You’re viewing a text-only version of this website that uses less data. View the main version of the website including all images and videos.
ਦਾਦੀ-ਪੋਤੀ ਦੀ ਵਾਇਰਲ ਤਸਵੀਰ ਦਾ ਪੂਰਾ ਸੱਚ
ਕਿਹਾ ਜਾਂਦਾ ਹੈ ਕਿ ਇੱਕ ਤਸਵੀਰ ਹਜ਼ਾਰ ਸ਼ਬਦਾਂ ਤੋਂ ਵੱਧ ਦੀ ਕਹਾਣੀ ਬਿਆਨ ਕਰ ਜਾਂਦੀ ਹੈ। ਇੱਕ ਅਜਿਹੀ ਹੀ ਤਸਵੀਰ 20-21 ਅਗਸਤ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।
ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਲੋਕਾਂ ਨੇ ਇਸ ਦੇ ਨਾਲ ਲਿਖੀ ਗੱਲ ਨੂੰ ਵੀ ਵਾਇਰਲ ਕਰ ਦਿੱਤਾ ਹੈ।
ਪੋਸਟ ਕੀਤੀ ਗਈ ਤਸਵੀਰ ਦੇ ਨਾਲ ਲਿਖਿਆ ਜਾ ਰਿਹਾ ਹੈ, "ਇੱਕ ਸਕੂਲ ਨੇ ਵਿਦਿਆਰਥੀਆਂ ਲਈ ਬਿਰਧ-ਆਸ਼ਰਮ ਦਾ ਟੂਰ ਬਣਾਇਆ ਅਤੇ ਇਸ ਕੁੜੀ ਨੇ ਆਪਣੀ ਦਾਦੀ ਨੂੰ ਉੱਥੇ ਦੇਖਿਆ।"
''ਦਰਅਸਲ ਜਦੋਂ ਇਸ ਬੱਚੀ ਨੇ ਆਪਣੇ ਮਾਪਿਆਂ ਤੋਂ ਦਾਦੀ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਆਪਣੇ ਰਿਸ਼ਤੇਦਾਰ ਕੋਲ ਰਹਿਣ ਗਈ ਹੈ। ਇਹ ਕਿਸ ਤਰ੍ਹਾਂ ਦਾ ਸਮਾਜ ਬਣਾ ਰਹੇ ਹਾਂ ਅਸੀਂ?''
ਦੇਖਦਿਆਂ-ਦੇਖਦਿਆਂ ਇਹ ਤਸਵੀਰ ਅਤੇ ਸੁਨੇਹਾ ਵਾਇਰਲ ਹੋ ਗਿਆ। ਆਮ ਲੋਕਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਵਰਗੇ ਮਸ਼ਹੂਰ ਲੋਕ ਵੀ ਆਪਣੇ ਫੇਸਬੁੱਕ ਅਤੇ ਟਵਿੱਟਰ 'ਤੇ ਇਸ ਨੂੰ ਸਾਂਝਾ ਕਰਨ ਲੱਗੇ।
ਇਹ ਵੀ ਪੜ੍ਹੋ:
ਪਰ ਕੀ ਇਹ ਤਸਵੀਰ ਅਤੇ ਨਾਲ ਲਿਖੀ ਗੱਲ ਸੱਚ ਹੈ? ਕੀ ਇਹ ਤਸਵੀਰ ਹਾਲ ਦੀ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਗੁਜਰਾਤ ਦੇ ਸੀਨੀਅਰ ਫੋਟੋ ਪੱਤਰਕਾਰ ਕਲਪਿਤ ਭਚੇਚ ਨੇ ਬੀਬੀਸੀ ਗੁਜਰਾਤੀ ਨੂੰ ਦਿੱਤੇ।
ਕੀ ਹੈ ਸੱਚ
ਦਰਅਸਲ ਇਹ ਤਸਵੀਰ ਕਲਪਿਤ ਨੇ ਤਕਰੀਬਨ 11 ਸਾਲ ਪਹਿਲਾਂ 2007 ਵਿੱਚ ਖਿੱਚੀ ਸੀ। ਖੁਦ ਕਲਪਿਤ ਨੇ ਇਸ ਤਸਵੀਰ ਅਤੇ ਇਸ ਦੇ ਪਿੱਛੇ ਪੂਰੀ ਘਟਨਾ ਬਿਆਨ ਕੀਤੀ। ਤੁਸੀਂ ਵੀ ਪੜ੍ਹੋ:
''ਪੱਤਰਕਾਰਿਤਾ ਵਿੱਚ ਕਿਸ ਤਰ੍ਹਾਂ ਦੇ ਸੰਜੋਗ ਬਣ ਜਾਂਦੇ ਹਨ, ਇਹ ਕਹਾਣੀ ਇਸੇ ਬਾਰੇ ਹੈ।
ਉਹ ਦਿਨ 12 ਸਿਤੰਬਰ, 2007 ਸੀ। ਮੇਰੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਸਵੇਰੇ 9 ਵਜੇ ਘਰੋਂ ਨਿਕਲਿਆ। ਉਸ ਦਿਨ ਪਤਨੀ ਨੇ ਕਿਹਾ ਕਿ ਰਾਤ ਨੂੰ ਸਮੇਂ 'ਤੇ ਘਰ ਆ ਜਾਣਾ ਕਿਉਂਕਿ ਕੱਲ੍ਹ ਤੁਹਾਡਾ ਜਨਮਦਿਨ ਹੈ ਅਤੇ ਰਾਤ 12 ਵਜੇ ਕੇਕ ਕੱਟਾਂਗੇ।
ਮੈਂ ਕਾਫ਼ੀ ਖੁਸ਼ ਹੋ ਕੇ ਘਰੋਂ ਨਿਕਲਿਆ। ਕੁਝ ਦੇਰ ਵਿੱਚ ਮੇਰੇ ਮੋਬਾਈਲ 'ਤੇ ਅਹਿਮਦਾਬਾਦ ਦੇ ਮਣੀਨਗਰ ਦੇ ਜੀਐਨਸੀ ਸਕੂਲ ਤੋਂ ਕਾਲ ਆਇਆ।
ਕਾਲ ਸਕੂਲ ਦੀ ਪ੍ਰਿੰਸੀਪਲ ਰੀਟਾ ਬਹਿਨ ਪੰਡਿਆ ਦਾ ਸੀ। ਉਨ੍ਹਾਂ ਨੇ ਕਿਹਾ ਕਿ ਸਕੂਲੀ ਬੱਚਿਆਂ ਦੇ ਨਾਲ ਉਹ ਲੋਕ ਬਿਰਧ-ਆਸ਼ਰਮ ਜਾ ਰਹੇ ਹਨ। ਕੀ ਮੈਂ ਇਸ ਦੌਰੇ ਨੂੰ ਕਵਰ ਕਰਨ ਲਈ ਆ ਸਕਦਾ ਹਾਂ।
ਮੈਂ ਤਿਆਰ ਹੋ ਗਿਆ ਅਤੇ ਉੱਥੋਂ ਘੋੜਾਸਰ ਦੇ ਮਣੀਲਾਲ ਗਾਂਧੀ ਬਿਰਧ-ਆਸ਼ਰਮ ਪਹੁੰਚਿਆ।
ਉੱਥੇ ਇੱਕ ਪਾਸੇ ਬੱਚੇ ਬੈਠੇ ਸਨ ਅਤੇ ਦੂਜੇ ਪਾਸੇ ਬਜ਼ੁਰਗ ਲੋਕ ਸਨ। ਮੈਂ ਬੇਨਤੀ ਕੀਤੀ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਕੱਠੇ ਬੈਠਾ ਦਿੱਤਾ ਜਾਵੇ ਤਾਂ ਕਿ ਮੈਂ ਚੰਗੀ ਤਸਵੀਰ ਲੈ ਸਕਾਂ।
ਜਿਵੇਂ ਹੀ ਬੱਚੇ ਖੜ੍ਹੇ ਹੋਏ, ਇੱਕ ਸਕੂਲੀ ਬੱਚੀ ਉੱਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਵੱਲ ਦੇਖ ਕੇ ਬੁਰੀ ਤਰ੍ਹਾਂ ਰੋਣ ਲੱਗੀ।
ਹੈਰਾਨੀ ਦੀ ਗੱਲ ਇਹ ਸੀ ਕਿ ਸਾਹਮਣੇ ਬੈਠੀ ਬਜ਼ੁਰਗ ਵੀ ਉਸ ਬੱਚੀ ਨੂੰ ਦੇਖ ਕੇ ਰੋਣ ਲੱਗੀ ਅਤੇ ਉਦੋਂ ਬੱਚੀ ਦੌੜ ਕੇ ਬਜ਼ੁਰਗ ਮਹਿਲਾ ਦੇ ਗਲੇ ਲੱਗ ਗਈ ਅਤੇ ਇਹ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।
ਮੈਂ ਉਸੇ ਵੇਲੇ ਇਹ ਤਸਵੀਰ ਆਪਣੇ ਕੈਮਰੇ ਵਿੱਚ ਕੈਦ ਕਰ ਲਈ ਅਤੇ ਫਿਰ ਜਾ ਕੇ ਮਹਿਲਾ ਤੋਂ ਪੁੱਛਿਆ ਤਾਂ ਰੋਂਦੇ ਹੋਏ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਦੋਵੇਂ ਦਾਦੀ-ਪੋਤੀ ਹਨ।
ਇਹ ਵੀ ਪੜ੍ਹੋ:
ਬੱਚੀ ਨੇ ਵੀ ਰੋਂਦੇ ਹੋਏ ਦੱਸਿਆ ਕਿ ਮਹਿਲਾ ਉਸ ਦੀ ਬਾ ਹੈ। ਗੁਜਰਾਤੀ ਵਿੱਚ ਦਾਦੀ ਨੂੰ ਬਾ ਕਿਹਾ ਜਾਂਦਾ ਹੈ। ਬੱਚੀ ਨੇ ਵੀ ਇਹੀ ਦੱਸਿਆ ਕਿ ਦਾਦੀ ਦੇ ਬਿਨਾਂ ਉਸ ਦੀ ਜ਼ਿੰਦਗੀ ਕਾਫ਼ੀ ਸੁੰਨੀ ਹੋ ਗਈ ਸੀ।
ਇਹ ਵੀ ਦੱਸਿਆ ਕਿ ਬੱਚੀ ਦੇ ਪਿਤਾ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਦਾਦੀ ਰਿਸ਼ਤੇਦਾਰਾਂ ਨੂੰ ਮਿਲਣ ਗਈ ਹੈ। ਪਰ ਜਦੋਂ ਉਹ ਬਿਰਧ-ਆਸ਼ਰਮ ਪਹੁੰਚੀ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਦਾਦੀ ਕਿੱਥੇ ਗਈ ਸੀ।
ਦਾਦੀ ਅਤੇ ਪੋਤੀ ਦਾ ਉਹ ਮਿਲਣ ਦੇਖ ਕੇ ਮੇਰੇ ਨਾਲ ਖੜ੍ਹੇ ਹੋਰ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਉਸ ਹਾਲਾਤ ਨੂੰ ਹਲਕਾ ਬਣਾਉਣ ਲਈ ਕੁਝ ਬੱਚਿਆਂ ਨੇ ਭਜਨ ਗਾਉਣੇ ਸ਼ੁਰੂ ਕਰ ਦਿੱਤੇ।
ਇਹ ਫੋਟੋ ਅਗਲੇ ਦਿਨ ਦਿਵਿਆ ਭਾਸਕਰ ਅਖ਼ਬਾਰ ਦੇ ਪਹਿਲੇ ਪੰਨੇ 'ਤੇ ਛਪੀ ਸੀ ਅਤੇ ਉਸ ਵੇਲੇ ਪੂਰੇ ਗੁਜਰਾਤ ਵਿੱਚ ਇਸ 'ਤੇ ਚਰਚਾ ਸ਼ੁਰੂ ਹੋ ਗਈ। ਇਸ ਤਸਵੀਰ ਨੇ ਕਈ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।
ਮੇਰੇ 30 ਸਾਲ ਦੇ ਕਰੀਅਰ ਵਿੱਚ ਪਹਿਲੀ ਵਾਰੀ ਅਜਿਹਾ ਹੋਇਆ ਕਿ ਮੇਰੀ ਕੋਈ ਤਸਵੀਰ ਅਖਬਾਰ ਵਿੱਚ ਛਪਣ ਦੇ ਦਿਨ ਮੈਨੂੰ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਫੋਨ ਕੀਤੇ। ਉਸ ਵੇਲੇ ਪੂਰੇ ਸੂਬੇ ਵਿੱਚ ਇਸ ਤਸਵੀਰ 'ਤੇ ਚਰਚਾ ਹੋ ਰਹੀ ਸੀ।
ਇਹ ਵੀ ਪੜ੍ਹੋ:
ਪਰ ਜਦੋਂ ਦੂਜੇ ਦਿਨ ਮੈਂ ਦੂਜੇ ਮੀਡੀਕਰਮੀਆਂ ਨਾਲ ਇਸ ਬਜ਼ੁਰਗ ਔਰਤ ਦਾ ਇੰਟਰਵਿਊ ਲੈਣ ਪਹੁੰਚਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਬਿਰਧ ਆਸ਼ਰਮ ਆਈ ਹੈ ਅਤੇ ਮਰਜ਼ੀ ਨਾਲ ਉੱਥੇ ਰਹਿ ਰਹੀ ਹੈ।''