ਅਕਾਲ ਤਖਤ ਦੇ ਨਵੇਂ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਉਂ ਕਿਹਾ ਰੋਜ਼ ਪੰਜ ਮਿੰਟ ਫੋਨ ਬੰਦ ਕਰੋ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਵੀ ਨਿਭਾਉਣਗੇ।

ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ 30 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ।

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਹ ਗੁਰਮਤਿ ਸਿਧਾਂਤਾਂ ਤੇ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਦਾ ਯਤਨ ਕਰਨਗੇ।

ਕੀ ਪਹਿਲਤਾ ਹੋਵੇਗੀ ?

ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਥਕ ਮਸਲਿਆਂ ਦੇ ਹੱਲ ਲਈ ਜਲਦ ਹੀ ਇਕ ਵਿਦਵਾਨਾਂ ਦੀ ਟੀਮ ਬਣਾਈ ਜਾਵੇਗੀ ਅਤੇ ਉਹਨਾਂ ਦੀ ਸਲਾਹ ਤੇ ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਰਾਇ ਨਾਲ ਪੰਥਕ ਫੈਸਲੇ ਲਏ ਜਾਣਗੇ।

ਉਨ੍ਹਾਂ ਕਿਹਾ “ਮੈਂ ਪੰਥ ਦੀ ਸ਼ਕਤੀ ਖੇਰੂੰ -ਖੇਰੂੰ ਹੋ ਰਹੀ ਹੈ, ਜਿਸ ਨੂੰ ਹਰ ਸੰਭਵ ਤਰੀਕੇ ਨਾਲ ਕੌਮ ਦੀਆਂ ਸੰਸਥਾਵਾਂ ,ਜਥੇਬੰਦੀਆਂ ,ਸਾਥੀ ਸਿੰਘ ਸਾਹਿਬਾਨਾਂ ਦਾ ਸਹਿਯੋਗ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠੀਆਂ ਕਰਨ ਦਾ ਯਤਨ ਕਰਾਂਗਾਂ।”

ਜਿਨਾਂ ਚਿਰ ਸਿੱਖ ਸੰਗਤਾਂ ਦੇ ਮਨਾਂ ਵਿੱਚ ਕੌਮਪ੍ਰਸਤੀ ਦੀ ਭਾਵਨਾ ,ਸੇਵਾਦਾਰਾਂ ਦੇ ਮਨਾਂ ਵਿੱਚ ਕੌਮਪ੍ਰਸਤੀ ਦੀ ਭਾਵਨਾ ਨਹੀਂ ਆਉਂਦੀ ,ਓਨਾ ਚਿਰ ਪੰਥ ਦੀ ਚੜਦੀ ਕਲਾ ਦੇ ਬੋਲ ਬਾਲੇ ਨਹੀਂ ਹੋ ਸਕਦੇ।

ਵਿਵਾਦਤ ਮੁੱਦਿਆਂ 'ਤੇ

ਵਿਵਾਦਤ ਮੁੱਦਿਆਂ ਉੱਤੇ ਪੁੱਛੇ ਸਵਾਲਾਂ ਦਾ ਗੋਲ ਮੋਲ ਜਵਾਬ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਨਾਨਕਸ਼ਾਹੀ ਕੈਲੰਡਰ ਵਿਵਾਦ, ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਹੋਰ ਪੰਥਕ ਮਸਲਿਆਂ ਨੂੰ ਨਜਿੱਠਣ ਵਾਸਤੇ ਆਉਣ ਵਾਲੇ ਸਮੇਂ 'ਚ ਵਿਚਾਰ ਕਰਕੇ ਹੀ ਕੋਈ ਫੈਸਲੇ ਲਏ ਜਾਣਗੇ।

ਇਹ ਵੀ ਪੜ੍ਹੋ-

ਉਨ੍ਹਾਂ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਉੱਤੇ ਉੱਠ ਰਹੇ ਸਵਾਲਾਂ ਬਾਰੇ ਵੀ ਵਿਦਵਾਨਾਂ ਦੀ ਰਾਇ ਲੈਣ ਤੋਂ ਬਾਅਦ ਹੀ ਕੋਈ ਫੈ਼ਸਲਾ ਹੋਵੇਗਾ ਅਤੇ ਅਕਾਲ ਸਾਹਿਬ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਿਆ ਜਾਵੇਗਾ।

ਜਥੇਦਾਰ ਦਾ ਪਹਿਲਾ ਸੰਦੇਸ਼

ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛੇ ਗਏ ਸਵਾਲਾਂ ਦਾ ਉਨ੍ਹਾਂ ਖੁੱਲ੍ਹ ਕੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਦੀ ਸੇਵਾ ਅਜੇ ਸੰਭਾਲੀ ਹੀ ਹੈ। ਉਹ ਹਰ ਮਸਲੇ ਉੱਤੇ ਵਿਦਵਾਨਾਂ ਅਤੇ ਸਾਥੀ ਸਿੰਘ ਸਾਹਿਬਾਨਾਂ ਦੀ ਰਾਇ ਨਾਲ ਹੀ ਹਰ ਫੈਸਲਾ ਕਰਨਗੇ।

ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕੌਮ ਨੂੰ ਸਿਰਫ਼ ਇੰਨਾ ਕਿਹਾ ਕਿ ਗਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਹਰ ਸਿੱਖ ਕੌਮ ਵਿਚ ਸ਼ਾਂਤੀ ਅਤੇ ਇਤਫ਼ਾਕ ਲਈ ਹਰ ਰੋਜ਼ ਫੋਨ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰੇ।

ਗਰਮ ਖ਼ਿਆਲੀ ਰਹੇ ਦੂਰ

ਵੱਡੀ ਗਿਣਤੀ 'ਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਪੁਰਜ਼ੋਰ ਸਵਾਗਤ ਕੀਤਾ। ਦੂਜੇ ਪਾਸੇ ਗਰਮ ਖਿਆਲੀ ਸਿੱਖ ਨੇਤਾਵਾਂ ਚੋਂ ਕੋਈ ਵੀ ਇਸ ਸਮਾਗਮ 'ਚ ਸ਼ਾਮਲ ਨਹੀਂ ਹੋਇਆ।

ਸਿੰਘ ਸਾਹਿਬ ਦੀ ਨਿਯੁਕਤੀ ਤੋਂ ਬਾਅਦ ਉੱਥੇ ਆਈਆਂ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ, ਅਕਾਲੀ ਜਥਿਆਂ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ,ਪੰਥਕ ਆਗੂਆਂ, ਸੰਤ-ਮਹਾਪੁਰਸ਼ਾਂ ਨੇ ਦਸਤਾਰਾਂ ਭੇਂਟ ਕਰ ਕੇ ਸਿੰਘ ਸਾਹਿਬ ਦੀ ਨਿਯੁਕਤੀ ਬਾਰੇ ਸਹਿਮਤੀ ਪ੍ਰਗਟ ਕੀਤੀ।ਅੱਜ ਦੀ ਨਿਯੁਕਤੀ ਵੇਲੇ ਬਾਕੀ ਚਾਰਾਂ ਤਖਤਾਂ ਦੇ ਜਥੇਦਾਰ ਵੀ ਮੌਜੂਦ ਸਨ।

ਪੀਐੱਚਡੀ ਖੋਜਾਰਥੀ ਹਨ ਜਥੇਦਾਰ

  • ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਾਏ ਗਏ ਗਿਆਨੀ ਹਰਪ੍ਰੀਤ ਸਿੰਘ ਉੱਚ ਵਿਦਿਆ ਪ੍ਰਾਪਤ ਕਰ ਰਹੇ ਹਨ।
  • 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਮਤਿ ਦੀ ਤਾਲੀਮ ਸ਼੍ਰੋਮਣੀ ਕਮੇਟੀ ਦੀ ਸੰਸਥਾ 'ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਦਮਦਮਾ ਸਾਹਿਬ, ਤਲਵੰਡੀ ਸਾਬੋ' ਤੋਂ ਤਿੰਨ ਸਾਲਾ ਕੋਰਸ ਰਾਹੀਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਸਾਲਾ 'ਡਿਪਲੋਮਾ ਇਨ ਡਿਵੀਨਿਟੀ' ਪਾਸ ਕੀਤਾ।
  • ਗਿਆਨੀ ਹਰਪ੍ਰੀਤ ਸਿੰਘ ਨੇ ਧਰਮ ਅਧਿਐਨ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੋਈ ਹੈ।
  • ਗਿਆਨੀ ਹਰਪ੍ਰੀਤ ਸਿੰਘ 1997 ਵਿੱਚ ਸ਼੍ਰੋਮਣੀ ਕਮੇਟੀ ਅੰਦਰ ਪ੍ਰਚਾਰਕ ਭਰਤੀ ਹੋਏ ਸਨ ਅਤੇ ਜੁਲਾਈ 1999 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਕਥਾਵਾਚਕ/ਮੁੱਖ ਗ੍ਰੰਥੀ ਬਣੇ।
  • 17 ਸਾਲ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣੀ।
  • ਗਿਆਨੀ ਹਰਪ੍ਰੀਤ ਸਿੰਘ ਦੋ ਬੇਟੀਆਂ ਦੇ ਪਿਤਾ ਹਨ।
  • ਗਿਆਨੀ ਹਰਪ੍ਰੀਤ ਸਿੰਘ ਸ੍ਰੀ ਗਰੂ ਗ ਗ੍ਰੰਥ ਸਾਹਿਬ 'ਚ ਦਰਜ਼ ਰੱਬ ਦੇ ਵੱਖਰੇ-ਵੱਖਰੇ ਨਾਵਾਂ ਉੱਤੇ ਪੀਐੱਚਡੀ ਕਰ ਰਹੇ ਹਨ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ