ਸ੍ਰੀਲੰਕਾ : ਰਾਸ਼ਟਰਪਤੀ ਨੇ ਵਿਕਰਮਾਸਿੰਘੇ ਨੂੰ ਹਟਾ ਕੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਾਇਆ

ਸ੍ਰੀਲੰਕਾ ਵਿੱਚ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ। ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਇੱਕ ਨਾਟਕੀ ਢੰਗ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਵਾਪਸੀ ਕੀਤੀ ਹੈ।

ਦੇਸ ਦੇ ਰਾਸ਼ਟਰਪਤੀ ਸਿਰੀਸੇਨਾ ਦੇ ਦਫ਼ਤਰ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾ ਰਿਹਾ ਹੈ।

ਇਹ ਉਹੀ ਰਾਜਪਕਸ਼ੇ ਹਨ ਜਿਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਨੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਿੱਧੀ ਟੱਕਰ ਵਿੱਚ ਹਰਾਇਆ ਸੀ।

ਆਪਣੇ ਵਿਰੋਧੀ ਨੂੰ ਆਪਣੀ ਹੀ ਸਰਕਾਰ ਵਿੱਚ ਅਹਿਮ ਅਹੁਦਾ ਦੇ ਕੇ ਮੈਤਰੀਪਾਲਾ ਸਿਰੀਸੇਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਮੰਤਰੀਮੰਡਲ ਦੇ ਬੁਲਾਰੇ ਅਤੇ ਮੰਤਰੀ ਰਜਿਤਾ ਸੇਨਾਰਤਨੇ ਨੇ ਵੀ ਬੀਬੀਸੀ ਨੂੰ ਕਿਹਾ ਕਿ ਰਾਨਿਲ ਵਿਕਰਮਾਸਿੰਘੇ ਦੀ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਹਨ।

ਬੀਬੀਸੀ ਸਿੰਹਲੀ ਦੇ ਪੱਤਰਕਾਰ ਆਜ਼ਮ ਅਮੀਨ ਮੁਤਾਬਕ, ਰਾਨਿਲ ਵਿਕਰਮਾਸਿੰਘੇ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸੰਸਦ 'ਚ ਬਹੁਮਤ ਹੈ ਅਤੇ ਉਹ ਪੀਐੱਮ ਬਣੇ ਰਹਿਣਗੇ।

ਇਹ ਵੀ ਪੜ੍ਹੋ:

ਇਹ ਨਿਯੁਕਤੀ ਰਾਸ਼ਟਰਪਤੀ ਦੇ ਉਸ ਫੈਸਲੇ ਤੋਂ ਤੁਰੰਤ ਬਾਅਦ ਹੋਈ, ਜਿਸ ਵਿੱਚ ਉਨ੍ਹਾਂ ਦੀ ਪਾਰਟੀ ਨੇ ਗਠਜੋੜ ਸਰਕਾਰ ਨੂੰ ਛੱਡਣ ਦਾ ਐਲਾਨ ਕੀਤਾ ਸੀ।

ਇਹ ਸਰਕਾਰ ਮੌਜੂਦਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦੀ ਯੂਐਨਪੀ ਪਾਰਟੀ ਦੇ ਨਾਲ ਮਿਲ ਕੇ ਚਲਾਈ ਜਾ ਰਹੀ ਸੀ।

ਆਰਥਿਕ ਨੀਤੀਆਂ ਅਤੇ ਰੋਜ਼ਮਰਾ ਦੇ ਪ੍ਰਬੰਧਕੀ ਕੰਮਾਂਕਾਰਾਂ ਨੂੰ ਲੈਕੇ ਰਾਨਿਲ ਅਤੇ ਰਾਸ਼ਟਰਪਤੀ ਵਿਚਾਲੇ ਮਤਭੇਦ ਚੱਲ ਰਹੇ ਸਨ।

ਇਸ ਤੋਂ ਪਹਿਲਾਂ ਯੂਐਨਪੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਕੋਲ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੂੰ ਹਟਾਉਣ ਦਾ ਕੋਈ ਅਧਿਕਾਰ ਨਹੀਂ ਹੈ।

ਗਠਜੋੜ ਸਰਕਾਰ ਵਿਚ ਮੰਤਰੀ ਰਹੇ ਯੂਐਨਪੀ ਦੇ ਮੰਤਰੀ ਮੰਗਲਾ ਸਮਰਬੀਰਾ ਨੇ ਇਸ ਨਿਯੁਕਤੀ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ।

ਪਰ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਭੰਗ ਕਰ ਦਿੱਤਾ ਗਿਆ ਹੈ ਅਤੇ ਮਹਿੰਦਰਾ ਰਾਜਪਸ਼ਕੇ ਨਵੇਂ ਪ੍ਰਧਾਨ ਮੰਤਰੀ ਹਨ।

ਮਹਿੰਦਾ ਰਾਜਪਕਸੇ ਨੇ ਟਵਿੱਟਰ ਉੱਤੇ ਆਪਣੀ ਪਛਾਣ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਦਿੱਤੀ ਹੈ। ਜਦਕਿ ਰਾਨਿਲ ਵਿਕਰਮਾਸਿੰਘੇ ਨੇ ਵੀ ਆਪਣੀ ਪ੍ਰੋਫਾਈਲ 'ਤੇ ਖੁਦ ਨੂੰ ਪ੍ਰਧਾਨ ਮੰਤਰੀ ਦੱਸਿਆ ਹੈ।

ਕਤਲ ਦੀ ਸਾਜਿਸ਼ ਦੇ ਇਲਜ਼ਾਮ

ਪ੍ਰਧਾਨ ਮੰਤਰੀ ਰਾਨਿਲ ਅਤੇ ਰਾਸ਼ਟਰਪਤੀ ਵਿਚਾਲੇ ਸਰਕਾਰ ਚਲਾਉਣ ਨੂੰ ਲੈਕੇ ਰੱਸਾਕਸ਼ੀ ਹੋ ਰਹੀ ਸੀ।

ਪਿਛਲੇ ਦਿਨਾਂ ਦੌਰਾਨ ਰਾਸ਼ਟਰਪਤੀ ਸਿਰੀਸੇਨਾ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਸੀ, ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਭਾਰਤੀ ਖ਼ੁਫ਼ੀਆਂ ਏਜੰਸੀ ਰਾਅ ਉੱਤੇ ਆਪਣੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ।

ਇਸ ਸਬੰਧੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਸੀ। ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ੍ਰੀ ਲੰਕਾ ਦਾ ਸੱਚਾ ਦੋਸਤ ਦੱਸਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)