ਜਥੇਦਾਰ ਹਰਪ੍ਰੀਤ ਸਿੰਘ ਬਣੇ ਅਕਾਲ ਤਖ਼ਤ ਦੇ ਜਥੇਦਾਰ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਅੰਤ੍ਰਿਗ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਹੈ।

ਅੰਤ੍ਰਿਗ ਕਮੇਟੀ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ, ''ਸਾਡੀ ਬੈਠਕ ਦਾ ਏਜੰਡਾ ਇਹੀ ਸੀ ਕਿ ਅਗਲਾ ਜਥੇਦਾਰ ਕੌਣ ਹੋਵੇਗਾ। ਬੈਠਕ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ।''

"ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਸ ਵੇਲੇ ਤੱਕ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹੋਣਗੇ ਜਦੋਂ ਤੱਕ ਪੱਕੇ ਤੌਰ 'ਤੇ ਜਥੇਦਾਰ ਦੀ ਨਿਯੁਕਤੀ ਨਹੀਂ ਹੋ ਜਾਂਦੀ। ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦਾ ਵੀ ਕਾਰਜ ਭਾਰ ਸੰਭਾਲਣਗੇ।''

ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫਾ ਦੇਣ ਦਾ ਕਾਰਨ

ਆਪਣੇ ਅਸਤੀਫ਼ੇ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਲਿਖਿਆ ਸੀ, ''ਕੁਦਰਤ ਦੇ ਨਿਯਮ ਅਨੁਸਾਰ ਵਡੇਰੀ ਉਮਰ ਅਤੇ ਇਸ ਨਾਲ ਜੁੜੀਆਂ ਸਿਹਤ ਦੀਆਂ ਕੁਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਦਾਸ ਬਹੁਤ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ।''

ਉਨ੍ਹਾਂ ਅੱਗੇ ਲਿਖਿਆ, ''ਖਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਅਹਿਮ ਅਹੁਦੇ ਲਈ ਯੋਗ ਵਿਅਕਤੀ ਨੂੰ ਨਿਯੁਕਤ ਕਰਕੇ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇ।''

ਜਥੇਦਾਰਾਂ ਦੇ ਵਿਵਾਦਤ ਫੈਸਲਿਆਂ ਕਰਕੇ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿਚ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਧਰਮ ਵਿੱਚ ਵਿਲੱਖਣ ਅਹਿਮੀਅਤ ਹੈ। ਅਜਿਹੇ ਵਿੱਚ ਇਸ ਇਤਿਹਾਸਕ ਸੰਸਥਾ ਦੇ ਪ੍ਰਸੰਗ ਨੂੰ ਜਾਣਨਾ ਅਹਿਮ ਹੈ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸਿੱਖ ਧਰਮ ਦੇ ਸਿਰਮੌਰ ਅਹੁਦਿਆਂ ਵਿੱਚੋਂ ਹੈ ਪਰ ਪਿਛਲੇ ਅਰਸੇ ਦੌਰਾਨ ਜਥੇਦਾਰਾਂ ਉੱਤੇ ਖ਼ਾਸ ਸਿਆਸੀ ਧਿਰ ਦਾ ਪੱਖ ਪੂਰਨ ਦੇ ਇਲਜ਼ਾਮ ਲੱਗਣ ਕਰਕੇ ਇਹ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ।

ਮਿਸਾਲ ਵਜੋਂ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਪਰ ਜਦੋਂ ਸਿੱਖ ਸੰਗਤ ਵਿੱਚ ਇਸ ਫੈਸਲੇ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਗਿਆ ਤਾਂ ਮਾਫੀ ਦਾ ਫੈਸਲਾ ਵਾਪਸ ਲੈ ਲਿਆ ਗਿਆ।

ਅਕਾਲ ਤਖ਼ਤ ਸਾਹਿਬ ਦੇ ਸਿਆਸੀਕਰਨ ਦੇ ਇਸ ਸਮੁੱਚੇ ਪ੍ਰਕਰਣ ਨਾਲ ਸੰਸਥਾ ਦੇ ਵਕਾਰ ਨੂੰ ਵੀ ਢਾਹ ਲੱਗੀ ਹੈ।

ਅਕਾਲ ਤਖ਼ਤ ਸਾਹਿਬ ਕੀ ਹੈ?

ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਅਕਾਲ ਤਖ਼ਤ ਪ੍ਰਮੁੱਖ ਹੈ। ਇਸ ਦੀ ਮਹੱਤਤਾ ਇਸ ਲਈ ਵਧੇਰੇ ਹੈ ਕਿਉਂਕਿ ਇਸਦੀ ਸਥਾਪਨਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ( 15 ਜੂਨ, 1606) ਕੀਤੀ ਸੀ। ਇਸ ਦਾ ਪਹਿਲਾ ਨਾਂ ਅਕਾਲ ਬੁੰਗਾ ਸੀ।

ਇੱਥੇ ਗੁਰੂ ਸਾਹਿਬ ਸਿੱਖਾਂ ਦੇ ਸਿਆਸੀ ਅਤੇ ਸਮਾਜਿਕ ਮਸਲਿਆਂ ਦੇ ਹੱਲ ਕਰਿਆ ਕਰਦੇ ਸਨ। ਇਤਿਹਾਸਕ ਤੌਰ 'ਤੇ ਇਹ ਹਰਮੰਦਿਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।

ਇਤਿਹਾਸਕ ਰਵਾਇਤ ਅਨੁਸਾਰ ਗੁਰੂ ਸਾਹਿਬ ਨੇ ਇਸ ਦਾ ਨਿਰਮਾਣ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਨਿਰਮਾਣ ਲਈ ਕੱਢੀ ਮਿੱਟੀ ਦੇ ਢੇਰ ਨਾਲ ਬਣੇ ਉੱਚੇ ਸਥਾਨ 'ਤੇ ਕੀਤਾ ਸੀ।

ਇਹ ਵੀ ਪੜ੍ਹੋ꞉

ਅਕਾਲ ਤਖ਼ਤ ਦੀ ਅਹਿਮੀਅਤ ਕਿਉਂ ਹੈ?

ਸਿੱਖਾਂ ਦੇ ਪੰਜ ਤਖ਼ਤ ਹਨ- ਅਕਾਲ ਤਖ਼ਤ ਸਾਹਿਬ, ਕੇਸ਼ਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ। ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ।

ਰਵਾਇਤ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਸਿੱਖ ਧਰਮ ਦੀਆਂ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤੀ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਢੁਕਵਾਂ ਫੈਸਲਾ ਕੀਤਾ ਜਾਂਦਾ ਹੈ।

ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਅਤੇ ਗੁਰ ਮਰਿਆਦਾ ਦੀ ਰੌਸ਼ਨੀ ਵਿੱਚ ਹੀ ਆਪਣੇ ਫੈਸਲੇ ਕਰਨ।

ਅਕਾਲ ਤਖ਼ਤ ਸਾਹਿਬ ਦਾ ਇਤਿਹਾਸਕ ਪ੍ਰਸੰਗ ਕੀ ਹੈ?

ਇਤਿਹਾਸਕ ਰਵਾਇਤ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਹੁਕਮਨਾਮਾ ਇਸ ਦੇ ਸੰਸਥਾਪਕ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਹੀ ਜਾਰੀ ਕੀਤਾ ਗਿਆ ਸੀ।

ਗੁਰਗੱਦੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਕੀਤੇ ਸਨ ਕਿ ਉਹ ਗੁਰੂ ਘਰ ਲਈ ਵਧੀਆ ਘੋੜੇ ਅਤੇ ਜਵਾਨਾਂ ਦੀ ਭੇਟਾ ਲੈ ਕੇ ਆਉਣ।

ਇਸ ਸਮੇਂ ਨੂੰ ਇਤਿਹਾਸ ਵਿੱਚ ਸਿੱਖ ਧਰਮ ਲਈ ਨਵਾਂ ਮੋੜ ਕਿਹਾ ਜਾਂਦਾ ਹੈ ਜਦੋਂ ਸਿੱਖ ਗੁਰੂਆਂ ਨੇ ਨਿਰੋਲ ਧਾਰਮਿਕ ਅਗਵਾਈ ਦੇ ਨਾਲ-ਨਾਲ ਸਿੱਖਾਂ ਦੀ ਸਿਆਸੀ ਰਾਹਨੁਮਾਈ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਗੁਰੂ ਸਾਹਿਬਾਨ ਨੇ ਬਾਕਾਇਦਾ ਫੌਜ ਵੀ ਰੱਖਣੀ ਸ਼ੁਰੂ ਕਰ ਦਿੱਤੀ।

ਸਿੱਟੇ ਵਜੋਂ ਸਿੱਖਾਂ ਦੀਆਂ ਤਤਕਾਲੀ ਮੁਗਲ ਹਾਕਮਾਂ ਨਾਲ ਵੀਂ ਟੱਕਰਾਂ ਹੋਣ ਲੱਗੀਆਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਪੂਰੇ ਸਿਖਰ ਤੱਖ ਅਪੜ ਗਈਆਂ।

ਅਕਾਲ ਤਖ਼ਤ ਦੇ ਜੱਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਕੀ ਹੈ?

ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਗੁਰਦੁਆਰਿਆਂ ਦੇ ਗੁਰਮਤਿ ਦੇ ਸਿਧਾਂਤਾਂ ਮੁਤਾਬਕ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ। ਉਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ।

18ਵੀਂ ਸਦੀ ਵਿੱਚ ਇਹ ਨਿਯੁਕਤੀ ਸਰਬੱਤ ਖ਼ਾਲਸਾ ਵੱਲੋਂ ਸਮੂਹਿਕ ਤੌਰ 'ਤੇ ਕੀਤੀ ਜਾਂਦੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਅਪਣਾਈ ਜਾਂਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਮੰਗ ਸਮੇਂ-ਸਮੇਂ 'ਤੇ ਸਿੱਖ ਸਮਾਜ ਵਿੱਚ ਉੱਠਦੀ ਰਹੀ ਹੈ।

ਅਕਾਲ ਤਖ਼ਤ ਸਾਹਿਬ ਦੇ ਪ੍ਰਮੁੱਖ ਜਥੇਦਾਰ

ਜਥੇਦਾਰਾਂ ਦੀ ਲੜੀ ਵਿੱਚ ਭਾਈ ਗੁਰਦਾਸ ਜੀ (ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ) ਪਹਿਲੇ ਅਤੇ ਗਿਆਨੀ ਗੁਰਬਚਨ ਸਿੰਘ ਤੀਹਵੇਂ ਜਥੇਦਾਰ ਸਨ।

ਇਤਿਹਾਸ ਵਿੱਚ ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ ਇਸ ਤਖ਼ਤ ਦੇ ਜਥੇਦਾਰ ਰਹੇ ਹਨ। ਭਾਈ ਮਨੀ ਸਿੰਘ ਨੂੰ ਮੁਗਲ ਕਾਲ ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਜਦੋਂ ਕਿ ਅਕਾਲੀ ਫੂਲਾ ਸਿੰਘ ਦੀ ਸ਼ਖ਼ਸ਼ੀਅਤ ਤੋਂ ਮਹਾਰਜਾ ਰਣਜੀਤ ਸਿੰਘ ਵੀ ਭੈਅ ਖਾਂਦੇ ਸਨ।

ਪਿਛਲੇ ਸਮਿਆਂ ਵਿੱਚ- ਪ੍ਰੋਫੈਸਰ ਮਨਜੀਤ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ ਵੇਦਾਂਤੀ ਇਸ ਦੇ ਜਥੇਦਾਰ ਰਹੇ ਹਨ।

ਅਕਾਲ ਤਖ਼ਤ ਦੇ ਵਿਸ਼ੇਸ਼ ਅਧਿਕਾਰ

ਉੰਝ ਤਾਂ ਪੰਜ ਪਿਆਰਿਆਂ ਦੇ ਸਿਧਾਂਤ ਮੁਤਾਬਕ ਸਾਰੇ ਜਥੇਦਾਰਾਂ ਦਾ ਰੁਤਬਾ ਬਰਾਬਰ ਹੈ ਪਰ ਇਨ੍ਹਾਂ ਵੱਲੋਂ ਲਏ ਸਾਂਝੇ ਫੈਸਲਿਆਂ ਨੂੰ ਅਕਾਲ ਤਖ਼ਤ ਸਾਹਬ ਤੋਂ ਹੀ ਜਾਰੀ ਕੀਤਾ ਜਾਂਦਾ ਹੈ। ਸਿੱਖ ਧਾਰਮਿਕ ਰਵਾਇਤਾਂ ਮੁਤਾਬਕ ਅਕਾਲ ਤਖ਼ਤ ਨੂੰ ਸਿਰਮੌਰ ਰੁਤਬਾ ਹਾਸਲ ਰਿਹਾ ਹੈ।

ਕੋਈ ਵੀ ਸਿੱਖ ਅਕਾਲ ਤਖ਼ਤ ਤੋਂ ਉੱਪਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ (ਇੱਥੋਂ ਤੱਕ ਕਿ ਮਹਾਰਜਾ ਰਣਜੀਤ ਸਿੰਘ ਵੀ, ਸੱਦੇ ਜਾਣ ’ਤੇ ਇੱਕ ਸਿੱਖ ਵਜੋਂ ਹੀ ਪੇਸ਼ ਹੁੰਦੇ ਸਨ। ਤਤਕਾਲੀ ਜਥੇਦਾਰ ਬਾਬਾ ਫੂਲਾ ਸਿੰਘ ਨੇ ਉਨ੍ਹਾਂ ਨੂੰ ਕੋੜਿਆਂ ਦੀ ਸਜ਼ਾ ਦਿੱਤੀ ਤਾਂ ਉਨ੍ਹਾਂ ਉਹ ਕੋੜੇ ਵੀ ਇੱਕ ਸਿੱਖ ਵਜੋਂ ਹੀ ਆਪਣੀ ਪਿੱਠ ’ਤੇ ਖਾਧੇ ਸਨ)।

ਕਈ ਮਾਮਲਿਆਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੂਜੇ ਚਾਰ ਸਿੰਘ ਸਾਹਿਬਾਨ ਦੀ ਸਲਾਹ ਨਾਲ ਫੌਰੀ ਫੈਸਲਾ ਵੀ ਲੈ ਸਕਦਾ ਹੈ। ਅਕਾਲ ਤਖ਼ਤ ਤੋਂ ਸਿੱਖਾਂ ਦੇ ਨਾਂ ਜਾਰੀ ਕੀਤੇ ਜਾਂਦੇ ਹੁਕਮ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ ਜਿਸ ਦੀ ਪਾਲਣਾ ਲਈ ਹਰੇਕ ਨਾਨਕ ਨਾਮ ਲੇਵਾ ਸਿੱਖ ਧਾਰਮਿਕ ਤੌਰ 'ਤੇ ਪਾਬੰਦ ਹੈ।

ਸਰਕਾਰਾਂ ਨਾਲ ਟਕਰਾਅ

ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਜੀਵਨ ਊਰਜਾ ਦਾ ਸੋਮਾ ਰਿਹਾ ਹੈ ਜਿਸ ਕਰਕੇ ਇਹ ਤਤਕਾਲੀ ਸਰਕਾਰਾਂ ਇਸ ਨੂੰ ਆਪਣੇ ਸ਼ਰੀਕ ਵਜੋਂ ਦੇਖਦੀਆਂ ਰਹੀਆਂ ਹਨ ਅਤੇ ਹਮਲੇ ਕਰਦੀਆਂ ਰਹੀਆਂ ਹਨ।

ਤਾਜ਼ਾ ਪ੍ਰਕਰਣ ਵਿੱਚ 4 ਜੂਨ 1984 ਨੂੰ ਅਜ਼ਾਦ ਭਾਰਤ ਵਿੱਚ ਹਿੰਦੁਸਤਾਨੀ ਫੌਜ ਨੇ ਆਪਰੇਸ਼ਨ ਬਲੂ ਸਟਾਰ ਤਹਿਤ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ। ਜਿਸ ਵਿੱਚ ਮੁੱਖ ਨਿਸ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਣਾਇਆ ਗਿਆ।

ਇਹ ਵੀ ਪੜ੍ਹੋ꞉

ਹਮਲੇ ਤੋਂ ਬਾਅਦ ਸਰਕਾਰ ਨੇ ਇਸ ਦੀ ਮੁੜ ਉਸਾਰੀ ਕਰਵਾਈ ਜਿਸ ਨੂੰ ਸਿੱਖਾਂ ਨੇ ਖਾਰਜ ਕਰਦੇ ਹੋਏ ਮੁੜ ਉਸਾਰੀ ਕਰਕੇ ਵਰਤਮਾਨ ਇਮਾਰਤ ਦਾ ਨਿਰਮਾਣ ਕਰਵਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)