ਇਸ ਧੋਖਾਧੜੀ ਲਈ ਹੋਈ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਨੂੰ ਸਜ਼ਾ - 5 ਅਹਿਮ ਖ਼ਬਰਾਂ

ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਨੂੰ ਸਜ਼ਾ

ਛੇ ਮਹੀਨੇ ਪਹਿਲਾਂ ਵੱਕਾਰੀ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਬਣੇ ਸੰਤੋਖ਼ ਸਿੰਘ ਨੂੰ ਧੋਖਾਧੜੀ ਦੇ ਮਾਮਲੇ ਵਿਚ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਆਪਣੇ ਨਾਂ ਉੱਤੇ ਧੋਖੇ ਨਾਲ ਜ਼ਮੀਨ ਲੁਆਉਣ ਦੇ ਮਾਮਲੇ ਵਿਚ ਅਦਾਲਤ ਨੇ ਸੰਤੋਖ਼ ਸਿੰਘ ਨੂੰ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।

ਇਸ ਮਾਮਲੇ ਵਿਚ ਪੀੜ੍ਹਤ ਦੇ ਵਕੀਲ ਅਜੇ ਕੁਮਾਰ ਵਰਮਾਨੀ ਮੁਤਾਬਕ ਪੁਲਿਸ ਵੱਲੋਂ ਐੱਫਆਈਆਰ ਰੱਦ ਕੀਤੇ ਜਾਣ ਤੋਂ ਬਾਅਦ 2006 ਦੌਰਾਨ ਇਹ ਮਾਮਲਾ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਵਰਮਾਨੀ ਮੁਤਾਬਕ 2006 ਵਿਚ ਸੰਤੋਖ਼ ਸਿੰਘ ਨੇ ਅਦਾਲਤ ਵਿਚ ਕੇਸ ਪਾਕੇ ਦਾਅਵਾ ਕੀਤਾ ਸੀ ਕਿ ਗੋਪਾਲ ਸਿੰਘ ਤੇ ਬਿਸ਼ਨ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ 1967 ਵਿਚ ਵਿਵਾਦਤ ਜ਼ਮੀਨ ਉਸ ਦੇ ਨਾਂ ਕੀਤੀ ਸੀ।

ਇਸ ਦਾਅਵੇ ਨੂੰ ਉਕਤ ਵਿਅਕਤੀਆਂ ਦੇ ਪਰਿਵਾਰ ਨੇ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਦੇ ਬਜ਼ੁਰਗ ਤਾਂ 1940 ਅਤੇ 1950 ਵਿਚ ਗੁਜ਼ਰ ਚੁੱਕੇ ਹਨ। ਇਸੇ ਆਧਾਰ ਉੱਤੇ ਸੰਤੋਖ਼ ਸਿੰਘ ਦੀ ਧੋਖਾਧੜੀ ਸਾਬਿਤ ਹੋ ਗਈ।

'ਆਪ' ਦੇ ਬਾਗੀਆਂ ਦਾ ਸ਼ੋਅ ਬਣ ਗਈ ਬੈਠਕ

ਖ਼ਹਿਰਾ ਧੜ੍ਹੇ ਵੱਲੋਂ ਬੁਲਾਈ ਸਰਬ ਪਾਰਟੀ ਮੀਟਿੰਗ ਨੇ ਮਤਾ ਪਾਸ ਕਰਕੇ ਬਰਗਾੜੀ ਗੋਲੀਕਾਂਡ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਨਾਂ ਐੱਫ਼ਆਈਆਰ ਵਿਚ ਦਰਜ ਕਰਨ ਦੀ ਮੰਗ ਕੀਤੀ ਹੈ।

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਉੱਤੇ ਨਿਆਂ ਦੀ ਮੰਗ ਲਈ ਬੁਲਾਈ ਗਈ ਇਸ ਬੈਠਕ 'ਆਪ' ਦੇ ਬਾਗੀਆਂ ਦਾ ਹੀ ਸ਼ੋਅ ਬਣ ਕੇ ਰਹਿ ਗਈ, ਕਿਉਂ ਕਿ ਇਸ ਬੈਠਕ ਵਿਚ ਹੋਰ ਕਿਸੇ ਵੀ ਮੁੱਖ ਸਿਆਸੀ ਪਾਰਟੀ ਨੇ ਹਿੱਸਾ ਨਹੀਂ ਲਿਆ।

ਪਰ ਕੁਝ ਸਿੱਖ ਸੰਗਠਨਾਂ ਅਤੇ ਕਾਰਕੁਨਾਂ ਦੀ ਹਾਜ਼ਰੀ ਵਿਚ ਮਤੇ ਪਾਸ ਕਰਕੇ 7 ਅਕਤੂਬਰ ਨੂੰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਅਤੇ ਨਿਆਂ ਲਈ ਲੜਾਈ ਲੜਨ ਵਾਸਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।

ਹਸਪਤਾਲ 'ਚ ਭਰਤੀ ਬੱਚੀ ਨਾਲ ਬਲਾਤਕਾਰ

ਦਿੱਲੀ ਦੇ ਰੋਹਿਣੀ ਸੈਕਟਰ 15 'ਚ ਈਐੱਸਆਈਸੀ ਹਸਪਤਾਲ 'ਚ ਸ਼ੁੱਕਰਵਾਰ ਨੂੰ 11 ਸਾਲ ਦੀ ਬੱਚੀ ਨਾਸ ਰੇਪ ਦਾ ਮਾਮਲਾ ਸਾਹਮਣੇ ਆਇਆ।

ਅਖ਼ਬਾਰ 'ਹਿੰਦੁਸਤਾਨ' ਦੀ ਖ਼ਬਰ ਮੁਤਾਬਕ ਇੱਕ ਸਫ਼ਾਈ ਕਰਮੀ ਨੇ ਇਲਾਜ ਦੇ ਲਈ ਭਰਤੀ 11 ਸਾਲ ਦੀ ਬੱਚੀ ਨਾਲ ਰੇਪ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਸ ਖ਼ਿਲਾਫ਼ ਰੇਪ, ਕਿਡਨੈਪਿੰਗ ਅਤੇ ਪੋਕਸੋ ਐਕਟ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਪੁਲਿਸ ਅਨੁਸਾਰ ਤਬੀਅਤ ਖ਼ਰਾਬ ਹੋਣ 'ਤੇ ਬੱਚੀ ਨੂੰ ਹਸਪਤਾਲ 'ਚ ਬੱਚਿਆਂ ਦੇ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ।

ਦੁਰਘਟਨਾ ਬੀਮਾ ਜ਼ਰੂਰੀ

ਸਾਰੇ ਵਾਹਨਾਂ ਦੇ ਬੀਮੇ ਦੇ ਨਾਲ-ਨਾਲ ਹੁਣ 15 ਲੱਖ ਦਾ ਦੁਰਘਟਨਾ ਬੀਮਾ ਜ਼ਰੂਰੀ ਹੋ ਗਿਆ ਹੈ।

ਦੈਨਿਕ ਜਾਗਰਣ ਦੀ ਖ਼ਬਰ ਮੁਤਾਬਕ ਹੁਣ ਮੋਟਰ ਵਹੀਕਲ ਜਿਵੇਂ ਸਕੂਟਰ, ਬਾਈਕ, ਕਾਰ ਅਤੋ ਹੋਰ ਕਮਰਸ਼ੀਅਲ ਵਾਹਨਾਂ ਦੇ ਬੀਮੇ ਦੇ ਨਾਲ ਡ੍ਰਾਈਵਰ ਦਾ 15 ਲੱਖ ਰੁਪਏ ਦਾ ਵਿਅਕਤੀਗਤ ਦੁਰਘਟਨਾ ਬੀਮਾ ਜ਼ਰੂਰੀ ਹੋਵੇਗਾ।

ਇਸ ਦੇ ਲਈ ਸਾਲਾਨਾ ਪ੍ਰੀਮੀਅਮ 750 ਰੁਪਏ ਤੈਅ ਕੀਤਾ ਗਿਆ ਹੈ।

ਕੈਪੀਟਲ ਲੈਟਰ 'ਚ ਦਵਾਈ ਲਿਖਣ ਡਾਕਟਰ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਝਾਰਖੰਡ ਸਰਕਾਰ ਨੇ ਸਾਰੇ ਡਾਕਟਰਾਂ ਨੂੰ ਮਰੀਜ਼ਾਂ ਲਈ ਪ੍ਰੇਸਕ੍ਰਿਪਸ਼ਨ (ਦਵਾਈ ਦਾ ਵੇਰਵਾ) ਕੈਪਿਟਲ ਲੈਟਰਜ਼ 'ਚ ਲਿਖਣ ਦਾ ਹੁਕਮ ਦਿੱਤਾ ਹੈ।

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੋਟੀਫ਼ੀਕੇਸ਼ਨ 'ਚ ਇਸਨੂੰ ਸਾਰੇ ਸਰਕਾਰੀ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੇ ਲਈ ਜ਼ਰੂਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)