ਪੰਜਾਬ-ਹਰਿਆਣਾ ਦੀ ਹਰੀ ਕ੍ਰਾਂਤੀ ਇੰਝ ਬਣੀ ਦਿੱਲੀ ਦੇ ਸਮੋਗ ਦਾ ਕਾਰਨ

ਤਸਵੀਰ ਸਰੋਤ, AFP
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਜੇ ਪ੍ਰਦੂਸ਼ਿਤ ਹਵਾ ਲਈ ਗੋਲਡ ਮੈਡਲ ਦਾ ਮੁਕਾਬਲਾ ਹੋਵੇ ਤਾਂ ਦਿੱਲੀ ਨੂੰ ਹਰਾਉਣਾ ਕਾਫੀ ਮੁਸ਼ਕਿਲ ਸਾਬਿਤ ਹੋਵੇਗਾ।
ਐਤਵਾਰ ਨੂੰ ਦਿੱਲੀ ਵਿੱਚ ਕਾਫੀ ਪ੍ਰਦੂਸ਼ਣ ਸੀ ਪਰ ਫਿਰ ਵੀ 30,000 ਤੋਂ ਵੱਧ ਲੋਕਾਂ ਨੇ ਸ਼ਹਿਰ ਵਿੱਚ ਆਯੋਜਿਤ ਹਾਫ ਮੈਰਾਥਨ ਵਿੱਚ ਹਿੱਸਾ ਲਿਆ।
ਉਨ੍ਹਾਂ ਵਿੱਚ ਕਈ ਲੋਕਾਂ ਨੇ ਮੂੰਹ 'ਤੇ ਮਾਸਕ ਵੀ ਪਾਏ ਹੋਏ ਸਨ। ਹਾਫ ਮੈਰਾਥਨ ਦੇ ਪ੍ਰਬੰਧਕਾਂ ਦਾ ਦਾਅਵਾ ਸੀ ਕਿ ਉਨ੍ਹਾਂ ਵੱਲੋਂ ਮੈਰਾਥਨ ਦੇ ਰੂਟ ਵਿੱਚ ਖਾਸ ਉਪਕਰਨ ਇਸਤੇਮਾਲ ਕੀਤੇ ਗਏ ਹਨ।
ਉਨ੍ਹਾਂ ਅਨੁਸਾਰ ਇਨ੍ਹਾਂ ਉਪਕਰਨਾਂ ਨਾਲ ਰੇਡੀਓ ਫ੍ਰੀਕੁਵੈਂਸੀ ਜ਼ਰੀਏ ਹਵਾ ਨੂੰ ਸਾਫ ਕੀਤਾ ਗਿਆ ਸੀ। ਪਰ ਵਿਗਿਆਨੀ ਅਜਿਹੇ ਦਾਅਵਿਆਂ 'ਤੇ ਖਦਸ਼ੇ ਪ੍ਰਗਟ ਕਰਦੇ ਹਨ।
ਇਹ ਵੀ ਪੜ੍ਹੋ
ਦਿੱਲੀ ਵਿੱਚ ਕਰਵਾਈ ਗਈ ਇਸ ਮੈਰਾਥਨ ਨਾਲ ਹੀ ਸਮੋਗ ਦੇ ਸੀਜ਼ਨ ਦੀ ਸ਼ੁਰਆਤ ਹੋਈ ਪਰ ਬੀਤੇ ਕੁਝ ਹਫਤਿਆਂ ਵਿੱਚ ਸਮੋਗ ਦੇ ਆਸਾਰ ਦਿੱਲੀ ਵਿੱਚ ਬਣਦੇ ਨਜ਼ਰ ਆ ਰਹੇ ਹਨ।
ਦੋ ਹਫਤੇ ਪਹਿਲਾਂ ਨਾਗੇਂਦਰ ਸ਼ਰਮਾ ਸ਼ਿਮਲਾ ਤੋਂ ਦਿੱਲੀ ਵਾਪਸ ਆ ਰਹੇ ਸਨ। ਉਸ ਵੇਲੇ ਉਨ੍ਹਾਂ ਨੇ ਰਾਹ ਵਿੱਚ ਪਏ ਖੇਤਾਂ ਵਿੱਚ ਵਧਦੇ ਧੂੰਏਂ ਨੂੰ ਮਹਿਸੂਸ ਕੀਤਾ।
ਹਰ ਸਾਲ ਦੀ ਕਹਾਣੀ
ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮਾਚਿਸ ਦੀ ਤੀਲੀ ਨਾਲ ਖੇਤਾਂ ਨੂੰ ਅੱਗ ਲਾ ਦਿੱਤੀ ਹੋਵੇ। ਤੇਜ਼ ਹਵਾ ਨਾ ਹੋਣ ਕਰਕੇ ਧੂੰਆਂ ਹਵਾ ਵਿੱਚ ਹੀ ਸੀ।
ਨਾਗੇਂਦਰ ਸ਼ਰਮਾ ਦਿੱਲੀ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਹਨ। ਉਹ ਹਰਿਆਣਾ 'ਚੋਂ ਲੰਘ ਰਹੇ ਸਨ।

ਤਸਵੀਰ ਸਰੋਤ, EPA
ਦਿੱਲੀ ਤੋਂ 70 ਕਿਲੋਮੀਟਰ ਦੂਰ ਉਨ੍ਹਾਂ ਨੇ ਆਪਣੀ ਗੱਡੀ ਰੋਕੀ। ਉੱਥੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਨੇ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਿੰਨ ਹਫਤਿਆਂ ਵਿੱਚ ਪਰਾਲੀ ਸਾਫ਼ ਕਰਕੇ ਕਣਕ ਦੀ ਖੇਤੀ ਲਈ ਖੇਤਾਂ ਨੂੰ ਤਿਆਰ ਕਰਨਾ ਹੁੰਦਾ ਹੈ।
ਉਹ ਪਰਾਲੀ ਸਾਫ ਕਰਨ ਦੀਆਂ ਮਹਿੰਗੀਆਂ ਮਸ਼ੀਨਾਂ ਨਹੀਂ ਖਰੀਦ ਸਕਦੇ ਇਸ ਲਈ ਉਹ ਪਰਾਲੀ ਨੂੰ ਸਾੜ ਰਹੇ ਸਨ।
ਨਾਗੇਂਦਰ ਸ਼ਰਮਾ ਨੇ ਕਿਹਾ, "ਇਹ ਹਰ ਸਾਲ ਦੀ ਕਹਾਣੀ ਹੈ।''
ਹਰ ਸਾਲ ਇਸ ਵੇਲੇ ਦਿੱਲੀ ਦੇ ਲੋਕ ਧੂੰਏਂ ਦੀ ਚਾਦਰ ਹੇਠ ਆਪਣੀ ਸਵੇਰ ਸ਼ੁਰੂ ਕਰਦੇ ਹਨ।
ਦਿੱਲੀ 'ਗੈਸ ਚੈਂਬਰ' ਕਹਾਉਣ ਲੱਗੀ
ਵਿਸ਼ਵ ਸਿਹਤ ਸੰਗਠਨ ਵੱਲੋਂ ਤੈਅ ਕੀਤੇ ਪੱਧਰ ਤੋਂ ਪ੍ਰਦੂਸ਼ਣ ਕਈ ਗੁਣਾ ਵਧ ਜਾਂਦਾ ਹੈ।
ਪਿਛਲੇ ਸਾਲ ਡਾਕਟਰਾਂ ਵੱਲੋਂ ਮੈਡੀਕਲ ਐਮਰਜੈਂਸੀ ਐਲਾਨ ਦਿੱਤੀ ਗਈ ਸੀ ਅਤੇ ਸਾਹ ਦੀਆਂ ਵੱਖ-ਵੱਖ ਪ੍ਰੇਸ਼ਾਨੀਆਂ ਨਾਲ ਬੇਹਾਲ ਲੋਕਾਂ ਨਾਲ ਹਸਪਤਾਲ ਭਰ ਗਏ ਸਨ।

ਤਸਵੀਰ ਸਰੋਤ, Reuters
ਵਿਸ਼ਵ ਸਿਹਤ ਸੰਗਠਨ ਅਨੁਸਾਰ 24 ਘੰਟੇ ਵਿੱਚ ਪਰਟੀਕੁਲੇਟ ਮੈਟਰ ( ਪੀਐੱਮ 2.5) ਦਾ ਪੱਧਰ 25 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।
ਪਰ ਬੀਤੇ ਸਾਲ ਕਈ ਇਲਾਕਿਆਂ ਵਿੱਚ ਪੀਐੱਮ 2.5 ਦਾ ਪੱਧਰ 700 ਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੱਕ ਪਹੁੰਚ ਗਿਆ ਸੀ। ਪੀਐੱਮ 2.5 ਸਿੱਧੇ ਸਾਡੇ ਫੇਫੜਿਆਂ ਵਿੱਚ ਵੜਦਾ ਹੈ।
ਪਿਛਲੇ ਸਾਲ ਸਰਦੀਆਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਦਾ ਮੀਟਰ ਲਗਾਤਾਰ 999 ਤੱਕ ਪਹੁੰਚਦਾ ਰਿਹਾ। ਅਜਿਹੀ ਪ੍ਰਦੂਸ਼ਿਤ ਹਵਾ ਵਿੱਚ ਰਹਿਣਾ ਰੋਜ਼ਾਨਾ ਦੋ ਪੈਕਟ ਸਿਗਰਟ ਪੀਣ ਦੇ ਬਰਾਬਰ ਹੈ।
ਕਈ ਲੋਕ ਦਿੱਲੀ ਨੂੰ ਗੈਸ ਚੈਂਬਰ ਤੱਕ ਕਹਿਣ ਲੱਗੇ।
ਸਿਧਾਰਥ ਸਿੰਘ ਇੱਕ ਲੇਖਕ ਹਨ ਅਤੇ ਜਲਦ ਹੀ ਉਨ੍ਹਾਂ ਦੀ ਪ੍ਰਦੂਸ਼ਣ ਬਾਰੇ ਇੱਕ ਕਿਤਾਬ 'ਦਿ ਗ੍ਰੇਟ ਸਮੋਗ ਆਫ ਇੰਡੀਆ' ਛਪਣ ਵਾਲੀ ਹੈ।
ਸਿਧਾਰਥ ਅਨੁਸਾਰ, "ਇਹ ਧੂੰਏਂ ਦੀ ਸ਼ੁਰੂਆਤ ਹੈ ਜੋ ਅਗਲੇ ਤਿੰਨ ਮਹੀਨਿਆਂ ਤੱਕ ਬਰਕਰਾਰ ਰਹੇਗਾ। ਭਾਵੇਂ ਪਰਾਲੀ ਦਾ ਸਾੜਨਾ ਤਾਂ ਕੁਝ ਹਫ਼ਤਿਆਂ ਵਿੱਚ ਖ਼ਤਮ ਹੋ ਜਾਵੇਗਾ।''
"ਇਸ ਸੀਜ਼ਨ ਵਿੱਚ ਹਵਾ ਦੇ ਸਭ ਤੋਂ ਮਾੜੇ ਹਾਲਾਤ ਹੁੰਦੇ ਹਨ, ਵਿਜ਼ੀਬਿਲਿਟੀ ਵੀ ਕਾਫੀ ਘੱਟ ਜਾਂਦੀ ਹੈ। ਦਿੱਲੀ ਵਰਗੇ ਦੁਰੇਡੇ ਸ਼ਹਿਰ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ।''
ਪਰਾਲੀ ਸਾੜਨਾ ਹੈ ਪ੍ਰਦੂਸ਼ਣ ਦਾ ਮੁੱਖ ਕਾਰਨ
ਭਾਵੇਂ ਇਸ ਧੂੰਏਂ ਲਈ ਹੋਰ ਕਾਰਨ ਵੀ ਜ਼ਿੰਮੇਵਾਰ ਹਨ। ਇਨ੍ਹਾਂ ਕਾਰਨਾਂ ਵਿੱਚ ਇਮਾਰਤਾਂ ਦੀ ਉਸਾਰੀ ਤੋਂ ਨਿਕਲਦੀ ਮਿੱਟੀ, ਕਾਰਖਾਨੇ ਅਤੇ ਗੱਡੀਆਂ ਤੋਂ ਪੈਦਾ ਹੁੰਦਾ ਪ੍ਰਦੂਸ਼ਣ ਵੀ ਸ਼ਾਮਿਲ ਹੈ।
ਪਰ ਪਰਾਲੀ ਸਾੜਨ ਨਾਲ ਧੂੰਏਂ ਦੇ ਇਸ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ।

ਤਸਵੀਰ ਸਰੋਤ, Reuters
ਹਰ ਸਰਦੀਆਂ ਵਿੱਚ ਕਰੀਬ 20 ਲੱਖ ਕਿਸਾਨ 2 ਕਰੋੜ 30 ਲੱਖ ਟਨ ਪਰਾਲੀ ਸਾੜਦੇ ਹਨ। ਇਹ ਕੰਮ ਉਹ 80,000 ਸਕੁਆਇਰ ਕਿਲੋਮੀਟਰ ਖੇਤੀ ਦੀ ਜ਼ਮੀਨ 'ਤੇ ਕਰਦੇ ਹਨ।
ਇਹ ਵੀ ਪੜ੍ਹੋ ਅਤੇ ਦੇਖੋ:
ਪਰਾਲੀ ਸਾੜਨ ਨਾਲ ਪੈਦਾ ਹੁੰਦੇ ਇਸ ਧੂੰਏਂ ਵਿੱਚ ਕਾਰਬਨ ਡਾਇਓਕਸਾਈਡ, ਨਾਈਟਰੋਜ਼ਨ ਡਾਈਓਕਸਾਈਡ ਅਤੇ ਸਲਫਰ ਡਾਇਓਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ।
ਹਾਰਵਰਡ ਯੂਨੀਵਰਸਿਟੀ ਦੇ ਰਿਸਰਚਰਜ਼ ਅਨੁਸਾਰ 2012 ਤੋਂ 2016 ਵਿਚਾਲੇ ਦਿੱਲੀ ਦੇ ਅੱਧੇ ਪ੍ਰਦੂਸ਼ਣ ਦਾ ਕਾਰਨ ਪਰਾਲੀ ਸਾੜਨਾ ਹੀ ਹੈ।
ਇੱਕ ਹੋਰ ਸਟੱਡੀ ਅਨੁਸਾਰ 2011 ਵਿੱਚ ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਹੋਈਆਂ 40,000 ਮੌਤਾਂ ਕੇਵਲ ਪਰਾਲੀ ਸਾੜਨ ਕਰਕੇ ਪੈਦਾ ਹੋਏ ਪ੍ਰਦੂਸ਼ਣ ਕਾਰਨ ਹੋਈਆਂ ਹਨ।
ਕੀ ਹੈ ਸਮੱਸਿਆ ਦੀ ਜੜ੍ਹ?
ਪਰ ਪਹਿਲਾਂ ਅਜਿਹਾ ਨਹੀਂ ਸੀ।
ਨਾਗੇਂਦਰ ਸਿੰਘ ਅਨੁਸਾਰ ਇਸ ਜਾਨਲੇਵਾ ਧੂੰਏਂ ਪਿੱਛੇ ਕਿਸਾਨੀ ਵਿੱਚ ਹੋਏ ਵਿਕਾਸ, ਸਰਕਾਰੀ ਨੀਤੀਆਂ ਅਤੇ ਬਦਲਦੇ ਬਾਜ਼ਾਰ ਜ਼ਿੰਮੇਵਾਰ ਹਨ।
ਇਨ੍ਹਾਂ ਸਭ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹਰੀ ਕ੍ਰਾਂਤੀ ਹੈ ਜੋ 1960 ਅਤੇ 1970 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ।
ਉਸ ਵੇਲੇ ਭਾਰਤ ਭੁੱਖਮਰੀ, ਸਿੰਜਾਈ ਦੇ ਮਾੜੇ ਪ੍ਰਬੰਧਾਂ ਕਾਰਨ ਅਨਾਜ ਲਈ ਵਿਦੇਸ਼ੀ ਮਦਦ 'ਤੇ ਨਿਰਭਰ ਸੀ। ਹਰੇ ਇਨਕਲਾਬ ਨੇ ਭਾਰਤ ਨੂੰ ਆਪਣੇ ਨਾਗਰਿਕਾਂ ਲਈ ਕਾਫੀ ਅਨਾਜ ਪੈਦਾ ਕਰਨ ਦੇ ਕਾਬਿਲ ਬਣਾ ਦਿੱਤਾ।

ਤਸਵੀਰ ਸਰੋਤ, Getty Images
ਅਨਾਜ ਦੀ ਪੈਦਾਵਾਰ ਵਿੱਚ ਹਰਿਆਣਾ ਅਤੇ ਪੰਜਾਬ ਸਭ ਤੋਂ ਅੱਗੇ ਰਹੇ। ਇਨ੍ਹਾਂ ਸੂਬਿਆਂ ਵੱਲੋਂ ਚਾਵਲ ਅਤੇ ਕਣਕ ਦੀ ਵੱਡੇ ਪੱਧਰ 'ਤੇ ਪੈਦਾਵਾਰ ਕੀਤੀ ਗਈ।
ਸਰਦੀਆਂ ਵਿੱਚ ਕਣਕ ਨੂੰ ਬੀਜਿਆ ਜਾਂਦਾ ਹੈ ਅਤੇ ਝੋਨੇ ਦੀ ਲੁਆਈ ਮਾਨਸੂਨ ਸੀਜ਼ਨ ਵਿੱਚ ਜੁਲਾਈ ਤੇ ਅਗਸਤ ਦੇ ਮਹੀਨੇ ਵਿੱਚ ਹੁੰਦੀ ਹੈ।
ਫਸਲਾਂ ਲਈ ਐੱਮਐੱਸਪੀ, ਬਿਹਤਰ ਬੀਜ, ਸਿੰਜਾਈ ਦੀ ਵਧੀਆ ਵਿਵਸਥਾ ਅਤੇ ਕੰਬਾਈਨਾਂ ਮਾਰਡਨ ਕਿਸਾਨੀ ਦਾ ਅਹਿਮ ਹਿੱਸਾ ਬਣ ਗਏ। ਕੰਬਾਈਨਾਂ ਨੇ ਫਸਲਾਂ ਨੂੰ ਬਾਜ਼ਾਰ ਲਈ ਤਿਆਰ ਕਰਨ ਦੀ ਪ੍ਰਕਿਰਿਆ ਕਾਫੀ ਸੌਖੀ ਕਰ ਦਿੱਤੀ।
ਭਾਰਤ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਹਰੇ ਇਨਕਲਾਬ ਦਾ ਵੱਡਾ ਯੋਗਦਾਨ ਰਿਹਾ। ਇਸ ਨਾਲ ਕਣਕ ਤੇ ਚਾਵਲ ਦੀ ਪੈਦਾਵਾਰ ਕਈ ਗੁਣਾ ਵਧ ਗਈ।
ਕਿਸੇ ਕੰਮ ਦੀ ਨਹੀਂ ਪਰਾਲੀ
ਪਰ ਇਸ ਨਾਲ ਪ੍ਰਦੂਸ਼ਣ ਦਾ ਪੱਧਰ ਵਧਿਆ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫੀ ਘਟ ਗਿਆ।
ਸਿੰਘ ਅਨੁਸਾਰ, "ਬਹਿਸ ਦਾ ਮੁੱਦਾ ਇਹ ਨਹੀਂ ਕਿ ਇਨਕਲਾਬ ਦੀ ਲੋੜ ਸੀ ਜਾਂ ਨਹੀਂ, ਵਿਚਾਰ ਇਸ ਬਾਰੇ ਕਰਨਾ ਚਾਹੀਦਾ ਹੈ ਕਿ ਇਨਕਲਾਬ ਤੇ ਉਸ ਨਾਲ ਜੁੜੀਆਂ ਨੀਤੀਆਂ ਦਾ ਅਸਰ ਕੀ ਹੋਇਆ।''
ਭਾਵੇਂ ਪ੍ਰਦੂਸ਼ਣ ਪੈਦਾ ਕਰਨ ਕਰਕੇ, ਪ੍ਰਦੂਸ਼ਣ ਦਾ ਇੱਕ ਖਾਸ ਵਕਤ ਹੋਣ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਇਸ ਨੂੰ 'ਐਗਰੋ ਇਕੋਲੋਜੀਕਲ ਕਰਾਈਸਿਜ਼' ਕਰਾਰ ਦਿੱਤਾ ਗਿਆ।

ਕੰਬਾਈਨ ਵੱਲੋਂ ਫਸਲ ਦੀ ਕਟਾਈ ਕਰਨ ਤੋਂ ਬਾਅਦ ਪਰਾਲੀ ਸਾੜਨ ਨਾਲ ਕਿਸਾਨਾਂ ਦਾ ਕੰਮ ਕਾਫੀ ਸੌਖਾ ਹੋ ਜਾਂਦਾ ਹੈ।
ਪਰਾਲੀ ਕਿਸਾਨਾਂ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ ਅਤੇ ਉਹ ਜਾਨਵਰਾਂ ਲਈ ਚਾਰੇ ਦਾ ਕੰਮ ਵੀ ਨਹੀਂ ਕਰਦੀ ਹੈ।
ਜੇ ਉਹ ਪਰਾਲੀ ਨੂੰ ਨਹੀਂ ਹਟਾਉਣਗੇ ਤਾਂ ਉਹ ਝੋਨੇ ਦੀ ਬਿਜਾਈ ਵੇਲੇ ਮਸ਼ੀਨਾਂ ਵਿੱਚ ਫਸ ਜਾਵੇਗੀ।
ਪਰਾਲੀ ਨੂੰ ਸਾੜਨਾ ਉਨ੍ਹਾਂ ਲਈ ਕਾਫੀ ਸੌਖਾ ਕੰਮ ਹੈ ਤਾਂ ਜੋ ਮਿੱਟੀ ਨੂੰ ਅਗਲੀ ਫਸਲ ਲਈ ਛੇਤੀ ਤਿਆਰ ਕੀਤਾ ਜਾ ਸਕੇ।
ਅਜਿਹਾ ਹੀ ਨਜ਼ਾਰਾ ਨਾਗੇਂਦਰ ਸ਼ਰਮਾ ਨੇ ਆਪਣੇ ਦਿੱਲੀ ਦੇ ਸਫ਼ਰ ਦੌਰਾਨ ਦੇਖਿਆ ਸੀ।
ਮਹਿੰਗੀ ਹੈ ਮਸ਼ੀਨਰੀ
ਸਿਧਾਰਥ ਸਿੰਘ ਅਨੁਸਾਰ ਭਾਰਤ ਵਿੱਚ ਕਰੀਬ 26,000 ਕੰਬਾਈਨਾਂ ਦਾ ਇਸਤੇਮਾਲ ਹੁੰਦਾ ਹੈ। ਇਹ ਉਸ ਪ੍ਰਕਿਰਿਆ ਦਾ ਹਿੱਸਾ ਬਣਦੀਆਂ ਹਨ ਜਿਸ ਦੀ ਭੂਮਿਕਾ ਪ੍ਰਦੂਸ਼ਣ ਫੈਲਾਉਣ ਵਿੱਚ ਕਾਫੀ ਵੱਡੀ ਮੰਨੀ ਜਾਂਦੀ ਹੈ।
ਸਰਕਾਰ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਹੈਪੀ ਸੀਡਰਜ਼ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ। ਹੈਪੀ ਸੀਡਰ ਨੂੰ ਟਰੈਕਟਰ 'ਤੇ ਲਾਇਆ ਜਾਂਦਾ ਹੈ।

ਇਸ ਨਾਲ ਕਣਕ ਦੇ ਬੀਜਾਂ ਨੂੰ ਪਿਛਲੀ ਫਸਲ ਦੀ ਪਰਾਲੀ ਤੋਂ ਬਚਾ ਕੇ ਮਿੱਟੀ ਵਿੱਚ ਬੀਜਣ ਵਿੱਚ ਮਦਦ ਕਰਦੇ ਹਨ ਪਰ ਇਹ ਮਸ਼ੀਨਾਂ ਬਹੁਤ ਮਹਿੰਗੀਆਂ ਹਨ।
ਇੱਕ ਹੈਪੀ ਸੀਡਰ ਦੀ ਕੀਮਤ 1 ਲੱਖ 30,000 ਹਜ਼ਾਰ ਹੈ ਇਸ ਲਈ ਇਹ ਮਸ਼ੀਨਾਂ ਆਮ ਕਿਸਾਨਾਂ ਦੀ ਪਹੁੰਚ ਤੋਂ ਕਾਫੀ ਦੂਰ ਹਨ।
ਸਿਧਾਰਧ ਸਿੰਘ ਅਨੁਸਾਰ ਪਿਛਲੇ ਸਾਲ ਧੂੰਏਂ ਦੇ ਸੀਜ਼ਨ ਵਿੱਚ ਕਰੀਬ 2,150 ਮਸ਼ੀਨਾਂ ਪੰਜਾਬ ਤੇ ਹਰਿਆਣਾ ਵਿੱਚ ਉਪਲਬਧ ਸਨ ਜਦਕਿ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਕਰੀਬ 21,000 ਮਸ਼ੀਨਾਂ ਦੀ ਲੋੜ ਹੈ।
ਇੱਕ ਹੋਰ ਮਸ਼ੀਨ ਸੁਪਰ ਸਾਅ ਮੈਨੇਜਮੈਂਟ ਸਿਸਟਮ ਵੀ ਹੈ। ਇਹ ਮਸ਼ੀਨ ਪਰਾਲੀ ਨੂੰ ਵੱਢ ਕੇ ਫੈਲਾ ਦਿੰਦੀ ਹੈ। ਇਹ ਮਸ਼ੀਨ ਭਾਵੇਂ ਅਸਰਦਾਰ ਤਾਂ ਹੈ ਪਰ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਕਿਸਾਨਾਂ ਦੀ ਪਹੁੰਚ ਤੋਂ ਦੂਰ ਹੈ।
ਇਹ ਵੀ ਪੜ੍ਹੋ:
ਸਿਧਾਰਥ ਅਨੁਸਾਰ ਜੇ ਅਗਲੇ ਪੰਜ ਸਾਲਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੈ ਤਾਂ ਹਰ ਸਾਲ 12,000 ਹੈਪੀ ਸੀਡਰ ਮਸ਼ੀਨਾਂ ਨੂੰ ਖਰੀਦਣ ਦੀ ਲੋੜ ਹੈ।
ਉਨ੍ਹਾਂ ਅਨੁਸਾਰ ਭਾਰਤ ਵਿੱਚ ਅਗਲਾ ਹਰਾ ਇਨਕਲਾਬ ਮਸ਼ੀਨਾਂ ਨਾਲ ਜੁੜਿਆ ਹੋਵੇਗਾ। ਇਹ ਇਨਕਲਾਬ ਖੇਤੀ ਤੋਂ ਲੈ ਕੇ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠੇਗਾ।
ਜਦੋਂ ਤੱਕ ਅਜਿਹਾ ਨਹੀਂ ਹੁੰਦਾ ਦਿੱਲੀ ਦੇ ਇੱਕ ਕਰੋੜ 80 ਲੱਖ ਲੋਕ ਜ਼ਹਿਰੀਲੀ ਹਵਾ ਵਿੱਚ ਸਾਹ ਲੈਂਦੇ ਰਹਿਣਗੇ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ꞉
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












