ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਦੇ ਹਵਾਲੇ ਨਾਲ ਸਮਝੋ ‘ਹਾਈਕਲਾਸ’ ਕੁੜੀ ਕਿਉਂ ਨਹੀਂ ਬਣ ਸਕਦੀ 'ਰਾਧਾ'

ਤਸਵੀਰ ਸਰੋਤ, TEJ PRATAP/FACEBOOK
- ਲੇਖਕ, ਵਿਕਾਸ ਤ੍ਰਿਵੇਦੀ
- ਰੋਲ, ਪੱਤਰਕਾਰ, ਬੀਬੀਸੀ
ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਰਸਮੀ ਚੇਤਾਵਨੀ ਆਉਂਦੀ ਹੈ, 'ਸਿਗਰਟ ਪੀਣਾ ਸਿਹਤ ਲਈ ਨੁਕਸਾਨਦਾਇਕ ਹੈ'। ਪਰ ਇਸ ਉੱਤੇ ਕੋਈ ਗੌਰ ਨਹੀਂ ਕਰਦਾ। ਪਿਆਰ ਵਿੱਚ ਵੀ ਅਜਿਹੀ ਹੀ ਚੇਤਾਵਨੀ ਆਉਂਦੀ ਹੈ।
'ਪ੍ਰੇਮ-ਪਿਆਰ' ਵਿੱਚ ਲੱਗੇ ਦਿਲ ਵੀ ਕੁਝ ਵੀ ਨੁਕਸਾਨ ਹੋਣ ਦੀ ਫਿਕਰ ਨਹੀਂ ਕਰਦੇ।
ਦਿਲ ਦੇ ਪੰਪ ਤੋਂ ਖੂਨ ਸੁੱਟਦੇ ਇਹ ਜਵਾਨ ਲੋਕ ਮਿਲਣ ਦੀ ਹਰ ਤਰੀਕ ਨੂੰ ਵੈਲੇਨਟਾਈਨ ਡੇਅ ਬਣਾ ਦਿੰਦੇ ਹਨ।
ਫਿਲਮ ਸ਼ੁਰੂ ਹੋਈ ਹੈ ਤਾਂ 'ਵਿਲੇਨ' ਵੀ ਆਉਣਗੇ। ਇਹ ਆਪਣੇ ਪਰਿਵਾਰ, ਦੋਸਤ, ਸਮਾਜ ਦੇ ਰਚੇ ਵਿਲੇਨ ਹੁੰਦੇ ਹਨ ਜੋ ਕਿ ਕੋਈ ਵੀ ਕੰਮ ਦੋ ਹੀ ਵਿਚਾਰਾਂ ਵਿੱਚ ਕਰ ਪਾਉਂਦੇ ਹਨ।
ਪਹਿਲਾ- ਕੋਈ ਚਾਂਸ ਹੋਵੇ।
ਦੂਜਾ- ਪਰੰਪਰਾ ਹੈ ਜੀ, ਸਮਾਜ ਕੀ ਕਹੇਗਾ?
ਅਜਿਹੀ ਰਿਅਲ ਲਾਈਫ਼ ਕਹਾਣੀਆਂ ਵਿੱਚ ਇੱਕ ਕੁੜੀ ਆਪਣੇ ਨਾਲ ਵਾਲੇ ਮੁੰਡੇ ਨੂੰ ਬੈਠਾ ਕੇ ਸਾਨੂੰ ਸਭ ਨੂੰ ਕਹਿੰਦੀ ਹੈ, 'ਦੇਖੋ ਅਸੀਂ ਇਕੱਠੇ ਭੱਜੇ ਹਾਂ। ਠੀਕ ਹੈ? ਇਨ੍ਹਾਂ ਦੀ ਕੋਈ ਗਲਤੀ ਨਹੀਂ ਹੈ।'
ਇਹ ਵੀ ਪੜ੍ਹੋ:
ਇਹ ਹੈ ਆਪਣੀ ਰਾਧਾ। ਫਿਲਮ ਦੀ ਹੀਰੋਇਨ। ਜੋ ਪਰੰਪਰਾ, ਸਮਾਜ, ਚਾਂਸ ਵਰਗੇ ਵਿਲੇਨ ਦੀਆਂ ਅੱਖਾਂ ਵਿੱਚ ਅੱਖਾਂ ਪਾਉਣਾ ਜਾਣਦੀ ਹੈ। ਉਹੀ ਰਾਧਾ, ਜਿਸ ਨੂੰ ਤੇਜ ਪ੍ਰਤਾਪ ਯਾਦਵ ਲੱਭ ਰਹੇ ਹਨ।
ਪਰ ਤਲਾਕ ਦੀ ਅਰਜ਼ੀ ਤੋਂ ਬਾਅਦ ਜਾਂ ਸ਼ਾਇਦ ਪਹਿਲਾਂ ਤੋਂ ਹੀ?
ਜੀਵਨ ਸਾਥੀ ਰਾਧਾ ਚਾਹੀਦੀ ਹੈ ਜਾਂ ਕ੍ਰਿਸ਼ਣ?
ਲਾਲੂ ਪ੍ਰਸਾਦ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਪੰਜ ਮਹੀਨੇ ਪੁਰਾਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।

ਤਸਵੀਰ ਸਰੋਤ, Getty Images
ਤੇਜ ਪ੍ਰਤਾਪ ਨੇ ਕਿਹਾ, ''ਮੇਰਾ ਅਤੇ ਪਤਨੀ ਐਸ਼ਵਰਿਆ ਦਾ ਮੇਲ ਨਹੀਂ ਹੈ। ਮੈਂ ਪੂਜਾ ਪਾਠ ਕਰਨ ਵਾਲਾ ਧਾਰਮਿਕ ਆਦਮੀ ਅਤੇ ਉਹ ਦਿੱਲੀ ਦੀ ਹਾਈਸੋਸਾਈਟੀ ਵਾਲੀ ਕੁੜੀ। ਮਾਂ-ਪਿਓ ਨੂੰ ਸਮਝਾਇਆ ਸੀ। ਪਰ ਮੈਨੂੰ ਮੋਹਰਾ ਬਣਾਇਆ। ਮੇਰੇ ਘਰ ਵਾਲੇ ਸਾਥ ਨਹੀਂ ਦੇ ਰਹੇ।''

ਤਸਵੀਰ ਸਰੋਤ, Viral Video Screengrab
ਤੇਜ ਪ੍ਰਤਾਪ ਮਥੁਰਾ ਦੇ ਨਿਧੀਵਨ ਅਤੇ ਜ਼ਿੰਦਗੀ ਵਿੱਚ ਰਾਧਾ ਦੀ ਭਾਲ ਵਿੱਚ ਨਜ਼ਰ ਆਉਂਦੇ ਹਨ ਅਤੇ ਉਸ ਭੀੜ ਦਾ ਹਿੱਸਾ ਬਣ ਜਾਂਦੇ ਹਨ, ਜਿਨ੍ਹਾਂ ਦੇ ਘਰ ਵਾਲੇ ਉਨ੍ਹਾਂ ਦਾ ਸਾਥ ਨਹੀਂ ਦਿੰਦੇ।
ਉਹ ਮੋਹਰਾ ਬਣ ਜਾਂਦੇ ਹਨ ਜਾਤੀ, ਧਰਮ, ਰੁਤਬੇ ਅਤੇ ਹਾਈ ਸੋਸਾਈਟੀ ਬਨਾਮ ਲੋ-ਸੋਸਾਈਟੀ ਦੇ।
ਇਹ ਉਹੀ ਸੋਸਾਈਟੀ ਹੈ ਜੋ ਕਿਸੇ ਦੇ ਤਲਾਕ ਦੀਆਂ ਖਬਰਾਂ ਨੂੰ ਮਜ਼ੇ ਲੈ ਕੇ ਪੜ੍ਹਦੀ ਹੈ। ਕਿਸੇ ਜੋੜੇ ਦੇ ਨਿੱਜੀ ਫੈਸਲਿਆਂ ਦੇ ਕਾਰਨਾਂ ਨੂੰ ਉਖਾੜ ਕੇ ਕਿਸੇ ਨਤੀਜੇ ਉੱਤੇ ਪਹੁੰਚਣਾ ਚਾਹੁੰਦੀ ਹੈ।
ਪਰ ਸਾਲਾਂ ਤੋਂ ਮੌਜੂਦ ਉਸ ਨਤੀਜੇ ਨੂੰ ਅਪਣਾਉਣ ਉੱਤੇ ਅੱਖਾਂ ਬਚਾਉਂਦੀ ਹੈ, ਜਿਸ ਵਿੱਚ ਰਾਧਾਵਾਂ ਆਪਣੇ ਕ੍ਰਿਸ਼ਣ ਨੂੰ ਮਿਲ ਸਕਣ ਅਤੇ ਕ੍ਰਿਸ਼ਣ ਆਪਣੀ ਜ਼ਿੰਦਗੀ ਰਾਧਾ ਨਾਲ ਗੁਜ਼ਾਰ ਸਕਣ।
ਅਜਿਹੀਆਂ ਹੀ ਸੋਸਾਈਟੀਆਂ ਨੇ ਪਰੰਪਰਾਵਾਂ ਅਤੇ ਖੁਦ ਸੋਸਾਈਟੀ ਦੇ ਨਾਮ ਉੱਤੇ ਖੁਦ ਨੂੰ ਦਕਿਆਨੂਸੀ ਵਿਚਾਰਾਂ ਵਿੱਚ ਜਕੜ ਲਿਆ ਹੈ। ਜਿਵੇਂ ਸਖਤ ਮੁਸਕਰਾਹਟ ਲੈ ਕੇ ਕਹਿ ਰਹੇ ਹੋਣ, 'ਅਸੀਂ ਵਿਛੜ ਕੇ ਰਹਿ ਵੀ ਨਹੀਂ ਸਕਦੇ। ਠੀਕ ਹੈ?'
ਜ਼ਿਆਦਾਤਰ ਮਾਮਲਿਆਂ ਵਿੱਚ ਹਾਲੇ ਵੀ ਕੀ ਹੋ ਰਿਹਾ ਹੈ?
''ਇੱਕ ਦਿਨ ਪਾਪਾ ਨੇ ਮੈਨੂੰ ਗਲੀ ਵਿੱਚ ਦੇਖ ਲਿਆ ਸੀ। ਮੈਨੂੰ ਬੈਲਟ ਨਾਲ ਕਾਫੀ ਕੁੱਟਿਆ। ਕਹਿੰਦੇ ਸੀ ਤੂੰ ਮੇਰੇ ਨਾਲ ਗੱਲ ਨਾ ਕਰ। ਸਕੂਲ ਜਾਣ ਤੋਂ ਵੀ ਮਨ੍ਹਾ ਕਰ ਰਹੇ ਸੀ ਮੈਨੂੰ ਪਰ ਘਰ ਦੇ ਇਨ੍ਹਾਂ ਲੋਕਾਂ ਕਾਰਨ ਹੀ ਇਨ੍ਹਾਂ ਨਾਲ ਆਉਣਾ ਪਿਆ ਹੈ। ਠੀਕ ਹੈ?''

ਤਸਵੀਰ ਸਰੋਤ, MANISH SHANDILYA/BBC
ਅਸੀਂ ਹਾਲੇ ਵੀ ਉਸ ਹਵਾ ਵਿੱਚ ਸਾਹ ਲੈ ਰਹੇ ਹਾਂ, ਜਿਸ ਵਿੱਚ ਮੁੰਡੇ ਅਤੇ ਕੁੜੀਆਂ ਘਰੋਂ ਭੱਜਣ ਲਈ ਮਜਬੂਰ ਹਨ।
ਭਾਰਤ ਵਿੱਚ ਚੋਣਾਂ ਸਿਰਫ਼ ਸੱਤਾ ਨੂੰ ਹਾਸਿਲ ਕਰਨ ਤੱਕ ਹੀ ਸੀਮਿਤ ਨਹੀਂ ਰਹਿੰਦੀਆਂ। ਜੀਵਨਸਾਥੀ ਚੁਣਨ ਦੀ ਆਜ਼ਾਦੀ ਵਰਗੇ ਫੈਸਲਿਆਂ ਨੂੰ ਚੋਣਾਂ ਵਿੱਚੋਂ ਲੰਘਣਾਂ ਪੈਂਦਾ ਹੈ।
ਪਰਿਵਾਰ ਚੁਣੀਏ ਜਾਂ ਪਿਆਰ?
ਤੇਜ ਪ੍ਰਤਾਪ ਯਾਦਵ, ਐਸ਼ਵਰਿਆ ਵਰਗੇ ਪਤਾ ਨਹੀਂ ਕਿੰਨੇ ਹੀ ਲੋਕ ਚੁੱਪਚਾਪ ਪਰਿਵਾਰ ਨੂੰ ਚੁਣ ਲੈਂਦੇ ਹਨ ਪਰ ਕੁਝ ਅੱਖਾਂ ਵਿੱਚ ਦਿਲ ਦੀ ਚਮਕ ਲਏ ਹੋਏ ਕਹਿੰਦੇ ਹਨ, "ਮੈਂ ਇਨ੍ਹਾਂ ਦੇ ਨਾਲ ਹੀ ਰਹਿਣਾ ਹੈ। ਘਰ ਪਰਿਵਾਰ ਕਿਸੇ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਹੈ, ਠੀਕ ਹੈ?
ਹੁਣ ਸਾਨੂੰ ਮਾਪਿਆਂ ਜਾਂ ਕਿਸੇ ਨਾਲ ਵੀ ਕੋਈ ਮਤਲਬ ਨਹੀਂ ਹੈ। ਬੱਸ ਮੇਰੇ ਨਾਲ ਸੱਸ ਸਹੁਰਾ ਚੰਗੇ ਤਰੀਕੇ ਨਾਲ ਰਹਿਣ। ਇਹ ਚੰਗੇ ਤਰੀਕੇ ਨਾਲ ਰਹਿਣ। ਇਨ੍ਹਾਂ ਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ। ਠੀਕ ਹੈ?''
ਅਜਿਹੇ ਹੀ ਪਿਆਰ ਕਰਨ ਵਾਲੇ ਹੁੰਦੇ ਹਨ, ਜੋ ਹਰਿਆਣਾ ਦੀ ਵੀ ਹਵਾ ਨੂੰ ਬਦਲ ਦਿੰਦੇ ਹਨ। ਹਰਿਆਣਾ, ਜਿੱਥੋਂ ਦੀਆਂ ਖਾਪ ਪੰਚਾਇਤਾਂ ਅਤੇ ਲਿੰਗ ਅਨੁਪਾਤ ਦਰ ਦਾ ਫਾਸਲਾ ਸਕੂਲ ਦੀਆਂ ਉਨ੍ਹਾਂ ਕੰਧਾਂ ਤੇ ਹੱਸਦਾ ਨਜ਼ਰ ਆਉਂਦਾ ਰਿਹਾ ਹੈ, ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ- ਧੀਆਂ ਅਣਮੋਲ ਹਨ।

ਤਸਵੀਰ ਸਰੋਤ, BIHARPICTURES.COM
ਚਾਹੋ ਤਾਂ ਹਰਿਆਣਾ ਦੇ ਉਨ੍ਹਾਂ 1170 ਜਵਾਨ ਦਿਲਾਂ ਦਾ ਸ਼ੁਕਰਿਆਦਾ ਕਰੋ, ਜਿਨ੍ਹਾਂ ਨੇ ਬੀਤੇ ਛੇ ਮਹੀਨਿਆਂ ਵਿੱਚ ਜਾਤੀ ਦੇ ਬੰਧਨ ਨੂੰ ਖੋਲ੍ਹ ਕੇ ਆਪਣੀ ਪਸੰਦ ਨਾਲ ਵਿਆਹ ਕਰਨਾ ਚੁਣਿਆ ਹੈ।
ਇਹ ਵਾਲੀ ਵੋਟਿੰਗ ਗੁਪਤ ਨਹੀਂ ਰਹਿੰਦੀ। ਪਰ ਪਰਿਵਾਰ ਪ੍ਰੇਮ ਵਿਆਹ ਲਈ ਰਾਜ਼ੀ ਨਾ ਹੋਵੇ ਤਾਂ ਕੁੜੀਆਂ ਕਹਾਉਂਦੀਆਂ ਨੇ ਭੱਜੀਆਂ ਹੋਈਆਂ ਅਤੇ ਮੁੰਡੇ... ਕ੍ਰਿਸ਼ਣ।
ਮੁੰਡਿਆਂ ਨੂੰ ਕ੍ਰਿਸ਼ਣ ਰਹਿਣ ਦੀ ਆਜ਼ਾਦੀ ਅਤੇ ਕੁੜੀਆਂ ਨੂੰ...?
ਕ੍ਰਿਸ਼ਣ:
ਜਿਨ੍ਹਾਂ ਨੇ ਰਾਧਾ ਨੂੰ ਪਿਆਰ ਕੀਤਾ
· ਗੋਪੀਆਂ ਦੇ ਨਾਲ ਰਹੇ
· ਮੱਖਣ ਚੁਰਾਉਂਦੇ, ਰਾਸਲੀਲਾ ਕਰਦੇ ਹੋਏ ਨਹਾਉਂਦੀ ਗੋਪੀਆਂ ਦੇ ਕੱਪੜੇ ਚੁੱਕ ਕੇ ਲੈ ਜਾਂਦੇ
· ਚੀਰਹਰਣ ਵੇਲੇ ਦ੍ਰੌਪਦੀ ਦੀ ਰੱਖਿਆ ਕਰਦੇ
· ਪਤਨੀ ਰੁਕਮਣੀ ਨਾਲ ਰਹਿੰਦੇ
ਆਪਣੀ-ਆਪਣੀ ਸਹੂਲਤ ਮੁਤਾਬਕ ਅਸੀਂ ਕ੍ਰਿਸ਼ਣ ਦੇ ਰੂਪਾਂ ਨੂੰ ਮਨਜ਼ੂਰ ਕਰਦੇ ਹਾਂ।
ਕਿਸੇ ਵੀ ਰੂਪ ਵਿੱਚ ਕ੍ਰਿਸ਼ਣ...ਕ੍ਰਿਸ਼ਣ ਹੀ ਰਹਿੰਦੇ ਹਨ। ਪਰ ਜੇ ਕ੍ਰਿਸ਼ਣ ਦੀ ਥਾਂ ਰਾਧਾ ਲਿਖਿਆ ਹੁੰਦਾ ਤਾਂ ਕੀ ਲੋਕ ਆਪਣੀ ਆਸਥਾ ਅਤੇ ਨੇੜੇ-ਤੇੜੇ ਰਾਧਾ ਨੂੰ ਇਨ੍ਹਾਂ ਰੂਪਾਂ ਵਿੱਚ ਮਨਜ਼ੂਰ ਕਰਦੇ?
ਇੱਕ ਵੱਡੇ ਹਿੱਸੇ ਦੇ ਸੱਚ ਉੱਤੇ ਨਜ਼ਰ ਮਾਰੀਏ ਤਾਂ ਜਵਾਬ ਹੈ ਨਹੀਂ, ਬਿਲਕੁਲ ਨਹੀਂ।
ਤੇਜ ਪ੍ਰਤਾਪ ਨੇ ਦਿੱਲੀ ਦੇ ਮਿਰਾਂਡਾ ਹਾਊਸ ਵਿੱਚ ਪੜ੍ਹਣ ਵਾਲੀ ਐਸ਼ਵਰਿਆ ਦੀ ਗੱਲ ਕਰਦੇ ਹੋਏ ਜਿਸ ਹਾਈ-ਸੋਸਾਈਟੀ ਦਾ ਜ਼ਿਕਰ ਕੀਤਾ ਸੀ ਉਹ ਇਸੇ ਰਾਧਾ ਅਤੇ ਕ੍ਰਿਸ਼ਣ ਦਾ ਫਰਕ ਬਿਆਨ ਕਰ ਜਾਂਦਾ ਹੈ।
ਤਲਾਕ ਦਾ ਮਾਮਲਾ ਕੋਰਟ ਵਿੱਚ ਹੈ। ਪਰ ਨਾ ਵੀ ਹੁੰਦਾ ਤਾਂ ਵੀ ਇਸ 'ਤੇ ਗੱਲ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ। ਪਰ ਜੇ ਇਸ ਇੱਕ ਮਾਮਲੇ ਨੂੰ ਇੱਕ ਵੱਡੇ ਚਸ਼ਮੇ ਨਾਲ ਦੇਖਿਆ ਜਾਵੇ ਤਾਂ ਤੇਜ ਪ੍ਰਤਾਪ ਨੇ ਸੱਚ ਹੀ ਕਿਹਾ ਹੈ।

ਤਸਵੀਰ ਸਰੋਤ, TEJ PRATAM YADAV/FACEBOOK
ਅਸੀਂ ਹਾਲੇ ਵੀ ਸੋਸਾਈਟੀ ਦੇ ਲੋ ਜਾਂ ਹਾਈ ਹੋਣ ਦੇ ਫਰਕ ਵਿੱਚ ਉਲਝੇ ਹੋਏ ਹਾਂ। ਕੁੜੀ ਮਿਰਾਂਡਾ ਹਾਊਸ ਦੀ ਪੜ੍ਹੀ ਹੋਈ ਹੈ ਤਾਂ ਹਾਈਕਲਾਸ ਹੀ ਹੋਵੇਗੀ ਅਤੇ ਹਾਈਕਲਾਸ ਕੁੜੀ ਰਾਧਾ ਨਹੀਂ ਹੋ ਸਕਦੀ। ਹਾਂ ਕਿਊਂਕਿ ਰਾਧਾ ਦੀ ਚਾਹਤ ਇੱਕ ਮੁੰਡੇ ਨੂੰ ਹੈ ਤਾਂ ਉਹ ਕ੍ਰਿਸ਼ਣ ਜ਼ਰੂਰ ਹੋ ਸਕਦਾ ਹੈ।
'ਦੇਖੋ ਅਸੀਂ ਇਕੱਠੇ ਭੱਜੇ ਹਾਂ।ਠੀਕ ਹੈ? ਇਨ੍ਹਾਂ ਦੀ ਕੋਈ ਗਲਤੀ ਨਹੀਂ ਹੈ।'
ਤਾਂ ਫਿਰ ਫਰਕ ਕਿਵੇਂ?
ਪਰ ਇਹ ਫਰਕ ਕੀਤਾ ਜਾਂਦਾ ਰਿਹਾ ਹੈ ਅਤੇ ਕੀਤਾ ਜਾਂਦਾ ਰਹੇਗਾ। ਸਾਡੇ ਘਰਾਂ ਵਿੱਚ ਪਰਿਵਾਰ ਆਪਣੇ-ਆਪਣੇ ਮਾਣਕਾ, ਸਮਾਜ ਦੀ ਫਿਕਰ ਵਿੱਚ ਨਾ ਜਾਣੇ ਕਿੰਨੇ ਹੀ ਤੇਜ ਪ੍ਰਤਾਪਾਂ ਅੇਤ ਐਸ਼ਵਰੀਆ ਨੂੰ 'ਮੋਹਰਾ' ਬਣਾਉਂਦੇ ਰਹਿਣਗੇ।
ਧੀ ਰਾਧਾ ਹੋਈ ਤਾਂ ਕ੍ਰਿਸ਼ਣ ਤੋਂ ਅਤੇ ਪੁੱਤਰ ਕ੍ਰਿਸ਼ਣ ਹੋਇਆ ਤਾਂ ਰਾਧਾ ਦੇ ਪਿੱਛੇ ਦੌੜਦੇ ਰਹਿਣਗੇ...
·ਘਰਾਂ ਦੀਆਂ ਰਾਧਾਵਾਂ, ਕ੍ਰਿਸ਼ਣਾਵਾਂ ਦੀ ਹਾਰ ਮੰਨ ਕੇ ਸਮਾਜ, ਪਰਿਵਾਰ ਦੀ ਤਸੱਲੀ ਦਾ ਮੋਹਰਾ ਬਣਨ ਤੱਕ
·ਪਰਿਵਾਰ ਅਤੇ ਸਮਾਜ ਨੂੰ ਛੱਡ ਕੇ ਆਪਣੀ ਰਾਧਾ ਜਾਂ ਕ੍ਰਿਸ਼ਣ ਨਾਲ ਨਵੇਂ ਸਫਰ ਉੱਤੇ ਚੱਲਣ ਤੱਕ
·ਜਾਂ ਫਿਰ ਉਨ੍ਹਾਂ ਹਜ਼ਾਰਾਂ ਸੈਰਾਟ ਵਰਗੀਆਂ ਕਹਾਣੀਆਂ ਦੇ ਅਖੀਰ ਤੱਕ, ਜਿੱਥੇ ਪਿਆਰ ਕਰਨ ਵਾਲਿਆਂ ਦਾ ਹੀ ਅੰਤ ਹੋ ਜਾਂਦਾ ਹੈ।

ਤਸਵੀਰ ਸਰੋਤ, BIHARPICTURES.COM
ਕੀ ਅਸੀਂ ਵੱਡੇ ਪੱਧਰ ਉੱਤੇ ਆਪਣੇ ਨੇੜੇ-ਤੇੜੇ ਦੇ ਰਾਧਾ, ਕ੍ਰਿਸ਼ਣ, ਤੇਜ ਪ੍ਰਤਾਪਾਂ ਅਤੇ ਐਸ਼ਵਰਿਆ ਰਾਏ ਦੇ ਪਿੱਛੇ ਦੌੜਨਾ ਬੰਦ ਕਰ ਸਕਦੇ ਹਾਂ?
ਦਿਲ ਦੇ ਦੋ ਖਿਆਲਾਂ 'ਪਰੰਪਰਾ ਹੈ ਜੀ, ਸਮਾਜ ਕੀ ਕਹੇਗਾ' ਅਤੇ 'ਕੋਈ ਚਾਂਸ ਹੈ' ਨੂੰ ਕੱਢ ਕੇ ਸੁੱਟ ਸਕਦੇ ਹਾਂ?
ਜਵਾਬ ਹਾਂ ਹੋਵੇਗਾ, ਤਾਂ ਜਲਦੀ ਹੀ ਅੰਤਰਜਾਤੀ ਵਿਆਹ ਕਰਨ ਦੀਆਂ ਸੁਖੀ 'ਘਟਨਾਵਾਂ' ਅਖਬਾਰਾਂ ਦੀ ਖਬਰ ਨਹੀਂ ਬਣਨਗੀਆਂ।
ਇਹ ਵੀ ਪੜ੍ਹੋ:
ਜਵਾਬ ਨਾ ਵਿੱਚ ਦੇਣ ਜਾ ਰਹੇ ਹੋ ਤਾਂ ਵਾਇਰਲ ਵੀਡੀਓ ਦੀ ਉਸ ਪ੍ਰੇਮ ਵਿੱਚ ਡੁੱਬੀ ਕੁੜੀ ਦੀ ਗੱਲ ਨੂੰ ਯਾਦ ਰੱਖੋ।
''ਜੇ ਸਾਨੂੰ ਲੋਕ ਵੱਖ ਕਰ ਸਕਦੇ ਹਨ ਤਾਂ ਅਸੀਂ ਜ਼ਹਿਰ ਖਾ ਕੇ ਦੋਨੋਂ ਲੋਕ ਮਰ ਜਾਵਾਂਗੇ। ਠੀਕ ਹੈ?''












