ਕਾਮਸੂਤਰ ਯੁੱਗ ਤੋਂ ਹੁਣ ਤੱਕ : ਸੈਕਸ ਬਾਰੇ ਭਾਰਤੀਆਂ 'ਚ ਇਹ ਤਬਦੀਲੀ ਆਈ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਇਹ ਅਫਸੋਸ ਵਾਲੀ ਗੱਲ ਹੈ ਕਿ ਭਾਰਤ ਵਰਗੇ ਦੇਸ ਵਿੱਚ ਜਿੱਥੇ ਕਾਮਸੂਤਰ ਦੀ ਧਾਰਨਾ ਰਚੀ ਗਈ ਅਤੇ ਪ੍ਰੇਮ ਦੀ ਭਾਸ਼ਾ ਨੂੰ ਖੁਜਰਾਹੋ, ਦਿਲਵਾੜਾ, ਅਜੰਤਾ ਅਤੇ ਐਲੋਰਾ ਦੇ ਪੱਥਰਾਂ 'ਤੇ ਉਕੇਰਿਆ ਗਿਆ, ਉੱਥੇ ਹੀ ਲੋਕ ਪਿਆਰ ਭਰੀਆਂ ਗੱਲਾਂ ਅਤੇ ਲੁਭਾਉਣ ਦੀ ਕਲਾ ਭੁੱਲਦੇ ਜਾ ਰਹੇ ਹਨ।

ਇੱਕ ਅੰਗਰੇਜ਼ ਲੇਖਕ ਸਾਈਮਨ ਰੇਵੇਨ ਹੋਏ ਹਨ। ਜਿਨ੍ਹਾਂ ਦਾ ਮੰਨਣਾ ਸੀ ਕਿ ਸੈਕਸ ਇੱਕ ਅੱਤ ਸੰਵੇਦਨਸ਼ੀਲ ਅਹਿਸਾਸ ਹੈ, ਜਿਹੜਾ ਸਿਰਫ਼ 10 ਸੈਕਿੰਡ ਲਈ ਰਹਿੰਦਾ ਹੈ।' ਉਹ ਸਵਾਲ ਕਰਦੇ ਸਨ ਕਿ ਭਲਾ ਕੋਈ ਕਿਉਂ ਪ੍ਰਾਚੀਨ ਭਾਰਤ ਦੇ 'ਕਾਮ ਸਾਹਿਤ' ਦਾ ਅਨੁਵਾਦ ਕਰਨ ਦੀ ਹਿੰਮਤ ਕਰੇ?

ਮੈਂ ਇਹੀ ਸਵਾਲ ਚਰਚਿਤ ਕਿਤਾਬ 'ਦਿ ਆਰਟ ਆਫ਼ ਸਿਡੱਕਸ਼ਨ' ਦੀ ਲੇਖਿਕਾ ਡਾਕਟਰ ਸੀਮਾ ਆਨੰਦ ਨੂੰ ਪੁੱਛਿਆ ਕਿ ਉਹ ਸਾਈਮਨ ਰੇਵੇਨ ਦੇ ਬਿਆਨ ਨਾਲ ਸਹਿਮਤ ਹਨ?

ਇਹ ਵੀ ਪੜ੍ਹੋ:

ਸੀਮਾ ਆਨੰਦ ਦਾ ਜਵਾਬ ਸੀ, ''ਬਿਲਕੁਲ ਵੀ ਨਹੀਂ। ਮੇਰਾ ਮੰਨਣਾ ਹੈ ਕਿ ਸੈਕਸ ਬਾਰੇ ਸਾਡੀ ਸੋਚ ਬਦਲ ਗਈ ਹੈ। ਸਦੀਆਂ ਤੋਂ ਸਾਨੂੰ ਇਹ ਸਿਖਾਇਆ ਜਾਂਦਾ ਰਿਹਾ ਹੈ ਕਿ ਇਹ ਬੇਕਾਰ ਚੀਜ਼ ਹੈ। ਸੈਕਸ ਗੰਦਾ ਹੈ ਅਤੇ ਇਸ ਨੂੰ ਕਰਨਾ ਪਾਪ ਹੈ। ਕੋਈ ਹੁਣ ਇਸ ਤੋਂ ਮਿਲਣ ਵਾਲੇ ਆਨੰਦ ਬਾਰੇ ਗੱਲ ਨਹੀਂ ਕਰਦਾ। 325 ਈਸਵੀ ਵਿੱਚ ਕੈਥਲਿਕ ਚਰਚ ਨੇ ਆਪਣੇ ਨਿਯਮ-ਕਾਨੂੰਨ ਬਣਾਏ, ਜਿਸ ਵਿੱਚ ਕਿਹਾ ਗਿਆ ਕਿ ਸਰੀਰ ਇੱਕ ਖ਼ਰਾਬ ਚੀਜ਼ ਹੈ। ਸਰੀਰਕ ਸੁੱਖ ਬੇਕਾਰ ਹਨ ਅਤੇ ਇਸ ਨੂੰ ਹਾਸਲ ਕਰਨ ਦੀ ਇੱਛਾ ਰੱਖਣਾ ਬੇਕਾਰ ਹੈ।''

''ਉਨ੍ਹਾਂ ਦਾ ਕਹਿਣਾ ਸੀ ਕਿ ਸੈਕਸ ਦਾ ਇਕਲੌਤਾ ਉਦੇਸ਼ ਔਲਾਦ ਨੂੰ ਜਨਮ ਦੇਣਾ ਹੈ। ਲਗਭਗ ਉਸੇ ਸਮੇਂ ਭਾਰਤ ਵਿੱਚ ਵਤਸਿਆਇਨ ਗੰਗਾ ਦੇ ਕੰਢੇ ਬੈਠ ਕੇ ਕਾਮਸੂਤਰ ਲਿਖ ਰਹੇ ਸਨ। ਉਹ ਦੱਸ ਰਹੇ ਸਨ ਕਿ ਅਸਲ ਵਿੱਚ ਆਨੰਦ ਇੱਕ ਬਹੁਤ ਚੰਗੀ ਚੀਜ਼ ਹੈ ਅਤੇ ਇਸ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ''

ਪੱਛਮ ਅਤੇ ਪੂਰਬ ਦੀ ਸੋਚ ਵਿਚਾਲੇ ਅਜਿਹਾ ਵਿਰੋਧਾਭਾਸ ਅੱਜ ਦੇ ਯੁੱਗ ਵਿੱਚ ਅਵਿਸ਼ਵਾਸਯੋਗ ਜਿਹਾ ਲੱਗਦਾ ਹੈ। 'ਅਨੰਗ ਰੰਗ' ਗ੍ਰੰਥ ਦੇ ਤਰਜਮਾਨ ਡਾਕਟਰ ਅਲੈਕਸ ਕੰਫਰਟ ਨੇ ਇਸ ਲਈ ਤਾਂ ਕਿਹਾ ਹੈ ਕਿ ਸਾਈਮਨ ਰੇਵੇਨ ਵਰਗੇ ਲੋਕਾਂ ਦੀ ਸੋਚ ਦੀ ਕਾਟ ਦੇ ਲਈ ਇਹ ਜ਼ਰੂਰੀ ਹੈ ਕਿ ਲੁਭਾਉਣ ਦੀ ਕਲਾ ਬਾਰੇ ਲੋਕਾਂ ਨੂੰ ਹੋਰ ਦੱਸਿਆ ਜਾਵੇ।

ਮਰਦ ਅੱਗ ਤਾਂ ਔਰਤ ਪਾਣੀ

ਕਿਹਾ ਜਾਂਦਾ ਹੈ ਕਿ ਪ੍ਰੇਮੀ ਦੇ ਰੂਪ ਵਿੱਚ ਮਰਦ ਅਤੇ ਔਰਤ ਵਿੱਚ ਬਹੁਤ ਫ਼ਰਕ ਹੁੰਦਾ ਹੈ ਅਤੇ ਉਨ੍ਹਾਂ ਦੀ ਕਾਮ ਦੇ ਸਰੋਤ ਵਿੱਚ ਵੀ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ।

ਸੀਮਾ ਆਨੰਦ ਦੱਸਦੀ ਹੈ, '' ਵਤਸਿਆਇਨ ਕਹਿੰਦੇ ਹਨ ਕਿ ਪੁਰਸ਼ ਦੀਆਂ ਇੱਛਾਵਾਂ ਅੱਗ ਦੀ ਤਰ੍ਹਾਂ ਹਨ, ਜੋ ਔਰਤ ਦੇ ਜਣਨ ਅੰਗਾਂ ਤੋਂ ਉੱਠ ਕੇ ਉਸਦੇ ਸਿਰ ਵੱਲ ਜਾਂਦੀਆਂ ਹਨ। ਅੱਗ ਦੀ ਤਰ੍ਹਾਂ ਉਹ ਬਹੁਤ ਆਸਾਨੀ ਨਾਲ ਭੜਕ ਜਾਂਦੇ ਹਨ ਅਤੇ ਆਸਾਨੀ ਨਾਲ ਬੁਝ ਵੀ ਜਾਂਦੇ ਹਨ। ਇਸਦੇ ਉਲਟ ਔਰਤ ਦੀਆਂ ਇੱਛਾਵਾਂ ਪਾਣੀ ਦੀ ਤਰ੍ਹਾਂ ਹਨ ਜੋ ਉਸਦੇ ਸਿਰ ਤੋਂ ਸ਼ੁਰੂ ਹੋ ਕੇ ਹੇਠਾਂ ਵੱਲ ਜਾਂਦੀਆਂ ਹਨ। ਉਨ੍ਹਾਂ ਨੂੰ ਜਗਾਉਣ ਲਈ ਮਰਦਾਂ ਦੇ ਮੁਕਾਬਲੇ ਵੱਧ ਸਮਾਂ ਲਗਦਾ ਹੈ ਅਤੇ ਇੱਕ ਵਾਰ ਜਾਗਣ ਤੋਂ ਬਾਅਦ ਠੰਢਾ ਕਰਨ ਵਿੱਚ ਕਾਫ਼ੀ ਸਮਾਂ ਲੱਗਦਾ ਹੈ।''

''ਜੇਕਰ ਮਰਦਾਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਜਾਵੇ ਤਾਂ ਉਨ੍ਹਾਂ ਦੀਆਂ ਇੱਛਾਵਾਂ ਵਿੱਚ ਕਦੇ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਇਸ ਲਈ ਮਰਦਾਂ ਨੂੰ ਔਰਤਾਂ ਨੂੰ ਲੁਭਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਉਨ੍ਹਾਂ ਦੀਆਂ ਇੱਛਾਵਾਂ ਜਗਾਈਆਂ ਜਾ ਸਕਣ। ਮੇਰੀ ਇਹ ਕਿਤਾਬ ਲਿਖਣ ਦਾ ਉਦੇਸ਼ ਇਹੀ ਹੈ ਕਿ ਲੁਭਾਉਣ ਦੀ ਕਲਾ ਹਰ ਸ਼ਖ਼ਸ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਵੇ।''

ਸੈਕਸ 'ਤੇ ਕਾਫ਼ੀ ਰਿਸਰਚ ਕਰ ਚੁੱਕੇ ਭਾਰਤ ਦੇ ਨਾਮੀ ਸੈਕਸੋਲੌਜਿਸਟ ਡਾਕਟਰ ਪ੍ਰਕਾਸ਼ ਕੋਠਾਰੀ ਔਰਤ ਅਤੇ ਮਰਦ ਦੇ ਪਿਆਰ ਦੇ ਫ਼ਰਕ ਨੂੰ ਇੱਕ-ਦੂਜੇ ਦੇ ਢੰਗ ਨਾਲ ਸਮਝਾਉਂਦੇ ਹਨ।

ਉਹ ਕਹਿੰਦੇ ਹਨ, ''ਮਰਦ ਪਿਆਰ ਦਿੰਦਾ ਹੈ ਸੈਕਸ ਹਾਸਲ ਕਰਨ ਲਈ ਅਤੇ ਔਰਤ ਸੈਕਸ ਦਿੰਦੀ ਹੈ ਪਿਆਰ ਪਾਉਣ ਲਈ। ਘੱਟੋ-ਘੱਟ ਭਾਰਤ ਦੇ ਸੰਦਰਭ ਵਿੱਚ ਇਹ ਗੱਲ ਬਿਲਕੁਲ ਸਹੀ ਹੈ।''

ਖੁਸ਼ਬੂ ਦਾ ਮਹੱਤਵ

ਔਰਤ-ਮਰਦ ਸਬੰਧਾਂ ਵਿੱਚ ਸਰੀਰ ਨੂੰ ਖੁਸ਼ਬੂਦਾਰ ਕਰਨ ਦੀ ਕਲਾ ਦਾ ਬਹੁਤ ਮਹੱਤਵ ਹੈ। ਜੇਕਰ ਕਿਸੇ ਔਰਤ ਨੇ ਕਿਸੇ ਮਰਦ ਨੂੰ ਆਕਰਸ਼ਿਤ ਕਰਨਾ ਹੈ ਤਾਂ ਉਹ ਉਸ ਨੂੰ ਆਪਣੇ ਵਾਲਾਂ ਨੂੰ ਛੂੰਹਦੀ ਹੋਏ ਨਿਕਲੇਗੀ ਅਤੇ ਆਪਣੇ ਪਿੱਛੇ ਇੱਕ ਖਾਸ ਖੁਸ਼ਬੂ ਛੱਡੇਗੀ।

ਸੀਮਾ ਆਨੰਦ ਦੱਸਦੀ ਹੈ, ''ਮੇਰੀ ਪਸੰਦੀਦਾ ਖੁਸ਼ਬੂ ਖ਼ਸ ਦੀ ਮਹਿਕ ਹੈ ਜਿਹੜੀ ਧਰਤੀ 'ਤੇ ਮੀਂਹ ਦੀ ਪਹਿਲੀ ਫੁਹਾਰ ਤੋਂ ਉੱਠਣ ਵਾਲੀ ਖੁਸ਼ਬੂ ਨਾਲ ਮਿਲਦੀ-ਜੁਲਦੀ ਹੈ। ਇਸ ਖੁਸ਼ਬੂ ਨੂੰ ਥੋੜ੍ਹੇ ਜਿਹੇ ਗਿੱਲੇ ਵਾਲਾਂ ਵਿੱਚ ਲਗਾ ਕੇ ਜੂੜਾ ਕੀਤਾ ਜਾਂਦਾ ਹੈ। ਧੋਣ 'ਤੇ ਚਮੇਲੀ ਜਾਂ ਰਜਨੀਗੰਧਾ ਦੇ ਫੁੱਲਾਂ ਦਾ ਇੱਤਰ ਲਗਾਇਆ ਜਾਂਦਾ ਹੈ। ਬਰੈਸਟ 'ਤੇ ਕੇਸਰ ਅਤੇ ਲੌਂਗ ਦੇ ਤੇਲ ਦੀ ਮਾਲਿਸ਼ ਕੀਤੀ ਜਾਂਦੀ ਹੈ।''

''ਇਸ ਨਾਲ ਨਾ ਸਿਰਫ਼ ਚੰਗੀ ਮਹਿਕ ਆਉਂਦੀ ਹੈ, ਸਗੋਂ ਚਮੜੀ ਦਾ ਰੰਗ ਵੀ ਚਮਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਹਰ ਇੱਤਰ ਦੀ ਹਰ ਸਰੀਰ 'ਤੇ ਵੱਖਰੀ-ਵੱਖਰੀ ਖੁਸ਼ਬੂ ਹੁੰਦੀ ਹੈ।''

ਇਹ ਵੀ ਪੜ੍ਹੋ:

ਸੀਮਾ ਆਨੰਦ ਦੀ ਸਲਾਹ ਹੈ ਕਿ ਔਰਤਾਂ ਨੂੰ ਆਪਣੇ ਹੈਂਡ ਬੈਗ ਵਿੱਚ ਵੀ 'ਪਰਫਿਊਮ' ਸਪਰੇਅ ਕਰਨਾ ਚਾਹੀਦਾ ਹੈ, ਤਾਂ ਕਿ ਜਦੋਂ ਵੀ ਤੁਸੀਂ ਇਸ ਨੂੰ ਖੋਲ੍ਹੋ, ਤੁਹਾਨੂੰ ਖੁਸ਼ਬੂ ਮਹਿਸੂਸ ਹੋਵੇ ਅਤੇ ਤੁਹਾਡਾ ਮੂਡ ਬਿਲਕੁਲ ਤਾਜ਼ਾ ਹੋ ਜਾਵੇ।

ਚੰਗਾ ਹੋਵੇਗਾ ਜੇਕਰ ਤੁਸੀਂ ਆਪਣੀ ਜੁੱਤੀ ਜਾਂ ਸੈਂਡਲ ਦੇ ਅੰਦਰ ਵੀ ਇੱਤਰ ਦਾ ਸਪਰੇਅ ਕਰੋ ਕਿਉਂਕਿ ਪੈਰਾਂ ਅੰਦਰ ਬਹੁਤ ਸਾਰੀਆਂ ਇੰਦਰੀਆਂ ਹੁੰਦੀਆਂ ਹਨ ਜਿਨ੍ਹਾਂ 'ਤੇ ਇਨ੍ਹਾਂ ਦਾ ਖਾਸਾ ਅਸਰ ਪੈਂਦਾ ਹੈ।

ਤਾਜ਼ਗੀ ਲਈ ਲੜਾਈ-ਝਗੜਾ ਵੀ ਜ਼ਰੂਰੀ

ਸੀਮਾ ਆਨੰਦ ਇੱਕ ਦਿਲਚਸਪ ਗੱਲ ਦੱਸਦੀ ਹੈ ਕਿ ਔਰਤ-ਮਰਦ ਸਬੰਧਾਂ ਨੂੰ ਤਾਜ਼ਾ ਅਤੇ ਰੋਮਾਂਚਕ ਬਣਾਉਣ ਲਈ ਉਨ੍ਹਾਂ ਵਿਚਾਲੇ ਕਦੇ-ਕਦੇ ਲੜਾਈ ਹੋਣੀ ਵੀ ਜ਼ਰੂਰੀ ਹੈ।

ਸੀਮਾ ਦੱਸਦੀ ਹੈ, '' ਵਤਸਿਆਨਨ ਦਾ ਕਹਿਣਾ ਹੈ ਕਿ ਲੜਾਈ ਤਾਂ ਹੀ ਕਾਮਯਾਬ ਹੁੰਦੀ ਹੈ ਜੇਕਰ ਔਰਤ-ਮਰਦ ਵਿਚਾਲੇ ਡੂੰਘਾ ਪਿਆਰ ਦਾ ਰਿਸ਼ਤਾ ਅਤੇ ਭਰੋਸਾ ਹੋਵੇ। ਪਰ ਜੇਕਰ ਉਨ੍ਹਾਂ ਵਿਚਾਲੇ ਪਹਿਲਾਂ ਤੋਂ ਹੀ ਕੜਵਾਹਟ ਹੋਵੇ ਤਾਂ ਇਸ ਤਰ੍ਹਾਂ ਦੀ ਲੜਾਈ ਭਿਆਨਕ ਰੂਪ ਲੈ ਲੈਂਦੀ ਹੈ, ਜਿਸਦਾ ਕੋਈ ਇਲਾਜ ਨਹੀਂ ਹੁੰਦਾ।''

''ਇਹ ਝਗੜਾ ਹਮੇਸ਼ਾ ਮਰਦ ਸ਼ੁਰੂ ਕਰਦਾ ਹੈ। ਔਰਤ ਨਾਰਾਜ਼ ਹੋ ਕੇ ਚੀਕਦੀ ਹੈ, ਆਪਣੇ ਗਹਿਣੇ ਸੁੱਟ ਦਿੰਦੀ ਹੈ, ਚੀਜ਼ਾਂ ਤੋੜਦੀ ਹੈ ਅਤੇ ਪੁਰਸ਼ 'ਤੇ ਸੁੱਟਦੀ ਹੈ। ਪਰ ਇਸ ਲੜਾਈ ਦਾ ਇੱਕ ਨਿਯਮ ਹੈ ਕਿ ਭਾਵੇਂ ਕੁਝ ਵੀ ਹੋਵੇ, ਉਹ ਆਪਣੇ ਘਰੋਂ ਬਾਹਰ ਪੈਰ ਨਹੀਂ ਰੱਖਦੀ ਹੈ। ਕਾਮਸੂਤਰ ਇਸਦਾ ਕਾਰਨ ਵੀ ਦੱਸਦਾ ਹੈ।''

''ਪਹਿਲਾ ਇਹ ਕਿ ਜੇਕਰ ਪੁਰਸ਼ ਉਸ ਨੂੰ ਮਨਾਉਣ ਉਸਦੇ ਪਿੱਛੇ ਘਰੋਂ ਬਾਹਰ ਨਹੀਂ ਜਾਵੇਗਾ, ਤਾਂ ਔਰਤ ਦੀ ਬੇਇੱਜ਼ਤੀ ਹੋਵੇਗੀ। ਦੂਜਾ ਇਸ ਲੜਾਈ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਮਰਦ ਔਰਤ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਮਾਫ਼ੀ ਮੰਗਦਾ ਹੈ ਅਤੇ ਇਹ ਕੰਮ ਉਹ ਘਰੋਂ ਬਾਹਰ ਨਹੀਂ ਕਰ ਸਕਦਾ।''

ਇਜ਼ਹਾਰ-ਏ- ਇਸ਼ਕ ਦੀ ਗੁਪਤ ਭਾਸ਼ਾ

ਕਾਮਸੂਤਰ ਦੀ ਗੱਲ ਮੰਨੀ ਜਾਵੇ ਤਾਂ ਪਿਆਰ ਨਾਲ ਬੇਨਤੀ ਕਰਨ ਦੀ ਇੱਕ ਗੁਪਤ ਭਾਸ਼ਾ ਹੁੰਦੀ ਹੈ ਅਤੇ ਇਜ਼ਹਾਰ-ਏ- ਇਸ਼ਕ ਸਿਰਫ਼ ਜ਼ੁਬਾਨ ਨਾਲ ਹੀ ਨਹੀਂ ਕੀਤਾ ਜਾਂਦਾ।

ਸੀਮਾ ਆਨੰਦ ਦੱਸਦੀ ਹੈ, ''ਭਾਵੇਂ ਤੁਸੀਂ ਜ਼ਿੰਦਗੀ ਵਿੱਚ ਕਿੰਨੇ ਵੀ ਸਫਲ ਹੋਵੋ, ਤੁਹਾਡੇ ਕੋਲ ਕਿੰਨਾ ਹੀ ਪੈਸਾ ਹੋਵੇ, ਤੁਸੀਂ ਬੁੱਧੀਮਾਨ ਵੀ ਹੋਵੋ, ਪਰ ਜੇਕਰ ਤੁਹਾਨੂੰ ਪਿਆਰ ਦੀ ਗੁਪਤ ਭਾਸ਼ਾ ਨਹੀਂ ਆਉਂਦੀ ਤਾਂ ਸਭ ਬੇਕਾਰ ਹੈ। ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ ਕਿ ਤੁਹਾਡੀ ਪ੍ਰੇਮਿਕਾ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਕਦੇ ਸਫ਼ਲ ਨਹੀਂ ਹੋ ਸਕੋਗੇ।''

''ਪੁਰਾਣੇ ਜ਼ਮਾਨੇ ਵਿੱਚ ਇਹ ਕਲਾ ਐਨੀ ਵਿਕਸਿਤ ਸੀ ਕਿ ਤੁਸੀਂ ਆਪਣੇ ਸਾਥੀ ਨੂੰ ਬਿਨਾਂ ਕੋਈ ਸ਼ਬਦ ਕਹੇ ਗੁਫ਼ਤਗੂ ਕਰ ਸਕਦੇ ਸੀ। ਉਦਾਹਰਣ ਦੇ ਤੌਰ 'ਤੇ ਤੁਸੀਂ ਕਿਸੇ ਮੇਲੇ ਵਿੱਚ ਹੋ ਅਤੇ ਤੁਹਾਡੀ ਪ੍ਰੇਮਿਕਾ ਦੂਰ ਖੜ੍ਹੀ ਦਿਖ ਗਈ ਤਾਂ ਤੁਸੀਂ ਕੰਨ ਦੇ ਉੱਪਰ ਵਾਲੇ ਹਿੱਸੇ ਨੂੰ ਹੱਥ ਲਗਾਓਗੇ। ਇਸਦਾ ਮਤਲਬ ਹੋਇਆ ਤੁਹਾਡਾ ਕੀ ਹਾਲ ਹੈ?''

''ਜੇਕਰ ਤੁਹਾਡੀ ਪ੍ਰੇਮਿਕਾ ਆਪਣੇ ਕੰਨ ਦੇ ਹੇਠਾਂ ਵਾਲਾ ਹਿੱਸਾ ਫੜ ਕੇ ਤੁਹਾਡੇ ਵੱਲ ਦੇਖੇ, ਇਸਦਾ ਮਤਲਬ ਹੋਇਆ ਕਿ ਹੁਣ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਹਾਂ। ਜੇਕਰ ਪ੍ਰੇਮੀ ਆਪਣਾ ਇੱਕ ਹੱਥ ਦਿਲ 'ਤੇ ਰੱਖੇ ਅਤੇ ਦੂਜਾ ਸਿਰ 'ਤੇ, ਇਸਦਾ ਮਤਲਬ ਹੋਇਆ ਕਿ ਤੇਰੇ ਬਾਰੇ ਸੋਚ-ਸੋਚ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਹੈ। ਅਸੀਂ ਕਦੋਂ ਮਿਲ ਸਕਦੇ ਹਾਂ?''

''ਇਸ ਤਰ੍ਹਾਂ ਦੋਵਾਂ ਵਿਚਾਲੇ ਗੁਪਤ ਗੱਲਬਾਤ ਚੱਲਦੀ ਰਹਿੰਦੀ ਹੈ।''

ਸਮਝਦਾਰ ਗੱਲਾਂ ਵੀ ਓਨੀਆਂ ਹੀ ਮਹੱਤਵਪੂਰਨ

ਉਂਝ ਤਾਂ ਔਰਤ-ਮਰਦ ਦੋਵਾਂ ਨੂੰ ਉਤੇਜਿਤ ਕਰਨ ਲਈ ਦੋਵਾਂ ਦੇ ਸਰੀਰ ਵਿੱਚ ਕਈ 'ਕਾਮ ਨਸਾ' ਹੁੰਦੀਆਂ ਹਨ ਪਰ ਇਸ ਸਭ ਤੋਂ ਕਿਤੇ ਵੱਧ ਉਤੇਜਿਤ ਕਰਨ ਦਾ ਕੰਮ ਕਰਦਾ ਹੈ ਦੋਵਾਂ ਦੀ ਸਮਝਣ ਦੀ ਸ਼ਕਤੀ।

ਸੀਮਾ ਆਨੰਦ ਦੱਸਦੀ ਹੈ, ''ਅੱਜ-ਕੱਲ੍ਹ ਸਾਡੇ ਸਮਾਜ ਵਿੱਚ ਇੱਕ ਸ਼ਬਦ ਦੀ ਬਹੁਤ ਵਰਤੋਂ ਹੋ ਰਹੀ ਹੈ-'ਸੋਪੀਓਸੈਕਸ਼ੁਅਲ'। ਇਸਦਾ ਮਤਲਬ ਹੈ ਕਿ ਕੁਝ ਔਰਤਾਂ ਸਿਰਫ਼ ਦਿਮਾਗੀ ਗੱਲਾਂ ਨਾਲ ਹੀ ਉਤੇਜਿਤ ਹੁੰਦੀਆਂ ਹਨ। ਕਰੀਬ ਦੋ ਹਜ਼ਾਰ ਸਾਲ ਪਹਿਲਾਂ ਵਤਸਿਆਨਨ ਨੇ ਲੁਭਾਉਣ ਦੀ ਜਿਨ੍ਹਾਂ 64 ਕਲਾਵਾਂ ਦੀ ਗੱਲ ਕੀਤੀ ਹੈ, ਉਨ੍ਹਾਂ ਵਿੱਚੋਂ 12 ਦਿਮਾਗ ਨਾਲ ਸਬੰਧਿਤ ਹਨ।''

''ਉਹ ਕਹਿੰਦੇ ਹਨ ਕਿ ਪ੍ਰੇਮੀਆਂ ਨੂੰ ਸ਼ਾਬਦਿਕ ਪਹੇਲੀਆਂ ਖੇਡਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਵਿਦੇਸ਼ੀ ਭਾਸ਼ਾ ਆਉਣੀ ਚਾਹੀਦੀ ਹੈ। ਜੇਕਰ ਉਹ ਕਿਸੇ ਮੁੱਦੇ 'ਤੇ ਅਕਲਮੰਦੀ ਨਾਲ ਗੱਲ ਨਾ ਕਰ ਸਕਣ ਤਾਂ ਉਹ ਪਿਆਰ ਦੇ ਖੇਡ ਵਿੱਚ ਪਿੱਛੜ ਜਾਣਗੇ ਅਤੇ ਹੌਲੀ-ਹੌਲੀ ਦੋਵਾਂ ਵਿਚਾਲੇ ਆਕਰਸ਼ਣ ਘਟਦਾ ਰਹੇਗਾ।''

10 ਸੈਕਿੰਡ ਲੰਬਾ ਚੁੰਮਣ

ਸੀਮਾ ਆਨੰਦ ਨੇ ਆਪਣੀ ਪੁਸਤਕ ਦਾ ਪੂਰਾ ਚੈਪਟਰ ਚੁੰਮਣ ਦੀ ਕਲਾ ਨੂੰ ਸਮਰਪਿਤ ਕੀਤਾ ਹੈ। ਉਹ ਕਹਿੰਦੀ ਹੈ ਕਿ ਚੁੰਮਣ ਦੀ ਕਿਰਿਆ ਵਿੱਚ ਚਿਹਰੇ ਦੀਆਂ 34 ਅਤੇ ਪੂਰੇ ਸਰੀਰ ਦੀਆਂ 112 ਮਾਸਪੇਸ਼ੀਆਂ ਹਿੱਸਾ ਲੈਂਦੀਆਂ ਹਨ।

ਸੀਮਾ ਆਨੰਦ ਦੀ ਸਲਾਹ ਹੈ, ''ਤੁਸੀਂ ਦਿਨ ਵਿੱਚ ਕੁਝ ਕਰੋ ਨਾ ਕਰੋ, ਤੁਸੀਂ ਆਪਣੇ ਪਾਰਟਨਰ ਨੂੰ ਦਿਨ ਵਿੱਚ ਇੱਕ ਅਜਿਹਾ ਚੁੰਮਣ ਕਰੋ ,ਜਿਹੜਾ 10 ਸੈਕਿੰਡ ਲੰਬਾ ਹੋਵੇ। ਮੈਂ ਕਾਫ਼ੀ ਰਿਸਰਚ ਤੋਂ ਬਾਅਦ ਦੇਖਿਆ ਹੈ ਕਿ ਇੱਕ ਆਮ ਚੁੰਮਣ ਵੱਧ ਤੋਂ ਵੱਧ ਤਿੰਨ ਸੈਕਿੰਡ ਲੰਬੀ ਹੁੰਦੀ ਹੈ। ਤਿੰਨ ਸੈਕਿੰਡ ਤੋਂ ਬਾਅਦ ਲੋਕ ਸੋਚਦੇ ਹਨ ਕਿ ਇਹ ਤਾਂ ਬਹੁਤ ਹੋ ਗਿਆ।''

''ਦਸ ਸੈਕਿੰਡ ਕਾਫ਼ੀ ਲੰਬਾ ਸਮਾਂ ਹੁੰਦਾ ਹੈ। ਇਹ ਹਮੇਸ਼ਾ ਪ੍ਰੇਮਿਕਾ ਨੂੰ ਯਾਦ ਰਹਿੰਦਾ ਹੈ ਕਿਉਂਕਿ ਇਸਦਾ ਅਸਰ ਪੈਂਦਾ ਹੈ। ਇਹ ਦੱਸਦਾ ਹੈ ਕਿ ਤੁਹਾਡੇ ਲਈ ਮੇਰੀ ਜ਼ਿੰਦਗੀ ਵਿੱਚ ਇੱਕ ਖਾਸ ਥਾਂ ਹੈ। ਇੱਕ ਚੰਗੇ ਚੁੰਮਣ ਦਾ ਤੁਹਾਡੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਦੇਖਿਆ ਗਿਆ ਹੈ ਕਿ ਇਸ ਨਾਲ ਸਿਰ ਦਾ ਦਰਦ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ।''

ਪੈਰਾਂ ਨਾਲ ਲੁਭਾਉਣ ਦੀ ਕਲਾ

ਔਰਤ-ਮਰਦ ਸਰੀਰਕ ਸਬੰਧਾਂ ਵਿੱਚ 'ਪੈਰ' ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਇਸ 'ਤੇ ਬਹੁਤ ਘੱਟ ਲੋਕਾਂ ਦੀ ਨਜ਼ਰ ਗਈ ਹੈ। ਸੀਮਾ ਆਨੰਦ ਦਾ ਮੰਨਣਾ ਹੈ ਕਿ ਲੁਭਾਉਣ ਦੀ ਕਲਾ ਵਿੱਚ ਪੈਰ ਕੁਝ 'ਖਾਸ' ਹੁੰਦੇ ਹਨ ਅਤੇ ਔਰਤਾਂ ਨੂੰ ਆਪਣੇ ਚਿਹਰੇ ਨਾਲੋਂ ਵੱਧ ਆਪਣੇ ਪੈਰਾਂ ਦੀ ਦੇਖ-ਰੇਖ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਹ ਕਹਿੰਦੀ ਹੈ, ''ਸਾਡੀਆਂ ਸਾਰੀਆਂ ਨਸਾਂ ਪੈਰ ਵਿੱਚ ਜਾ ਕੇ ਖ਼ਤਮ ਹੁੰਦੀਆਂ ਹਨ। ਉਹ ਉਂਝ ਵੀ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਅੰਗ ਹੁੰਦਾ ਹੈ। ਅੱਜ-ਕੱਲ੍ਹ ਅਸੀਂ ਆਪਣੇ ਪੈਰਾਂ ਨੂੰ ਉੱਚੀ ਅੱਡੀ ਵਾਲੇ ਸੈਂਡਲਾਂ ਵਿੱਚ ਬੰਨ੍ਹ ਲੈਂਦੇ ਹਾਂ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਆਪਣੇ ਪੈਰਾਂ ਜ਼ਰੀਏ ਲੁਭਾਉਣਾ ਹੈ ਤਾਂ ਬੈਠੋ, ਆਪਣਾ ਸੈਂਡਲ ਖੋਲ੍ਹੋ ਅਤੇ ਆਪਣਾ ਪੈਰ ਥੋੜ੍ਹਾ ਇੱਧਰ-ਉੱਧਰ ਮੋੜੋ। ਉਸ ਨੂੰ ਦਿਖਾਓ, ਉਂਝ ਵੀ ਇਹ ਸਰੀਰ ਦੇ ਖ਼ੂਬਸੂਰਤ ਅੰਗਾਂ ਵਿੱਚੋਂ ਇੱਕ ਹੁੰਦਾ ਹੈ।''

ਖਾਣਾ ਅਤੇ ਸੈਕਸ

ਸੈਕਸ ਵਿੱਚ ਖਾਣੇ ਦੀ ਵੀ ਆਪਣੀ ਅਹਿਮੀਅਤ ਹੈ। ਕੀ ਖਾਧਾ ਜਾਵੇ, ਕਦੋਂ ਖਾਧਾ ਜਾਵੇ, ਕਿੰਨਾ ਖਾਧਾ ਜਾਵੇ ਅਤੇ ਕਿਵੇਂ ਖਾਧਾ ਜਾਵੇ, ਇਨ੍ਹਾਂ ਸਭ ਦੇ ਕੁਝ ਨਾ ਕੁਝ ਮਾਅਨੇ ਹਨ।

ਸੀਮਾ ਆਨੰਦ ਦੱਸਦੀ ਹੈ, ''ਜੇਕਰ ਸੈਕਸ ਤੋਂ ਪਹਿਲਾਂ ਖਾਣਾ ਖਾ ਲਿਆ ਜਾਵੇ ਤਾਂ ਸਾਡੇ 'ਰੇਫ਼ਲੇਕਸੇਨਜ਼' ਹੌਲੀ ਹੋ ਜਾਂਦੀ ਹਨ ਅਤੇ ਖਾਣੇ ਨੂੰ ਹਜ਼ਮ ਕਰਨ ਵਿੱਚ ਤੁਹਾਡੀ ਸਾਰੀ ਊਰਜਾ ਲੱਗ ਜਾਵੇਗੀ। ਸੈਕਸ ਲਈ ਨਾ ਤਾਂ ਇੱਛਾ ਬਚੇਗੀ ਅਤੇ ਨਾ ਹੀ ਊਰਜਾ।''

ਇਹ ਵੀ ਪੜ੍ਹੋ:

ਖਾਣਾ ਹਮੇਸ਼ਾ ਸੈਕਸ ਤੋਂ ਬਾਅਦ ਖਾਣਾ ਚਾਹੀਦਾ ਹੈ ਅਤੇ ਚੰਗਾ ਖਾਣਾ ਚਾਹੀਦਾ ਹੈ। ਵਤਸਿਆਨਨ ਕਹਿੰਦੇ ਹਨ ਕਿ ਇਸ ਸਮੇਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਨਾਲ ਖੁਆਉਂਦਾ ਹੈ। ਉਹ ਹਰ ਚੀਜ਼ ਨੂੰ ਟੈਸਟ ਕਰਦਾ ਹੈ ਤੇ ਜੇਕਰ ਸਵਾਦ ਚੰਗਾ ਹੋਇਆ ਤਾਂ ਉਹ ਆਪਣੀ ਪ੍ਰੇਮਿਕਾ ਵੱਲ ਆਕਰਸ਼ਿਤ ਹੁੰਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ 'ਡੇਟ' 'ਤੇ ਜਾ ਰਹੇ ਹਾਂ। ਕਿਸੇ ਚੰਗੇ ਰੈਸਟੋਰੈਂਟ ਵਿੱਚ ਖਾਣਾ ਖਾਵਾਂਗੇ।''

''ਭਾਵੇਂ ਕਿੰਨਾ ਚੰਗਾ ਖਾਣਾ ਕਿਉਂ ਨਾ ਹੋਵੇ, ਜਿੰਨੀਆਂ ਚੰਗੀਆਂ ਗੱਲਾਂ ਹੋ ਜਾਣ ਜਾਂ ਜਿੰਨੀ ਚੰਗੀ ਫਲਰਟਿੰਗ ਹੋ ਜਾਵੇ, ਪ੍ਰੇਮੀ ਇੱਛਾਵਾਂ 'ਤੇ ਖਰੇ ਨਹੀਂ ਉਤਰਦੇ ਕਿਉਂਕਿ ਖਾਣ ਤੋਂ ਬਾਅਦ ਸਰੀਰ ਦੀ ਸ਼ਕਤੀ 'ਤੇ ਅਸਰ ਤਾਂ ਪੈਂਦਾ ਹੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)