ਨਾਰਵੇ ਦੇ ਮੰਤਰੀ ਵੱਲੋਂ ਪਤਨੀ ਦੀ ਸਫਲਤਾ ਲਈ ਅਹੁਦਾ ਛੱਡਣ ਦਾ ਐਲਾਨ

ਨਾਰਵੇ ਦੇ ਇੱਕ ਮੰਤਰੀ ਨੇ ਆਪਣੀ ਪਤਨੀ ਦੀ ਤਰੱਕੀ ਲਈ ਆਪਣੇ ਸਿਆਸੀ ਅਹੁਦੇ ਨੂੰ ਤਿਆਗਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਦੀ ਪਤਨੀ ਨੂੰ ਡਾਕਟਰੀ ਪੇਸ਼ੇ ਨਾਲ ਜੁੜੇ ਹੋਣ ਕਾਰਨ ਘਰ ਸਾਂਭਣ ਦੇ ਨਾਲ-ਨਾਲ ਕੰਮ ਵਿੱਚ ਅਗਾਂਹ ਵਧਣ 'ਚ ਮੁਸ਼ਕਲ ਪੇਸ਼ ਆਉਂਦੀ ਸੀ।

ਪਤਨੀ ਦੀ ਮਦਦ ਕਰਨ ਵਾਸਤੇ ਮੰਤਰੀ ਨੇ ਹੁਣ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ:

ਨਾਰਵੇ ਦੇ ਟਰਾਂਸਪੋਰਟ ਮੰਤਰੀ ਕੈਟਿਲ ਸੋਲਵਿਕ-ਔਲਸਨ ਦੇ ਇਸ ਕਦਮ ਨੂੰ ਲਿੰਗ ਸਮਾਨਤਾ ਵਿੱਚ ਵੱਡੇ ਵਾਧੇ ਵਜੋਂ ਦੇਖਿਆ ਜਾ ਰਿਹਾ ਹੈ।

ਸੋਲਵਿਕ-ਔਲਸਨ ਮੁਤਾਬਕ, "ਮੰਤਰੀ ਬਣਨਾ ਬੜਾ ਚੰਗਾ ਅਨੁਭਵ ਰਿਹਾ। ਮੈਂ ਚਾਹੁੰਦਾ ਤਾਂ ਸਾਰੀ ਉਮਰ ਮੰਤਰੀ ਬਣਿਆ ਰਹਿ ਸਕਦਾ ਸੀ।"

ਉਹ ਨਾਰਵੇ ਵਿੱਚ ਪ੍ਰੋਗ੍ਰੈਸ ਪਾਰਟੀ ਦੀ 2013 ਵਿੱਚ ਹੋਂਦ 'ਚ ਆਈ ਸਰਕਾਰ ਵਿੱਚ ਸ਼ੁਰੂ ਤੋਂ ਹੀ ਮੰਤਰੀ ਹਨ।

ਖ਼ਬਰ ਏਜੰਸੀ ਏ.ਐਫ.ਪੀ. ਦੀ ਰਿਪੋਰਟ ਮੁਤਾਬਕ ਸੋਲਵਿਕ-ਔਲਸਨ ਨੇ ਕਿਹਾ, "ਮੈਂ ਜ਼ਿੰਦਗੀ ਵਿੱਚ ਅਹਿਮ ਪੜਾਅ 'ਤੇ ਪਹੁੰਚ ਗਿਆ ਹਾਂ। ਇਸ ਤੋਂ ਬਾਅਦ ਸੁਪਨੇ ਪੂਰੇ ਕਰਨ ਦੀ ਵਾਰੀ ਮੇਰੀ ਪਤਨੀ ਦੀ ਹੈ। ਅਸੀਂ ਕਈ ਸਾਲ ਪਹਿਲਾਂ ਹੀ ਅਜਿਹਾ ਕਰਨ ਦਾ ਫ਼ੈਸਲਾ ਕਰ ਲਿਆ ਸੀ।"

ਉਨ੍ਹਾਂ ਦੀ ਪਤਨੀ ਟੋਨੀ ਸੋਲਵਿਕ-ਔਲਸਨ ਨੇ ਹੁਣ ਇੱਕ ਸਾਲ ਲਈ ਅਮਰੀਕਾ ਵਿੱਚ ਬੱਚਿਆਂ ਦੇ ਇੱਕ ਹਸਪਤਾਲ ਵਿੱਚ ਨੌਕਰੀ ਸਵੀਕਾਰ ਕਰ ਲਈ ਹੈ।

ਨਾਰਵੇ ਵਿੱਚ ਸੋਸ਼ਲ ਮੀਡੀਆ 'ਤੇ ਕੈਟਿਲ ਸੋਲਵਿਕ-ਔਲਸਨ ਨੂੰ ਸ਼ਲਾਘਾ ਮਿਲ ਰਹੀ ਹੈ।

ਨਾਰਵੇ ਵਿੱਚ ਲਿੰਗ ਸਮਾਨਤਾ ਪਹਿਲਾਂ ਵੀ ਚੰਗੇ ਪੱਧਰ 'ਤੇ ਹੈ।

ਵਰਲਡ ਇਕਨੋਮਿਕ ਫੋਰਮ ਦੀ ਲਿੰਗ ਸਮਾਨਤਾ ਬਾਰੇ ਰੈਂਕਿੰਗ ਵਿੱਚ ਆਇਸਲੈਂਡ ਤੋਂ ਬਾਅਦ ਨਾਰਵੇ ਦਾ ਹੀ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ:

ਦੇਸ ਵਿੱਚ ਤਿੰਨ ਪਾਰਟੀਆਂ ਦੀ ਸਾਂਝੀ ਦੀ ਸਰਕਾਰ ਹੈ ਅਤੇ ਤਿੰਨਾਂ ਪਾਰਟੀਆਂ ਦੀਆਂ ਮੁਖੀ ਔਰਤਾਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)