ਹਾਰਲਿਕਸ 'ਚ ਵਿਟਾਮਿਨ-ਡੀ ਦੇ ਸੋਮੇ ਬਾਰੇ ਸ਼ੱਕ

ਤਸਵੀਰ ਸਰੋਤ, HORLICKS/FACEBOOK
- ਲੇਖਕ, ਸਿੰਧੂਵਾਸਿਨੀ, ਪੱਤਰਕਾਰ ਬੀਬੀਸੀ
- ਰੋਲ, ਨੀਰਜ ਪ੍ਰਿਯਦਰਸ਼ੀ, ਪਟਨਾ ਤੋਂ ਬੀਬੀਸੀ ਲਈ
'ਦੁੱਧ ਵਿੱਚ ਹਾਰਲਿਕਸ ਮਿਲਾਓ, ਦੁੱਧ ਦੀ ਸ਼ਕਤੀ ਵਧਾਓ'
ਕੈਲਸ਼ੀਅਮ- 741 ਮਿਲੀ ਗ੍ਰਾਮ
ਵਿਟਾਮਿਨ ਡੀ- 9.26 ਮਾਈਕ੍ਰੋ ਗ੍ਰਾਮ
ਫਾਸਫੋਰਸ- 280 ਮਿਲੀ ਗ੍ਰਾਮ
ਮੈਗਨੀਸ਼ੀਅਮ- 65 ਮਿਲੀ ਗ੍ਰਾਮ
ਪ੍ਰੋਟੀਨ- 11.0 ਗ੍ਰਾਮ
ਹਾਰਲਿਕਸ ਦੇ ਡੱਬੇ 'ਤੇ ਇਨ੍ਹਾਂ 10 ਪੋਸ਼ਕ ਤੱਤਾਂ ਦੇ ਨਾਮ ਲਿਖੇ ਹੁੰਦੇ ਹਨ ਤੇ ਨਾਲ ਹੀ ਇੱਕ ਛੋਟੀ ਜਿਹੀ ਹਰੀ ਬਿੰਦੀ ਇਸ ਦੇ ਸ਼ਾਕਾਹਾਰੀ ਹੋਣ ਦੀ ਗਵਾਹੀ ਦਿੰਦੀ ਹੈ।
ਪਰ ਹੁਣ ਫਿਲਹਾਲ ਇਸ ਦੇ ਸ਼ਾਕਾਹਾਰੀ ਹੋਣ ਦੇ ਦਾਅਵਿਆਂ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ ਤੇ ਬਿਹਾਰ ਦੇ ਮੁਜਫੱਰਨਗਰ ਵਿੱਚ ਇਸਦੀ ਵਿਕਰੀ ਤੇ ਰੋਕ ਲਾ ਦਿੱਤੀ ਗਈ
ਮੁਜਫੱਰਨਗਰ ਦੇ ਡਰਗ ਇੰਸਪੈਕਟਰ ਵਿਕਾਸ ਸ਼ਿਰੋਮਣੀ ਨੇ ਇੱਕ ਨੋਟਿਸ ਰਾਹੀਂ ਇਹ ਪਾਬੰਦੀ ਲਾਈ ਹੈ।
ਹਾਲਾਂਕਿ ਹਾਰਲਿਕਸ ਦੀ ਨਿਰਮਾਤਾ ਕੰਪਨੀ ਗਲੈਕਸੋ ਸਮਿੱਥਲਾਈਨ ਕੰਜ਼ਿਊਮਰ ਹੈਲਥਕੇਅਰ ਨੇ ਬੀਬੀਸੀ ਨੂੰ ਦੱਸਿਆ ਕਿ ਉਤਪਾਦ ਪੂਰਨ ਸ਼ਾਕਾਹਾਰੀ ਹੈ।

ਤਸਵੀਰ ਸਰੋਤ, NEERAJ PRIYADARSHI/BBC
ਗਲੈਕਸੋ ਸਮਿੱਥਲਾਈਨ ਹੈਲਥਕੇਅਰ ਦੀ ਬੁਲਾਰੀ ਹਰਲੀਨ ਕੌਰ ਸਰੋਯਾ ਨੇ ਕਿਹਾ, "ਸਾਨੂੰ ਡਰਗ ਇੰਸਪੈਕਟਰ ਦਾ ਨੋਟਿਸ ਮਿਲਿਆ ਹੈ। ਸਾਡੇ ਸਾਰੇ ਉਤਪਾਦ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਮਾਨਕਾਂ ਅਧੀਨ ਆਉਂਦੇ ਹਨ। ਇਸੇ ਆਧਾਰ 'ਤੇ ਸਾਨੂੰ ਇਸਦਾ ਲਾਇਸੰਸ ਮਿਲਿਆ ਹੈ।"
ਦੂਸਰੇ ਪਾਸੇ ਡਰਗ ਇੰਸਪੈਕਟਰ ਦਾ ਕਹਿਣਾ ਹੈ ਕਿ ਹਾਰਲਿਕਸ ਬਣਾਉਣ ਵਾਲੀ ਕੰਪਨੀ ਨੇ ਇਸ ਵਿੱਚ ਸ਼ਾਮਲ ਤੱਤਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਸੰਤੁਸ਼ਟੀਜਨਕ ਉੱਤਰ ਨਹੀਂ ਦਿੱਤਾ ਹੈ।
ਧਾਰਮਿਕ ਆਸਥਾ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭਾਰਤੀ ਸੰਵਿਧਾਨ ਦੀ ਧਾਰਾ 29 (1) ਕਹਿੰਦੀ ਹੈ ਕਿ ਸਾਡੀ ਧਾਰਮਿਕ ਆਸਥਾ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਪਰ ਗਲੈਕਸੋ ਸਮਿੱਥਲਾਈਨ ਨੇ ਹਾਰਲਿਕਸ ਜ਼ਰੀਏ ਕਰੋੜਾਂ ਹਿੰਦੁਸਤਾਨੀਆਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਗਿਆ ਹੈ।"
ਸ਼ਿਰੋਮਣੀ ਵੱਲੋਂ ਜਾਰੀ ਨੋਟਿਸ ਦੇ ਮੁਤਾਬਕ ਕੰਪਨੀ ਨੇ ਹਾਰਲਿਕਸ ਦੇ ਤੱਤਾਂ ਵਿੱਚ ਵਿਟਾਮਿਨ ਡੀ3 ਅਤੇ ਡੀ2 ਦੇ ਸੋਮਿਆਂ ਬਾਰੇ ਕੁਝ ਸਾਫ਼ ਨਹੀਂ ਕੀਤਾ ਕਿ, ਕੀ ਡੀ2 ਵਨਸਪਤੀ ਸੋਮਿਆਂ ਤੋਂ ਅਤੇ ਡੀ 3 ਪਸ਼ੂ ਸੋਮਿਆਂ ਤੋਂ ਲਿਆ ਗਿਆ ਹੈ।
ਜਿਲ੍ਹਾ ਡਰੱਗ ਕੰਟਰੋਲ ਵਿਭਾਗ ਵੱਲੋਂ ਕਰਾਈ ਗਈ ਜਾਂਚ ਦੇ ਮੁਤਾਬਕ ਹਾਰਲਿਕਸ ਵਿੱਚ ਸ਼ਾਮਲ ਵਿਟਾਮਿਨ ਡੀ ਦੇ ਸੋਮਿਆਂ ਵਿੱਚ ਪਸ਼ੂ ਸੋਮੇ ਵੀ ਸ਼ਾਮਲ ਹਨ ਇਸ ਲਈ ਇਹ ਮਾਸਾਹਾਰੀ ਹੈ। ਫਿਰ ਵੀ ਕੰਪਨੀ ਇਸ ਗੱਲ ਨੂੰ ਦੱਸੇ ਬਿਨਾਂ ਹਾਰਲਿਕਸ ਨੂੰ ਸ਼ਾਕਾਹਾਰੀ ਕਹਿ ਕੇ ਵੇਚ ਰਹੀ ਹੈ।
ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਹਾਰਲਿਕਸ ਵਿੱਚ ਸ਼ਾਮਲ ਪ੍ਰੋਫਾਇਲੈਕਿਟਿਕ ਤੱਤਾਂ (ਬਿਮਾਰੀ ਰੋਕਣ ਵਾਲੇ ਪਦਾਰਥ) ਦੇ ਆਧਾਰ 'ਤੇ ਇਸ ਨੂੰ ਡਰੱਗ ਲਾਈਸੈਂਸ ਦੇ ਅਧੀਨ ਹੀ ਵੇਚਿਆ ਜਾਣਾ ਚਾਹੀਦਾ ਹੈ ਪਰ ਕੰਪਨੀ ਇਸ ਨੂੰ ਖੁਰਾਕ ਲਾਈਸੈਂਸ ਦੇ ਅਧੀਨ ਵੇਚ ਰਹੀ ਹੈ।
ਲਗਪਗ 150 ਸਾਲ ਪੁਰਾਣੇ ਬ੍ਰਾਂਡ ਹਾਰਲਿਕਸ 'ਤੇ ਇਹ ਪਾਬੰਦੀ ਡਰੱਗ ਅਤੇ ਕਾਸਮੈਟਿਕ ਐਕਟ 1940 ਦੀਆਂ ਧਰਾਵਾਂ 22 (I) ਅਤੇ (D) ਦੇ ਤਹਿਤ ਲਾਈ ਗਈ ਹੈ।

ਤਸਵੀਰ ਸਰੋਤ, Getty Images
ਨੋਟਿਸ ਦੀ ਇੱਕ ਕਾਪੀ ਸੂਬੇ ਦੀ ਡਰੱਗ ਰੈਗੂਲੇਟਰ ਤੋਂ ਇਲਾਵਾ ਕੇਂਦਰੀ ਡਰੱਗ ਰੈਗੂਲੇਟਰ ਦੇ ਦਫ਼ਤਰ ਨੂੰ ਵੀ ਭੇਜੀ ਗਈ ਹੈ ਅਤੇ ਪੂਰੇ ਦੇਸ ਵਿੱਚ ਹਾਰਲਿਕਸ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ।
ਇੰਸਪੈਕਟਰ ਸ਼ਿਰੋਮਣੀ ਦਾ ਕਹਿਣਾ ਹੈ ਕਿ ਕੰਪਨੀ ਤੋਂ ਇਸ ਵਾਰੇ ਸਵਾਲ ਕੀਤਾ ਗਿਆ ਪਰ ਕੰਪਨੀ ਨੇ ਇਸ ਦਾ ਕਿਸੇ ਠੋਸ ਸਬੂਤ ਦੇ ਉੱਤਰ ਦਿੱਤਾ ਜੋ ਸੰਤੋਖਜਨਕ ਨਹੀਂ ਸੀ।
ਸ਼ਿਰੋਮਣੀ ਹਾਰਲਿਕਸ ਵਿੱਚ ਸ਼ਾਮਲ ਵਿਟਾਮਿਨ ਡੀ ਬਾਰੇ ਦੋ ਰਿਪੋਰਟਾਂ ਦਾ ਜ਼ਿਕਰ ਕਰਦੇ ਹਨ।
ਉਨ੍ਹਾਂ ਨੇ ਦੱਸਿਆ, "ਐਸਜੀਐਸ ਲੈਬ ਵਿੱਚ ਹੋਈ ਜਾਂਚ ਤੋਂ ਪਤਾ ਚਲਦਾ ਹੈ ਕਿ ਹਾਰਲਿਕਸ ਵਿੱਚ ਜਿਹੜੇ ਵਿਟਾਮਿਨ ਡੀ ਵਰਤਿਆ ਗਿਆ ਹੈ ਉਹ ਪਸ਼ੂਆਂ ਤੋਂ ਮਿਲਦਾ ਹੈ।
ਵਿਕਾਸ ਸ਼ਰੋਮਣੀ ਅਮੂਲ ਅਤੇ ਕਾਂਪਲੈਨ ਬਾਰੇ ਵੀ ਅਜਿਹੀ ਜਾਂਚ ਕਰ ਚੁੱਕੇ ਹਨ।
ਉਨ੍ਹਾਂ ਕਿਹਾ, "ਕਾਂਪਲੈਨ ਨੇ ਆਪਣੇ ਜਵਾਬ ਵਿੱਚ ਮੰਨਿਆ ਕਿ ਉਹ ਵਿਟਾਮਿਨ ਡੀ ਚੀਨ ਤੋਂ ਖਰੀਦਦਾ ਹੈ। ਉੱਥੇ ਹੀ ਅਮੂਲ ਤੇ ਸਾਫ ਲਿਖਿਆ ਹੈ ਕਿ ਉਹ ਜਿਹੜਾ ਵਿਟਾਮਿਨ ਡੀ2 ਵਰਤਦਾ ਹੈ ਉਹ ਵਨਸਪਤੀ ਸੌਮਿਆਂ ਤੋਂ ਮਿਲਦਾ ਹੈ। ਜਦਕਿ ਹਾਰਲਿਕਸ ਨੇ ਅਜਿਹਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ।"

ਤਸਵੀਰ ਸਰੋਤ, Glaxo Smith Kline/BBC
ਸ਼ਿਰੋਮਣੀ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਤੋਂ ਸਾਲ 2015 ਤੋਂ ਲੈ ਕੇ ਹੁਣ ਤੱਕ ਹਾਰਲਿਕਸ ਬਣਾਉਣ ਲਈ ਵਿਟਾਮਿਨ ਡੀ1,ਡੀ2 ਅਤੇ ਡੀ3 ਦੀ ਖਰੀਦ ਸਬੰਧੀ ਕਾਗਜ਼ਾਤ ਮੰਗੇ ਗਏ ਹਨ ਜਿਨ੍ਹਾਂ ਦਾ ਕੰਪਨੀ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ।
ਕੰਪਨੀ ਦਾ ਪੱਖ
ਕੰਪਨੀ ਨੇ ਬੀਬੀਸੀ ਨੂੰ ਐਸਜੀਐਸ ਲੈਬ ਵੱਲੋਂ ਜਾਰੀ ਕੀਤੀ ਗਈ ਜੋ ਰਿਪੋਰਟ ਭੇਜੀ ਗਈ ਉਸ ਵਿੱਚ ਕਿਹਾ ਗਿਆ ਹੈ ਕਿ ਹਾਰਲਿਕਸ ਵਿੱਚ ਵਿਟਾਮਿਨ ਡੀ2 ਦੀ ਵਰਤੋਂ ਕੀਤੀ ਗਈ ਹੈ ਯਾਨਿ ਕਿ ਸ਼ਾਕਾਹਾਰੀ ਸਰੋਤਾਂ ਤੋਂ ਮਿਲਣ ਵਾਲਾ ਵਿਟਾਮਿਨ ਡੀ। ਲੈਬ ਵੱਲੋਂ ਇਹ ਰਿਪੋਰਟ 1 ਨਵੰਬਰ, 2018 ਨੂੰ ਜਾਰੀ ਕੀਤੀ ਗਈ ਸੀ।
ਗਲੈਕਸੋ ਸਮਿਥਕਲਾਈਨ ਮੁਤਾਬਕ ਘਟਨਾਕ੍ਰੱਮ ਕੁਝ ਇਸ ਤਰ੍ਹਾਂ ਹੈ:
6 ਅਕਤੂਬਰ: ਇੰਸਪੈਕਟਰ ਨੇ ਇੱਕ ਡਿਸਟਰੀਬਿਊਟਰ (ਐਮ/ਐਸ ਮਾਨਸੀ ਟਰੇਡਰਸ) ਕੋਲ ਜਾਂਚ ਕੀਤੀ ਅਤੇ ਦੇਖਿਆ ਕਿ ਹਾਰਲਿਕਸ ਦੇ ਡੱਬੇ ਉੱਤੇ 'ਗ੍ਰੀਨ ਡਾਟ' ਹੈ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਨਤੀਜਾ ਕੱਢਿਆ ਕਿ ਹਾਰਲਿਕਸ ਵਿੱਚ ਮਾਂਸਾਹਾਰੀ ਤੱਤ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਡਿਸਟਰੀਬਿਊਟਰ ਨੂੰ ਕੰਪਨੀ ਨਾਲ ਸੰਪਰਕ ਕਰਨ ਲਈ ਕਿਹਾ।
12 ਅਕਤੂਬਰ: ਕੰਪਨੀ ਨੇ 'ਜੁਆਇੰਟ ਇੰਸਪੈਕਸ਼ਨ ਰਿਪੋਰਟ' ਦਾ ਜਵਾਬ ਦਿੱਤਾ ਅਤੇ ਆਪਣੇ ਜਵਾਬ ਦੇ ਨਾਲ ਇੱਕ ਸਰਟੀਫਿਕੇਟ ਜਮ੍ਹਾ ਕੀਤਾ। ਇਸ ਵਿੱਚ ਦੱਸਿਆ ਗਿਆ ਸੀ ਕਿ ਹਾਰਲਿਕਸ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਵਿਟਾਮਿਨ-ਡੀ ਸ਼ਾਕਾਹਾਰੀ ਸਰੋਤਾਂ ਤੋਂ ਆਉਂਦਾ ਹੈ।
29 ਅਕਤੂਬਰ: ਇੰਸਪੇਕਟਰ ਨੇ ਹਾਰਲਿਕਸ ਉੱਤੇ ਲੱਗੇ ਲੇਬਲ ਤੋਂ ਇਹ ਸਿੱਟਾ ਕੱਢਿਆ ਕਿ ਇਸ ਵਿੱਚ ਵਿਟਾਮਿਨ ਡੀ ਦਾ ਸਰੋਤ ਮਾਸਾਹਾਰੀ (ਡੀ 3) ਹੈ ਨਾ ਕਿ ਸ਼ਾਕਾਹਾਰੀ (ਡੀ2)। ਅਜਿਹਾ ਸ਼ਾਇਦ ਇਸ ਲਈ ਹੋਇਆ ਕਿਉਂਕਿ ਲੇਬਲ ਉੱਤੇ ਸਿਰਫ਼ ਵਿਟਾਮਿਨ ਡੀ ਲਿਖਿਆ ਗਿਆ ਸੀ, ਡੀ2 ਜਾਂ ਡੀ3 ਨਹੀਂ।
12 ਨਵੰਬਰ: ਕੰਪਨੀ ਨੇ ਜਾਂਚ ਰਿਪੋਰਟ ਦਾ ਜਵਾਬ ਦਿੱਤਾ ਅਤੇ ਸਪਸ਼ਟ ਕੀਤਾ ਕਿ ਹਾਰਲਿਕਸ ਨੂੰ ਫੂਡ ਸੇਫਟੀ ਐਂਡ ਸਟੈਂਡਡਜ਼ ਐਕਟ, 2006 ਵਿੱਚ 'ਮਾਲਟ ਬੇਸਡ ਫੂਡ' ਮੰਨਿਆ ਗਿਆ ਹੈ। ਕੰਪਨੀ ਨੇ ਜਵਾਬ ਵਿੱਚ ਐਸਜੀਐਸ ਲੈਬ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਵੀ ਸੌਂਪਿਆ ਗਿਆ ਹੈ ਕਿ ਹਾਰਲਿਕਸ ਵਿੱਚ ਵਰਤੇ ਗਏ ਵਿਟਾਮਿਨ ਡੀ ਦੇ ਸਰੋਤ ਸ਼ਾਕਾਹਾਰੀ ਹਨ।
17 ਨਵੰਬਰ: ਇੰਸਪੈਕਟਰ ਨੇ ਜਾਂਚ ਦੀ ਆਖਿਰੀ ਰਿਪੋਰਟ ਜਾਰੀ ਕੀਤੀ ਅਤੇ ਹਾਰਲਿਕਸ ਦੀ ਵਿਕਰੀ ਉੱਤੇ ਰੋਕ ਲਾ ਦਿੱਤੀ।

ਤਸਵੀਰ ਸਰੋਤ, Glaxo Smith Kline/BBC
ਨਿਊਟ੍ਰੀਸ਼ਨ ਮਾਹਿਰਾਂ ਅਤੇ ਡਾਕਟਰਾ ਦੀ ਰਾਇ
ਕਲਿਨੀਕਲ ਨਿਊਟ੍ਰਿਸ਼ਨਿਸਟ ਡਾ਼ ਰਿਤੂ ਅਰੋੜਾ ਕਹਿੰਦੇ ਹਨ ਕਿ ਹਾਰਲਿਕਸ ਵਿੱਚ ਪਸ਼ੂ ਸੋਮਿਆਂ ਵਾਲੇ ਵਿਟਾਮਿਨ ਡੀ ਦੀ ਵਰਤੋਂ ਬਾਰੇ ਸ਼ੱਕ ਦੀ ਗੁੰਜਾਇਸ਼ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਕਿਹਾ, "ਚਰਬੀ ਵਾਲੀ ਮੱਛੀ ਅਤੇ ਬੀਫ ਵਿੱਚ ਵਿਟਾਮਿਨ ਡੀ ਹੁੰਦਾ ਹੈ। ਸੰਭਵ ਹੈ ਕਿ ਹਾਰਲਿਕਸ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੋਵੇ। ਹਾਲਾਂਕਿ ਆਖ਼ਰੀ ਨਤੀਜਾ ਲੈਬ ਟੈਸਟ ਤੋਂ ਹੀ ਮਿਲੇਗਾ। ਇਸ ਬਾਰੇ ਅੰਦਾਜ਼ੇ ਜਾਂ ਸ਼ੱਕ ਦੀ ਬਿਨਾਹ ਤੇ ਕੁਝ ਵੀ ਕਹਿਣਾ ਗਲਤ ਹੋਵੇਗਾ।"
ਕਿਉਂ ਜ਼ਰੂਰੀ ਹੈ ਵਿਟਾਮਿਨ ਡੀ?
ਵਿਟਾਮਿਨ ਡੀ ਹੱਡੀਆਂ ਦੀ ਮਜ਼ਬੂਤੀ ਅਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਪ੍ਰਣਾਲੀ ਲਈ ਵੀ ਲਾਹੇਵੰਦ ਹੈ।
ਇਸ ਦੀ ਘਾਟ ਨਾਲ ਡਿਪਰੈਸ਼ਨ ਦਾ ਵੀ ਖ਼ਤਰਾ ਰਹਿੰਦਾ ਹੈ। ਇਸੇ ਕਰਕੇ ਸਰਦੀਆਂ ਵਿੱਚ ਬੰਦ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਡਿਪਰੈਸ਼ਨ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ।
ਕੀ ਹਾਰਲਿਕਸ ਵਰਗੇ ਡਰਿੰਕ ਵਾਕਈ ਲਾਹੇਵੰਦ ਹਨ?
ਡਾ. ਰਿੱਤੂ ਮੁਤਾਬਕ ਇਨ੍ਹਾਂ ਬਾਰੇ ਜਿੰਨਾ ਰੌਲਾ ਪਾਇਆ ਜਾਂਦਾ ਹੈ, ਉਨੀਂ ਵੀ ਗੱਲ ਨਹੀਂ।
ਉਨ੍ਹਾਂ ਕਿਹਾ, "ਹਾਰਲਿਕਸ ਵਰਗੇ ਸਪਲੀਮੈਂਟ ਵਿੱਚ ਸ਼ੂਗਰ ਅਤੇ ਕੈਲੋਰੀ ਇੰਨੀ ਜ਼ਿਆਦਾ ਹੁੰਦੀਆਂ ਹਨ ਕਿ ਇਨ੍ਹਾਂ ਵਿੱਚਲੇ ਪੋਸ਼ਕ ਤੱਤਾਂ ਦਾ ਲਾਭ ਨਾ ਦੇ ਬਰਾਬਰ ਹੀ ਹੁੰਦਾ ਹੈ।''
ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂ ਅਤੇ ਵਨਸਪਤੀ ਤੋਂ ਮਿਲਣ ਵਾਲੇ ਵਿਟਾਮਿਨ ਡੀ ਵਿੱਚ ਕੋਈ ਫਰਕ ਨਹੀਂ ਹੁੰਦਾ।
ਇਹ ਵੀ ਪੜ੍ਹੋ:-
ਗਲੈਕਸੋ ਸਮਿੱਥਲਾਈਨ ਹੈਲਥਕੇਅਰ ਦੀ ਪ੍ਰਤੀਕਿਰਿਆ
ਫਿਲਹਾਲ ਨੋਟਿਸ ਮਿਲਣ ਤੋਂ ਬਾਅਦ ਮੁਜੱਫਰਨਗਰ ਵਿੱਚ ਹਾਰਲਿਕਸ ਦੀ ਵਰਤੋਂ ਬੰਦ ਹੈ।
ਨਿਰਮਾਤਾ ਕੰਪਨੀ ਨੇ ਬੀਬੀਸੀ ਕੋਲ ਇਹ ਨੋਟਿਸ ਮਿਲਣ ਦੀ ਗੱਲ ਕਬੂਲ ਕੀਤੀ ਹੈ।
ਕੰਪਨੀ ਦੇ ਬੁਲਾਰੇ ਨੇ ਦੱਸਿਆ, ''ਸਾਡੇ ਉਤਪਾਦ ਵਿੱਚ ਵਰਤੇ ਜਾਂਦੇ ਤੱਤ ਬਿਲਕੁਲ ਸ਼ਾਕਾਹਾਰੀ ਸੋਮਿਆਂ ਤੋਂ ਲਏ ਜਾਂਦੇ ਹਨ। ਅਸੀਂ ਖ਼ੁਦ ਇਸ ਦੀ ਸਖ਼ਤੀ ਨਾਲ ਜਾਂਚ ਕਰਦੇ ਹਾਂ ਕਿ ਜੇ ਕੋਈ ਉਤਪਾਦ ਹਰੇ ਰੰਗ ਦੇ ਸ਼ਾਕਾਹਾਰੀ ਪ੍ਰਤੀਕ ਨਾਲ ਗਾਹਕਾਂ ਤੱਕ ਪਹੁੰਚਦਾ ਹੈ ਤਾਂ, ਉਹ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2011 ਦੇ ਨਿਯਮਾਂ ਉੱਪਰ ਖਰਾ ਉੱਤਰਦਾ ਹੈ ਜਾਂ ਨਹੀਂ।"
ਇਹ ਵੀ ਪੜ੍ਹੋ-
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













