ਸੇਖਵਾਂ ਨੇ ਇਹ ਦੱਸਿਆ 2017 ਚੋਣਾਂ 'ਚ ਅਕਾਲੀ ਦਲ ਦੀ ਹਾਰ ਦਾ ਕਾਰਨ - 5 ਅਹਿਮ ਖਬਰਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿੱਤੇ ਜਾਣਾ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਵੱਡਾ ਕਾਰਨ ਸੀ। ਇਹ ਕਹਿਣ ਹੈ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦਾ।

ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੇ ਜਾਣਾ 2017 ਦੀਆਂ ਆਮ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਸੀ। ਸੇਵਾ ਸਿੰਘ ਸੇਖਵਾਂ ਨੇ ਇਹ ਵੀ ਕਿਹਾ ਕਿ ਪਾਰਟੀ ਅੰਦਰ ਗੱਲ ਨਹੀਂ ਸੁਣੀ ਗਈ, ਇਸੇ ਲਈ ਮੀਡੀਆ ਚ ਆਉਣਾ ਪਿਆ।

ਉਨ੍ਹਾਂ ਕਿਹਾ, "ਸਾਨੂੰ ਸਿੱਖਾਂ ਨਾਲ ਜੁੜੀਆਂ ਤਿੰਨ ਅਹਿਮ ਸੰਸਥਾਵਾਂ -ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਲੀਆਂ ਮੁਸ਼ਕਿਲਾਂ ਨਾਲ ਨਜਿੱਠਣਾ ਪਏਗਾ।"

"ਅਕਾਲ ਤਖਤ ਸਰਬ ਉੱਚ ਹੈ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਕਾਲੀ ਦਲ ਸੱਤਾ ਵਿੱਚ ਹੈ ਜਾਂ ਨਹੀਂ। ਅਸੀਂ ਜਦੋਂ ਸੱਤਾ ਵਿੱਚ ਨਹੀਂ ਸੀ ਉਦੋਂ ਵੀ ਰਾਮ ਰਹੀਮ ਨੂੰ ਮਾਫੀ ਦਾ ਵਿਰੋਧ ਕੀਤਾ ਸੀ। ਜਦੋਂ ਪਾਰਟੀ ਅੰਦਰ ਸਾਡੀ ਗੱਲਬਾਤ ਨਹੀਂ ਸੁਣੀ ਗਈ ਤਾਂ ਅਸੀਂ ਜਨਤਕ ਕਰਨ ਦਾ ਫੈਸਲਾ ਕੀਤਾ।"

ਇਹ ਵੀ ਪੜ੍ਹੋ:

ਧਰਮਵੀਰ ਗਾਂਧੀ ਖਿਲਾਫ਼ ਡੀਡੀਆਰ ਦਰਜ

ਪੰਜਾਬੀ ਜਾਗਰਣ ਅਨੁਸਾਰ ਛਪਾਰ ਮੇਲੇ ਦੀ ਰੈਲੀ ਦੌਰਾਨ ਅਫ਼ੀਮ ਦੀ ਖੇਤੀ ਦੀ ਹਮਾਇਤ ਕਰਨ ਦੇ ਮਾਮਲੇ ਵਿੱਚ ਸੰਸਦ ਮੈਂਬਰ ਧਰਮਵੀਰ ਗਾਂਧੀ ਸਣੇ ਕੁਝ ਹੋਰਨਾਂ ਖਿਲਾਫ਼ ਪੁਲਿਸ ਨੇ ਡੀਡੀਆਰ ਦਰਜ ਕਰ ਲਈ ਹੈ।

ਕਾਨੂੰਨੀ ਪਹਿਲੂਆਂ ਦੀ ਘੋਖ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪਰਚਾ ਦਰਜ ਕੀਤਾ ਜਾ ਸਕਦਾ ਹੈ।

28 ਸਤੰਬਰ ਨੂੰ ਰੈਲੀ ਦੌਰਾਨ ਧਰਮਵੀਰ ਗਾਂਧੀ ਨੇ ਕਿਹਾ ਸੀ, "ਦੇਸ ਦੇ ਇੱਕ ਦਰਜਨ ਸੂਬੇ ਪਹਿਲਾਂ ਹੀ ਇਸ ਦੀ ਖੇਤੀ ਕਰ ਰਹੇ ਹਨ। ਦੁਨੀਆ ਦੇ ਕਈ ਖੁਸ਼ਹਾਲ ਦੇਸ ਅਫੀਮ ਦੀ ਖੇਤੀ ਕਰ ਕੇ ਪ੍ਰਫੁਲਤ ਹੋ ਰਹੇ ਹਨ ਪਰ ਪੰਜਾਬ ਵਿੱਚ ਇਸ ਦੀ ਇਜਾਜ਼ਤ ਨਾ ਮਿਲਣ ਕਾਰਨ ਨਸ਼ਾ ਤਸਕਰ ਤੇ ਨਸ਼ੇ ਦੇ ਵਪਾਰ ਹਾਵੀ ਹੋ ਗਏ ਹਨ।"

ਕਿਸਾਨਾਂ ਵੱਲੋਂ ਦਿੱਲੀ ਵਿੱਚ ਅੱਜ ਰੋਸ ਮਾਰਚ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਅੱਜ ਦੇਸ ਭਰ ਵਿੱਚੋਂ ਕਿਸਾਨ ਆਪਣੀਆਂ ਮੰਗਾਂ ਲਈ ਸਰਕਾਰ ਵਿਰੁੱਧ ਰੋਸ ਜਤਾਉਂਦਿਆਂ ਦਿੱਲੀ ਦੇ ਕਿਸਾਨ ਘਾਟ ਵਿੱਚ ਇਕੱਠੇ ਹੋਣਗੇ।

ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ ਮਹੇਂਦਰ ਸਿੰਘ ਟਿਕੈਟ ਦੇ ਵੱਡੇ ਪੁੱਤਰ ਨਰੇਸ਼ ਇਸ ਰੈਲੀ ਦੀ ਅਗਵਾਈ ਕਰ ਰਹੇ ਹਨ।

ਬੀਕੇਯੂ ਪ੍ਰਧਾਨ ਨਰੇਸ਼ ਦਾ ਕਹਿਣਾ ਹੈ, "ਅਸੀਂ ਕਿਸੇ ਸਿਆਸੀ ਲਾਹੇ ਲਈ ਨਹੀਂ ਆਪਣੀਆਂ ਮੰਗਾਂ ਲਈ ਸੜਕਾਂ 'ਤੇ ਹਾਂ। ਸਾਨੂੰ ਸਾਡਾ ਹੱਕ ਅਦਾ ਨਹੀਂ ਕੀਤਾ ਗਿਆ ਹੈ ਅਤੇ ਭਾਜਪਾ ਸੱਤਾ ਵਿੱਚ ਆਉਣ ਤੋਂ ਚਾਰ ਸਾਲ ਪਹਿਲਾਂ ਕੀਤੇ ਆਪਣੇ ਵਾਅਦੇ ਨਿਭਾਉਣ ਵਿੱਚ ਨਾਕਾਮਯਾਬ ਰਹੀ ਹੈ।"

ਟੈਲੀਕਾਮ ਕੰਪਨੀਆਂ ਆਧਾਰ ਦਾ ਬਦਲ ਲੱਭਣ

ਹਿੰਦੁਸਤਾਨ ਟਾਈਮਜ਼ ਮੁਤਾਬਕ ਸੁਪਰੀਮ ਕੋਰਟ ਵੱਲੋਂ ਆਧਾਰ ਨੰਬਰ ਦੀ ਵਰਤੋਂ 'ਤੇ ਕਈ ਰੋਕਾਂ ਲਾਉਣ ਤੋਂ ਕੁਝ ਦਿਨਾਂ ਬਾਅਦ ਹੀ ਯੂਆਈਡੀਏਆਈ ਨੇ ਟੈਲੀਕਾਮ ਕੰਪਨੀਆਂ ਨੂੰ ਅਗਲੇ 15 ਦਿਨਾਂ ਦੇ ਅੰਦਰ ਅਜਿਹੀ ਯੋਜਨਾ ਤਿਆਰ ਕਰ ਕੇ ਪੇਸ਼ ਕਰਨ ਲਈ ਕਿਹਾ ਹੈ ਜਿਸ ਤਹਿਤ ਗਾਹਕਾਂ ਦੀ ਪ੍ਰਮਾਣਿਕਤਾ ਲਈ 12 ਅੰਕਾਂ ਦੇ ਇਸ ਵਿਲੱਖਣ ਆਈਡੀ ਨੰਬਰ ਦੀ ਵਰਤੋਂ ਬੰਦ ਕੀਤੀ ਜਾ ਸਕੇ।

ਇਸ ਸਬੰਧ ਵਿੱਚ ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ ਆਇਡੀਆ ਤੇ ਹੋਰਨਾਂ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ (ਟੀਐਸਪੀਜ਼) ਨੂੰ ਇਕ ਸਰਕੂਲਰ ਜਾਰੀ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ:

ਇਸ ਵਿੱਚ ਕਿਹਾ ਗਿਆ ''… ਸਾਰੀਆਂ ਟੀਐਸਪੀਜ਼ ਨੂੰ 26 ਸਤੰਬਰ ਦੇ ਫ਼ੈਸਲੇ ਦੀ ਪਾਲਣਾ ਕਰਨ ਲਈ ਫੌਰੀ ਕਦਮ ਚੁੱਕਣ ਲਈ ਕਿਹਾ ਜਾਂਦਾ ਹੈ। ਇਸ ਮੁਤੱਲਕ, ਆਧਾਰ ਨਾਲ ਸਬੰਧਤ ਪ੍ਰਮਾਣਿਕਤਾ ਪ੍ਰਣਾਲੀਆਂ ਦੀ ਵਰਤੋਂ ਬੰਦ ਕਰਨ ਲਈ ਟੀਐਸਪੀਜ਼ ਨੂੰ 15 ਅਕਤੂਬਰ, 2018 ਤੱਕ ਇੱਕ ਕਾਰਜ ਯੋਜਨਾ/ਨਿਕਾਸ ਯੋਜਨਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ…।''

ਭਾਰਤ ਮੈਨੂੰ ਖੁਸ਼ ਕਰਨਾ ਚਾਹੁੰਦਾ ਹੈ: ਟਰੰਪ

ਦਿ ਟ੍ਰਿਬਿਊਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ 'ਟੈਰਿਫ਼ ਕਿੰਗ' ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਉਨ੍ਹਾਂ ਨੂੰ ਖੁਸ਼ ਕਰਨ ਲਈ ਵਪਾਰਕ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਹੈ।

ਭਾਰਤੀ ਸਮਾਨ ਦੀ ਦਰਾਮਦ 'ਤੇ ਭਾਰਤ ਵਾਂਗ ਹੀ ਟੈਰਿਫ਼ ਲਾਉਣ ਦੀ ਚੇਤਾਵਨੀ ਤੋਂ ਬਾਅਦ ਟਰੰਪ ਨੇ ਕਿਹਾ ਕਿ ਭਾਰਤੀਆਂ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਅਮਰੀਕਾ ਨਾਲ ਵਪਾਰਕ ਸਮਝੌਤੇ ਕਰਨਾ ਚਾਹੁੰਦੇ ਹਨ।

"ਜਦੋਂ ਅਮਰੀਕੀ ਅਧਿਕਾਰੀਆਂ ਨੇ ਪੁੱਛਿਆ ਕਿ ਉਹ ਅਮੀਰਕਾ ਨਾਲ ਕਿਉਂ ਵਪਾਰਕ ਸਮਝੌਤੇ ਕਰਨਾ ਚਾਹੁੰਦੇ ਹਨ ਤਾਂ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਖੁਸ਼ ਰੱਖਣਾ ਚਾਹੁੰਦੇ ਹਨ।"

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)