ਬੱਚਿਆਂ ਨੂੰ ਸਿੱਖਿਆ ਦੇਣ ਦਾ ਸੁਪਨਾ ਸੀਵਰੇਜ ’ਚ ਗੁਆਚਿਆ

    • ਲੇਖਕ, ਪ੍ਰਸ਼ਾਂਤ ਨਨਾਵਰੇ
    • ਰੋਲ, ਪੱਤਰਕਾਰ, ਬੀਬੀਸੀ

ਸੀਵਰੇਜ ਸਾਫ਼ ਕਰਨ ਵਾਲੇ ਤਿੰਨ ਮਜ਼ਦੂਰਾਂ ਦੀ ਮੁੰਬਈ ਦੇ ਡੋਂਬੀਵਲੀ ਇੰਡਸਟਰੀਅਲ ਏਰੀਆ ਵਿੱਚ ਖੰਬਲਪਾਡਾ ਨੇੜੇ ਮੁੱਖ ਸੜਕ ਉੱਤੇ ਗਟਰ ਵਿੱਚ ਮੌਤ ਹੋ ਗਈ।

ਮ੍ਰਿਤਕਾਂ ਵਿੱਚ 40 ਸਾਲਾ ਦੇਵੀਦਾਸ ਪੰਜਗੇ, 36 ਸਾਲਾ ਮਹਾਦੇਵ ਝੋਪੇ ਅਤੇ 40 ਸਾਲਾ ਘਨਸ਼ਿਆਮ ਕੋਰੀ ਸ਼ਾਮਿਲ ਹਨ।

ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਠੇਕੇਦਾਰ ਲਕਸ਼ਮਨ ਨੂੰ ਗ੍ਰਿਫ਼ਤਾਰ ਕਰਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਹਰ ਸ਼ੁੱਕਰਵਾਰ ਨੂੰ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਆਈਐਮਡੀਸੀ ਖੇਤਰ ਵਿੱਚ ਫੈਕਟਰੀਆਂ ਬੰਦ ਹੁੰਦੀਆਂ ਹਨ। ਇਸ ਕਾਰਨ ਗਟਰ ਦੀ ਸਫਾਈ ਦਾ ਕੰਮ ਸ਼ੁੱਕਰਵਾਰ ਨੂੰ ਹੀ ਹੁੰਦਾ ਹੈ। ਪਿਛਲੇ ਸ਼ੁੱਕਰਵਾਰ ਨੂੰ ਵੀ ਲਕਸ਼ਮਨ ਚਵਨ ਠੇਕੇ 'ਤੇ ਰੱਖੇ ਮੁਲਾਜ਼ਮਾਂ ਤੋਂ ਗਟਰ ਦੀ ਸਫ਼ਾਈ ਕਰਵਾ ਰਿਹਾ ਸੀ।

ਇਹ ਵੀ ਪੜ੍ਹੋ:

ਦਪਹਿਰੇ 2:30 ਤੋਂ 3 ਵਜੇ ਦੇ ਨੇੜੇ ਪਾਇਲ ਮਾਰਬਲ ਦੇ ਸਾਹਮਣੇ ਦੇਵੀਦਾਸ ਗਟਰ ਵਿੱਚ ਵੜਿਆ। ਇਸ ਦੌਰਾਨ ਉਹ ਗਟਰ ਵਿੱਟ ਡਿੱਗ ਗਿਆ ਜੋ ਕਿ 15 ਤੋਂ 25 ਫੁੱਟ ਡੂੰਘਾ ਹੈ। ਦੋ ਹੋਰ ਵਰਕਰ ਮਹਾਦੇਵ ਅਤੇ ਘਨਸ਼ਿਆਮ ਦੇਵੀਦਾਸ ਨੂੰ ਬਚਾਉਣ ਲਈ ਗਟਰ ਵਿੱਚ ਉਤਰੇ।

ਪਰ ਜ਼ਹਿਰੀਲੀ ਗੈਸ ਕਾਰਨ ਤਿੰਨਾਂ ਦੀ ਹੀ ਮੌਕੇ 'ਤੇ ਮੌਤ ਹੋ ਗਈ।

ਤਿੰਨਾਂ ਨੂੰ ਕੋਈ ਸੁਰੱਖਿਆ ਦਾ ਸਾਮਾਨ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕੋਲ ਕੋਈ ਮਾਸਕ ਅਤੇ ਦਸਤਾਨੇ ਨਹੀਂ ਸਨ।

ਤਿਲਕ ਨਗਰ ਪੁਲਿਸ ਥਾਣੇ ਦੇ ਸੀਨੀਅਰ ਪੁਲਿਸ ਅਫ਼ਸਰ ਸੰਜੇ ਸਾਵੰਤ ਨੇ ਦੱਸਿਆ ਕਿ ਤਕਰੀਬਨ 4 ਵਜੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਤਿੰਨ ਲਾਸ਼ਾਂ ਬਾਹਰ ਬਾਹਰ ਕੱਢੀਆਂ ਗਈਆਂ।

ਮ੍ਰਿਤਕ ਦੇ ਪਰਿਵਾਰ ਦੀ ਭਾਲ ਜਾਰੀ

ਦੇਵੀਦਾਸ ਅਤੇ ਮਹਾਦੇਵ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪਰ ਘਨਸ਼ਿਆਮ ਕੋਰੀ ਦਾ ਸਰੀਰ ਹਾਲੇ ਵੀ ਹਸਪਤਾਲ ਵਿੱਚ ਹੈ ਅਤੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ।

ਦੇਵੀਦਾਸ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਗੋਵਿੰਦਵਾੜੀ ਝੁੱਗੀਆਂ ਵਿੱਚ ਰਹਿੰਦਾ ਸੀ। ਉਹ ਲਕਸ਼ਮਨ ਚਵਨ ਦੇ ਕੋਲ 15 ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਹ ਜਲਨਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਹਾਲਾਂਕਿ ਉਸ ਦੀ ਵਿੱਤੀ ਹਾਲਤ ਇੰਨੀ ਚੰਗੀ ਨਹੀਂ ਸੀ ਫਿਰ ਵੀ ਆਪਣੇ ਤਿੰਨਾਂ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਭੇਜਦਾ ਸੀ ਤਾਂ ਕਿ ਉਨ੍ਹਾਂ ਨੂੰ ਉਸ ਵਾਂਗ ਇਹ ਕੰਮ ਨਾ ਕਰਨਾ ਪਏ ਪਰ ਪਤੀ ਦੀ ਅਚਨਚੇਤ ਮੌਤ ਤੋਂ ਬਾਅਦ ਦੇਵੀਦਾਸ ਦੀ ਪਤਨੀ ਨੂੰ ਬੱਚਿਆਂ ਦੇ ਭਵਿੱਖ ਦਾ ਡਰ ਹੈ।

ਮਹਾਦੇਵ ਝੋਪੇ ਪ੍ਰਭਨੀ ਦਾ ਰਹਿਣ ਵਾਲਾ ਸੀ। ਉਹ ਪਰਿਵਾਰ ਦਾ ਪਰਵਰਿਸ਼ ਕਰਨ ਲਈ ਸੀਵਰੇਜ ਦਾ ਕੰਮ ਕਰਦਾ ਸੀ। ਉਸ ਦੀ ਰੋਜ਼ਾਨਾ ਦੀ ਕਮਾਈ 200 ਰੁਪਏ ਸੀ।

ਹਾਲਾਂਕਿ ਉਹ ਠੇਕੇ ਉੱਤੇ ਕੰਮ ਕਰਦਾ ਸੀ ਪਰ ਉਸ ਨੂੰ ਰੋਜ਼ਾਨਾ ਕੰਮ ਮਿਲਦਾ ਸੀ। ਇਸ ਲਈ ਉਸ ਦੇ ਪਰਿਵਾਰ ਨੂੰ ਸੰਤੁਸ਼ਟੀ ਸੀ ਕਿ ਘੱਟੋ-ਘੱਟ ਉਨ੍ਹਾਂ ਦਾ ਢਿੱਡ ਭਰੇਗਾ। ਸਾਵਿਤਰੀ ਫੂਲੇ ਹਾਲ ਵਿੱਚ ਰਹਿੰਦੇ ਉਸ ਦੇ ਪਰਿਵਾਰ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ।

ਹਨੇਰੇ ਵਿੱਚ ਭਵਿੱਖ

ਦੇਵੀਦਾਸ ਦੀ ਪਤਨੀ ਸੰਗੀਤਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਦੋਵੇਂ ਇਕੱਠੇ ਕੰਮ 'ਤੇ ਜਾਂਦੇ ਸੀ। ਉਹ ਖੰਬਲਪਾਡਾ ਵਿੱਚ ਰੋਜ਼ਾਨਾ ਸ਼ਿਵ ਸੈਨਾ ਦਫ਼ਤਰ ਵਿੱਚ ਸਫਾਈ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਮੇਰੀ ਸਿਹਤ ਠੀਕ ਨਹੀਂ ਸੀ ਇਸ ਲਈ ਮੈਂ ਘਰ ਹੀ ਸੀ।''

"ਸ਼ਾਮ ਨੂੰ ਚਾਰ ਵਜੇ ਮੈਨੂੰ ਇੱਕ ਫੋਨ ਆਇਆ ਅਤੇ ਦੱਸਿਆ ਕਿ ਮੇਰਾ ਪਤੀ ਇੱਕ ਗਟਰ ਵਿੱਚ ਡਿੱਗ ਗਿਆ ਹੈ। ਮੈਂ ਜਦੋਂ ਤੱਕ ਪਹੁੰਚੀ ਫਾਇਰ ਬ੍ਰਿਗੇਡ ਵਾਲੇ ਉਨ੍ਹਾਂ ਦੀ ਲਾਸ਼ ਨੂੰ ਬਾਹਰ ਕੱਢ ਲਿਆਏ ਸਨ।"

12 ਸਾਲਾਂ ਤੋਂ ਸਫਾਈ ਦਾ ਕੰਮ ਕਰ ਰਹੇ ਦੇਵੀਦਾਸ ਦੀਆਂ ਅੱਖਾਂ ਵਿੱਚ 6 ਮਹੀਨੇ ਪਹਿਲਾਂ ਕੈਮੀਕਲ ਪੈ ਗਿਆ ਸੀ। ਇਸ ਕਾਰਨ ਉਸ ਦੀਆਂ ਅੱਖਾਂ ਲਾਲ ਸਨ ਪਰ ਇਸ ਹਾਦਸੇ ਨੇ ਤਾਂ ਉਸ ਦੀ ਜ਼ਿੰਦਗੀ ਹੀ ਲੈ ਲਈ।

ਸਫਾਈ ਮੁਲਜ਼ਮਾਂ ਲਈ ਮੁਆਵਜ਼ੇ ਦੀ ਤਜਵੀਜ਼

ਅਦਾਲਤ ਦੇ ਹੁਕਮਾਂ ਮੁਤਾਬਕ ਜੇ ਸਾਫ਼ ਸਫਾਈ ਦਾ ਕੰਮ ਕਰਦੇ ਹੋਏ ਕਿਸੇ ਵਰਕਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 20 ਲੱਖ ਰੁਪਏ ਮੁਆਵਜ਼ਾ ਮਿਲੇਗਾ। ਪਰ ਐਮਡੀਆਈਸੀ ਦੇ ਡਿਪਟੀ ਇੰਜੀਨੀਅਰ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਉਸ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ, "ਗ੍ਰਿਫ਼ਤਾਰ ਕੀਤਾ ਗਿਆ ਠੇਕੇਦਾਰ ਕਈ ਸਾਲਾਂ ਤੋਂ ਸਾਡੇ ਨਾਲ ਕੰਮ ਕਰ ਰਿਹਾ ਹੈ ਪਰ ਪਹਿਲੀ ਵਾਰੀ ਅਜਿਹਾ ਹਾਦਸਾ ਵਾਪਰਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਵੇਲੇ ਅਸੀਂ ਇੱਕ ਲੱਖ ਰੁਪਇਆ ਪਰਿਵਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਭਵਿੱਖ ਵਿੱਚ ਅਸੀਂ ਲੋੜੀਂਦੇ ਕਦਮ ਚੁੱਕਾਂਗੇ।"

ਸੂਬੇ ਵਿੱਚ ਕਈ ਸੰਸਥਾਵਾਂ ਕੋਲ ਸਫਾਈ ਕਰਮਚਾਰੀ ਅਤੇ ਪਾਣੀ ਦੀਆਂ ਪਾਈਪਾਂ ਸਾਫ਼ ਕਰਨ ਲਈ ਮਜ਼ਦੂਰਾਂ ਵਾਸਤੇ 'ਕਾਨਟਰੈਕਟ ਐਕਟ, 1970' ਦੇ ਤਹਿਤ ਲੋੜੀਂਦਾ ਸਰਟੀਫਿਕੇਟ ਨਹੀਂ ਹੈ। ਇਸ ਕਾਰਨ ਠੇਕੇਦਾਰਾਂ ਨੂੰ ਕਾਨੂੰਨ ਤਹਿਤ ਪਰਮਿਟ ਨਹੀਂ ਮਿਲਦਾ।

ਵਰਕਰਾਂ ਦੀਆਂ ਮੰਗਾਂ

ਸਫਾਈ ਮੁਲਾਜ਼ਮ 23 ਅਕਤੂਬਰ ਤੋਂ ਮੁੰਬਈ ਵਿੱਚ ਹੜਤਾਲ ਉੱਤੇ ਬੈਠੇ ਹਨ। ਸਾਫ਼-ਸਫਾਈ ਕਰਮਚਾਰੀਆਂ ਦੀ ਮੰਗ ਹੈ:

  • ਘੱਟੋ-ਘੱਟ ਦਿਹਾੜੀ ਉੱਤੇ ਬਕਾਇਆ ਮਿਲਣਾ ਚਾਹੀਦਾ ਹੈ।
  • ਇਸ ਤੋਂ ਇਲਾਵਾ ਸਿਹਤ ਬੀਮਾ ਅਤੇ ਪੀਐਫ਼ ਸਕੀਮ ਤਹਿਤ ਸਹੂਲਤਾਂ ਅਤੇ ਸੁਰੱਖਿਆ ਲਈ ਲੋੜੀਂਦਾ ਸਾਮਾਨ ਮਿਲਣਾ ਚਾਹੀਦਾ ਹੈ।
  • ਜਾਅਲੀ ਸ਼ਿਕਾਇਤਾਂ ਦੇ ਆਧਾਰ 'ਤੇ ਠੇਕੇਦਾਰਾਂ ਵੱਲੋਂ ਕੱਢੇ ਵਰਕਰਾਂ ਨੂੰ ਮੁੜ ਰੱਖਣਾ ਚਾਹੀਦਾ ਹੈ।
  • ਵਰਕਰਾਂ ਦੀ ਵਰਿਸ਼ਠਤਾ ਸੂਚੀ ਤਿਆਰ ਕਰਨੀ ਚਾਹੀਦੀ ਹੈ ਅਤੇ ਉਸੇ ਦੇ ਆਧਾਰ ਉੱਤੇ ਕੰਮ ਮਿਲਣਾ ਚਾਹੀਦਾ ਹੈ।

ਬੀਬੀਸੀ ਮਰਾਠੀ ਨੇ ਨਗਰਪਾਲਿਕਾ ਕਮਿਸ਼ਨਰ ਅਜੇ ਮਹਿਤਾ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਸਫਾਈ ਕਰਮਚਾਰੀ ਅੰਦੋਲਨ ਦੇ ਕੌਮੀ ਕਨਵੀਨਰ ਬੇਜ਼ਵਾਡਾ ਵਿਲਸਨ ਨੇ ਇਲਜ਼ਾਮ ਲਾਇਆ ਕਿ ਸਰਕਾਰ ਕੋਲ ਮੁਲਜ਼ਮਾਂ ਦੀ ਸੁਰੱਖਿਆ ਦੀ ਕੋਈ ਤਜਵੀਜ ਨਹੀਂ ਹੈ। ਕਈ ਵਾਰੀ ਮੰਗਾਂ ਚੁੱਕਣ ਦੇ ਬਾਵਜੂਦ ਸਰਕਾਰ ਉਨ੍ਹਾਂ ਦੀਆਂ ਮੰਗਾਂ ਵਿੱਲ ਧਿਆਨ ਨਹੀਂ ਦੇ ਰਹੀ ਹੈ।

"ਸਰਕਾਰ ਦੀ ਅਣਗਹਿਲੀ ਕਾਰਨ ਵਰਕਰਾਂ ਦੀ ਜਾਨ ਜਾ ਰਹੀ ਹੈ। ਇਸ ਲਈ ਉਨ੍ਹਾਂ ਦੀ ਮੌਤ ਦੀ ਜ਼ਿੰਮੇਵਾਰ ਸਰਕਾਰ ਹੈ।"

ਸਰਕਾਰ ਵੱਲੋਂ ਕਾਰਵਾਈ ਦਾ ਭਰੋਸਾ

ਮਹਾਰਾਸ਼ਟਰ ਦੇ ਕਿਰਤ ਮੰਤਰੀ ਸੰਭਾਜੀਰਾਓ ਪਾਟਿਲ ਨੇ ਭਰੋਸਾ ਦਿੱਤਾ ਹੈ, "ਮੈਨੂੰ ਡੋਂਬੀਵਾਲੀ ਵਿੱਚ ਤਿੰਨ ਸਫਾਈ ਮੁਲਜ਼ਮਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ ਅਤੇ ਮੈਂ ਹਾਦਸੇ ਦੀ ਪੂਰੀ ਜਾਣਕਾਰੀ ਮੰਗੀ ਹੈ। ਅਸੀਂ ਦੋਸ਼ੀ ਖਿਲਾਫ਼ ਜ਼ਰੂਰੀ ਕਾਰਵਾਈ ਕਰਾਂਗੇ ਅਤੇ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ, "ਸਰਕਾਰ ਨੇ ਵਰਕਰਾਂ ਲਈ ਸੁਰੱਖਿਆ ਨੀਤੀ ਲਾਗੂ ਕੀਤੀ ਹੈ ਅਤੇ ਜੋ ਇਸ ਕਾਨੂੰਨ ਦਾ ਪਾਲਣ ਨਹੀਂ ਕਰੇਗਾ ਉਸ ਖਿਲਾਫ਼ ਸਖਤ ਕਾਰਵਾਈ ਹੋਵੇਗੀ। ਕਈ ਸੰਸਥਾਵਾਂ ਮਜ਼ਦੂਰ ਮਹਿਕਮੇ ਕੋਲ ਠੇਕੇਦਾਰਾਂ ਅਤੇ ਮਜ਼ਦੂਰਾਂ ਨੂੰ ਰਜਿਸਟਰ ਨਹੀਂ ਕਰਵਾਉਂਦੀਆਂ ਇਸ ਲਈ ਅਜਿਹੇ ਹਾਦਸਿਆਂ ਉੱਤੇ ਕਾਬੂ ਕਰਨਾ ਔਖਾ ਹੋ ਜਾਂਦਾ ਹੈ।"

212 ਠੇਕੇ ਉੱਤੇ ਰੱਖੇ ਸਫਾਈ ਮਜ਼ਦੂਰਾਂ ਦੀ ਮੌਤ

ਮੁੰਬਈ ਵਿੱਚ 89 ਬਾਰਿਸ਼ ਵਿਭਾਗ ਦੇ ਅਤੇ 80 ਗਟਰ ਨਿਕਾਸੀ ਵਿਭਾਗ ਦੇ ਠੇਕੇਦਾਰਾਂ ਵੱਲੋਂ ਸਾਫ ਕਰਵਾਏ ਜਾਂਦੇ ਹਨ।

ਗਾਰਬੇਜ ਟਰਾਂਸਪੋਰਟੇਸ਼ਨ ਵਰਕਰਜ਼ ਯੂਨੀਅਨ ਮੁਤਾਬਕ ਸਾਲ 2015 ਤੋਂ 2017 ਦੌਰਾਨ ਟੀਬੀ, ਦਮਾ, ਕਈ ਸਾਹ ਲੈਣ ਵਾਲੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗਾਂ ਕਾਰਨ 212 ਠੇਕੇ ਉੱਤੇ ਰੱਖੇ ਸਫਾਈ ਮਜ਼ਦੂਰਾਂ ਦੀਆਂ ਜਾਨਾਂ ਗਈਆਂ ਹਨ।

ਵਿਜੇ ਦਲਵੀ ਮੁਤਾਬਕ ਯੂਨੀਅਨ ਨੇ ਮਿਊਨਸੀਪੈਲਟੀ ਪ੍ਰਸ਼ਾਸਨ ਨੂੰ ਨਾਮ, ਪਤਾ ਸਣੇ ਉਨ੍ਹਾਂ ਬਿਮਾਰੀਆਂ ਦੇ ਵੀ ਵੇਰਵੇ ਵਾਲੀ ਸੂਚੀ ਦਿੱਤੀ ਹੈ ਜਿਸ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਕਿਉਂ ਹੋਈ । ਪਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)