You’re viewing a text-only version of this website that uses less data. View the main version of the website including all images and videos.
ਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ
ਪਤੀ, ਪਤਨੀ ਤੇ ਅੱਠ ਸਾਲ ਦਾ ਬੱਚਾ 1 ਅਕਤੂਬਰ ਦੀ ਰਾਤ ਏਅਰ-ਕੰਡੀਸ਼ਨਰ ਚਲਾ ਕੇ ਸੁੱਤੇ। 2 ਅਕਤੂਬਕ ਦੀ ਸਵੇਰ ਨਹੀਂ ਦੇਖ ਸਕੇ।
ਦਰਵਾਜ਼ਾ ਤੋੜ ਕੇ ਅੰਦਰ ਵੜੀ ਪੁਲਿਸ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਚੇੱਨਈ ਦੀ ਹੈ।
ਖਬਰ ਏਜੰਸੀ ਪੀਟੀਆਈ ਮੁਤਾਬਕ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਮੌਤ ਦਾ ਕਾਰਨ ਏਅਰ-ਕੰਡੀਸ਼ਨਰ ਤੋਂ ਲੀਕ ਜ਼ਹਿਰੀਲੀ ਗੈਸ ਬਣੀ।
ਪੁਲਿਸ ਨੇ ਦੱਸਿਆ ਕਿ ਰਾਤ ਨੂੰ ਬਿਜਲੀ ਜਾਣ ’ਤੇ ਇਨਵਰਟਰ ਚੱਲਿਆ ਪਰ ਜਦੋਂ ਬਿਜਲੀ ਮੁੜ ਆ ਗਈ ਤਾਂ ਏ.ਸੀ. ਤੋਂ ਗੈਸ ਲੀਕ ਹੋ ਗਈ।
ਇਹ ਵੀ ਪੜ੍ਹੋ:
ਏ.ਸੀ. ਕਾਰਨ ਜਾਨ ਨੂੰ ਖਤਰੇ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਏ.ਸੀ. ਦਾ ਕੰਪਰੈਸਰ ਫਟਣ ਕਾਰਨ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਅਜਿਹੀਆਂ ਵੀ ਰਿਪੋਰਟਾਂ ਹਨ ਕਿ ਘਰਾਂ ਅਤੇ ਦਫ਼ਤਰਾਂ ਵਿੱਚ ਏ.ਸੀ. ਨਾਲ ਲੋਕਾਂ ਨੂੰ ਸਿਰ ਦਰਦ ਤੇ ਸਾਹ ਲੈਣ ’ਚ ਮੁਸ਼ਕਲਾਂ ਹੋਈਆਂ ਹਨ।
ਧਿਆਨ ਰੱਖੋ
ਸਵਾਲ ਇਹ ਹੈ ਕਿ ਠੰਢਕ ਪਹੁੰਚਾਉਣ ਵਾਲਾ ਏ.ਸੀ. ਜਾਨਲੇਵਾ ਕਿਵੇਂ ਬਣ ਜਾਂਦਾ ਹੈ ਅਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸੈਂਟਰ ਫਾਰ ਸਾਈਂਸ ਐਂਡ ਐਨਵਾਇਰਨਮੈਂਟ (ਸੀਐਸਈ) ਵਿੱਚ ਪ੍ਰੋਗਰਾਮ ਮੈਨੇਜਰ ਅਵਿਕਲ ਸੋਮਵੰਸ਼ੀ ਨੇ ਬੀਬੀਸੀ ਨਾਲ ਇਸ ਬਾਰੇ ਗੱਲਬਾਤ ਕੀਤੀ।
ਸੋਮਵੰਸ਼ੀ ਦੱਸਦੇ ਹਨ, "ਹੁਣ ਜੋ ਏ.ਸੀ. ਉਪਲਬਧ ਹਨ ਉਨ੍ਹਾਂ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਜ਼ਹਿਰੀਲੀ ਗੈਸ ਇਸਤੇਮਾਲ ਕੀਤੀ ਜਾਂਦੀ ਹੈ। ਇਹ ਆਰ-290 ਗੈਸ ਹੈ, ਇਸ ਤੋਂ ਇਲਾਵਾ ਵੀ ਕਈ ਹੋਰ ਗੈਸਾਂ ਹਨ।''
"ਪਹਿਲਾਂ ‘ਕਲੋਰੋ ਫਲੋਰੋ ਕਾਰਬਨ’ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਹ ਉਹੀ ਗੈਸ ਹੈ ਜਿਸ ਨੂੰ ਓਜ਼ੋਨ ਲੇਅਰ ਵਿੱਚ ਸੁਰਾਖ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਰਿਹਾ ਹੈ। ਬੀਤੇ ਤਕਰੀਬਨ 15 ਸਾਲਾਂ ਤੋਂ ਇਸ ਗੈਸ ਦੇ ਇਸਤੇਮਾਲ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਫਿਰ ‘ਹਾਈਡਰੋ ਕਲੋਰੋ ਫਲੋਰੋ ਕਾਰਬਨ’ ਦਾ ਇਸਤੇਮਾਲ ਕੀਤਾ ਗਿਆ। ਹੁਣ ਇਸ ਨੂੰ ਵੀ ਹਟਾਇਆ ਜਾ ਰਿਹਾ ਹੈ।"
ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਤੁਹਾਡੇ ਘਰ ਵਿੱਚ ਜੋ ਏ.ਸੀ. ਹੈ ਉਸ ਵਿੱਚ ਕਿਹੜੀ ਗੈਸ ਹੋਣੀ ਚਾਹੀਦੀ ਹੈ।
ਇਸ ਦਾ ਜਵਾਬ ਸੋਮਵੰਸ਼ੀ ਦਿੰਦੇ ਹਨ, “ਭਾਰਤ ਵਿੱਚ ਜਿਸ ਗੈਸ ਦੀ ਵਰਤੋਂ ਹੋ ਰਹੀ ਹੈ ਉਹ ‘ਹਾਈਡਰੋ ਫਲੋਰੋ ਕਾਰਬਨ’ ਹੈ। ਕੁਝ ਕੰਪਨੀਆਂ ਨੇ ਸ਼ੁੱਧ ਹਾਈਡਰੋ ਕਾਰਬਨ ਨਾਲ ਏ.ਸੀ. ਬਣਾਉਣਾ ਸ਼ੁਰੂ ਕੀਤਾ ਹੈ। ਪੂਰੀ ਦੁਨੀਆਂ ਵਿੱਚ ਇਸੇ ਗੈਸ ਦੀ ਵਰਤੋਂ ’ਤੇ ਜ਼ੋਰ ਦਿੱਤਾ ਜਾਂ ਰਿਹਾ ਹੈ।”
ਇਹ ਵੀ ਪੜ੍ਹੋ:
“ਇਹ ਗੈਸ ਬਾਕੀਆਂ ਤੋਂ ਬਿਹਤਰ ਹੁੰਦੀ ਹੈ। ਇਸ ਤੋਂ ਇਲਾਵਾ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਹੈ ਕਿ ਨੈਚੁਰਲ ਗੈਸਾਂ ਦੀ ਵਰਤੋਂ ਕੀਤੀ ਜੀ ਸਕੇ।”
ਦਿੱਲੀ ਵਿੱਚ ਨਿੱਜੀ ਹਸਪਤਾਲਾਂ ਵਿੱਚ ਪ੍ਰੈਕਟਿਸ ਕਰ ਰਹੇ ਡਾਕਟਰ ਕੌਸ਼ਲ ਮੁਤਾਬਕ, “ਕਲੋਰੋ ਫਲੋਰੋ ਨਾਲ ਸਿੱਧਾ ਸਾਡੇ ਸਰੀਰ ਤੇ ਕੋਈ ਅਸਰ ਨਹੀਂ ਹੁੰਦਾ ਹੈ। ਜੇ ਇਹ ਗੈਸ ਲੀਕ ਹੋਕੇ ਵਾਤਾਵਰਨ ਵਿੱਚ ਮਿਲ ਜਾਵੇ ਤਾਂ ਨੁਕਸਾਨ ਪਹੁੰਚਾ ਸਕਦੀ ਹੈ।”
ਸੀਐਸਈ ਮੁਤਾਬਕ, ਏ.ਸੀ. ਤੋਂ ਨਿਕਲੀ ਗੈਸ ਨਾਲ ਸਿਰ ਪੀੜ ਦੀ ਸ਼ਿਕਾਇਤ ਤਾਂ ਹੁੰਦੀ ਹੀ ਹੈ ਪਰ ਮੌਤ ਕੁਝ ਹੀ ਮਾਮਲਿਆਂ ਵਿੱਚ ਹੁੰਦੀ ਹੈ।
ਏਸੀ ਤੋਂ ਗੈਸ ਲੀਕ: ਇਸ ਦਾ ਪਤਾ ਕਿਵੇਂ ਲਗਦਾ ਹੈ?
ਜੇ ਤੁਹਾਡੇ ਘਰ ਦਾ ਏ.ਸੀ. ਲੀਕ ਹੋ ਰਿਹਾ ਹੈ ਤਾਂ ਇਹ ਪਤਾ ਕਰਨਾ ਮੁਸ਼ਕਿਲ ਹੁੰਦਾ ਹੈ।
ਸੀਐਸਈ ਮੁਤਾਬਕ ਗੈਸ ਦੀ ਕੋਈ ਗੰਧ ਨਹੀਂ ਹੁੰਦੀ ਪਰ ਬਾਵਜੂਦ ਇਸ ਦੇ ਗੈਸ ਲੀਕ ਇਨ੍ਹਾਂ ਕੁਝ ਕਾਰਨਾਂ ਕਰਕੇ ਹੁੰਦੀ ਹੈ, ਜਿਨ੍ਹਾਂ ਦਾ ਧਿਆਨ ਰੱਖ ਕੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।
- ਏ.ਸੀ. ਸਹੀ ਤਰੀਕੇ ਨਾਲ ਫਿੱਟ ਹੋਵੇ
- ਜਿਹੜੀਆਂ ਪਾਈਪਾਂ ਵਿੱਚ ਗੈਸ ਦੌੜਦੀ ਹੈ, ਉਹ ਸਹੀ ਤਰੀਕੇ ਨਾਲ ਕੰਮ ਕਰਨ
- ਪੁਰਾਣੇ ਏ.ਸੀ. ਦੀ ਟਿਊਬ ਵਿੱਚ ਨਾ ਲੱਗੇ ਜੰਗਾਲ
- ਏ.ਸੀ. ਚੰਗੀ ਤਰ੍ਹਾਂ ਠੰਢਾ ਨਹੀਂ ਹੋ ਰਿਹਾ ਹੋਵੇ
ਘਰ ਵਿੱਚ ਏਸੀ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਹਰ ਸਾਲ ਸਰਵਿਸ ਕਰਵਾਓ
- ਦਿਨ ਵਿੱਚ ਇੱਕ ਵਾਰੀ ਕਮਰੇ ਦੀਆਂ ਖਿੜਕੀਆਂ-ਦਰਵਾਜ਼ੇ ਖੋਲ੍ਹ ਦਿਓ
- ਸਰਵਿਸ ਕਿਸੇ ਭਰੋਸੇਮੰਦ, ਸਰਟੀਫਾਈਡ ਮੈਕੇਨਿਕ ਨਾਲ ਕਰਵਾਓ
- ਸਪਲਿਟ ਏ.ਸੀ., ਵਿੰਡੋ ਏਸੀ ਮੁਕਾਬਲੇ ਬਿਹਤਰ
- ਗੈਸ ਦੀ ਕਵਾਲਿਟੀ ਦਾ ਧਿਆਨ ਰੱਖੋ
- ਗਲਤ ਗੈਸ ਪਾਉਣ ਨਾਲ ਵੀ ਮੁਸ਼ਕਿਲ ਹੁੰਦੀ ਹੈ
- ਹਰ ਵੇਲੇ ਕਮਰੇ, ਖਿੜਕੀਆਂ ਨੂੰ ਬੰਦ ਨਾ ਰੱਖੋ ਤਾਂ ਕਿ ਪ੍ਰਦੂਸ਼ਣ ਵਾਲੀ ਹਵਾ ਨਿਕਲ ਸਕੇ
ਅਵਿਕਲ ਸੋਮਵੰਸ਼ੀ ਅੱਗੇ ਕਹਿੰਦੇ ਹਨ, “ਜਦੋਂ ਤੁਸੀਂ ਕਮਰੇ ਦੀਆਂ ਖਿੜਕੀਆਂ ਜਾਂ ਦਰਵਾਜ਼ੇ ਖੋਲ੍ਹੋ ਤਾਂ ਏ.ਸੀ. ਬੰਦ ਕਰਨਾ ਨਾ ਭੁੱਲੋ। ਅਜਿਹਾ ਕਰਨ ਨਾਲ ਤੁਹਾਡੇ ਬਿਜਲੀ ਦਾ ਬਿਲ ਜ਼ਿਆਦਾ ਨਹੀਂ ਵਧੇਗਾ। ਸਵੇਰੇ ਜਦੋਂ ਤੁਸੀਂ ਏ.ਸੀ. ਬੰਦ ਕਰ ਦਿੰਦੇ ਹੋ, ਤਾਂ ਆਪਣੇ ਖਿੜਕੀਆਂ ਦਰਵਾਜ਼ੇ ਖੋਲ੍ਹ ਦਿਓ।”
ਏਸੀ ਦਾ ਤਾਪਮਾਨ ਕਿੰਨਾ ਰੱਖੀਏ?
ਪਲੰਘ ਜਾਂ ਸੋਫੇ ਤੇ ਬੈਠ ਕੇ ਟੀਵੀ ਦੇਖਦੇ ਹੋਏ ਅਕਸਰ ਤੁਸੀਂ ਏ.ਸੀ. ਦਾ ਰਿਮੋਟ ਚੁੱਕ ਕੇ ਤਾਪਮਾਨ 16 ਜਾਂ 18 ਤੱਕ ਕਰ ਲੈਂਦੇ ਹੋ।
ਸੀਐਸਈ ਦੀ ਮੰਨੀਏ ਤਾਂ ਅਜਿਹਾ ਕਰਨਾ ਤੁਹਾਡੀ ਸਿਹਤ 'ਤੇ ਅਸਰ ਪਾ ਸਕਦਾ ਹੈ।
ਘਰਾਂ ਜਾਂ ਦਫਤਰਾਂ ਵਿੱਚ ਏਸੀ ਦਾ ਤਾਪਮਾਨ 25-26 ਡਿਗਰੀ ਸੈਲਸੀਅਸ ਹੀ ਰੱਖਣਾ ਚਾਹੀਦਾ ਹੈ। ਦਿਨ ਦੇ ਮੁਕਾਬਲੇ ਰਾਤ ਵਿੱਚ ਤਾਪਮਾਨ ਘੱਟ ਰੱਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਸਿਹਤ ਵੀ ਠੀਕ ਰਹੇਗੀ ਅਤੇ ਬਿਜਲੀ ਦਾ ਬਿਲ ਵੀ ਘੱਟ ਆਏਗਾ।
ਪਰ ਜੇ ਤੁਸੀਂ ਤਾਪਮਾਨ ਇਸ ਤੋਂ ਘੱਟ ਰੱਖੋਗੇ ਤਾਂ ਐਲਰਜੀ ਜਾਂ ਸਿਰਦਰਦ ਹੋ ਸਕਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਦਾ ਇਮਿਊਨਿਟੀ ਸਿਸਟਮ ਕਮਜ਼ੋਰ ਹੁੰਦਾ ਹੈ, ਅਜਿਹੇ ਵਿੱਚ ਤਾਪਮਾਨ ਸੈੱਟ ਕਰਦੇ ਹੋਏ ਇਸ ਦਾ ਖਿਆਲ ਰੱਖਣਾ ਪਵੇਗਾ।
ਏਸੀ ਕਿੰਨੇ ਘੰਟੇ ਚੱਲਣਾ ਚਾਹੀਦਾ ਹੈ?
ਇਸ ਦੇ ਜਵਾਬ ਵਿੱਚ ਸੀਐਸਈ ਦੇ ਪ੍ਰੋਗਰਾਮ ਮੈਨੇਜਰ ਕਹਿੰਦੇ ਹਨ, “ਜੇ ਤੁਹਾਡੇ ਘਰ ਚੰਗੀ ਤਰ੍ਹਾਂ ਬਣੇ ਹੋਏ ਹਨ, ਬਾਹਰ ਦੀ ਗਰਮੀ ਅੰਦਰ ਨਹੀਂ ਆ ਰਹੀ ਹੈ, ਤਾਂ ਤੁਸੀਂ ਇੱਕ ਵਾਰੀ ਏ.ਸੀ. ਚਲਾ ਕੇ ਠੰਡਾ ਹੋਣ ’ਤੇ ਬੰਦ ਕਰ ਸਕਦੇ ਹੋ।''
"ਇੱਕ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ 24 ਘੰਟੇ ਏਸੀ ਵਿੱਚ ਰਹੋਗੇ ਤਾਂ ਤੁਹਾਡੀ ਇਮਿਊਨਿਟੀ ਘੱਟ ਹੋ ਸਕਦੀ ਹੈ। ਜੇ ਤੁਹਾਡਾ ਕਮਰਾ ਪੂਰੀ ਤਰ੍ਹਾਂ ਬੰਦ ਹੈ ਤਾਂ ਇੱਕ ਵੇਲੇ ਤੋਂ ਬਾਅਦ ਉਸ ਵਿੱਚ ਆਕਸੀਜ਼ਨ ਦੀ ਕਮੀ ਹੋ ਜਾਵੇਗੀ। ਇਹ ਜ਼ਰੂਰੀ ਹੈ ਕਿ ਤਾਜ਼ੀ ਹਵਾ ਅੰਦਰ ਆਵੇ।”
ਸ਼ੀਸ਼ੇ ਦੀਆਂ ਵੱਡੀਆਂ ਖਿੜਕੀਆਂ ਵਾਲੇ ਦਫ਼ਤਰਾਂ ਵਿੱਚ ਵੀ ਏ.ਸੀ. ਹੁੰਦਾ ਹੈ। ਜੇ ਤੁਹਾਡੇ ਦਫ਼ਤਰ ਵਿੱਚ ਹੋਵੇਗਾ ਤਾਂ ਸ਼ਾਇਦ ਤੁਸੀਂ ਵੀ ਕਈ ਵਾਰੀ ਕੰਬਦੇ ਹੋਏ ਕੰਮ ਕੀਤਾ ਹੋਵੇਗਾ।
ਦਫ਼ਤਰਾਂ ਵਿੱਚ ਏਸੀ ਦਾ ਤਾਪਮਾਨ ਘੱਟ ਕਿਉਂ?
ਅਵਿਕਲ ਸੋਮਵੰਸ਼ੀ ਕਹਿੰਦੇ ਹਨ, ''ਦਫ਼ਤਰਾਂ ਵਿੱਚ ਏਸੀ ਦਾ ਤਾਪਮਾਨ ਘੱਟ ਰੱਖਣ ਦੀ ਆਦਤ ਵਿਦੇਸ਼ਾਂ ਤੋਂ ਆਈ ਹੈ। ਉੱਥੇ ਲੋਕ ਠੰਢ ਵਿੱਚ ਰਹਿੰਦੇ ਹਨ। ਪਰ ਭਾਰਤ ਵਿੱਚ ਲੋਕਾਂ ਨੂੰ ਗਰਮੀ ਵਿੱਚ ਰਹਿਣ ਦੀ ਆਦਤ ਹੁੰਦੀ ਹੈ। ਅਜਿਹੇ ਵਿੱਚ ਜਦੋਂ ਇੰਨੇ ਘੱਟ ਤਾਪਮਾਨ ਵਿੱਚ ਲੋਕ ਰਹਿੰਦੇ ਹਨ ਤਾਂ ਨਿੱਛਾਂ ਆਉਣਾ ਅਤੇ ਸਿਰ ਦਰਦ ਵਰਗੀਆਂ ਦਿੱਕਤਾਂ ਸ਼ੁਰੂ ਹੁੰਦੀਆਂ ਹਨ।”
ਹਾਲਾਂਕਿ ਦਫਤਰਾਂ ਵਿੱਚ ਏਸੀ ਦਾ ਤਾਪਮਾਨ ਘੱਟ ਰੱਖਣ ਕਾਰਨ ਮਸ਼ੀਨਾਂ ਵੀ ਹੁੰਦੀਆਂ ਹਨ। ਜੇ ਏਅਰਕੰਡੀਸ਼ਨਰ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਉਸ ਨੂੰ 'ਸਿੱਕ ਬਿਲਡਿੰਗ ਸਿੰਡਰੋਮ' ਆਖਦੇ ਹਨ।
ਵੱਡੇ-ਵੱਡੇ ਦਫਤਰਾਂ 'ਚ ਏਅਰਕੰਡੀਸ਼ਨਿੰਗ ਸਿਸਟਮ ਹੁੰਦਾ ਜਿਸ ਤੋਂ ਨਾਲ ਹਵਾ ਆਉਂਦੀ-ਜਾਂਦੀ ਰਹਿੰਦੀ ਹੈ।
ਦੂਜਾ ਵਿਕਲਪ ਇਹ ਹੈ ਕਿ ਦਫਤਰ ਦੇ ਬਾਹਰ-ਅੰਦਰ ਹੁੰਦੇ ਰਹੋ ਤਾਂ ਕਿ ਤਾਜ਼ੀ ਹਵਾ ਮਿਲਦੀ ਰਹੇ।
ਮਾਹਰਾਂ ਦੀ ਸਲਾਹ ਹੈ ਕਿ ਇਸ ਸਿਸਟਮ ਦੀ ਸਮੇਂ ਸਿਰ ਸਫਾਈ ਹੁੰਦੀ ਰਹੇ ਕਿਉਂਕਿ ਅੰਦਰਲੀ ਗੰਦਗੀ ਹਵਾ ਨੂੰ ਨੁਕਸਾਨਦਾਇਕ ਬਣਾ ਸਕਦੀ ਹੈ।
ਸਰਕਾਰਾਂ ਦੀ ਸਲਾਹ
ਬੀਤੇ ਜੂਨ ਵਿੱਚ ਹੀ ਊਰਜਾ ਮੰਤਰਾਲੇ ਨੇ ਸਲਾਹ ਜਾਰੀ ਕੀਤੀ ਸੀ ਕਿ ਏ.ਸੀ. ਦੀ ਮੂਲ ਸੈਟਿੰਗ 24 ਡਿਗਰੀ ਸੈਲਸੀਅਸ ਰੱਖੀ ਜਾਵੇ ਤਾਂ ਜੋ ਬਿਜਲੀ ਬਚੇ। ਦਾਅਵਾ ਸੀ ਕਿ ਇਸ ਨਾਲ ਇੱਕ ਸਾਲ 'ਚ 20 ਰੱਬ ਯੂਨਿਟ ਬਿਜਲੀ ਬਚੇਗੀ।
ਮੰਤਰਾਲੇ ਨੇ ਕਿਹਾ ਸੀ ਕਿ ਅਗਲੇ ਛੇ ਮਹੀਨੇ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ ਅਤੇ ਪ੍ਰਤੀਕਿਰਿਆਵਾਂ ਲਈਆਂ ਜਾਣਗੀਆਂ।
ਅਵਿਕਲ ਸੋਮਵੰਸ਼ੀ ਮੁਤਾਬਕ ਦੁਨੀਆਂ ਦੇ ਕੁਝ ਦੇਸ਼ਾਂ 'ਚ ਸਰਕਾਰ ਨੇ ਸ਼ੁਰੂਆਤੀ ਤਾਪਮਾਨ ਦੇ ਇਹ ਨਿਯਮ ਵੀ ਬਣਾਏ ਹਨ:
- ਚੀਨ: 26°
- ਜਪਾਨ: 28°
- ਹਾਂਗਕਾਂਗ:25.5°
- ਬ੍ਰਿਟੇਨ: 24°
ਜਾਣਕਾਰ ਕਹਿੰਦੇ ਹਨ ਕਿ ਭਾਰਤ ਵਿੱਚ ਇਹ 26° ਹੋਣਾ ਚਾਹੀਦਾ ਹੈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ