ਪ੍ਰੈੱਸ ਰਿਵੀਊ꞉ ਸਿੱਖ ਪਹਿਲਵਾਨ ਨੂੰ ਪਟਕੇ ਕਰਕੇ ਕੌਮਾਂਤਰੀ ਕੁਸ਼ਤੀ ਮੁਕਾਬਲੇ ਵਿੱਚ ਭਾਗ ਲੈਣ ਤੋਂ ਰੋਕਿਆ

ਭਾਰਤੀ ਕੁਸ਼ਤੀ ਪਹਿਲਵਾਨ ਜਸ਼ਕਵਰ ਗਿੱਲ ਦੀ ਕੌਮਾਂਤਰੀ ਕੁਸ਼ਤੀ ਵਿੱਚ ਕਥਿਤ ਤੌਰ 'ਤੇ ਉਨ੍ਹਾਂ ਦੇ ਸਿਰ 'ਤੇ ਬੰਨ੍ਹੇ ਪਟਕੇ ਕਰਕੇ ਸ਼ੁਰੂਆਤ ਨਾ ਹੋ ਸਕੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜਸ਼ਕਵਰ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਭਾਰਤੀ ਦਲ ਨਾਲ ਕੌਮਾਂਤਰੀ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲੈਣ ਗਏ ਸਨ। ਰੈਫਰੀ ਨੇ ਉਨ੍ਹਾਂ ਨੂੰ ਪਟਕਾ ਬੰਨ੍ਹਿਆ ਹੋਣ ਕਰਕੇ ਖਿਡਾਉਣ ਤੋਂ ਇਨਕਾਰ ਕਰ ਦਿੱਤਾ।

ਕੌਮਾਂਤਰੀ ਕੁਸ਼ਤੀ ਨੇਮਾਂ ਮੁਤਾਬਕ ਪਹਿਲਵਾਨ ਆਪਣਾ ਸਿਰ ਢੱਕਦੇ ਹਨ ਜੇ ਇਸ ਨਾਲ ਦੂਸਰੇ ਪਹਿਲਵਾਨ ਨੂੰ ਖ਼ਤਰਾ ਨਾ ਹੋਵੇ।

ਇਹ ਵੀ ਪੜ੍ਹੋ꞉

ਖ਼ਬਰ ਮੁਤਾਬਕ ਜਸ਼ਕਵਰ ਅਤੇ ਉਨ੍ਹਾਂ ਦੇ ਕੋਚ ਨੇ ਪ੍ਰਬੰਧਕਾਂ ਨੂੰ ਪਟਕੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਦਲੀਲ ਸੁਣੀ ਨਹੀਂ ਗਈ।

ਦੂਸਰੇ ਪਾਸੇ ਕੁਸ਼ਤੀ ਦੀ ਕੌਮਾਂਤਰੀ ਬਾਡੀ ਯੂਨਾਈਟਡ ਵਰਲਡ ਰੈਸਲਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤੀ ਦਲ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ।

ਖ਼ਬਰ ਮੁਤਾਬਕ ਭਾਰਤ ਦੀ ਕੁਸ਼ਤੀ ਫੈਡਰੇਸ਼ਨ ਨੇ ਇਸ ਪੂਰੇ ਮਾਮਲੇ ਤੋਂ ਅਗਿਆਨਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਪ੍ਰਭਪਾਲ ਸਿੰਘ ਪਟਕਾ ਬੰਨ੍ਹ ਕੇ ਖੇਡਦੇ ਰਹੇ ਹਨ ਅਤੇ ਉਨ੍ਹਾਂ ਨੂੰ ਕਦੇ ਕੋਈ ਦਿੱਕਤ ਨਹੀਂ ਆਈ।

"ਆਉਣ ਮਗਰੋਂ ਦੀਦੀਆਂ ਰੋਂਦੀਆਂ ਰਹਿੰਦੀਆਂ"

ਉੱਤਰ ਪ੍ਰਦੇਸ਼ ਪੁਲਿਸ ਨੇ ਦਿਓਰੀਆ ਦੇ ਇੱਕ ਗੈਰ-ਲਾਈਸੈਂਸੀ ਸ਼ੈਲਟਰ ਵਿੱਚੋਂ 24 ਕੁੜੀਆਂ ਨੂੰ ਬਚਾਇਆ ਹੈ ਜਦਕਿ 18 ਹਾਲੇ ਲਾਪਤਾ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੁਲਿਸ ਨੇ ਸ਼ੈਲਟਰ ਦੀ ਮੈਨੇਜਰ ਅਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਨ੍ਹਾਂ ਦੀ ਧੀ ਦੀ ਭਾਲ ਜਾਰੀ ਹੈ। ਸ਼ੈਲਟਰ ਦਾ ਲਾਈਸੈਂਸ ਪਿਛਲੇ ਸਾਲ ਜੂਨ ਵਿੱਚ ਸੀਬੀਆਈ ਜਾਂਚ ਮਗਰੋਂ ਰੱਦ ਕਰਕੇ ਗਰਾਂਟ ਰੋਕ ਦਿੱਤੀ ਗਈ ਸੀ।

ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਸ਼ੈਲਟਰ ਦੀ ਇੱਕ 10 ਸਾਲਾ ਕੁੜੀ ਨੇ ਐਤਵਾਰ ਨੂੰ ਮਹਿਲਾ ਪੁਲਿਸ ਸਟੇਸ਼ਨ ਪਹੁੰਚ ਕੇ ਸ਼ੈਲਟਰ ਦੀ ਡਰਾਉਣੀ ਕਹਾਣੀ ਸੁਣਾਈ। ਖ਼ਬਰ ਮੁਤਾਬਕ ਕੁੜੀ ਨੇ ਦੱਸਿਆ ਕਿ ਕੁੜੀਆਂ ਨੂੰ ਮੈਨੇਜਰ ਤ੍ਰਿਪਾਠੀ ਨਾਲ ਗੋਰਖਪੁਰ ਲਿਜਾਇਆ ਜਾਂਦਾ ਸੀ ਅਤੇ "ਆਉਣ ਮਗਰੋਂ ਦੀਦੀਆਂ ਰੋਂਦੀਆਂ ਰਹਿੰਦੀਆਂ" ਸਨ।

ਯੂਪੀ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਹਟਾ ਕੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਐਸਸੀ/ਐਸਟੀ ਅਤਿਆਚਾਰ ਸੋਧ ਬਿਲ 2018

ਲੋਕ ਸਭਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਖਾਰਜ ਕਰਦੇ ਹੋਏ ਐਸਸੀ/ਐਸਟੀ ਐਕਟ ਦਾ ਪਹਿਲਾਂ ਵਾਲਾ ਰੂਪ ਹੀ ਬਹਾਲ ਕਰ ਦਿੱਤਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਲੋਕ ਸਭਾ ਨੇ ਐਸਸੀ/ਐਸਟੀ ਅਤਿਆਚਾਰ ਸੋਧ ਬਿਲ 2018 ਪਾਸ ਕੀਤਾ ਹੈ। ਇਸ ਮੁਤਾਬਕ ਦਲਿਤਾਂ ਨਾਲ ਅਤਿਆਚਾਰ ਕਰਨ ਵਾਲੇ ਕਿਸੇ ਵਿਅਕਤੀ ਦੀ ਜ਼ਮਾਨਤ ਦੇ ਕਿਸੇ ਵੀ ਵਿਧਾਨ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਨਾਹੀ ਅਜਿਹੇ ਮਾਮਲੇ ਵਿੱਚ ਮੁੱਢਲੀ ਜਾਂਚ ਦੀ ਲੋੜ ਹੋਵੇਗੀ।

ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੇ ਆਰਟੀਕਲ 18 ਨੂੰ ਕੁਝ ਨਰਮ ਕੀਤਾ ਸੀ ਜਿਸ ਕਰਕੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਮੁਤਾਬਕ ਕਾਨੂੰਨ ਆਪਣਾ ਮਹੱਤਵ ਖੋ ਚੁੱਕਿਆ ਸੀ।

ਸਰਕਾਰ ਦੀ ਮੁੜ ਵਿਚਾਰ ਅਰਜੀ ਹਾਲੇ ਅਦਾਲਤ ਵਿੱਚ ਪੈਂਡਿੰਗ ਹੈ ਪਰ ਦਲਿਤ ਭਾਈਚਾਰੇ ਦੇ ਵਧਦੇ ਰੋਹ ਕਰਕੇ ਇਹ ਸੋਧ ਕੀਤੀ ਗਈ ਹੈ।

ਸਾਉਦੀ ਨੇ ਕੈਨੇਡੀਅਨ ਰਾਜਦੂਤ ਕੱਢਿਆ

ਸਾਉਦੀ ਅਰਬ ਨੇ ਦੇਸ ਵਿੱਚੋਂ ਕੈਨੇਡੀਅਨ ਰਾਜਦੂਤ ਨੂੰ ਕੱਢ ਦਿੱਤਾ ਹੈ ਅਤੇ ਉੱਥੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ।

ਦਿ ਡਾਅਨ ਦੀ ਖ਼ਬਰ ਮੁਤਾਬਕ ਸਾਊਦੀ ਅਰਬ ਨੇ ਕੈਨੇਡਾ ਵੱਲੋਂ ਸਾਊਦੀ ਦੀਆਂ ਜੇਲ੍ਹਾਂ ਵਿੱਚ ਬੰਦ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਸੀ।

ਸਾਊਦੀ ਸਰਕਾਰ ਨੇ ਇਸ ਮੰਗ ਨੂੰ ਆਪਣੇ ਘਰੇਲੂ ਮਾਮਲਿਆਂ ਵਿੱਚ ਕੈਨੇਡਾ ਦਾ ਦਖ਼ਲ ਕਹਿੰਦੇ ਹੋਏ ਉਸ ਨਾਲ ਰਿਸ਼ਤੇ ਖ਼ਤਮ ਕਰ ਦਿੱਤੇ ਹਨ। ਸਾਊਦੀ ਨੇ ਕੈਨੇਡਾ ਨਾਲ ਆਪਣੇ ਵਪਾਰ ਉੱਪਰ ਵੀ ਫਿਲਹਾਲ ਰੋਕ ਲਾ ਦਿੱਤੀ ਹੈ।

ਇਹ ਵੀ ਪੜ੍ਹੋ꞉