You’re viewing a text-only version of this website that uses less data. View the main version of the website including all images and videos.
ਦਲਿਤਾਂ ਦੀ ਜਿੱਤ ਦੀ ਯਲਗਾਰ ਪਰੀਸ਼ਦ ਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਬਾਰੇ ਵਿਸਥਾਰ ਨਾਲ ਜਾਣੋ
- ਲੇਖਕ, ਮਯੂਰੇਸ਼ ਕੋਨੂੰਰ
- ਰੋਲ, ਬੀਬੀਸੀ ਪੱਤਰਕਾਰ
ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਗ੍ਰਿਫ਼ਤਾਰੀ ਦੀ ਘਟਨਾ ਨਾਲ ਯਲਗਾਰ ਪਰੀਸ਼ਦ ਚਰਚਾ ਵਿੱਚ ਹੈ।
ਭੀਮਾ ਕੋਰੇਗਾਓਂ ਵਿੱਚ ਹੋਈ ਹਿੰਸਾ ਵਿੱਚ ਕਥਿਤ ਭੂਮਿਕਾ ਨਿਭਾਉਣ ਦੇ ਇਲਜ਼ਾਮਾਂ ਤਹਿਤ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਕਾਰਕੁਨਾਂ ਵਿੱਚ ਲੇਖਕ, ਪੱਤਰਕਾਰ, ਕਵੀ, ਵਕੀਲ ਅਤੇ ਆਦੀਵਾਸੀਆਂ ਲਈ ਕੰਮ ਕਰਨ ਵਾਲੇ ਲੋਕ ਸ਼ਾਮਿਲ ਹਨ।
ਇੱਕ ਜਨਵਰੀ 2018 ਤੋਂ ਪੁਣੇ ਨੇੜੇ ਭੀਮਾ ਕੋਰੋਗਾਂਵ ਦੀ ਯਾਦਗਾਰ ਨੇੜੇ ਹਿੰਸਾ ਭੜਕੀ ਸੀ। ਇਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਵਾੜਾ ਵਿੱਚ ਯਲਗਾਰ ਪਰੀਸ਼ਦ ਨਾਮ ਨਾਲ ਇੱਕ ਰੈਲੀ ਹੋਈ ਸੀ ਅਤੇ ਪੁਲਿਸ ਮੰਨਦੀ ਹੈ ਕਿ ਇਸ ਰੈਲੀ 'ਚ ਹਿੰਸਾ ਭੜਕਾਉਣ ਦੀ ਭੂਮਿਕਾ ਬੰਨ੍ਹੀ ਗਈ ਸੀ।
ਇਹ ਮੁੱਦਾ ਹੁਣ ਵਿਵਾਦਾਂ ਵਿੱਚ ਹੈ ਕਿ ਆਖਿਰ ਯਲਗਾਰ ਪਰੀਸ਼ਦ ਵਿੱਚ ਹੋਇਆ ਕੀ ਸੀ।
ਯਲਗਾਰ ਪਰੀਸ਼ਦ ਆਖ਼ਿਰ ਹੈ ਕੀ?
ਇੱਕ ਜਨਵਰੀ 2018 ਨੂੰ ਭੀਮਾ ਕੋਰੇਗਾਂਵ ਵਿੱਚ ਮਰਾਠਾ ਸਮਰਾਜ ਤੇ ਈਸਟ ਇੰਡੀਆ ਕੰਪਨੀ ਵਿਚਾਲੇ ਹੋਈ ਲੜਾਈ ਦੀ 200ਵੀਂ ਵਰ੍ਹੇਗੰਢ ਸੀ।
ਮਰਾਠਾ ਫੌਜ ਪੇਸ਼ਵਾ ਦੀ ਅਗਵਾਈ ਵਿੱਚ ਲੜਿਆ ਇਹ ਯੁੱਧ ਹਾਰ ਗਈ ਸਨ ਅਤੇ ਕਿਹਾ ਜਾਂਦਾ ਹੈ ਕਿ ਈਸਟ ਇੰਡੀਆ ਕੰਪਨੀ ਨੂੰ ਮਹਾਰ ਰੈਜੀਮੈਂਟ ਦੇ ਫੌਜੀਆਂ ਦੀ ਬਹਾਦਰੀ ਕਾਰਨ ਜਿੱਤ ਹਾਸਿਲ ਹੋਈ ਸੀ।
ਇਹ ਵੀ ਪੜ੍ਹੋ:
ਅੰਗਰੇਜ਼ਾਂ ਵੱਲੋਂ ਮਹਾਰ ਰੈਜੀਮੈਂਟ ਦੇ ਫੌਜੀਆਂ ਦੀ ਬਹਾਦਰੀ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਗਈ ਸੀ।
ਇਸ ਸਮਾਰਕ 'ਤੇ ਬਾਅਦ ਵਿੱਚ ਭੀਮਰਾਓ ਅੰਬੇਡਕਰ ਆਪਣੇ ਸੈਂਕੜੇ ਸਮਰਥਕਾਂ ਨਾਲ ਇੱਥੇ ਹਰ ਸਾਲ ਆਉਂਦੇ ਰਹੇ। ਇਹ ਥਾਂ ਪੇਸ਼ਵਾ 'ਤੇ ਮਹਾਰਾਂ ਯਾਨਿ ਦਲਿਤਾਂ ਦੀ ਜਿੱਤ ਦੇ ਇੱਕ ਸਮਾਰਕ ਵਜੋਂ ਸਥਾਪਿਤ ਹੋ ਗਈ। ਇੱਥੇ ਹਰ ਸਾਲ ਪ੍ਰੋਗਰਾਮ ਕਰਵਾਇਆ ਜਾਣ ਲੱਗਾ।
ਇਸ ਸਾਲ 200ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ 31 ਦਸੰਬਰ 2017 ਨੂੰ 'ਭੀਮਾ ਕੋਰੇਗਾਂਵ ਸ਼ੌਰਿਆ ਦਿਨ ਪ੍ਰੇਰਣਾ ਅਭਿਆਨ' ਦੇ ਬੈਨਰ ਹੇਠ ਕਈ ਸੰਗਠਨਾਂ ਨੇ ਮਿਲ ਕੇ ਰੈਲੀ ਦਾ ਪ੍ਰਬੰਧ ਕੀਤਾ, ਜਿਸ ਦਾ ਨਾਮ 'ਯਲਗਾਰ ਪਰੀਸ਼ਦ' ਰੱਖਿਆ ਗਿਆ।
ਮਰਾਠਿਆਂ ਦੇ ਗੜ੍ਹ ਸ਼ਨੀਵਾਰ ਵਾੜਾ ਦੇ ਮੈਦਾਨ 'ਚ ਹੋਈ ਇਸ ਰੈਲੀ 'ਚ 'ਲੋਕਤੰਤਰ ਬਚਾਓ, ਸੰਵਿਧਾਨ ਬਚਾਓ, ਦੇਸ ਬਚਾਓ ਦਾ ਨਾਅਰਾ ਦਿੱਤਾ ਗਿਆ ਸੀ।
ਮਰਹੂਮ ਵਿਦਿਆਰਥੀ ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਨੇ ਰੈਲੀ ਦਾ ਉਦਘਾਟਨ ਕੀਤਾ, ਇਸ ਵਿੱਚ ਉੱਘੀਆਂ ਹਸਤੀਆਂ ਜਿਵੇਂ, ਪ੍ਰਕਾਸ਼ ਅੰਬੇਦਕਰ, ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਬੀਜੀ ਕੋਲਸੇ ਪਾਟਿਲ, ਗੁਜਰਾਤ ਤੋਂ ਵਿਧਾਇਕ ਜਿਗਨੇਸ਼ ਮੇਵਾਨੀ, ਜੇਐਨਯੂ ਦੇ ਵਿਦਿਆਰਥੀ ਉਮਰ ਖ਼ਾਲਿਦ, ਆਦਿਵਾਸੀ ਕਾਰਕੁਨ ਸੋਨੀ ਸੋਰੀ ਆਦਿ ਮੌਜੂਦ ਰਹੇ।
ਇਨ੍ਹਾਂ ਦੇ ਭਾਸ਼ਣਾਂ ਨਾਲ ਕਬੀਰ ਕਲਾ ਮੰਚ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ। ਅਗਲੇ ਦਿਨ ਜਦੋਂ ਭੀਮਾ ਕੋਰਗਾਂਵ 'ਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਤਾਂ ਨੇੜਲੇ ਇਲਾਕਿਆਂ 'ਚ ਹਿੰਸਾ ਭੜਕ ਗਈ। ਕੁਝ ਦੇਰ ਤੱਕ ਪੱਥਰਬਾਜੀ ਹੋਈ, ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਗਿਆ ਅਤੇ ਇੱਕ ਨੌਜਵਾਨ ਦੀ ਜਾਨ ਚਲੀ ਗਈ।
ਇਸ ਮਾਮਲੇ ਵਿੱਚ ਦੱਖਣ ਪੰਥੀ ਸੰਸਥਾ 'ਸਮਸਥ ਹਿੰਦ ਅਘਾੜੀ' ਦੇ ਨੇਤਾ ਮਿਲਿੰਗ ਇਕਬੋਟੇ ਅਤੇ ਸ਼ਿਵ ਪ੍ਰਤੀਸ਼ਠਾਨ ਦੇ ਸੰਸਥਾਪਕ ਸ਼ੰਭਾਜੀ ਭਿੜੇ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ। ਪੁਣੇ ਦੀ ਪੇਂਡੂ ਪੁਲਿਸ ਹੁਣ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਯਲਗਾਰ ਪਰੀਸ਼ਦ ਨਾਲ ਜੁੜੀਆਂ ਦੋ ਐਫਆਈਆਰ
ਇਸੇ ਦੌਰਾਨ ਯਲਗਾਰ ਪਰੀਸ਼ਦ ਨਾਲ ਜੁੜੀਆਂ ਦੋ ਐਫਆਈਆਰ ਪੁਣੇ ਸ਼ਹਿਰ ਦੇ ਵਿਸ਼ਰਾਮ ਬਾਗ਼ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ। ਪਹਿਲੀ ਐਫਆਈਆਰ 'ਚ ਜਿਗਨੇਸ਼ ਮੇਵਾਨੀ ਅਤੇ ਉਮਰ ਖ਼ਾਲਿਦ 'ਤੇ ਭੜਕਾਊ ਭਾਸ਼ਣ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ।
ਦੂਜੀ ਐਫਆਈਆਰ ਤੁਸ਼ਾਰ ਦਮਗੁੜੇ ਦੀ ਸ਼ਿਕਾਇਤ 'ਤੇ ਯਲਗਾਰ ਪਰੀਸ਼ਦ ਨਾਲ ਜੁੜੇ ਲੋਕਾਂ ਦੇ ਖ਼ਿਲਾਫ਼ ਦਰਜ ਕੀਤੀ ਗਈ। ਇਸ ਐਫਆਈਆਰ ਦੇ ਸਬੰਧ ਵਿੱਚ ਜੂਨ 'ਚ ਸੁਧੀਰ ਧਵਲੇ ਸਣੇ ਪੰਜ ਸਮਾਜਕ ਕਾਰਕੁਨ ਗ੍ਰਿਫ਼ਤਾਰ ਕੀਤੇ ਗਏ।
ਇਸ ਤੋਂ ਬਾਅਦ 28 ਅਗਸਤ ਨੂੰ ਪੁਣੇ ਪੁਲਿਸ ਨੇ ਗੌਤਮ ਨਵਲਖਾ, ਸੁਧਾ ਭਾਰਦਵਾਜ, ਵਰਵਰਾ ਰਾਓ, ਅਰੁਣ ਫਰੇਰਾ ਅਤੇ ਵਰਨਾਨ ਗੌਜ਼ਾਲਵਿਸ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਅਦਾਲਤ 'ਚ ਕੀ ਕਿਹਾ
ਪੁਣੇ ਪੁਲਿਸ ਨੇ ਅਦਾਲਤ 'ਚ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕ ਪਾਬੰਦੀਸ਼ੁਦਾ ਸੰਗਠਨ ਭਾਕਪਾ (ਮਾਓਵਾਦੀ) ਦੇ ਮੈਂਬਰ ਹਨ ਅਤੇ ਯਲਗਾਰ ਪਰੀਸ਼ਦ ਦੇਸ ਨੂੰ ਅਸਥਿਰ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਸੀ।
ਪੁਲਿਸ ਨੇ ਕਿਹਾ ਕਿ ਯਲਗਾਰ ਪਰੀਸ਼ਦ ਸਿਰਫ਼ ਇੱਕ ਮਖੌਟਾ ਹੈ ਅਤੇ ਮਾਓਵਾਦੀ ਇਸ ਨੂੰ ਆਪਣੀ ਵਿਚਾਰਧਾਰਾ ਦੇ ਪ੍ਰਸਾਰ ਲਈ ਵਰਤ ਰਹੇ ਹਨ।
ਪੁਣੇ ਕੋਰਟ ਵਿੱਚ ਪੁਲਿਸ ਨੇ ਸੁਧੀਰ ਧਵਲੇ ਅਤੇ ਕਬੀਰ ਕਲਾ ਮੰਚ ਦੇ ਲੋਕਾਂ 'ਤੇ ਯਲਗਾਰ ਪਰੀਸ਼ਦ 'ਚ ਇਤਰਾਜ਼ਯੋਗ ਗੀਤ ਗਾਉਣ ਦੇ ਇਲਜ਼ਾਮ ਲਗਾਏ। ਉਨ੍ਹਾਂ 'ਤੇ ਭੜਕਾਉ ਅਤੇ ਵੰਡ ਪਾਉਣ ਵਾਲੇ ਬਿਆਨ ਦੇਣ ਅਤੇ ਪਰਚਿਆਂ ਤੇ ਭਾਸ਼ਣਾਂ ਰਾਹੀਂ ਵਿਵਾਦ ਪੈਦਾ ਕਰਨ ਦੇ ਇਲਜ਼ਾਮ ਲਗਾਏ ਗਏ।
ਪੁਲਿਸ ਨੇ ਕਿਹਾ ਕਿ ਦਲਿਤਾਂ ਨੂੰ ਗੁਮਰਾਹ ਕਰਨਾ ਅਤੇ ਗੈਰ ਸੰਵਿਧਾਨਕ ਤੇ ਹਿੰਸਕ ਵਿਚਾਰਾਂ ਨੂੰ ਫਲਾਉਣਾ ਪਾਬੰਦੀਸ਼ੁਦਾ ਭਾਕਪਾ (ਮਾਓਵਾਦੀ) ਦੀ ਨੀਤੀ ਹੈ ਅਤੇ ਇਸ ਦੇ ਤਹਿਤ ਸੁਧੀਰ ਧਵਲੇ ਆਦਿ ਕਈ ਮਹੀਨਿਆਂ ਤੋਂ ਪੂਰੇ ਮਹਾਰਾਸ਼ਟਰ 'ਚ ਭਾਸ਼ਣ ਦੇ ਰਹੇ ਸਨ।
ਉਹ ਆਪਣੇ ਨੁੱਕੜ ਨਾਟਕ ਅਤੇ ਗੀਤਾਂ ਆਦਿ 'ਚ ਇਤਿਹਾਸ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਸਨ। ਪੁਲਿਸ ਨੇ ਕਿਹਾ ਹੈ ਕਿ ਇਸ ਕਾਰਨ ਭੀਮਾ ਕੋਰੋਗਾਂਵ 'ਚ ਪੱਥਰਬਾਜੀ ਅਤੇ ਹਿੰਸਾ ਸ਼ੁਰੂ ਹੋਈ ਸੀ।
ਪਰ ਯਲਗਾਰ ਪਰੀਸ਼ਦ ਨਾਲ ਜੁੜੇ ਵਰਕਰਾਂ ਅਤੇ ਸੰਗਠਨਾਂ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਦੋ ਸਾਬਕਾਂ ਜੱਜਾਂ ਨੇ ਬੁਲਾਈ ਸੀ ਯਲਗਾਰ ਪਰੀਸ਼ਦ?
ਯਲਗਾਰ ਪਰੀਸ਼ਦ 'ਚ ਬੰਬੇ ਹਾਈਕੋਰਟ ਦੇ ਸਾਬਕਾ ਜੱਜ ਬੀਜੀ ਕੋਲਸੇ ਪਾਟਿਲ ਵੀ ਸ਼ਾਮਿਲ ਸਨ। ਉਨ੍ਹਾਂ ਨੇ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਯਲਗਾਰ ਨੂੰ 300 ਤੋਂ ਵੱਧ ਸੰਗਠਨਾਂ ਦਾ ਸਮਰਥਨ ਹਾਸਿਲ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਯਲਗਾਰ ਪਰੀਸ਼ਦ ਮੈਂ ਅਤੇ ਜਸਟਿਸ ਪੀਬੀ ਸਾਵੰਤ ਨੇ ਪ੍ਰਬੰਧਤ ਕੀਤੀ ਸੀ। ਕੇਵਲ ਅਸੀਂ ਦੋ ਲੋਕ ਇਸ ਵਿੱਚ ਸ਼ਾਮਿਲ ਸੀ। ਅਸੀਂ ਸੋਚਿਆ ਕਿ ਅੰਬੇਦਕਰਵਾਦੀ ਅਤੇ ਸੈਕੁਲਰ ਲੋਕ ਹਰ ਸਾਲ ਇੱਕ ਜਨਵਰੀ ਨੂੰ ਭੀਮਾ ਕੋਰੇਗਾਂਵ ਆਉਂਦੇ ਹਨ ਤਾਂ ਅਸੀਂ 31 ਦਸੰਬਰ ਨੂੰ ਉਨ੍ਹਾਂ ਦੇ ਨਾਲ ਇੱਕ ਪ੍ਰੋਗਰਾਮ ਕਰ ਸਕਦੇ ਹਾਂ।"
"ਅਸੀਂ ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਵਾੜਾ ਵਿੱਚ ਹੀ ਇੱਕ ਰੈਲੀ ਕੀਤੀ ਸੀ ਅਤੇ ਸੰਘ ਮੁਕਤ ਭਾਰਤ ਦੀ ਮੰਗ ਕੀਤੀ ਸੀ। ਇਸ ਰੈਲੀ ਵਿੱਚ ਵੀ ਓਨੀਂ ਗਿਣਤੀ 'ਚ ਲੋਕ ਸ਼ਾਮਿਲ ਹੋਏ ਸਨ।"
"ਇਸ ਤੋਂ ਪਹਿਲਾਂ ਪੁਲਿਸ ਨੇ ਜੋ ਐਫਆਈਆਰ ਦਰਜ ਕੀਤੀਆਂ ਸਨ, ਉਸ ਵਿੱਚ ਕਿਹਾ ਗਿਆ ਸੀ ਕਿ ਯਲਗਾਰ ਪਰੀਸ਼ਦ ਦੇ ਮਾਓਵਾਦੀਆਂ ਨਾਲ ਸੰਬੰਧ ਨਹੀਂ ਹਨ ਪਰ ਹੁਣ ਉਹ ਦੂਜੀ ਕਹਾਣੀ ਦੱਸ ਰਹੇ ਹਨ।"
ਜਸਟਿਸ ਕੋਲਸੇ ਪਾਟਿਲ ਨੇ ਕਿਹਾ, "ਯਲਗਾਰ ਪਰੀਸ਼ਦ 'ਚ ਅਸੀਂ ਲੋਕਾਂ ਨੂੰ ਸਹੁੰ ਚੁਕਾਈ ਕਿ ਉਹ ਕਿਸੇ ਸੰਪ੍ਰਦਾਇਕ ਪਾਰਟੀ ਨੂੰ ਕਦੇ ਵੋਟ ਨਹੀਂ ਦੇਣਗੇ। ਅਸੀਂ ਸੰਘ ਦੇ ਇਸ਼ਾਰੇ 'ਤੇ ਤੁਰਨ ਵਾਲੀ ਭਾਜਪਾ ਨੂੰ ਵੋਟ ਨਹੀਂ ਦੇਵਾਂਗੇ। ਉਨ੍ਹਾਂ ਨੂੰ ਸਹੁੰ ਪਸੰਦ ਨਹੀਂ ਆਈ।"
ਮਾਓਵਾਦੀਆਂ ਨਾਲ ਸੰਬੰਧਾਂ 'ਤੇ ਸਫਾਈ ਦਿੰਦਿਆ ਹੋਇਆ ਜਸਟਿਸ ਕੋਲਸੇ ਪਾਟਿਲ ਨੇ ਕਿਹਾ, "ਇਹ ਬਿਲਕੁਲ ਝੂਠ ਹੈ ਕਿ ਯਲਗਾਰ ਪਰੀਸ਼ਦ ਦੇ ਮਾਓਵਾਦੀਆਂ ਨਾਲ ਸੰਬੰਧ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦਾ ਸਾਡੇ ਨਾਲ ਕੋਈ ਸੰਬੰਧ ਹੈ ਹੀ ਨਹੀਂ। ਇਹ ਬਿਲਕੁਲ ਸੱਚ ਨਹੀਂ ਹੈ ਕਿ ਇਹ ਰੈਲੀ ਨਕਸਲਵਾਦੀਆਂ ਕੋਲੋਂ ਮਿਲੇ ਚੰਦੇ ਨਾਲ ਪ੍ਰਬੰਧਿਤ ਕੀਤੀ ਗਈ ਸੀ।"
"ਸਾਨੂੰ ਕਿਸੇ ਕੋਲੋਂ ਪੈਸਾ ਨਹੀਂ ਮਿਲਿਆ ਸੀ। ਇਹ ਸਾਰੇ ਲੋਕ ਇੱਥੇ ਭੀਮਾ ਕੋਰਗਾਂਵ ਦੀ ਵਰ੍ਹੇਗੰਢ 'ਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਸਾਨੂੰ ਉੱਥੇ ਪਹਿਲਾਂ ਤੋਂ ਹੀ ਤਿਆਰ ਮੰਚ ਮਿਲਿਆ ਸੀ, ਜਿੱਥੇ ਅਸੀਂ ਪ੍ਰੋਗਰਾਮ ਕੀਤਾ।"
''ਸਾਨੂੰ ਸਬੂਤ ਦਿਖਾਓ'
ਭਾਰਿਪਾ ਬਹੁਜਨ ਮਹਾਸੰਘ ਦੇ ਪ੍ਰਕਾਸ਼ ਅੰਬੇਦਕਰ ਵੀ ਇਸ ਰੈਲੀ ਵਿੱਚ ਸ਼ਾਮਿਲ ਸਨ। ਉਹ ਪੁਲਿਸ ਦੇ ਇਲਜ਼ਾਮਾਂ ਨਾਲ ਅਸਹਿਮਤੀ ਜਤਾਉਂਦੇ ਹੋਏ ਕਹਿੰਦੇ ਹਨ, "ਮੇਰੀ ਰਾਏ 'ਚ ਉਹ ਲੋਕ ਪਾਗ਼ਲ ਹੋ ਗਏ ਹਨ। ਜਿਵੇਂ ਜਸਟਿਸ ਪੀਵੀ ਸਾਵੰਤ ਅਤੇ ਜਸਟਿਸ ਕੋਲਸੇ ਪਾਟਿਲ ਨੇ ਕਿਹਾ ਕਿ ਯਲਗਾਰ ਪਰੀਸ਼ਦ ਦਾ ਪ੍ਰਬੰਧ ਉਹ ਪਹਿਲਾਂ ਵੀ ਕਰ ਚੁੱਕੇ ਹਨ।"
"ਉਨ੍ਹਾਂ ਨੇ ਵਿਦਿਆਰਥੀਆਂ ਦੀ ਮਦਦ ਲਈ ਅਤੇ ਆਪਣੇ ਪੱਧਰ 'ਤੇ ਚੰਦਾ ਇਕੱਠਾ ਕੀਤਾ। ਸਾਨੂੰ ਸਬੂਤ ਦਿਖਾਓ। ਸਾਨੂੰ ਕੌਣ ਮਾਓਵਾਦੀ ਅਤੇ ਕੌਣ ਅੱਤਵਾਦੀ ਕਹਿ ਰਿਹਾ ਸੀ?"
ਅੰਬੇਡਕਰ ਦਾਅਵਾ ਕਰਦੇ ਹਨ ਕਿ ਮਰਾਠਿਆਂ ਦੇ ਪ੍ਰਦਰਸ਼ਨਾਂ ਨੇ ਮਹਾਰਾਸ਼ਟਰ ਦਾ ਅਕਸ ਕਈ ਜਾਤੀਆਂ 'ਚ ਵੰਡੇ ਹੋਏ ਪ੍ਰਦੇਸ਼ ਵਜੋਂ ਬਣਾ ਦਿੱਤਾ ਸੀ ਅਤੇ ਯਲਗਾਰ ਪਰੀਸ਼ਦ ਉਨ੍ਹਾਂ ਸਾਰਿਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਸੀ।
ਉਹ ਕਹਿੰਦੇ ਹਨ, "ਸਮਾਜ ਨੇ ਕਦੇ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਨਹੀਂ ਕੀਤਾ ਸੀ। ਇਨ੍ਹਾਂ ਵਿਵਾਦਾਂ ਨੇ ਲੋਕਾਂ ਵਿੱਚ ਦੂਰੀ ਪੈਦਾ ਕਰ ਦਿੱਤੀ ਸੀ ਅਤੇ ਯਲਗਾਰ ਪਰੀਸ਼ਦ ਦਿਆਲੂਪੁਣੇ ਦੇ ਉਦੇਸ਼ ਨਾਲ ਪ੍ਰਬੰਧਿਤ ਕੀਤੀ ਗਈ ਸੀ।"
ਇਹ ਵੀ ਪੜ੍ਹੋ:
"ਭੀਮਾ ਕੋਰੋਗਾਂਵ ਕਈ ਸਮੁਦਾਇਆਂ ਦਾ ਇਕੱਠੇ ਆਉਣਾ ਸੀ। ਹਾਲਾਂਕਿ ਇਹ ਬ੍ਰਿਟਿਸ਼ ਝੰਡੇ ਹੇਠ ਹੋਇਆ ਪਰ ਵੱਖ-ਵੱਖ ਗੁੱਟਾਂ ਦੇ ਕੋਲ ਮਹਾਰ ਸੈਨਿਕਾਂ ਦੀ ਅਗਵਾਈ 'ਚ ਇਕੱਠੇ ਲੜੇ। ਜਾਤੀ ਸਮੂਹਾਂ ਵਿੱਚ ਵਿਤਕਰੇ ਨੂੰ ਦੂਰ ਕਰਨ ਲਈ ਇਸ ਦਾ ਯੋਗਦਾਨ ਰਿਹਾ ਹੈ ਅਤੇ ਅੱਜ ਅਸੀਂ ਦੇਖਦੇ ਹਾਂ ਕਿ ਮਰਾਠਾ ਭਾਈਚਾਰੇ ਨੇ ਆਪਣੀ ਮੰਗ ਬਦਲ ਲਈ ਹੈ।"
"ਹੁਣ ਉਹ ਓਬੀਸੀ ਸ਼੍ਰੇਣੀ ਤੋਂ ਵੱਖਰੇ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ। ਉਹ ਅੱਤਿਆਚਾਰ ਐਕਟ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਪਰ ਸ਼ਰਤ ਹੈ ਕਿ ਉਹ ਉਨ੍ਹਾਂ ਦਾ ਖ਼ਿਲਾਫ਼ ਬਹੁਤ ਸਖ਼ਤ ਨਾ ਹੋਣ। ਇਹ ਯਲਗਾਰ ਪਰੀਸ਼ਦ ਕਾਰਨ ਹੋਇਆ ਹੈ।"
ਉਹ ਮੰਨਦੇ ਹਨ ਕਿ ਪੁਲਿਸ ਦੀ ਤਾਜ਼ਾ ਕਾਰਵਾਈ ਵਿਰੋਧ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਹੈ। ਉਨ੍ਹਾਂ ਕਿਹਾ, "ਇਹ ਸਿਰਫ਼ ਦਲਿਤਾਂ ਨਾਲ ਬੇਇਨਸਾਫ਼ੀ ਬਾਰੇ ਹੀ ਨਹੀਂ ਹੈ, ਮੌਬ ਲਿੰਚਿੰਗ ਹੋ ਰਹੀ ਹੈ ਅਤੇ ਦਲਿਤਾਂ ਦੀਆਂ ਗੱਲਾਂ ਵੀ ਦਬਾਈਆਂ ਜਾ ਰਹੀਆਂ ਹਨ। ਦਲਿਤਾਂ ਅਤੇ ਮੁਸਲਮਾਨਾਂ ਦਾ ਜਦੋਂ ਸ਼ੋਸ਼ਣ ਹੁੰਦਾ ਹੈ ਤਾਂ ਉਹ ਆਵਾਜ਼ ਚੁੱਕਦੇ ਹਨ। ਅਖ਼ਬਾਰ ਵੀ ਆਵਾਜ਼ ਚੁੱਕਦੀ ਹੈ ਅਤੇ ਕੁਝ ਉੱਚੀ ਜਾਤੀ ਦੇ ਲੋਕ ਵੀ ਆਵਾਜ਼ ਚੁੱਕਦੇ ਹਨ, ਇਹ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੈ।"