਰੰਗ ਦੀ ਉਸ ਦੀ ਗ੍ਰਿਪ ਸੀ।

ਜਦੋਂ ਮੈਂ ਸਕੂਲ ਤੋਂ ਘਰ ਪਰਤਦੀ ਸੀ ਤਾਂ ਇੱਕ ਪਲ ਲਈ ਵੀ ਮੈਂ ਉਸ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰਦੀ ਸੀ।

ਮੈਂ ਆਪਣੇ ਦਾਦਾਜੀ ਤੋਂ ਗੇਂਦਬਾਜ਼ੀ ਕਰਵਾਉਂਦੀ ਸੀ, ਉਸ ਤੋਂ ਬਾਅਦ ਮੇਰੀ ਮਾਂ ਤੇ ਫਿਰ ਮੇਰੇ ਪਾਪਾ ਕੰਮ ਤੋਂ ਪਰਤ ਕੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸਾਂਭਦੇ ਸਨ। ਇਹ ਇੱਕਰੋਜ਼ਾ ਮੈਚ ਵਾਂਗ ਹੁੰਦਾ ਸੀ।

ਮਿਥਾਲੀ ਰਾਜ

ਤਸਵੀਰ ਸਰੋਤ, TWITTER @M_RAJ03

ਤਸਵੀਰ ਕੈਪਸ਼ਨ, ਮੁੰਡੇ ਆਮ ਤੌਰ ’ਤੇ ਕੁੜੀਆਂ ਨਾਲ ਖੇਡ ਬਾਰੇ ਚਰਚਾ ਨਹੀਂ ਕਰਦੇ

ਕ੍ਰਿਕਟ ਲਈ ਮੇਰਾ ਉਤਸ਼ਾਹ ਵਧਦਾ ਜਾ ਰਿਹਾ ਸੀ। ਇਸ ਦੇ ਲਈ ਮੇਰੀ ਮਾਂ ਨੇ ਇੱਕ ਹੱਲ ਕੱਢਿਆ। ਸਾਡੇ ਵਿਹੜੇ ਵਿੱਚ ਇੱਕ ਵੱਡਾ ਜਿਹਾ ਰੁਖ ਸੀ। ਉਨ੍ਹਾਂ ਨੇ ਗੇਂਦ ਨੂੰ ਇੱਕ ਪੁਰਾਣੀ ਜੁਰਾਬ ਵਿੱਚ ਪਾ ਦਿੱਤਾ ਅਤੇ ਉਸ ਨੂੰ ਰੱਸੀ ਨਾਲ ਰੁਖ ਦੀ ਡਾਲੀ 'ਤੇ ਟੰਗ ਦਿੱਤਾ।

ਮੇਰੀ ਮਾਂ ਨੇ ਫਿਰ ਮੈਨੂੰ ਉਸ ਨਾਲ ਖੇਡਣ ਲਈ ਕਿਹਾ। ਮੈਂ ਦਿਨ ਵਿੱਚ 2-3 ਘੰਟੇ ਉਸ ਨਾਲ ਖੇਡਦੀ। ਇਹ ਸਿਲਸਿਲਾ ਤਕਰੀਬਨ ਡੇਢ ਸਾਲ ਤੱਕ ਚੱਲਦਾ ਰਿਹਾ।

ਇੱਕ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਤੇ ਮੇਰਾ ਚਾਚੇ ਦਾ ਮੁੰਡਾ ਕ੍ਰਿਕਟ ਖੇਡ ਰਹੇ ਸੀ। ਹਰ ਵਾਰ ਵਾਂਗ ਸਾਡੀ ਲੜਾਈ ਬੈਟਿੰਗ ਦੀ ਵਾਰੀ ਨੂੰ ਲੈ ਕੇ ਹੋ ਗਈ। ਉਹ ਗੁੱਸਾ ਹੋ ਗਿਆ ਤੇ ਬੈਟ ਲੈ ਕੇ ਭੱਜ ਗਿਆ।

ਜੇ ਮੇਰੀ ਥਾਂ ਮੁੰਡਾ ਹੁੰਦਾ...

ਮੈਂ ਉਸ ਦਾ ਪਿੱਛਾ ਕੀਤਾ ਤੇ ਬੈਟ ਲੈਣ ਦੀ ਕੋਸ਼ਿਸ਼ ਕੀਤੀ। ਉਸ ਨੇ ਬੈਟ ਨੂੰ ਜ਼ਮੀਨ 'ਤੇ ਜ਼ੋਰ ਨਾਲ ਸੁੱਟਿਆ ਅਤੇ ਬੈਟ ਦੇ ਦੋ ਟੁਕੜੇ ਹੋ ਗਏ।

ਇਹ ਮੇਰੇ ਲਈ ਇੱਕ ਵੱਡਾ ਸਦਮਾ ਸੀ। ਮੈਂ ਟੁੱਟੇ ਹੋਏ ਬੈਟ ਨੂੰ ਆਪਣੇ ਨਾਲ ਰੱਖਿਆ ਅਤੇ ਦੋ ਦਿਨਾਂ ਤੱਕ ਰੋਈ। ਇਸ ਬਾਰੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ।

ਇਹ ਵੀ ਪੜ੍ਹੋ:

ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੇਰੇ ਸਰੀਰ ਦਾ ਇੱਕ ਹਿੱਸਾ ਟੁੱਟਿਆ ਹੋਵੇ। ਉਹ ਵਕਤ ਕਦੇ ਵੀ ਵਾਪਸ ਨਹੀਂ ਆਇਆ ਤੇ ਨਾ ਹੀ ਮੈਨੂੰ ਮੁੜ ਬੈਟ ਮਿਲਿਆ ਅਤੇ ਨਾ ਹੀ ਮੈਂ ਫਿਰ ਕਦੇ ਕ੍ਰਿਕਟ ਖੇਡਿਆ।

ਹੁਣ ਹਰਮਨਪ੍ਰੀਤ ਵਰਗੀਆਂ ਖਿਡਾਰਨਾਂ ਕਾਰਨ ਕੁੜੀਆਂ ਦੀ ਖੇਡ ਕਵਰ ਹੁੰਦੀ ਹੈ

ਤਸਵੀਰ ਸਰੋਤ, TWITTER @IMHARMANPREET

ਤਸਵੀਰ ਕੈਪਸ਼ਨ, ਹੁਣ ਹਰਮਨਪ੍ਰੀਤ ਵਰਗੀਆਂ ਖਿਡਾਰਨਾਂ ਕਾਰਨ ਕੁੜੀਆਂ ਦੀ ਖੇਡ ਕਵਰ ਹੁੰਦੀ ਹੈ

ਕਦੇ-ਕਦੇ ਮੈਂ ਸੋਚਦੀ ਹਾਂ ਕਿ ਜੇ ਮੇਰੀ ਥਾਂ ਕੋਈ ਮੁੰਡਾ ਹੁੰਦਾ ਤਾਂ ਸ਼ਾਇਦ ਫੌਰਨ ਨਵਾਂ ਬੈਟ ਆ ਜਾਂਦਾ ਅਤੇ ਉਹ ਕ੍ਰਿਕਟ ਖੇਡਦਾ ਰਹਿੰਦਾ।

ਜਦੋਂ ਮੈਂ 13 ਸਾਲ ਦੀ ਸੀ ਤਾਂ ਸੱਤਵੀਂ ਜਮਾਤ ਵਿੱਚ ਪੜ੍ਹਨ ਵੇਲੇ ਮੇਰੇ ਕੋਲ ਅਜਿਹਾ ਬੈਗ ਸੀ ਜਿਸ 'ਤੇ ਸਚਿਨ, ਰਾਹੁਲ ਤੇ ਸੌਰਵ ਗਾਂਗੁਲੀ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ। ਹੋਰ ਕਿਸੇ ਕੁੜੀ ਕੋਲ ਅਜਿਹਾ ਬੈਗ ਨਹੀਂ ਸੀ।

ਪਰ ਫਿਰ ਵੀ ਮੇਰੇ ਨਾਲ ਕੋਈ ਖੇਡ ਬਾਰੇ ਚਰਚਾ ਨਹੀਂ ਕਰਦਾ ਸੀ, ਖੇਡਣਾ ਤਾਂ ਦੂਰ ਦੀ ਗੱਲ ਹੈ। ਕਿਸੇ ਕੁੜੀ ਦਾ ਕ੍ਰਿਕਟ ਲਈ ਮੇਰੇ ਵਰਗਾ ਉਤਸ਼ਾਹ ਨਹੀਂ ਸੀ ਤੇ ਮੁੰਡੇ ਮੇਰੇ ਨਾਲ ਖੇਡ ਬਾਰੇ ਗੱਲ ਕਰਨ ਤੋਂ ਝਿਝਕਦੇ ਸਨ।

ਅਗਲੇ ਸਾਲ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਦਾ ਦੌਰਾ ਸੀ। ਮੋਬਾਈਲ ਫੋਨ ਅਜੇ ਵੀ ਨਵੀਂ ਚੀਜ਼ ਹੀ ਸੀ। ਸਿਮ ਕਾਰਡ ਦੀਆਂ ਕੰਪਨੀਆਂ ਸਕੋਰ ਜਾਣਨ ਲਈ ਇੱਕ ਮੈਸੇਜ ਲਈ 50 ਪੈਸੇ ਚਾਰਜ ਕਰਦੀਆਂ ਸਨ।

'ਕਿੰਨੀਆਂ ਕੁੜੀਆਂ ਖੇਡਦੀਆਂ ਹਨ?'

ਕਈ ਵਾਰ ਮੁੰਡੇ ਅਧਿਆਪਕਾਂ ਨੂੰ ਸਕੋਰ ਜਾਣਨ ਲਈ ਮੈਸੇਜ ਭੇਜਣ ਲਈ ਕਹਿੰਦੇ ਸਨ ਤਾਂ ਉਹ ਸਾਨੂੰ ਸਕੋਰ ਦੱਸ ਸਕਣ। ਮੈਂ ਟੀਚਰ ਨੂੰ ਮਨਾਉਣ ਵਿੱਚ ਉਨ੍ਹਾਂ ਦੀ ਦੋ ਵਾਰ ਮਦਦ ਕੀਤੀ ਸੀ।

ਸਾਡੇ ਸਕੂਲ ਤੇ ਇੱਕ ਹਾਊਸਿੰਗ ਸੋਸਾਈਟੀ ਦੀ ਦੀਵਾਰ ਸਾਂਝੀ ਸੀ। ਅਸੀਂ ਕਈ ਵਾਰ ਬ੍ਰੇਕ ਵਿੱਚ ਦੀਵਾਰ 'ਤੇ ਚੜ੍ਹ ਕੇ ਸੋਸਾਈਟੀ ਵਿੱਚ ਰਹਿੰਦੇ ਲੋਕਾਂ ਕੋਲੋਂ ਸਕੋਰ ਪੁੱਛਦੇ ਸੀ। ਉਹ ਵੀ ਖੁਸ਼ੀ ਨਾਲ ਸਾਨੂੰ ਸਕੋਰ ਦੀ ਜਾਣਕਾਰੀ ਦਿੰਦੇ ਸੀ।

ਮੈਂ ਵੱਡੀ ਹੋਈ ਤਾਂ ਮੈਂ ਸਕੂਲ ਬਦਲਿਆ। ਹੁਣ ਅਜਿਹੀਆਂ ਕੁੜੀਆਂ ਮੇਰੀ ਸਹੇਲੀਆਂ ਨਹੀਂ ਸਨ ਜਿਨ੍ਹਾਂ ਨਾਲ ਮੈਂ ਕ੍ਰਿਕਟ ਲਈ ਆਪਣੇ ਜਨੂੰਨ ਨੂੰ ਸਾਂਝਾ ਕਰ ਸਕਾਂ ਅਤੇ ਮੁੰਡੇ ਤਾਂ ਇਹ ਮੰਨਦੇ ਸੀ ਕਿ ਮੈਨੂੰ ਤਾਂ ਖੇਡ ਬਾਰੇ ਕੁਝ ਨਹੀਂ ਪਤਾ।

ਕੁੜੀਆਂ ਨੂੰ ਕਈ ਵਾਰ ਮਾੜੀ ਟਿੱਪਣੀ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੜੀਆਂ ਨੂੰ ਕਈ ਵਾਰ ਮਾੜੀ ਟਿੱਪਣੀ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ

ਮੇਰਾ ਸੁਫ਼ਨਾ ਸੀ ਕਿ ਮੈਂ ਅੰਡਰ-15 ਟੀਮ ਦਾ ਹਿੱਸਾ ਬਣਾ। ਮੈਨੂੰ ਲਗਦਾ ਸੀ ਕਿ ਮੈਂ ਇੱਕ ਫਿਰਕੀ ਗੇਂਦਬਾਜ਼ ਬਣ ਸਕਦੀ ਹਾਂ ਨਾਲ ਹੀ ਮਿਡਿਲ ਆਡਰ ਵਿੱਚ ਬੱਲੇਬਾਜ਼ੀ ਵੀ ਕਰ ਸਕਦੀ ਹਾਂ।

ਪਰ ਮੇਰੇ ਕੋਲ ਮੇਰੇ ਮਾਪਿਆਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ। ਉਹ ਮੈਨੂੰ ਪੁੱਛਦੇ ਸਨ, "ਕੀ ਤੁਸੀਂ ਇਹ ਕਰ ਵੀ ਸਕੋਗੇ? ਕੀ ਤੁਸੀਂ ਇਸ ਨੂੰ ਆਪਣੇ ਕਰੀਅਰ ਵਜੋਂ ਦੇਖਦੇ ਹੋ? ਕਿੰਨੀਆਂ ਕੁੜੀਆਂ ਕੌਮਾਂਤਰੀ ਪੱਧਰ 'ਤੇ ਖੇਡਦੀਆਂ ਹਨ?''

ਸਾਲ 2000 ਦੀ ਸ਼ੁਰੂਆਤ ਵਿੱਚ ਕੁੜੀਆਂ ਦੀ ਕ੍ਰਿਕਟ ਟੀਮ ਦਾ ਕੋਈ ਵੱਡਾ ਚਮਕਦਾ ਸਿਤਾਰਾ ਨਹੀਂ ਸੀ ਜਿਸ ਦਾ ਨਾਂ ਮੈਂ ਆਪਣੇ ਤਰਕ ਨੂੰ ਮਜਬੂਤੀ ਦੇਣ ਲਈ ਪੇਸ਼ ਕਰ ਸਕਾਂ।

ਇਹ ਉਸ ਕੁੜੀ ਦਾ ਸੰਘਰਸ਼ ਸੀ ਜੋ ਕ੍ਰਿਕਟ ਦੀ ਇੱਕ ਬਹੁਤ ਵੱਡੀ ਫੈਨ ਸੀ।

ਮਾੜੀ ਟਿੱਪਣੀਆਂ ਦਾ ਸ਼ਿਕਾਰ ਬਣਦੀਆਂ ਕੁੜੀਆਂ

ਬੀਬੀਸੀ ਤਮਿਲ ਦੀ ਪੱਤਰਕਾਰ ਕ੍ਰਿਤਿਕਾ ਕੰਨਨ ਨੇ ਕਾਲਜ ਪੱਧਰ ਤੱਕ ਕ੍ਰਿਕਟ ਖੇਡਿਆ ਹੈ। ਉਨ੍ਹਾਂ ਨੇ ਇੱਕ ਮਹਿਲਾ ਖਿਡਾਰਨ ਵਜੋਂ ਆਪਣੇ ਤਜਰਬੇ ਸਾਂਝੇ ਕੀਤੇ।

ਉਨ੍ਹਾਂ ਦੱਸਿਆ, "ਮੈਂ ਆਪਣੇ ਭਰਾਵਾਂ ਨਾਲ ਗਲੀ ਕ੍ਰਿਕਟ ਖੇਡਿਆ ਸੀ। ਜਦੋਂ ਮੈਂ ਵੱਡੀ ਹੋਈ ਤਾਂ ਮੈਂ ਕਾਲਜ ਲਈ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ।''

"ਮੈਂ ਖੁਦ ਨੂੰ ਸ਼ਾਨਦਾਰ ਖਿਡਾਰੀ ਹੋਣ ਦਾ ਦਾਅਵਾ ਤਾਂ ਨਹੀਂ ਕਰਦੀ ਪਰ ਮੈਂ ਆਪਣੀ ਖੇਡ ਲਈ ਗੰਭੀਰ ਸੀ।''

ਦੀਪਾ ਕਰਮਾਕਰ

ਤਸਵੀਰ ਸਰੋਤ, EPA

"ਐਤਵਾਰ ਨੂੰ ਛੱਡ ਕੇ ਰੋਜ਼ ਸਵੇਰੇ 6.30 ਵਜੇ ਕਾਲਜ ਵਿੱਚ ਪ੍ਰੈਕਟਿਸ ਸੈਸ਼ਨ ਹੁੰਦਾ ਸੀ। ਮੈਨੂੰ ਯਾਦ ਹੈ ਕਿ ਮੈਂ ਜਦੋਂ ਸਵੇਰੇ ਕਾਲਜ ਜਾਣ ਲਈ ਬੱਸ ਫੜਦੀ ਸੀ ਤਾਂ ਮੁੰਡੇ ਮੇਰੇ 'ਤੇ ਮਾੜੀਆਂ ਟਿੱਪਣੀਆਂ ਕਰਦੇ ਸੀ।''

"ਮੈਨੂੰ ਇੱਕ ਘਟਨਾ ਤਾਂ ਖਾਸ ਯਾਦ ਹੈ। ਉਸ ਵੇਲੇ ਮੀਂਹ ਪੈ ਰਿਹਾ ਸੀ। ਮੈਂ ਟਰੈਕ ਸੂਟ ਪਾਇਆ ਹੋਇਆ ਸੀ ਅਤੇ ਮੋਢੇ 'ਤੇ ਪ੍ਰੈਕਟਿਸ ਕਿਟ ਬੈਗ ਟੰਗਿਆ ਹੋਇਆ ਸੀ।''

"ਮੈਂ ਕੁਝ ਮੁੰਡਿਆਂ ਨੂੰ ਬੋਲਦਿਆਂ ਸੁਣਿਆ, "ਦੇਖੋ ਚੂਜੇ ਮੀਂਹ ਵਿੱਚ ਖੇਡਣ ਜਾ ਰਹੇ ਹਨ, ਆਉ ਦੇਖਦੇ ਹਾਂ।''

ਮੀਡੀਆ ਵਿੱਚ ਕੁੜੀਆਂ ਦੀ ਕਵਰੇਜ ਘੱਟ

"ਉਸ ਵੇਲੇ ਮੈਂ ਉਨ੍ਹਾਂ ਨੂੰ ਇੰਝ ਮਹਿਸੂਸ ਕਰਵਾਇਆ ਕਿ ਮੈਨੂੰ ਫਰਕ ਹੀ ਨਹੀਂ ਪਿਆ ਪਰ ਮੇਰੇ ਆਤਮ ਵਿਸ਼ਵਾਸ ਨੂੰ ਕਾਫੀ ਢਾਹ ਲੱਗੀ ਸੀ।''

ਇੱਕ ਕੁੜੀ ਤੇ ਖੇਡ ਪੱਤਰਕਾਰ ਹੁੰਦਿਆਂ ਵੱਖਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ:

ਇਸ ਸਾਲ ਫਰਵਰੀ ਵਿੱਚ ਯੂਨੈਸਕੋ ਦੇ ਡਾਇਰੈਕਟਰ ਜਨਰਲ ਔਡਰੇ ਅਜ਼ੌਲੇ ਨੇ ਦੱਸਿਆ, "ਸਪੋਰਟਸ ਮੀਡੀਆ ਵਿੱਚ ਕੇਵਲ 4 ਫੀਸਦ ਕਵਰੇਜ ਕੁੜੀਆਂ ਨੂੰ ਮਿਲਦੀ ਹੈ। ਕੇਵਲ 12 ਫੀਸਦ ਖੇਡ ਖ਼ਬਰਾਂ ਕੁੜੀਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਹਨ।''

ਮਾਰਚ 2018 ਵਿੱਚ ਬ੍ਰਾਜ਼ੀਲ ਦੀਆਂ ਮਹਿਲਾ ਖੇਡ ਪੱਤਰਕਾਰਾਂ ਨੇ ਇੱਕ ਮੁਹਿੰਮ ਚਲਾਈ ਸੀ।

ਇਹ ਮੁਹਿੰਮ ਇੱਕ ਖਾਸ ਘਟਨਾ ਵਾਪਰਨ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

ਐਡਾ ਹੈਗਰਬਰਗ ਨੇ ਫੁੱਟਬਾਲ ਵਿੱਚ 300 ਤੋਂ ਵੱਧ ਗੋਲ ਕੀਤੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਡਾ ਹੈਗਰਬਰਗ ਨੇ ਫੁੱਟਬਾਲ ਵਿੱਚ 300 ਤੋਂ ਵੱਧ ਗੋਲ ਕੀਤੇ ਹਨ

ਇੱਕ ਖੇਡ ਚੈੱਨਲ ਦੀ ਪੱਤਰਕਾਰ ਬਰੂਨਾ ਡੈਲਟਰੀ ਇੱਕ ਫੁੱਟਬਾਲ ਮੈਚ ਤੋਂ ਬਾਅਦ ਜਸ਼ਨ ਦੀਆਂ ਤਸਵੀਰਾਂ ਦਿਖਾ ਰਹੀ ਸੀ। ਉਸੇ ਵੇਲੇ ਇੱਕ ਵਿਅਕਤੀ ਨੂੰ ਉਸ ਨੂੰ ਕਿਸ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਕਾਫੀ ਨਿਖੇਧੀ ਹੋਈ ਸੀ।

ਮੈਂ ਇਸ ਵਿਸ਼ੇ ਬਾਰੇ ਇੱਕ ਦਹਾਕੇ ਤੋਂ ਖੇਡ ਪੱਤਰਕਾਰੀ ਕਰ ਰਹੀ ਆਪਣੀ ਸਹਿਕਰਮੀ ਨਾਲ ਚਰਚਾ ਕੀਤੀ।

ਬੀਬੀਸੀ ਮਰਾਠੀ ਦੀ ਜਾਨਵੀ ਮੂਲੇ ਮੁੰਬਈ ਵਿੱਚ ਰਹਿੰਦੀ ਹੈ ਅਤੇ ਇੱਕ ਟੀਵੀ ਚੈਨਲ ਲਈ ਖੇਡ ਪੱਤਰਕਾਰ ਵਜੋਂ ਕੰਮ ਕਰ ਚੁੱਕੀ ਹੈ।

ਉਨ੍ਹਾਂ ਦੱਸਿਆ, "ਇਹ ਇੱਕ ਮਰਦ ਪ੍ਰਧਾਨ ਖੇਤਰ ਹੈ, ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਹੈ। ਜਦੋਂ ਮੈਂ ਖੇਡ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ।''

ਖੇਡਾਂ ਵਿੱਚ ਲਿੰਗ ਆਧਾਰਿਤ ਬਰਾਬਰਤਾ ਨਹੀਂ

"ਮੈਨੂੰ ਸ਼ੂਟਿੰਗ ਤੇ ਟੈਨਿਸ ਖੇਡ ਪਸੰਦ ਸੀ ਪਰ ਮੈਨੂੰ ਹਰ ਖੇਡ ਬਾਰੇ ਨਹੀਂ ਪਤਾ ਸੀ। ਸ਼ੁਰੂਆਤ ਵਿੱਚ ਕਾਫੀ ਦਿੱਕਤ ਆਈ ਸੀ।''

"ਪਰ ਮੇਰੇ ਬੌਸ ਨੇ ਕਿਹਾ ਕਿ ਖੇਡ ਦੇ ਫੈਨ ਬਣ ਜਾਓ ਅਤੇ ਜਾਣਕਾਰੀ ਹਾਸਿਲ ਕਰਨ ਦੀ ਇੱਛਾ ਨਾ ਖ਼ਤਮ ਕਰੋ। ਇਸ ਸਲਾਹ ਨੇ ਮੇਰੀ ਕਾਫੀ ਮਦਦ ਕੀਤੀ।''

ਜਾਨਵੀ ਦਫਤਰ ਵਿੱਚ ਹੁੰਦੀ ਚਰਚਾ ਵਿੱਚ ਪੂਰੇ ਵਿਸ਼ਵਾਸ ਨਾਲ ਹਿੱਸਾ ਲੈਂਦੀ ਹੈ ਇਸ ਲਈ ਲੋਕਾਂ ਨੇ ਉਸ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ, "ਕਾਫੀ ਸਮੇਂ ਤੱਕ ਮੈਨੂੰ ਟੈਨਿਸ ਦਾ ਮਾਹਿਰ ਸਮਝਿਆ ਜਾਂਦਾ ਸੀ ਪਰ ਮੈਂ ਉਲੰਪਿਕ, ਕ੍ਰਿਕਟ, ਫੁੱਟਬਾਲ, ਸ਼ੂਟਿੰਗ ਤੇ ਟੈਨਿਸ ਬਾਰੇ ਆਰਾਮ ਨਾਲ ਗੱਲ ਕਰ ਸਕਦੀ ਹਾਂ।''

"ਮੈਨੂੰ ਘਰ ਵਿੱਚ ਖੇਡ ਨਾਲ ਜੁੜਿਆ ਮਾਹੌਲ ਮਿਲਿਆ। ਮੈਂ ਬਚਪਨ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਰੱਖਦੀ ਸੀ। ਮੇਰੀ ਮਾਂ ਤੇ ਭਰਾ ਨੇ ਮੈਨੂੰ ਹੁੰਗਾਰਾ ਦਿੱਤਾ।''

"ਜਦੋਂ ਕਾਲਜ ਵਿੱਚ ਮੇਰੇ ਇੱਕ ਦੋਸਤ ਨੂੰ ਪਤਾ ਲਗਿਆ ਕਿ ਮੈਨੂੰ ਫੁੱਟਬਾਲ ਦੇਖਣਾ ਪਸੰਦ ਹੈ ਤਾਂ ਉਹ ਹੈਰਾਨ ਹੋਇਆ। ਉਸ ਨੇ ਮੇਰੇ ਤੋਂ ਇਸ ਗੱਲ ਦੀ ਤਸਦੀਕ ਕੀਤੀ ਕਿ, ਸੱਚ ਵਿੱਚ ਮੈਂ ਇੱਕ ਫੁੱਟਬਾਲ ਫੈਨ ਹਾਂ ਜਾਂ ਨਹੀਂ।''

"ਅਸੀਂ ਦੇਖਿਆ ਹੈ ਕਿ ਪਹਿਲਾਂ ਔਰਤਾਂ ਦੀ ਕ੍ਰਿਕਟ ਨੂੰ ਦੇਖਿਆ ਹੀ ਨਹੀਂ ਜਾਂਦਾ ਸੀ ਪਰ ਹੁਣ ਲੋਕ ਮਿਥਾਲੀ ਰਾਜ ਤੇ ਹਰਮਨਪ੍ਰੀਤ ਕੌਰ ਨੂੰ ਖੇਡਦਿਆਂ ਦੇਖਦੇ ਹਨ।''

"ਅਸੀਂ ਸਿੰਧੂ, ਸਾਇਨਾ ਨੇਹਵਾਰਲ, ਦੀਪਾ ਕਰਮਾਕਰ ਤੇ ਸਰੀਤਾ ਗਾਇਕਵਾਡ ਦੀਆਂ ਕਾਮਯਾਬੀਆਂ ਦਾ ਜਸ਼ਨ ਮਨਾਇਆ ਹੈ।''

"ਪਰ ਕਿ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਡੇ ਜ਼ਹਿਨ ਵਿੱਚ ਤਾਜ਼ਾ ਹਨ? ਕੀ ਉਨ੍ਹਾਂ ਦੀ ਖੇਡ ਬਾਰੇ ਚਰਚਾ ਹੁੰਦੀ ਹੈ ਜਾਂ ਉਨ੍ਹਾਂ ਬਾਰੇ ਇੰਨਾ ਲਿਖਿਆ ਜਾਂਦਾ ਹੈ ਤਾਂ ਜੋ ਨੌਜਵਾਨ ਕੁੜੀਆਂ ਪ੍ਰੇਰਨਾ ਲੈ ਕੇ ਖੇਡ ਵੱਲ ਰੁਝਾਨ ਪੈਦਾ ਕਰ ਸਕਣ ਜਾਂ ਉਹ ਕੁੜੀਆਂ ਐਡਾ ਹੈਗਰਬਰਗ ਵਰਗੀ ਦ੍ਰਿੜਤਾ ਨਾਲ ਨਾ ਕਹਿ ਸਕਣ?''

ਉਹ ਕਹਿੰਦੇ ਹਨ ਖੇਡ ਜੋੜਦਾ ਹੈ ਤਾਂ ਕਿਉਂ ਅਜੇ ਵੀ ਖੇਡਾਂ ਵਿੱਚ ਲਿੰਗ ਆਧਿਰਤ ਬਰਾਬਰਤਾ ਦੀ ਘਾਟ ਹੈ?

ਇਹ ਵੀਡੀਓ ਵੀ ਜ਼ਰੂਰ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)