ਇਰਾਨ ਨਾਲ ਕਾਰੋਬਾਰ ਕਰੋ ਜਾਂ ਅਮਰੀਕਾ ਨਾਲ : ਡੌਨਲਡ ਟਰੰਪ ਦੀ ਧਮਕੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੋ ਇਰਾਨ ਨਾਲ ਕਾਰੋਬਾਰ ਕਰ ਰਿਹਾ ਹੈ, ਅਮਰੀਕਾ ਉਸ ਨਾਲ ਕਾਰੋਬਾਰ ਨਹੀਂ ਕਰੇਗਾ। ਟਰੰਪ ਦਾ ਇਹ ਬਿਆਨ ਇਰਾਨ ਉੱਤੇ ਦੁਬਾਰਾ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਇਆ ਹੈ।

ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ ਹੈ, 'ਇਹ ਹੁਣ ਤੱਕ ਲਗਾਈਆਂ ਗਈਆਂ ਸਭ ਤੋਂ ਘਾਤਕ ਪਾਬੰਦੀਆਂ ਹਨ ਅਤੇ ਮੈਂ ਸਿਰਫ਼ ਵਿਸ਼ਵ ਸਾਂਤੀ ਤੋਂ ਬਿਨ੍ਹਾਂ ਹੋ ਕੁਝ ਨਹੀਂ ਮੰਗਿਆ ।'

ਦਰਅਸਲ ਪਰਮਾਣੂ ਸਮਝੌਤੇ ਤੋਂ ਹੱਥ ਖਿੱਚਣ ਵਾਲੇ ਅਮਰੀਕਾ ਵੱਲੋਂ ਇਰਾਨ ਉੱਤੇ ਲਾਈਆਂ ਪਾਬੰਦੀਆਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ।

ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਰਾਨ 'ਤੇ ਮੁੜ ਲਗਾਈਆਂ ਗਈਆਂ ਪਾਬੰਦੀਆਂ ਬਾਅਦ ਨਾ ਤਾਂ ਡਾਲਰ ਤੋਂ ਰਿਆਲ ਖਰੀਦਿਆ ਜਾ ਸਕੇਗਾ ਨਾ ਹੀ ਰਿਆਲ ਤੋਂ ਡਾਲਰ।

ਇਸ ਤੋਂ ਇਲਾਵਾ ਸੋਨੇ ਦਾ ਵਪਾਰ, ਮੈਟਲ ਅਤੇ ਇੰਡਸਟਰੀ ਵਿੱਚ ਵਰਤੋਂ ਹੋਣ ਵਾਲੇ ਸਾਫਟਵੇਅਰ ਦੇ ਕਾਰੋਬਾਰ ਉੱਤੇ ਵੀ ਇਹ ਪਾਬੰਦੀਆਂ ਲਾਗੂ ਹੋਣਗੀਆਂ

ਅਮਰੀਕੀ ਪਾਬੰਦੀਆਂ ਦੋ ਗੇੜ ਵਿੱਚ ਸ਼ੁਰੂ ਹੋਈਆਂ ਹਨ। ਪਹਿਲਾ ਗੇੜ 6 ਅਗਸਤ ਨੂੰ ਸ਼ੁਰੂ ਹੋ ਗਿਆ। ਦੂਜਾ ਗੇੜ ਨਵੰਬਰ ਵਿੱਚ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ:

ਇਰਾਨ 'ਤੇ ਲਗਾਏ ਗਏ ਪ੍ਰਤੀਬੰਧਾਂ ਦੇ ਪਹਿਲੇ ਗੇੜ ਦੇ ਸ਼ੁਰੂ ਹੋਣ 'ਤੇ ਇਸ ਦਾ ਅਸਰ ਭਾਰਤ ਉੱਤੇ ਕਿਵੇਂ ਪਵੇਗਾ?

ਇਰਾਕ ਅਤੇ ਸਾਊਦੀ ਅਰਬ ਤੋਂ ਬਾਅਦ ਇਰਾਨ ਭਾਰਤ ਨੂੰ ਤੇਲ ਵੇਚਣ ਵਾਲਾ ਤੀਜਾ ਵੱਡਾ ਦੇਸ ਹੈ।

ਬਿਜਨੈੱਸ ਪੱਤਰਕਾਰ ਸ਼ਿਸ਼ਿਰ ਸਿਨਹਾ ਦਾ ਕਹਿਣਾ ਹੈ, ''ਭਾਰਤ ਨੇ ਅਮਰੀਕੀ ਪਾਬੰਦੀਆਂ ਦਾ ਖ਼ੁਦ 'ਤੇ ਅਸਰ ਰੋਕਣ ਲਈ ਕੁਝ ਇੰਤਜ਼ਾਮ ਕਰ ਰੱਖੇ ਸਨ। ਭਾਰਤ ਨੇ ਰੁਪੱਈਆ-ਰਿਆਲ ਦਾ ਸਮਝੌਤਾ ਕਰ ਰੱਖਿਆ ਸੀ, ਜਿਸਦੇ ਤਹਿਤ ਭਾਰਤ ਭੁਗਤਾਨ ਰੁਪਏ ਵਿੱਚ ਕਰਦਾ ਹੈ। ਦੂਜਾ ਬਾਰਟਰ ਸਿਸਟਮ ਲਾਗੂ ਹੋਣ ਕਾਰਨ ਭਾਰਤ ਖਾਣ-ਪੀਣ ਦੀਆਂ ਵਸਤਾਂ ਬਦਲੇ ਇਰਾਨ ਤੋਂ ਤੇਲ ਲੈਂਦਾ ਹੈ।''

ਇਹ ਵੀ ਪੜ੍ਹੋ:

ਸ਼ਿਸ਼ਿਰ ਮੁਤਾਬਕ ਅਸਲੀ ਪਰੇਸ਼ਾਨੀਆਂ ਨਵੰਬਰ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਗੇੜ ਤੋਂ ਬਾਅਦ ਸ਼ੁਰੂ ਹੋਣਗੀਆਂ ਕਿਉਂਕਿ ਅਮਰੀਕੀ ਟੈਂਕਰਾਂ ਦਾ ਇਸਤੇਮਾਲ ਨਹੀਂ ਹੋ ਸਕੇਗਾ।

ਸ਼ਿਸ਼ਿਰ ਅੱਗੇ ਕਹਿੰਦੇ ਹਨ ਕਿ ਕੌਮਾਂਤਰੀ ਵਪਾਰ ਵਿੱਚ ਅਹਿਮ ਸਮਝੀ ਜਾਣ ਵਾਲੀ ਰੀਐਸ਼ੋਰੈਂਸ ਦੀ ਪਾਲਿਸੀ ਦਾ ਅਸਰ ਨਹੀਂ ਰਹੇਗਾ ਕਿਉਂਕਿ ਉਸ ਨੂੰ ਵੀ ਅਮਰੀਕੀ ਕੰਪਨੀਆਂ ਹੀ ਮੁਹੱਈਆ ਕਰਵਾਉਂਦੀਆਂ ਹਨ। ਇਸਦਾ ਮਤਲਬ ਇਹ ਕਿ ਸਾਡਾ ਤੇਲ ਦਾ ਸਰੋਤ ਬੰਦ ਹੋ ਜਾਵੇਗਾ।

ਭਾਰਤ ਲਈ ਦੂਜਾ ਬਦਲ ਵੇਨੇਜ਼ੁਏਲਾ ਹੈ ਪਰ ਖ਼ਬਰ ਹੈ ਕਿ ਉਸ ਖਿਲਾਫ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਸ ਦਾ ਇੱਕੋ ਇੱਕ ਰਸਤਾ ਹੈ ਕਿ ਇਰਾਨ ਤੋਂ ਭਾਰਤ ਕੱਚਾ ਤੇਲ ਲੈ ਸਕੇ ਇਸ ਲਈ ਅਮਰੀਕਾ ਕੁਝ ਰਿਆਇਤ ਬਰਤੇ।

ਇਹ ਵੀ ਪੜ੍ਹੋ:

ਪਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਵੇਲੇ ਟਰੰਪ ਨੇ ਕੀ ਕਿਹਾ ਸੀ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਓਬਾਮਾ ਪ੍ਰਸਾਸ਼ਨ ਦੇ ਫ਼ੈਸਲੇ ਨੂੰ ਪਲਟਦਿਆਂ ਇਰਾਨ ਪਰਮਾਣੂ ਸਮਝੌਤੇ ਤੋਂ ਪੈਰ ਪਿੱਛੇ ਖਿੱਚ ਲਿਆ ਸੀ।

ਟਰੰਪ ਨੇ ਕਿਹਾ, ''ਮੈਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਗਲੇ-ਸੜੇ ਸਮਝੌਤੇ ਨਾਲ ਅਸੀਂ ਇਰਾਨ ਦੇ ਪਰਮਾਣੂ ਬੰਬ ਨਹੀਂ ਰੋਕ ਸਕਦੇ।"

ਟਰੰਪ ਦਾ ਕਹਿਣਾ ਸੀ ਕਿ ਇਰਾਨ ਸਮਝੌਤੇ ਦਾ ਮੂਲ ਹੀ ਨੁਕਸਦਾਰ ਹੈ, ਜੇਕਰ ਅਸੀਂ ਕੁਝ ਨਹੀਂ ਕਰਦੇ ਤਾਂ ਅਸੀਂ ਜਾਣਦੇ ਹਾਂ ਕਿ ਇਸ ਦਾ ਸਿੱਟਾ ਕੀ ਹੋਵੇਗਾ।

ਇਰਾਨ ਪਰਮਾਣੂ ਸਮਝੌਤੇ ਦੀ ਪਿੱਠਭੂਮੀ

2015 ਵਿੱਚ ਇਰਾਨ ਨੇ ਦੁਨੀਆਂ ਦੀਆਂ ਮਹਾਂਸ਼ਕਤੀਆਂ ਸਮਝੇ ਜਾਂਦੇ ਮੁਲਕਾਂ ਦੇ P5+1 ਗਰੁੱਪ ਨਾਲ ਇੱਕ ਸਮਝੌਤੇ ਉੱਤੇ ਸਹੀ ਪਾਈ। ਇਸ ਸਮਝੌਤੇ ਵਿੱਚ ਅਮਰੀਕਾ, ਯੂਕੇ, ਫਰਾਂਸ, ਚੀਨ,ਰੂਸ ਤੇ ਜਰਮਨੀ ਸ਼ਾਮਲ ਸਨ।

ਇਰਾਨ ਵਲੋਂ ਪਰਮਾਣੂ ਹਥਿਆਰ ਵਿਕਸਤ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਖ਼ਿਲਾਫ਼ ਕਈ ਸਾਲਾਂ ਦੀ ਖਿੱਚੋਤਾਣ ਤੋਂ ਬਾਅਦ ਇਹ ਸਮਝੌਤਾ ਸਿਰੇ ਚੜ੍ਹਿਆ ਸੀ।

ਜਿਵੇਂ ਕਿ ਇਰਾਨ ਇਹ ਕਹਿੰਦਾ ਰਿਹਾ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀ ਤੇ ਵਿਕਾਸ ਕਾਰਜਾਂ ਉੱਤੇ ਆਧਾਰਿਤ ਸੀ ਪਰ ਦੁਨੀਆਂ ਨੇ ਇਸ ਉੱਤੇ ਭਰੋਸਾ ਨਹੀਂ ਕੀਤਾ ਸੀ।

ਕਈ ਸਾਲਾਂ ਦੀ ਜ਼ਿੱਦ ਉੱਤੇ ਅੜੇ ਰਹਿਣ ਤੋਂ ਬਾਅਦ ਇਰਾਨ ਜਰਮਨੀ ਨਾਲ ਗੱਲਬਾਤ ਕਰਨ ਲਈ ਤਿਆਰ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)