You’re viewing a text-only version of this website that uses less data. View the main version of the website including all images and videos.
ਕੀ ਹੈ ਗੁਜਰਾਤ 'ਚ ਪੁਲਿਸ ਮੁਕਾਬਲਿਆਂ ਦੇ ਮਾਹਿਰ ਵਣਜਾਰਾ ਦਾ ਪਿਛੋਕੜ
ਇਸ਼ਰਤ ਜਹਾਂ ਅਤੇ ਤਿੰਨ ਹੋਰਾਂ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਸਾਬਕਾ ਪੁਲੀਸ ਅਫਸਰਾਂ ਡੀਜੀ ਵਣਜਾਰਾ ਤੇ ਐਨਕੇ ਅਮੀਨ ਦੇ ਰਿਹਾਈ ਦੇ ਹੁਕਮ ਰੱਦ ਕਰ ਦਿੱਤੇ ਹਨ।
ਡੀਜੀ ਵਣਜਾਰਾ ਗੁਜਰਾਤ ਕਾਡਰ ਦੇ 1987 ਬੈਚ ਦੇ ਆਈਪੀਐਸ ਅਧਿਕਾਰੀ ਹਨ। ਗੁਜਰਾਤ ਪੁਲੀਸ ਵਿੱਚ ਉਨ੍ਹਾਂ ਦੀ ਦਿੱਖ ਪੁਲਿਸ ਮੁਕਾਬਲਿਆਂ ਦੀ ਰਹੀ ਹੈ।
ਉਹ ਪਹਿਲਾਂ ਕਰਾਇਮ ਬਰਾਂਚ ਵਿੱਚ ਸਨ ਤੇ ਬਾਅਦ ਵਿੱਚ ਗੁਜਰਾਤ ਏਟੀਐਸ ਯਾਨੀ ਐਂਟੀ ਟੈਰਰਿਸਟ ਸਕੂਐਡ ਦੇ ਮੁਖੀ ਰਹੇ ਹਨ। ਉਸ ਤੋਂ ਬਾਅਦ ਪਾਕਿਸਤਾਨ ਦੀ ਸੀਮਾ ਨਾਲ ਲੱਗਦੀ ਸਰਹੱਦੀ ਰੇਂਜ ਦੇ ਆਈਜੀ ਰਹੇ।
ਇਹ ਵੀ ਪੜ੍ਹੋ:
2002 ਤੋਂ 2005 ਤੱਕ ਉਹ ਅਹਿਮਦਾਬਾਦ ਕਰਾਇਮ ਬਰਾਂਚ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਸਨ। ਉਨ੍ਹਾਂ ਦੀ ਇਸ ਪੋਸਟਿੰਗ ਦੌਰਾਨ ਕਰੀਬ 20 ਲੋਕਾਂ ਦੇ ਪੁਲਿਸ ਮੁਕਾਬਲੇ ਹੋਏ।
ਮੋਦੀ ਦੇ ਕਰੀਬੀ
ਬਾਅਦ 'ਚ ਸੀਬੀਆਈ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਪੁਲਿਸ ਮੁਕਾਬਲੇ ਫਰਜ਼ੀ ਸਨ। ਕਿਹਾ ਜਾਂਦਾ ਹੈ ਕਿ ਉਹ ਗੁਜਰਾਤ ਦੇ ਤਤਕਾਲੀ ਮੁੱਖਮੰਤਰੀ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਕਰੀਬੀ ਪੁਲੀਸ ਅਧਿਕਾਰੀ ਸਨ।
ਵਣਜਾਰਾ ਨੂੰ 2007 ਵਿੱਚ ਗੁਜਰਾਤ ਸੀਆਈਡੀ ਨੇ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਜ ਉਹ ਜੇਲ੍ਹ ਗਏ। ਉਨ੍ਹਾਂ 'ਤੇ ਅੱਠ ਲੋਕਾਂ ਦੇ ਕਤਲ ਦਾ ਇਲਜ਼ਾਮ ਹੈ, ਜਿਸ ਵਿੱਚ ਸੋਹਰਾਬੁੱਦੀਨ, ਉਸਦੀ ਪਤਨੀ ਕੌਸਰ ਬੀ, ਤੁਲਸੀਰਾਮ ਪ੍ਰਜਾਪਤੀ, ਸਾਦਿਕ ਜਮਾਲ, ਇਸ਼ਰਤ ਤੇ ਉਸਦੇ ਨਾਲ ਮਾਰੇ ਗਏ ਤਿੰਮ ਹੋਰ ਲੋਕ ਸ਼ਾਮਲ ਹਨ।
ਇਸ ਮੁਕਾਬਲੇ ਤੋਂ ਬਾਅਦ ਕਰਾਇਮ ਬਰਾਂਚ ਨੇ ਸਫਾਈ ਦਿੱਤੀ ਸੀ ਕਿ ਇਹ ਸਾਰੇ ਪਾਕਿਸਤਾਨੀ ਅੱਤਵਾਦੀ ਸਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਜਾਨ ਲੈਣਾ ਚਾਹੁੰਦੇ ਸਨ।
ਬਾਅਦ ਵਿੱਚ ਕੋਰਟ ਦੇ ਆਦੇਸ਼ 'ਤੇ ਹੋਈ ਸੀਬੀਆਈ ਜਾਂਚ ਵਿੱਚ ਸਾਬਿਤ ਹੋਇਆ ਕਿ ਇਹ ਸਾਰੇ ਫਰਜ਼ੀ ਐਨਕਾਊਂਟਰ ਸਨ।
ਵਣਜਾਰਾ ਦਾ ਅਸਤੀਫ਼ਾ
ਸਤੰਬਰ 2014 ਵਿੱਚ ਮੁੰਬਈ ਦੀ ਇੱਕ ਅਦਾਲਤ ਨੇ ਵਣਜਾਰਾ ਨੂੰ ਸੋਹਰਾਬੁੱਦੀਨ, ਤੁਲਸੀਰਾਮ ਪ੍ਰਜਾਪਤੀ ਦੇ ਨਕਲੀ ਮੁਠਭੇੜ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ।
ਸਾਲ 2012 ਵਿੱਚ ਜਦ ਸੁਪਰੀਮ ਕੋਰਟ ਨੇ ਸੋਹਰਾਬੁੱਦੀਨ ਕੇਸ ਨੂੰ ਗੁਜਰਾਤ ਤੋਂ ਮਹਾਰਾਸ਼ਟਰ ਤਬਦੀਲ ਕਰ ਦਿੱਤਾ ਸੀ, ਵਣਜਾਰਾ ਕਾਫੀ ਨਿਰਾਸ਼ ਹੋਏ ਅਤੇ ਉਨ੍ਹਾਂ ਸਤੰਬਰ 2013 ਵਿੱਚ ਅਸਤੀਫਾ ਦੇ ਦਿੱਤਾ।
ਹਾਲਾਂਕਿ ਸਰਕਾਰ ਨੇ ਤਕਨੀਕੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦ ਤਕ ਵਣਜਾਰਾ 'ਤੇ ਕੇਸ ਚਲ ਰਿਹਾ ਹੈ, ਉਦੋਂ ਤਕ ਉਹ ਅਸਤੀਫਾ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ:
ਡੀਜੀ ਵਣਜਾਰਾ ਤੋਂ ਪਹਿਲਾਂ ਵੀ ਗੁਜਰਾਤ ਦੇ ਕਈ ਹੋਰ ਪੁਲੀਸ ਅਫਸਰਾਂ ਨੇ ਅਸਤੀਫਾ ਦਿੱਤਾ ਸੀ। ਸਭ ਤੋਂ ਪਹਿਲਾਂ ਆਈਪੀਐਸ ਅਧਿਕਾਰੀ ਰਹੇ ਸੰਜੀਵ ਭੱਟ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇ ਕੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ 'ਤੇ ਮੁਸਲਮਾਨਾਂ ਖਿਲਾਫ ਦੰਗਿਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਨਰਿੰਦਰ ਮੋਦੀ ਨੇ ਪੁਲਿਸ ਅਧਿਕਾਰੀਆਂ ਨੂੰ ਮੁਸਲਮਾਨਾਂ ਦੇ ਕਤਲ ਕਰਨ ਲਈ ਆਖਿਆ ਸੀ।
ਇਸ਼ਰਤ ਮੁਕਾਬਲੇ ਦੇ ਮਾਮਲੇ ਵਿੱਚ ਸ਼ਾਮਲ ਜੀਐਲ ਸਿੰਘਲ ਨੇ ਵੀ ਖਤ ਲਿਖ ਕੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਇਹੀ ਲਿਖਿਆ ਸੀ ਕਿ ਸਰਕਾਰ ਉਨ੍ਹਾਂ ਦਾ ਬਚਾਅ ਨਹੀਂ ਕਰ ਰਹੀ ਤੇ ਕਰਾਇਮ ਬਰਾਂਚ ਵਿੱਚ ਉਨ੍ਹਾਂ ਜੋ ਵੀ ਕੰਮ ਕੀਤੇ, ਉਹ ਸਭ ਸਰਕਾਰ ਦੇ ਕਹਿਣ 'ਤੇ ਕੀਤੇ।