You’re viewing a text-only version of this website that uses less data. View the main version of the website including all images and videos.
ਪਰਾਲੀ ਦੇ ਪ੍ਰਦੂਸ਼ਣ ਨੂੰ ਟਵਿੱਟਰ 'ਤੇ ਲਿਆਏ ਕੈਪਟਨ ਤੇ ਸੁਖਬੀਰ
ਪੰਜਾਬ ਵਿੱਚ ਪਰਾਲੀ ਸਾੜਣ ਦੀ ਸਮੱਸਿਆ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ 'ਤੇ ਸ਼ਬਦਾਂ ਦੀ ਜੰਗ ਹੋਈ। ਮੁੱਦਾ ਪਰਾਲੀ ਸਾੜਣ ਦੀ ਸਮੱਸਿਆ ਦੇ ਹੱਲ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਮਿਲੀ ਫੰਡਿੰਗ ਦਾ ਸੀ।
ਸੁਖਬੀਰ ਬਾਦਲ ਨੇ ਟਵੀਟ ਕਰਕੇ ਕੈਪਟਨ 'ਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਪਰਾਲੀ ਸਾੜਣ ਦੀ ਸਮੱਸਿਆ ਨੂੰ ਰੋਕਣ ਲਈ ਇੱਕ ਵੀ ਕਿਸਾਨ ਨੂੰ ਪੈਸੇ ਕਿਉਂ ਨਹੀਂ ਦਿੱਤੇ ?
ਉਨ੍ਹਾਂ ਲਿਖਿਆ, ''ਪਰਾਲੀ ਸਾੜਣ ਦੀ ਸਮੱਸਿਆ ਨੂੰ ਰੋਕਣ ਲਈ ਕੇਂਦਰ ਸਰਕਾਰ ਤੋਂ ਮਿਲੇ 385 ਕਰੋੜ ਰੁਪੱਈਆਂ 'ਚੋਂ ਕਿਸਾਨਾਂ ਨੂੰ ਪੈਸੇ ਕਿਉਂ ਨਹੀਂ ਦਿੱਤੇ ਗਏ? ਦਿੱਲੀ ਕਿਉਂ ਜਾ ਰਹੇ ਹੋ, ਆਪਣੀ ਹਾਰ ਲੁਕਾਉਣ ਲਈ ? #kaamkarophotochaddo''
ਕੈਪਟਨ ਅਮਰਿੰਦਰ ਨੇ ਕੁਝ ਸਮੇਂ ਬਾਅਦ ਟਵੀਟ ਦਾ ਜਵਾਬ ਦਿੱਤਾ। ਉਨ੍ਹਾਂ ਲਿਖਿਆ, ''ਪਰਾਲੀ ਸਾੜਣ ਦੀ ਸਮੱਸਿਆ ਲਈ ਸਰਕਾਰ ਨੇ ਮੈਨੂੰ ਬੇਹੱਦ ਘੱਟ 665 ਕਰੋੜ ਰੁਪਇਆਂ ਦੇ ਬਜਟ 'ਚੋਂ ਸਿਰਫ 260 ਕਰੋੜ ਰੁਪਏ ਹੀ ਦਿੱਤੇ ਹਨ। #actionspeak''
''ਉਸ ਵਿੱਚੋਂ ਅਸੀਂ ਪਹਿਲਾਂ ਹੀ 25,000 ਮਸ਼ੀਨਾਂ ਖਰੀਦਣ ਦੇ ਲਈ 250 ਕਰੋੜ ਰੁਪਏ ਖਰਚ ਚੁੱਕੇ ਹਾਂ। 15, 367 ਕਿਸਾਨਾਂ ਨੂੰ ਪਹੁੰਚ ਵੀ ਗਈਆਂ ਹਨ ਅਤੇ ਬਾਕੀ ਦੀਆਂ ਅਕਤੂਬਰ ਦੇ ਅੰਤ ਤੱਕ ਪਹੁੰਚ ਜਾਣਗੀਆਂ।''
ਕੈਪਟਨ ਨੇ ਅੱਗੇ ਲਿਖਿਆ, ''ਮੈਂ ਸਰਕਾਰ ਤੋਂ ਕਿਸਾਨਾਂ ਲਈ 100 ਰੁਪਏ ਪ੍ਰਤਿ ਕੁਇੰਟਲ ਦਾ ਮੁਆਵਜ਼ਾ ਮੰਗਿਆ ਹੈ।''
''ਜੇ ਤੁਸੀਂ ਤੁਹਾਡੇ ਛੱਡੇ 31000 ਕਰੋੜ ਰੁਪਏ ਦੇ ਸੀਸੀਐੱਲ (ਕੈਸ਼ ਕਰੈਡਿਟ ਲਿਮਟ) ਗੈਪ ਨੂੰ ਦੂਰ ਕਰਨ ਬਾਰੇ ਕੀਤੀਆਂ ਕੋਸ਼ਿਸ਼ਾਂ ਦੀ ਗੱਲ ਕਰ ਰਹੇ ਹੋ ਤਾਂ ਮੈਂ ਪੰਜਾਬ ਤੋਂ ਬਾਹਰ ਜਾ ਕੇ ਵੀ ਪੰਜਾਬ ਨੂੰ ਇਸ ਮੁਸ਼ਕਲ 'ਚੋਂ ਕੱਢਾਂਗਾ। ਤੁਸੀਂ ਪੰਜਾਬੀਆਂ ਨੂੰ ਬੇਵਕੂਫ ਨਹੀਂ ਬਣਾ ਸਕਦੇ।''
ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਪਰਾਲੀ ਸਾੜਣ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ।
ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੂੰ 100 ਰੁਪਏ ਪ੍ਰਤਿ ਕੁਇੰਟਲ ਮੁਆਵਜ਼ਾ ਦੇ ਦਿੱਤਾ ਜਾਏ ਤਾਂ ਇਸ ਦਾ ਹੱਲ ਕੱਢਿਆ ਜਾ ਸਕਦਾ ਹੈ।
ਸੁਖਬੀਰ ਬਾਦਲ ਮੁਤਾਬਕ ਸੀਐੱਮ ਦਾ ਇਹ ਦਿੱਲੀ ਦੌਰਾ ਸਿਰਫ ਫੋਟੋ ਖਿਚਵਾਉਣ ਲਈ ਸੀ।
ਉਨ੍ਹਾਂ ਮੁਤਾਬਕ ਕੈਪਟਨ ਨੂੰ ਕੇਂਦਰ ਵੱਲੋਂ ਮਿਲੇ 385 ਕਰੋੜ ਰੁਪਏ ਦਾ ਹਿਸਾਬ ਦੇਣਾ ਚਾਹੀਦਾ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਤੁਰੰਤ ਕਿਸਾਨਾਂ ਨੂੰ ਪਰਾਲੀ ਸਾਂਭਣ ਲਈ 3000 ਰੁਪਏ ਪ੍ਰਤਿ ਏਕੜ ਦੇਣੇ ਚਾਹੀਦੇ ਹਨ।
ਸੋਸ਼ਲ ਮੀਡੀਆ 'ਤੇ ਹੋਈ ਇਸ ਬਹਿਸ ਵਿੱਚ ਆਮ ਲੋਕ ਵੀ ਕੁੱਦੇ
ਜੋਬਨ ਰੰਧਾਵਾ ਨੇ ਲਿਖਿਆ, ''ਮੈਨੂੰ ਲੱਗ ਰਿਹਾ ਹੈ ਕਿ ਤੁਸੀਂ ਦੋਵੇਂ ਵਧੀਆ ਕਮਰਿਆਂ ਵਿੱਚ ਇਕੱਠਿਆਂ ਬਹਿ ਕੇ ਇਹ ਟਵੀਟ ਲਿੱਖ ਰਹੇ ਹੋ। ਤੁਸੀਂ ਦੋਹਾਂ ਨੂੰ ਇਸ 'ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਤੁਸੀਂ ਵੀ ਉਸੇ ਹਵਾ ਵਿੱਚ ਸਾਹ ਲੈਂਦੇ ਹੋ ਜਿੱਥੇ ਅਸੀਂ ਲੈਂਦੇ ਹਾਂ।''
ਆਸਿਫ ਰਾਣਾ ਨੇ ਲਿਖਿਆ, ''ਇਨ੍ਹਾਂ ਦੇ ਰਾਜ ਵਿੱਚ ਹੋਏ ਘੁਟਾਲਿਆਂ ਦੀ ਜਾਂਚ ਕਰਾਓ, ਇਨ੍ਹਾਂ ਨੂੰ ਖੁਲ੍ਹਾ ਕਿਉਂ ਛੱਡਿਆ ਹੋਇਆ ਹੈ?''
ਅਜੇ ਕੱਪਸ ਨੇ ਲਿਖਿਆ, ''ਕੈਪਟਨ ਨੂੰ ਪੁੱਛਣ ਤੋਂ ਪਹਿਲਾਂ ਤੁਸੀਂ ਦੱਸੋ ਕਿ ਆਪਣੀ ਸਰਕਾਰ ਦੌਰਾਨ ਤੁਸੀਂ ਕਿਸਾਨਾਂ ਲਈ ਕੀ ਕੀਤਾ?''
ਪਿਛਲੇ ਸਾਲ ਵਾਂਗ ਹੀ ਪਰਾਲੀ ਸਾੜਣ ਕਾਰਨ ਹਵਾ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ। ਦਿੱਲੀ ਵਿੱਚ ਹਵਾ ਦਾ ਪੱਧਰ ਕਾਫੀ ਡਿੱਗ ਗਿਆ ਹੈ।