ਮਸ਼ਹੂਰ ਅਮਰੀਕੀ ਗਾਇਕਾ ਡੈਮੀ ਲੋਵਾਟੋ ਨੇ ਕਿਹਾ, 'ਨਸ਼ੇ ਦੀ ਲਤ ਛੇਤੀ ਮੇਰਾ ਪਿੱਛਾ ਨਹੀਂ ਛੱਡਣ ਵਾਲੀ'

ਨਸ਼ੇ ਦੀ ਓਵਰਡੋਜ਼ ਕਰਕੇ ਪਿਛਲੇ ਮਹੀਨੇ ਹਸਪਤਾਲ ਵਿੱਚ ਭਰਤੀ ਹੋਈ ਅਮਰੀਕੀ ਪੌਪ ਗਾਇਕਾ ਡੈਮੀ ਲੋਵਾਟੋ ਨੇ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਹੈ।

ਇੰਸਟਾਗ੍ਰਾਮ 'ਤੇ 25 ਸਾਲਾ ਗਾਇਕਾ ਨੇ ਲਿਖਿਆ, ''ਮੈਂ ਸ਼ੁਰੂਆਤ ਤੋਂ ਹੀ ਆਪਣੀ ਨਸ਼ੇ ਦੀ ਲਤ ਨਹੀਂ ਲੁਕਾਈ। ਇਹ ਬਿਮਾਰੀ ਛੇਤੀ ਜਾਣ ਵਾਲੀ ਨਹੀਂ ਹੈ, ਮੈਨੂੰ ਇਸ ਨਾਲ ਲੜਣਾ ਪਵੇਗਾ।''

ਲੋਵਾਟੋ ਪਹਿਲਾਂ ਨਸ਼ੇ ਦੀ ਲਤ, ਬਾਈਪੋਲਰ ਅਤੇ ਖਾਣ ਨਾਲ ਜੁੜੇ ਡਿਸਆਰਡਰਜ਼ ਬਾਰੇ ਵੀ ਗੱਲ ਕਰ ਚੁਕੀ ਹੈ।

ਇਹ ਵੀ ਪੜ੍ਹੋ:

ਲੋਵਾਟੋ ਨੇ ਆਪਣੇ ਪਰਿਵਾਰ ਅਤੇ ਹਸਪਤਾਲ 'ਸੇਡਾਰਸ-ਸਿਨਾਈ' ਦੇ ਡਾਕਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ''ਜੇ ਇਹ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਅੱਜ ਇਹ ਲਿਖ ਨਹੀਂ ਰਹੀ ਹੁੰਦੀ''।

''ਮੈਨੂੰ ਜੀਵਤ ਰੱਖਣ ਲਈ ਮੈਂ ਰੱਬ ਦੀ ਧੰਨਵਾਦੀ ਹਾਂ। ਪਿਆਰ ਅਤੇ ਸਹਾਰੇ ਲਈ ਹਮੇਸ਼ਾ ਆਪਣੇ ਫੈਨਜ਼ ਦੀ ਸ਼ੁਕਰਗੁਜ਼ਾਰ ਹਾਂ।''

ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਮੁੜ ਤੋਂ ਠੀਕ ਹੋਣ ਲਈ ਸਮਾਂ ਚਾਹੀਦਾ ਹੈ ਅਤੇ ਉਹ ਲੜਦੀ ਰਹਿਣਗੀ।

ਲੋਵਾਟੋ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਲਤ ਤੋਂ ਜੂਝ ਰਹੀ ਹਨ ਅਤੇ ਪਿਛਲੇ ਕੁਝ ਹਫਤਿਆਂ ਵਿੱਚ ਮੁੜ ਤੋਂ ਇਸ ਦੀ ਸ਼ਿਕਾਰ ਹੋ ਗਈ ਸਨ।

'ਸਕਾਏਸਕ੍ਰੇਪਰ', 'ਕੂਲ ਫਾਰ ਦਿ ਸਮਰ' ਅਤੇ 'ਸੌਰੀ ਨੌਟ ਸੌਰੀ' ਉਨ੍ਹਾਂ ਦੇ ਹਿੱਟ ਗੀਤ ਹਨ।

ਪਿਛਲੇ ਮਹੀਨੇ ਇਸੇ ਬਿਮਾਰੀ ਕਰਕੇ ਸ਼ੋਅ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਲੰਡਨ ਦੇ O2 ਅਰੀਨਾ ਵਿੱਚ ਆਪਣਾ ਕੌਨਸਰਟ ਰੱਦ ਕਰ ਦਿੱਤਾ ਸੀ।

ਹਾਲ ਹੀ ਵਿੱਚ ਰਿਲੀਜ਼ ਹੋਏ ਉਨ੍ਹਾਂ ਦੇ ਗੀਤ 'ਸੋਬਰ' ਵਿੱਚ ਉਹ ਮੁੜ ਤੋਂ ਨਸ਼ੇ ਕਰਨ ਲਈ ਆਪਣੇ ਮਾਪਿਆਂ ਤੋਂ ਮੁਆਫੀ ਮੰਗ ਰਹੀ ਹਨ।

ਉਨ੍ਹਾਂ ਦੇ ਫੈਨਜ਼ ਮੁਤਾਬਕ ਡੈਮੀ ਦੇ ਸੰਘਰਸ਼ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

ਲੋਵਾਟੋ ਅਮਰੀਕਾ ਦੇ ਸ਼ਹਿਰ ਟੈਕਸਸ ਵਿੱਚ ਵੱਡੀ ਹੋਈ। ਸਭ ਤੋਂ ਪਹਿਲਾਂ ਬੱਚਿਆਂ ਦੀ ਟੀਵੀ ਸੀਰੀਜ਼ 'ਬਾਰਨੇ ਐਂਡ ਫਰੈਂਡਜ਼' ਵਿੱਚ ਨਜ਼ਰ ਆਈ।

ਇਹ ਵੀ ਪੜ੍ਹੋ:

ਡਿਜ਼ਨੀ ਚੈਨਲ ਦੀ ਫਿਲਮ 'ਕੈਂਪ ਰੌਕ' ਵਿੱਚ ਜੋਨਸ ਬਰਦਰਸ ਨਾਲ ਉਹ ਨਜ਼ਰ ਆਈ।

2008 ਵਿੱਚ ਉਨ੍ਹਾਂ ਆਪਣੀ ਪਹਿਲੀ ਐਲਬਮ 'ਡੋਂਟ ਫੌਰਗੈਟ' ਰਿਲੀਜ਼ ਕੀਤੀ।

'ਸਿਮਪਲੀ ਕੌਮਪਲੀਕੇਟਿਡ' ਨਾਂ ਦੀ ਇੱਕ ਯੂ-ਟਿਊਬ ਡੌਕਿਊਮੈਂਟਰੀ ਵਿੱਚ ਲੋਵਾਟੋ ਨੇ ਦੱਸਿਆ ਸੀ ਕਿ 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੋਕੇਨ ਦਾ ਇਸਤੇਮਾਲ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)