ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਫਾਇਰਿੰਗ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਬਾਰੀ ਦੀ ਜਾਂਚ ਦਾ ਕੇਸ ਸੀਬੀਆਈ ਤੋਂ ਵਾਪਸ ਲਿਆ ਜਾਵੇਗਾ। ਪੰਜਾਬ ਸਰਕਾਰ ਇੱਕ ਸਪੈਸ਼ਲ ਜਾਂਚ ਟੀਮ ਬਣਾਵੇਗੀ ਜੋ ਤੈਅ ਸਮੇਂ ਵਿੱਚ ਆਪਣੀ ਜਾਂਚ ਪੂਰੀ ਕਰੇਗੀ।

ਕੋਟਕਪੂਰਾ ਅਤੇ ਬਰਗਾੜੀ ਵਿੱਚ ਪੁਲਿਸ ਫਾਇਰਿੰਗ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਦਨ ਵਿੱਚ ਇੱਕ ਮਤਾ ਪੇਸ਼ ਕੀਤਾ।

ਇਸ ਤਹਿਤ ਸੀਬੀਆਈ ਤੋਂ ਮਾਮਲੇ ਦੀ ਜਾਂਚ ਵਾਪਸ ਲੈ ਕੇ ਇੱਕ ਸਪੈਸ਼ਲ ਜਾਂਚ ਟੀਮ ਤੋਂ ਇਸ ਦੀ ਜਾਂਚ ਕਰਵਾਉਣ ਦੀ ਗੱਲ ਰੱਖੀ ਗਈ।

ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਸਪੀਕਰ ਨੇ ਸਦਨ ਵਿੱਚ ਸਾਰਿਆਂ ਦੀ ਸਹਿਮਤੀ ਮੰਗੀ ਉਸ ਮਗਰੋਂ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਲਈ ਬਣਾਏ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਪੰਜਾਬ ਵਿਧਾਨ ਸਭਾ ਵਿੱਚ ਸਾਰਾ ਦਿਨ ਇਸੇ ਮੁੱਦੇ ਨੂੰ ਲੈ ਕੇ ਚਰਚਾ ਹੁੰਦੀ ਰਹੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਮੁੱਦੇ 'ਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਪਾਰਟੀ ਨੂੰ ਜੰਮ ਕੇ ਕੋਸਿਆ।

ਸੀਬੀਆਈ ਤੋਂ ਜਾਂਚ ਵਾਪਸ ਲੈਣ ਦੇ ਮਾਮਲੇ 'ਤੇ ਕੈਪਟਨ ਨੇ ਕਿਹਾ, ''ਸਾਨੂੰ ਸਾਰਿਆਂ ਨੂੰ ਇਸ ਮੁੱਦੇ ਨੇ ਦੁੱਖ ਪਹੁੰਚਾਇਆ ਹੈ। ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਹੈ ਕਿ ਹਾਲੇ ਜਾਂਚ ਦੀ ਹੋਰ ਲੋੜ ਹੈ। ਇਸ ਲਈ ਸਾਨੂੰ ਇਹ ਜਾਂਚ ਅੱਗੇ ਵਧਾਉਣੀ ਪਵੇਗੀ। ਇਸ ਮਾਮਲੇ ਵਿੱਚ ਬਾਦਲ ਨਾਲ ਨਰਮੀ ਵਰਤਣ ਦੀ ਲੋੜ ਨਹੀਂ ਹੈ ਅਤੇ ਇਹ ਜਾਂਚ ਤੈਅ ਸਮੇਂ ਵਿੱਚ ਹੋਵੇਗੀ।''

ਇਹ ਵੀ ਪੜ੍ਹੋ:

ਕੈਪਟਨ ਨੇ ਕੀਤਾ ਨਿਰਾਸ਼- ਹਰਪਾਲ ਚੀਮਾ

ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਕੈਪਟਨ ਸਰਕਾਰ ਕੋਈ ਤੁਰੰਤ ਕਾਰਵਾਈ ਕਰੇਗੀ।

ਉਨ੍ਹਾਂ ਅੱਗੇ ਕਿਹਾ, ''ਅਸੀਂ ਸਰਕਾਰ ਦੇ ਕਦਮਾਂ ਦੀ ਸ਼ਲਾਘਾ ਕਰਦੇ ਰਹੇ ਪਰ ਕੈਪਟਨ ਨੇ ਅੰਤ ਵਿੱਚ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਐਲਾਨ ਕਰਕੇ ਸਦਨ ਅਤੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਕਿਉਂਕਿ ਇਸ ਨਾਲ ਮਾਮਲਾ ਹੋਰ ਖਿੱਚਿਆ ਜਾਵੇਗਾ।''

ਕੈਪਟਨ ਨੂੰ ਸੁਖਬੀਰ ਦਾ ਚੈਲੰਜ

ਸਦਨ ਵਿੱਚ ਚਰਚਾ ਦੌਰਾਨ ਬੋਲਣ ਲਈ ਬਣਦਾ ਸਮਾਂ ਨਾ ਮਿਲਣ ਦਾ ਇਲਜ਼ਾਮ ਲਾ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਦਿੱਤਾ।

ਉਨ੍ਹਾਂ ਟਵੀਟ ਕਰਕੇ ਕਿਹਾ ਕਿ ਬਰਾਬਰ ਸਮਾਂ ਦਿਓ ਫਿਰ ਦੇਖਾਂਗੇ ਕਿ ਕੌਣ ਸਦਨ ਵਿੱਚੋਂ ਬਾਹਰ ਜਾਂਦਾ ਹੈ।

ਕੀ ਕਹਿੰਦੀ ਹੈ ਕਮਿਸ਼ਨ ਦੀ ਰਿਪੋਰਟ?

ਕਮਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਕੁਝ ਤੱਥ ਮੁੱਖ ਮੰਤਰੀ ਦਫਤਰ ਦੇ ਕੋਟਕਪੂਰਾ ਦੇ ਘਟਨਾਕ੍ਰਮ ਵਿੱਚ "ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਸਨ" ਪਰ "ਹੁਣ ਇਹ ਸਾਫ ਹੈ ਕਿ ਮੁੱਖ ਮੰਤਰੀ (ਬਾਦਲ) ਅਤੇ ਮੁੱਖ ਮੰਤਰੀ ਦਫਤਰ ਨੂੰ ਕੋਟਕਪੂਰਾ ਵਿੱਚ ਕੀਤੀ ਗਈ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਸੀ।"

ਰਿਪੋਰਟ ਮੁਤਾਬਕ, ''ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਦੱਸੀ ਗੱਲ ਦਾ ਵੀ ਹਵਾਲਾ ਦਿੰਦੀ ਹੈ ਕਿ 13 ਅਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2 ਵਜੇ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਲਈ।''

ਰਿਪੋਰਟ ਵਿੱਚ ਅੱਗੇ ਕਿਹਾ ਗਿਆ, "ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਪੁਲਿਸ ਦੁਆਰਾ ਕੋਟਕਪੂਰਾ ਵਿੱਚ ਕੀਤੀ ਕਾਰਵਾਈ ਤੋਂ ਅਣਜਾਣ ਨਹੀਂ ਮੰਨਿਆ ਜਾ ਸਕਦਾ।"

ਇਹ ਵੀ ਪੜ੍ਹੋ:

ਰਣਜੀਤ ਸਿੰਘ ਕਮਿਸ਼ਨ ਬਾਰੇ

2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਦੀ ਜਾਂਚ ਇਸ ਕਮਿਸ਼ਨ ਨੇ ਕੀਤੀ।

ਇਹ ਕਮਿਸ਼ਨ ਸੂਬੇ ਵਿੱਚ ਪਿਛਲੇ ਸਾਲ ਆਈ ਕਾਂਗਰਸ ਸਰਕਾਰ ਵਲੋਂ ਅਪ੍ਰੈਲ 2017 ਵਿੱਚ ਬਣਾਇਆ ਗਿਆ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)