ਬਾਦਲ ਤੇ ਕੈਪਟਨ ਖ਼ਿਲਾਫ਼ ਖਹਿਰਾ ਨੇ ਇਨਸਾਫ਼ ਮਾਰਚ ਦੌਰਾਨ ਪਾਸ ਕਰਵਾਏ 3 ਮਤੇ

ਪੰਜਾਬ ਵਿੱਚ ਸ਼ਨਿੱਚਰਵਾਰ ਨੂੰ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇੱਕ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 93ਵੇਂ ਜਨਮਦਿਨ ਮੌਕੇ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਜਾਣੇ-ਅਣਜਾਣੇ' ਕੀਤੀਆਂ ਭੁੱਲਾਂ ਦੀ ਮੁਆਫੀ ਮੰਗਣ ਪਹੁੰਚੀ ਹੋਈ ਹੈ।

ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖ਼ਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਤੋਂ ਇਨਸਾਫ਼ ਮਾਰਚ ਸ਼ੁਰੂ ਕੀਤਾ ਗਿਆ ਹੈ।

ਇਸ ਮਾਰਚ ਵਿਚ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਧਰਮਵੀਰ ਗਾਂਧੀ ਦੇ ਪੰਜਾਬ ਮੋਰਚੇ ਦੇ ਆਗੂ ਤੇ ਕਾਰਕੁਨ ਸ਼ਾਮਲ ਹਨ।

ਇਹ ਵੀ ਪੜ੍ਹੋ:

ਇਸ ਮਾਰਚ ਦੇ ਆਖਰੀ ਪੜ੍ਹਾਅ ਪਟਿਆਲਾ ਵਿਚ ਖਹਿਰਾ ਨਵੇਂ ਸਿਆਸੀ ਬਦਲ ਦਾ ਐਲਾਨ ਕਰਨਗੇ। ਇਸ ਦਮਦਮਾ ਸਾਹਿਬ ਵਿਖੇ ਹੋਏ ਇਕੱਠ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਤਿੰਨ ਮਤੇ ਸੰਗਤ ਸਾਹਮਣੇ ਰੱਖੇ ਅਤੇ ਜੈਕਾਰਿਆਂ ਨਾਲ ਪ੍ਰਵਾਨਗੀ ਦੇਣ ਲਈ ਕਿਹਾ:

ਸੁਖਪਾਲ ਸਿੰਘ ਖਹਿਰਾ ਦੇ 3 ਮਤੇ

ਪਹਿਲੇ ਮਤੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਗਿਆ ਫਖ਼ਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਜਾਵੇ। ਮਤਾ ਪਾਸ ਕਰਵਾ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਬਾਦਲ ਤੋਂ ਇਹ ਸਨਮਾਨ ਵਾਪਸ ਲਿਆ ਜਾਵੇ।

ਦੂਜੇ ਮਤੇ ਰਾਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਨੂੰ ਹੁਕਮ ਦੇਣ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਲਈ ਬਾਦਲਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ।

ਤੀਜੇ ਮਤੇ ਰਾਹੀਂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਬੱਜਰ ਗੁਨਾਹ ਕਰਨ ਦਾ ਦੋਸ਼ ਲਾਇਆ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਿਰਫ ਵੋਟਾਂ ਲੈਣ ਖ਼ਾਤਰ ਪੰਜਾਬ ਦੇ ਲੋਕਾਂ ਦੇ ਨਾਲ ਧ੍ਰੋਹ ਕਮਾਇਆ। ਇਸ ਲਈ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਉਨ੍ਹਾਂ ਨੂੰ ਅਕਾਲ ਤਖ਼ਤ ਸਹਿਬ 'ਤੇ ਸੱਦਣ।

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨਸਾਫ ਮਾਰਚ ਨੂੰ ਨਾਕਾਮ ਕਰਨ ਲਈ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸੱਦਿਆਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਇਕੱਠ ਵਿੱਚ ਦਸ ਐਮਐਲਏ ਪਹੁੰਚੇ ਹੋਏ ਹਨ।

ਉਨ੍ਹਾਂ ਪਿਛਲੇ ਇਜਲਾਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਲੋਕ ਸਭਾ ਅਤੇ ਰਾਜ ਸਭਾ ਅਤੇ ਹੋਰ ਸੂਬਿਆਂ ਦੇ ਇਜਲਾਸ ਦੋ-ਦੋ ਮਹੀਨਿਆਂ ਤੱਕ ਚਲਦੇ ਹਨ। ਉੱਥੇ ਹੀ ਪੰਜਾਬ ਦੇ ਡੇਢ-ਡੇਢ ਦਿਨ, ਇਨ੍ਹਾਂ ਲੰਗੜੇ ਇਜਲਾਸਾਂ ਵਿੱਚ ਅਸੀ ਕੀ ਲੋਕਾਂ ਦੇ ਮਸਲੇ ਸਰਕਾਰ ਸਾਹਮਣੇ ਰੱਖ ਲਵਾਂਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)