ਪੰਜਾਬ ਦੀ ਡਰੱਗ ਸਮੱਸਿਆ-3: ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ - ਬ੍ਰਹਮ ਮਹਿੰਦਰਾ

ਨਸ਼ਾ

ਤਸਵੀਰ ਸਰੋਤ, Getty Images

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਸਿਹਤ ਮੰਤਰੀ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਗੰਭੀਰ ਮੰਨਦੇ ਹਨ, ਪਰ ਨਾਲ ਹੀ ਦਾਅਵਾ ਕਰਦੇ ਹਨ ਕਿ ਪੰਜਾਬ ਸਰਕਾਰ ਨੇ ਨਸ਼ੇ ਦੀ ਸਪਲਾਈ ਲਾਇਨ ਤੋੜ ਦਿੱਤੀ ਹੈ।

ਸਰਕਾਰੀ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਸੱਕੀ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਨਾਲੋਂ ਵਧੀ ਹੈ।

ਪੰਜਾਬ ਵਿਚ ਨਸ਼ੇ ਦੇ ਸੰਕਟ ਨੂੰ ਲੈ ਕੇ ਸੂਬੇ ਦਾ ਸਿਹਤ ਵਿਭਾਗ ਕੀ ਕਰ ਰਿਹਾ ਹੈ, ਇਸ ਮੁੱਦੇ ਉਤੇ ਬੀਬੀਸੀ ਪੰਜਾਬੀ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ।

ਵੀਡੀਓ ਕੈਪਸ਼ਨ, ਨਸ਼ੇ ਦੀ ਸਮੱਸਿਆ ’ਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਬੀਬੀਸੀ ਦੇ ਸਿੱਧੇ ਸਵਾਲ

ਸੂਬੇ ਵਿਚ ਨਸ਼ਾ ਕਿੰਨਾ ਗੰਭੀਰ ਮੁੱਦਾ ਹੈ ?

ਇਹ ਇੱਕ ਗੰਭੀਰ ਮੁੱਦਾ ਹੈ। ਸਾਡੀ ਸਰਕਾਰ ਆਉਣ ਤੋਂ ਪਹਿਲਾਂ ਦਸ ਸਾਲਾਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਹ ਗੱਲ ਆਮ ਸੀ ਕਿ ਨੌਜਵਾਨ ਨਸ਼ਿਆਂ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ।

ਇਹ ਵੀ ਪੜ੍ਹੋ:-

ਇਸ ਗੱਲ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਇਹ ਸਹੁੰ ਖਾਧੀ ਸੀ ਜੇ ਸਾਡੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਅਸੀਂ ਨਸ਼ਿਆਂ ਨੂੰ ਖ਼ਤਮ ਕਰ ਦੇਵਾਂਗੇ।

ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨਸ਼ੇ ਦੇ ਖਿਲਾਫ ਯਤਨ ਚੱਲ ਰਹੇ ਹਨ। ਸੱਤਾ ਵਿੱਚ ਆਉਂਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ ਯੋਗ ਅਫਸਰ ਲੈ ਕੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ।

ਐਸਟੀਐਫ ਨੇ ਗਠਨ ਤੋਂ ਇਕ ਦਮ ਬਾਅਦ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਯਤਨ ਸ਼ੁਰੂ ਕੀਤੇ। ਇਸ ਵੇਲੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਪੂਰੀ ਤਰ੍ਹਾਂ ਤੋੜ ਦਿੱਤੀ ਗਈ ਹੈ।

ਪੰਜਾਬ ਵਿਚ ਨਸ਼ਾ ਆਉਂਦਾ ਕਿੱਥੋਂ ਹੈ?

ਪੰਜਾਬ ਵਿੱਚ ਨਸ਼ੇ ਦੀ ਸਪਲਾਈ ਗੁਆਂਢੀ ਦੇਸਾਂ ਤੋ ਹੁੰਦੀ ਹੈ। ਇੱਥੇ ਚਿੱਟਾ ਬਣਦਾ ਨਹੀਂ ਹੈ, ਹੈਰੋਇਨ ਬਾਹਰ ਤੋਂ ਆਉਂਦੀ ਹੈ।

Drugs

ਬਾਹਰੋਂ, ਮਤਲਬ ਕਿੱਥੋਂ ਆਉਂਦੇ ਹ ਡਰੱਗਜ਼?

ਅਫ਼ਗਾਨਿਸਤਾਨ ਤੋਂ ਪਾਕਿਸਤਾਨ ਹੁੰਦੇ ਹੋਏ ਨਸ਼ੀਲੇ ਪਦਾਰਥ ਪੰਜਾਬ ਪਹੁੰਚਦੇ ਹਨ ਕਿਉਂਕਿ ਸਾਡੇ ਪੰਜਾਬ ਵਿੱਚ ਤਾਂ ਇਹ ਬਣਦੇ ਹੀ ਨਹੀਂ ਹਨ।

ਤੁਸੀਂ ਇਸ ਗੱਲ ਦਾ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਪੰਜਾਬ ਵਿਚ ਨਸ਼ੇ ਦੀ ਸਪਲਾਈ ਤੋੜ ਦਿੱਤੀ ਗਈ?

ਮੈਂ ਸਮਝਦਾ ਹੈ ਕਿ ਜਦੋਂ ਡਰੱਗਜ਼ ਮਿਲ ਹੀ ਨਹੀਂ ਰਹੇ ਜਾਂ ਫਿਰ ਜਿੱਥੋਂ ਥੋੜ੍ਹੇ-ਬਹੁਤੇ ਮਿਲ ਰਹੇ ਉਹ ਮਹਿੰਗੇ ਹਨ।

ਇਸ ਦਾ ਮਤਲਬ ਇਹ ਹੋਇਆ ਕਿ ਜਾਂ ਤਾਂ ਉਹ ਬੰਦੇ ਡਰੱਗਜ਼ ਵੇਚਣਾ ਛੱਡ ਗਏ ਜਾਂ ਫਿਰ ਉਨ੍ਹਾਂ ਨੂੰ ਇਸ ਦੀ ਸਪਲਾਈ ਮਿਲ ਨਹੀਂ ਰਹੀ।

Drugs

ਪੰਜਾਬ ਵਿਚ ਨਸ਼ੇ ਦੀ ਸਪਲਾਈ ਲਾਈਨ ਟੁੱਟਣ ਦਾ ਤੁਸੀਂ ਦਾਅਵਾ ਕਰ ਰਹੇ ਹੋ, ਫਿਰ ਸੂਬੇ ਵਿਚ ਰੋਜ਼ਾਨਾ ਹੋ ਰਹੀਆਂ ਮੌਤਾਂ ਪਿੱਛੇ ਕੀ ਕਾਰਨ ਹ ? ਇਸ ਸਾਲ ਹੁਣ ਤੱਕ 60 ਮੌਤਾਂ ਦਾ ਅੰਕੜਾ ਪਾਰ ਹੋ ਚੁੱਕਾ ਹੈ, ਜਦਕਿ 2017 ਵਿੱਚ 30 ਅਤੇ ਸਾਲ 2016 ਵਿੱਚ 30 ਮੌਤਾਂ ਹੋਈਆਂ ਸਨ।

ਦੇਖੋ ਇਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਪੰਜਾਬ ਵਿਚ ਨਸ਼ੇ ਦੀ ਸਪਲਾਈ ਰੁਕ ਗਈ ਹੈ।

ਪਰ ਫਿਰ ਜੋ ਇਸ ਧੰਦੇ ਵਿੱਚ ਲੱਗੇ ਹੋਏ ਹਨ ਉਹ ਡਰੱਗਜ਼ ਵਿੱਚ ਕੈਮੀਕਲ ਦੀ ਮਿਲਾਵਟ ਕਰਕੇ ਇਸ ਦੀ ਸਪਲਾਈ ਕਰ ਰਹੇ ਹਨ, ਜਿਸ ਕਾਰਨ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ।

ਅਜੇ ਤੱਕ ਸਿਹਤ ਮਹਿਕਮੇ ਨੂੰ ਇਨ੍ਹਾਂ ਮੌਤਾਂ ਦਾ ਸਪੱਸ਼ਟ ਕਾਰਨ ਪਤਾ ਨਹੀਂ ਲੱਗ ਰਿਹਾ।

ਦੂਜੇ ਪਾਸੇ ਇਹ ਗੱਲ ਆਖੀ ਜਾ ਰਹੀ ਹੈ ਕਿ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨ। ਪਰ ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਰਿਹਾ ਕਿ ਓਵਰ ਡੋਜ਼ ਕਿਸ ਗੱਲ ਦੀ ਹੈ।

ਇਸ ਕਰਕੇ ਇਸ ਬਾਰੇ ਸਪਸ਼ਟ ਤੌਰ ਉਤੇ ਅਜੇ ਤੱਕ ਕੁਝ ਨਹੀਂ ਆਖਿਆ ਜਾ ਸਕਦਾ ਹੈ। ਪਰ ਨਸ਼ੇ ਕਾਰਨ ਜਿਹੜੀਆਂ ਮੌਤਾਂ ਹੋ ਰਹੀਆਂ ਹਨ, ਉਹ ਇੱਕ ਗੰਭੀਰ ਅਤੇ ਮੰਦਭਾਗੀ ਗੱਲ ਹੈ।

Drugs

ਨਸ਼ੇ ਨੂੰ ਰੋਕਣ ਲਈ ਤੁਸੀਂ ਕੀ ਨੀਤੀ ਅਪਣਾ ਰਹੇ ਹੋ?

ਨਸ਼ਾ ਨਾ ਮਿਲਣ ਕਾਰਨ ਹੁਣ ਨੌਜਵਾਨ ਇਸ ਨੂੰ ਛੱਡਣਾ ਚਾਹੁੰਦੇ ਹਨ। ਇਸ ਲਈ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਵਿਚ ਬਹੁਤ ਹੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਵੱਡੀ ਗੱਲ ਇਹ ਵੀ ਹੈ ਕਿ ਮਾਪੇ ਵੀ ਨਸ਼ੇ ਨਾਲ ਗ੍ਰਸਤ ਆਪਣੇ ਬੱਚਿਆਂ ਦੇ ਇਲਾਜ ਲਈ ਆ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਹੁਣ ਨਸ਼ਾ ਮਿਲਣਾ ਨਹੀਂ ਹੈ।

ਇਸ ਲਈ ਇਲਾਜ ਰਾਹੀਂ ਇਸ ਨੂੰ ਛੱਡਣਾ ਹੀ ਪੈਣਾ ਹੈ। ਮੁੱਖ ਮੰਤਰੀ ਨੇ ਨਸ਼ੇ ਦੇ ਖਿਲਾਫ਼ ਲੜਾਈ ਛੇੜ ਕੇ ਸਾਰੇ ਵਿਭਾਗਾਂ ਦੇ ਅਫਸਰਾਂ ਨੂੰ ਚੌਕਸ ਕਰ ਦਿੱਤਾ ਹੈ।

ਨਸ਼ਾ ਛਡਾਓ ਕੇਂਦਰਾਂ ਵਿਚ ਕਿੰਨੇ ਲੋਕ ਇਲਾਜ ਲਈ ਆ ਰਹੇ ਹਨ?

ਦੇਖੋ ਪਹਿਲਾਂ ਲੋਕ ਖੁੱਲ੍ਹੇ ਤੌਰ ਉਤੇ ਨਸ਼ੇ ਦੀ ਸਮੱਸਿਆ ਬਾਰੇ ਗੱਲ ਨਹੀਂ ਕਰਦੇ ਸੀ, ਇਸ ਦਾ ਇੱਕ ਕਾਰਨ ਸਮਾਜ ਵੀ ਸੀ।

ਪਰ ਹੁਣ ਲੋਕ ਖੁੱਲ ਗਏ ਹਨ ਅਤੇ ਉਹ ਆਪਣੇ ਬੱਚਿਆਂ ਦੇ ਇਲਾਜ ਲਈ ਨਸ਼ਾ ਛਡਾਊ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਆਉਣ ਲੱਗੇ ਹਨ।

Drugs

ਤਸਵੀਰ ਸਰੋਤ, Getty Images

ਤੁਸੀਂ ਆਖਿਆ ਕਿ ਲੋਕ ਇਲਾਜ ਲਈ ਵੱਡੀ ਗਿਣਤੀ 'ਚ ਆਉਣ ਲੱਗੇ ਹਨ, ਪਰ ਇਸ ਦਾ ਇਕ ਕਾਰਨ ਇਹ ਤਾਂ ਨਹੀਂ ਕਿ ਡਰੱਗਜ਼ ਲੈਣ ਵਾਲਿਆਂ ਦੀ ਗਿਣਤੀ ਵੀ ਨਾਲੋ ਨਾਲ ਵੱਧ ਰਹੀ ਹੈ?

ਅਜਿਹਾ ਬਿਲਕੁਲ ਨਹੀਂ ਹੈ। ਡਰੱਗਜ਼ ਲੈਣ ਵਾਲਿਆਂ ਦੀ ਗਿਣਤੀ ਤਾਂ ਨਹੀਂ ਵੱਧ ਰਹੀ ਹੈ ਇਸ ਬਾਰੇ ਮੈਨੂੰ ਪੂਰਾ ਭਰੋਸਾ ਹੈ।

ਡਰੱਗਜ਼ ਦੀ ਮੰਗ ਘਟਾਉਣ ਲਈ ਵੱਖ ਵੱਖ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਹਨ।

ਇਸ ਦੇ ਲਈ ਅਸੀਂ ਐਨਜੀਓ, ਅਧਿਆਪਕਾਂ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਤਾਂ ਜੋ ਇਹ ਸਮੱਸਿਆ ਮੁੜ ਸ਼ੁਰੂ ਨਾ ਹੋ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)